ਸਿਰ ’ਤੇ ਗੁਰੂ ਗ੍ਰੰਥ ਸਾਹਿਬ, ਅੱਖਾਂ ’ਚ ਵਤਨ ਛੱਡਣ ਦੇ ਹੰਝੂ

ਸਿਰ ’ਤੇ ਗੁਰੂ ਗ੍ਰੰਥ ਸਾਹਿਬ, ਅੱਖਾਂ ’ਚ ਵਤਨ ਛੱਡਣ ਦੇ ਹੰਝੂ
 * ਕਾਬੁਲ ਤੋਂ 46 ਅਫ਼ਗਾਨ ਹਿੰਦੂ -ਸਿੱਖਾਂ ਦਾ ਜਥਾ ਭਾਰਤ ਪਹੁੰਚਿਆ
 
*ਇਤਿਹਾਸਕ ਗੁਰਧਾਮਾਂ ਦੀ ਦੇਖਭਾਲ ਲਈ 10 ਸਿੱਖਾਂ ਨੇ ਅਫ਼ਗਾਨਿਸਤਾਨ ਠਹਿਰਣ ਦਾ ਫੈਸਲਾ
 
  ਅੰਮ੍ਰਿਤਸਰ ਟਾਈਮਜ਼ ਬਿਉਰੋ
 
 ਨਵੀਂ ਦਿਲੀਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਥੇ ਫਸੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਭਾਰਤ ਵੀ ਅਫ਼ਗਾਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਚਲਾ ਰਿਹਾ ਹੈ। ਬੀਤੇ ਐਤਵਾਰ ਨੂੰ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦਾ ਸੀ 17 ਗਲੋਬਮਾਸਟਰ ਪਲੇਨ 168 ਲੋਕਾਂ ਨੂੰ ਲੈ ਕੇ ਹਿੰਡਨ ਏਅਰਬੇਸ ’ਤੇ ਉਤਰਿਆ। ਕਾਬੁਲ ਏਅਰਪੋਰਟ ਤੋਂ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਤਿੰਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਉਪਰ ਰੱਖੀ ਲਿਆ ਰਹੇ ਹਨ। ਇਨ੍ਹਾਂ ਸਿੱਖਾਂ ਨੇ ਪਲੇਨ ਵਿਚ ਬੈਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਤੇ ਪੁਨੀਤ ਸਿੰਘ ਚੰਡੋਕ ਦਾ ਧੰਨਵਾਦ ਕੀਤਾ।
 
ਲਗਪਗ 400 ਲੋਕ ਇਕ ਦਿਨ ਵਿਚ ਅਫ਼ਗਾਨਿਸਤਾਨ ਤੋਂ ਭਾਰਤ ਲਿਆਂਦੇ ਗਏ। ਅਫਗਾਨਿਸਤਾਨ ਤੋਂ ਸੋਮਵਾਰ ਨੂੰ 46 ਅਫ਼ਗਾਨ ਹਿੰਦੂ ਤੇ ਸਿੱਖਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਉਹ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੈ ਕੇ ਆਏ ਹਨ।ਅਫਗਾਨ ਸੰਸਦ ਮੈਂਬਰ ਉੱਥੇ ਦੇ ਹਾਲਾਤਾਂ ਦੇ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਕ ਸੰਸਦ ਮੈਂਬਰ ਦੇ ਤੌਰ 'ਤੇ ਆਪਣਾ ਦੇਸ਼ ਛੱਡਣ 'ਤੇ ਤੁਹਾਨੂੰ ਕਿਵੇਂ ਦਾ ਲੱਗਾ, ਤਾਂ ਉਨ੍ਹਾਂ ਕਿਹਾ, ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ, 'ਮੇਰਾ ਰੌਣ ਦਾ ਦਿਲ ਕਰ ਰਿਹਾ ਹੈ, ਪਿਛਲੇ 20 ਸਾਲਾਂ 'ਚ ਜੋ ਕੁਝ ਵੀ ਬਣਾਇਆ ਸੀ ਉਹ ਹੁਣ ਖ਼ਤਮ ਹੋ ਗਿਆ ਹੈ।' ਨਰਿੰਦਰ ਸਿੰਘ ਖਾਲਸਾ ਉਨ੍ਹਾਂ 168 ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ 'ਚ 23 ਅਫਗਾਨ ਸਿੱਖ ਤੇ ਹਿੰਦੂ ਸ਼ਾਮਲ ਸਨ, ਜੋ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਜਹਾਜ਼ 'ਚ ਸਵਾਰ ਸਨ ਤੇ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ।                                                                                                 ਸਰੂਪ ਲੈਣ ਲਈ ਹਰਦੀਪ ਸਿੰਘ ਪੁਰੀ ਹਵਾਈ ਅੱਡੇ ’ਤੇ ਪੁੱਜੇ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਕਾਬੁਲ ਤੋਂ ਲਿਆਂਦੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਲੈਣ ਲਈ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ 3 ’ਤੇ ਪੁੱਜੇ। ਉਹ ਪੂਰ ਮਰਿਆਦਾ ਨਾਲ ਇਨ੍ਹਾਂ ਸਰੂਪਾਂ ਨੂੰ ਹਵਾਈ ਅੱਡੇ ਤੋਂ ਬਾਹਰ ਲੈ ਕੇ ਆਏ। ਇਸ ਮੌਕੇ ਕੇਂਦਰੀ ਮੰਤਰੀ ਵੀ. ਮੁਰਲੀਧਰਨ ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਵੀ ਉਨ੍ਹਾਂ ਨਾਲ ਸਨ।
ਸਿਖਾਂ ਦਾ ਗੁਰੂ ਲਈ ਸਿਦਕ
‘ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚਲੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਅਤੇ ਕੁਝ ਹੋਰ ਅਫ਼ਗਾਨ ਸਿੱਖ ਅਫ਼ਗਾਨਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੀ ਦੇਖਭਾਲ ਲਈ ਦੇਸ਼ ਛੱਡ ਕੇ ਨਹੀਂ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਰਤਾ ਪ੍ਰਵਾਨ ਵਿਖੇ ਸ਼ਰਨ ਲੈਣ ਵਾਲੇ ਸਿੱਖਾਂ 'ਚੋਂ 10 ਨੇ ਸਵੈ-ਇੱਛਾ ਨਾਲ ਉਥੇ ਰਹਿ ਕੇ ਗੁਰਧਾਮਾਂ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਹੈ। ਭਾਈ ਜਸਬੀਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਨਵੀਂ ਸੁਰੱਖਿਅਤ ਜ਼ਿੰਦਗੀ ਸ਼ੁਰੂ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਕਿਸੇ ਕੀਮਤ 'ਤੇ ਨਹੀਂ ਛੱਡਣਗੇ। ਜੇਕਰ ਉਹ ਅਤੇ ਉਨ੍ਹਾਂ ਦਾ ਪਰਿਵਾਰ ਦੇਸ਼ ਛੱਡ ਕੇ ਚਲਾ ਗਿਆ ਤਾਂ ਗੁਰਦੁਆਰਾ ਸਾਹਿਬਾਨ 'ਤੇ ਜਾਂ ਤਾਂ ਕਬਜ਼ੇ ਹੋ ਜਾਣਗੇ ਜਾਂ ਉਨ੍ਹਾਂ ਨੂੰ ਜ਼ਮੀਨਦੋਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਵਲੋਂ ਕੁਝ ਅਫ਼ਗਾਨ ਸਿੱਖਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਇਤਿਹਾਸਕ ਹੱਥ ਲਿਖਤ ਸਰੂਪ ਕਾਬੁਲ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਕਰਤਾ ਪ੍ਰਵਾਨ ਵਿਖੇ ਭਾਰਤ ਭੇਜਣ ਲਈ ਪਹੁੰਚਾ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਅਫ਼ਗਾਨਿਸਤਾਨ 'ਚ ਹਿੰਦੂ-ਸਿੱਖ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਜਾਂ ਉਥੇ ਸਥਾਪਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਲਈ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਨੇ ਉਕਤ ਵੀਡੀਓ 'ਚ ਵੱਖ-ਵੱਖ ਦੇਸ਼ਾਂ ਦੀਆਂ ਜਥੇਬੰਦੀਆਂ 'ਤੇ ਅਫ਼ਗਾਨ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਅਫ਼ਵਾਹਾਂ ਫੈਲਾਏ ਜਾਣ ਦਾ ਵੀ ਦੋਸ਼ ਲਗਾਇਆ