ਦੁਨੀਆ ਦੇ 1% ਸੁਪਰ-ਅਮੀਰ ਆਲਮੀ ਤਪਸ਼ ਲਈ ਜ਼ਿੰਮੇਵਾਰ

ਦੁਨੀਆ ਦੇ 1% ਸੁਪਰ-ਅਮੀਰ ਆਲਮੀ ਤਪਸ਼ ਲਈ ਜ਼ਿੰਮੇਵਾਰ

ਔਕਸਫੈਮ ਇੰਟਰਨੈਸ਼ਨਲ ਨੇ 20 ਨਵੰਬਰ 2023 ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਆਲਮੀ ਤਪਸ਼ (ਗਲੋਬਲ ਵਾਰਮਿੰਗ) ਅਤੇ ਵਿਸ਼ਵ ਪੱਧਰ `ਤੇ ਆਰਥਿਕ ਨਾਬਰਾਬਰੀ ਬਾਰੇ ਗੱਲ ਕੀਤੀ ਹੈ।

ਉਹਨਾਂ ਨੇ ਆਲਮੀ ਤਪਸ਼ ਲਈ ਦੁਨੀਆ ਦੇ 1% ਸੁਪਰ-ਅਮੀਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਉਹਨਾਂ ਇਸ ਗੱਲ `ਤੇ ਜ਼ੋਰ ਦਿੱਤਾ ਹੈ ਕਿ ਵਿਸ਼ਵ ਪੱਧਰ `ਤੇ ਆਰਥਿਕ ਨਾਬਰਾਬਰੀ ਕਾਰਨ ਆਲਮੀ ਤਪਸ਼ ਅਤੇ ਜਲਵਾਯੂ ਵਿੱਚ ਤਬਦੀਲੀ ਕਾਰਨ ਪੈਦਾ ਹੋਣ ਵਾਲੇ ਸੰਕਟਾਂ (ਅਤਿ ਦੀ ਗਰਮੀ, ਹੜ੍ਹਾਂ, ਸੌਕਿਆਂ ਆਦਿ) ਦੀ ਮਾਰ ਝੱਲਣ ਵਾਲੇ ਬਹੁਗਿਣਤੀ ਲੋਕ ਗਰੀਬ ਹਨ। ਇਸ ਲਈ ਸਾਨੂੰ ਇਹਨਾਂ ਦੋਹਾਂ ਸਮੱਸਿਆਵਾਂ ਨੂੰ ਇਕ ਦੂਸਰੇ ਨਾਲ ਜੋੜ ਕੇ ਦੇਖਣ ਅਤੇ ਇਹਨਾਂ ਦੋਹਾਂ ਦੇ ਹੱਲ ਲੱਭਣ ਦੀ ਲੋੜ ਹੈ।

ਇਸ ਰਿਪੋਰਟ ਅਨੁਸਾਰ:

  • ਸੰਨ 2019 ਵਿੱਚ ਦੁਨੀਆ ਦੇ ਸੁਪਰ (ਸਭ ਤੋਂ) ਅਮੀਰ 1% (7 ਕ੍ਰੋੜ 70 ਲੱਖ) ਲੋਕ ਵਿਸ਼ਵ ਪੱਧਰ `ਤੇ ਪੈਦਾ ਹੋਣ ਵਾਲੇ ਕੁੱਲ ਕਾਰਬਨ ਦੇ ਪ੍ਰਦੂਸ਼ਣ (ਕਾਰਬਨ ਨਾਲ ਸੰਬੰਧਿਤ ਗੈਸਾਂ) ਦਾ 16% ਹਿੱਸਾ ਪੈਦਾ ਕਰਨ ਲਈ ਜਿ਼ੰਮੇਵਾਰ ਸਨ। ਇਹ ਮਾਤਰਾ ਦੁਨੀਆ ਦੇ 66% ਗਰੀਬ ਲੋਕਾਂ (5 ਅਰਬ ਲੋਕਾਂ) ਵਲੋਂ ਪੈਦਾ ਕੀਤੇ ਜਾਂਦੇ ਕਾਰਬਨ ਦੇ ਪ੍ਰਦੂਸ਼ਨ ਦੇ ਬਰਾਬਰ ਹੈ ਅਤੇ ਇਹ ਕਾਰਾਂ ਅਤੇ ਆਵਾਜਾਈ ਦੇ ਸਾਧਨਾਂ ਕਾਰਨ ਪੈਦਾ ਹੋਣ ਵਾਲੇ ਕੁੱਲ ਪ੍ਰਦੂਸ਼ਣ ਤੋਂ ਜ਼ਿਆਦਾ ਹੈ। ਦੁਨੀਆ ਦੇ ਸਭ ਤੋ ਅਮੀਰ 10% ਲੋਕ ਵਿਸ਼ਵ ਵਿੱਚ ਪੈਦਾ ਹੋਣ ਵਾਲੇ ਕਾਰਬਨ ਦੇ ਕੁੱਲ ਪ੍ਰਦੂਸ਼ਣ ਦੇ 50% ਹਿੱਸੇ ਲਈ ਜਿ਼ੰਮੇਵਾਰ ਸਨ।
  • ਇਹਨਾਂ ਸੁਪਰ-ਅਮੀਰਾਂ ਕਾਰਨ ਪੈਦਾ ਹੋਇਆ ਕਾਰਬਨ ਦਾ ਇਹ ਪ੍ਰਦੂਸ਼ਨ ਗਰਮੀ ਕਾਰਨ 13 ਲੱਖ ਵਾਧੂ ਮੌਤਾਂ ਦਾ ਕਾਰਨ ਬਣਨ ਲਈ ਕਾਫੀ ਹੈ। ਇਹਨਾਂ ਵਿੱਚੋਂ ਬਹੁਤੀਆਂ ਮੌਤਾਂ 2020 - 2030 ਵਿੱਚਕਾਰ ਹੋਣਗੀਆਂ। 
  • ਜਿੰਨੀ ਕਾਰਬਨ ਸਭ ਤੋਂ ਅਮੀਰ ਅਰਬਾਂਪਤੀ (ਬਿਲੀਅਨੇਅਰ) ਇਕ ਸਾਲ ਵਿੱਚ ਪੈਦਾ ਕਰਦੇ ਹਨ, ਹੇਠਲੇ 99% ਫੀਸਦੀ ਲੋਕਾਂ ਵਿੱਚ ਕਿਸੇ ਇਕ ਵਿਅਕਤੀ ਵੱਲੋਂ ਇੰਨੀ ਕਾਰਬਨ ਪੈਦਾ ਕਰਨ ਲਈ 15,00 ਸਾਲ ਚਾਹੀਦੇ ਹਨ।      

ਇਸ ਰਿਪੋਰਟ ਅਨੁਸਾਰ ਵਿਸ਼ਵ ਦੇ ਇਹ 1% ਸੁਪਰ-ਅਮੀਰ ਆਲਮੀ ਤਪਸ਼ (ਗਲੋਬਲ ਵਾਰਮਿੰਗ) ਅਤੇ ਜਲਵਾਯੂ ਦੀ ਤਬਦੀਲੀ ਨੂੰ ਹੇਠ ਲਿਖੇ ਤਿੰਨ ਢੰਗਾਂ ਨਾਲ ਪ੍ਰਭਾਵਿਤ ਕਰਦੇ ਹਨ:

  1. ਆਪਣੀਆਂ ਰੋਜ਼ਾਨਾ ਜ਼ਿੰਦਗੀਆਂ ਵਿੱਚ ਸ਼ਾਹ-ਖਰਚ ਅਤੇ ਅਤਿ ਦੇ ਖਪਤਵਾਦੀ ਰਹਿਣ-ਸਹਿਣ ਕਰਕੇ ਇਹ ਸੁਪਰ-ਅਮੀਰ ਬਹੁਤ ਜ਼ਿਆਦਾ ਕਾਰਬਨ ਡਾਇਕਔਕਸਾਈਡ ਪੈਦਾ ਕਰਦੇ ਹਨ। ਇਹਨਾਂ ਦੇ ਅਤਿ ਦੇ ਖਪਤਵਾਦੀ ਰਹਿਣ-ਸਹਿਣ ਵਿੱਚ ਨਿੱਜੀ ਹਵਾਈ ਜਹਾਜ਼ਾਂ ਵਿੱਚ ਸਫਰ, ਨਿੱਜੀ ਯਾਟਾਂ (ਛੋਟੇ ਸਮੁੰਦਰੀ ਜਹਾਜ਼ਾਂ) ਵਿੱਚ ਸੈਰ-ਸਪਾਟਾ ਅਤੇ ਪਾਰਟੀਆਂ ਅਤੇ ਮਹਿਲਾਂ ਵਰਗੀਆਂ ਵੱਡੀਆਂ ਵੱਡੀਆਂ ਹਵੇਲੀਆਂ ਵਿੱਚ ਰਿਹਾਇਸ਼ ਸ਼ਾਮਲ ਹੈ। ਰਿਪੋਰਟ ਵਿੱਚ 20 ਅਰਬਾਂਪਤੀਆਂ ਦੇ ਖਪਤਵਾਦੀ ਰਹਿਣ-ਸਹਿਣ ਬਾਰੇ ਕੀਤੇ ਇਕ ਅਧਿਐਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹਨਾਂ 20 ਅਰਬਪਤੀਆਂ ਨੇ ਇਕ ਸਾਲ ਵਿੱਚ ਔਸਤਨ 8000 ਟਨ ਤੋਂ ਵੱਧ ਕਾਰਬਨ ਡਾਇਕਔਕਸਾਈਡ ਪੈਦਾ ਕੀਤੀ ਸੀ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਕ ਭਾਰਤੀ ਇਕ ਸਾਲ ਵਿੱਚ ਔਸਤਨ 1.91 ਟਨ ਕਾਰਬਨ -ਡਾਇਕਔਕਸਾਈਡ ਪੈਦਾ ਕਰਦਾ ਹੈ।
  2. ਇਹ ਸੁਪਰ-ਅਮੀਰ ਆਪਣੀ ਦੌਲਤ ਕਮਾਉਣ ਲਈ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਇੰਡਸਟਰੀਆਂ ਵਿੱਚ ਪੂੰਜੀ ਨਿਵੇਸ਼ ਕਰਕੇ ਵੱਡੀ ਮਾਤਰਾ ਵਿੱਚ ਆਲਮੀ ਤਪਸ਼ ਅਤੇ ਜਲਵਾਯੂ ਵਿੱਚ ਤਬਦੀਲੀ ਦਾ ਕਾਰਨ ਬਣਨ ਵਾਲਾ ਪ੍ਰਦੂਸ਼ਣ ਪੈਦਾ ਕਰਦੇ ਹਨ । ਇਸ ਸੰਬੰਧ ਵਿੱਚ ਔਕਸਫੈਮ ਨੇ ਸੰਨ 2022 ਵਿੱਚ 125 ਅਰਬਾਂਪਤੀਆਂ ਬਾਰੇ ਇਕ ਵਿਸ਼ਲੇਸ਼ਣ ਕੀਤਾ ਸੀ। ਇਸ ਵਿਸ਼ਲੇਸ਼ਣ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ 125 ਅਰਬਾਂਪਤੀਆਂ ਵਿੱਚੋਂ ਹਰ ਇਕ ਨੇ ਆਪਣੇ ਪੂੰਜੀ ਨਿਵੇਸ਼ਾਂ (ਇਨਵੈਸਟਮੈਂਟਸ) ਰਾਹੀਂ ਇਕ ਸਾਲ ਵਿੱਚ ਔਸਤਨ 30 ਲੱਖ ਟਨ ਕਾਰਬਨ ਡਾਇਕਔਕਸਾਈਡ ਪੈਦਾ ਕੀਤੀ ਸੀ।
  3. ਆਪਣੀ ਦੌਲਤ ਕਰਕੇ ਇਹ ਸੁਪਰ-ਅਮੀਰ ਮੀਡੀਏ, ਆਰਥਿਕਤਾ ਅਤੇ ਸਿਆਸਤ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਰੱਖਦੇ ਹਨ। ਇਸ ਪ੍ਰਭਾਵ ਕਰਕੇ ਉਹ ਅਜਿਹੀ ਜਾਣਕਾਰੀ, ਨੀਤੀਆਂ, ਕਾਨੂੰਨਾਂ, ਸੰਧੀਆ ਆਦਿ ਦਾ ਸਮਰਥਨ ਕਰਦੇ ਹਨ, ਜੋ ਉਹਨਾਂ ਦੇ ਹਿਤਾਂ ਦੀ ਰਾਖੀ ਕਰਦੀਆਂ ਹਨ, ਬੇਸ਼ੱਕ ਉਹ ਧਰਤੀ ਦੇ ਵਾਤਾਵਰਣ ਲਈ ਹਾਨੀਕਾਰਕ ਹੀ ਹੋਣ। ਔਕਸਫੈਮ ਵਲੋਂ ਕੀਤੇ ਇਕ ਵਿਸ਼ਲੇਸ਼ਣ ਅਨੁਸਾਰ ਅਮਰੀਕਾ  ਦੇ ਨਾਂ `ਤੇ ਵਿਸ਼ਵ ਪੱਧਰ ਦੀਆਂ ਜਲਵਾਯੂ ਨਾਲ ਸੰਬੰਧਿਤ ਸੰਧੀਆ ਨੂੰ ਪ੍ਰਵਾਨਗੀ ਦੇਣ ਵਾਲੇ ਅਮਰੀਕਾ ਦੇ ਸੈਨੇਟਰਾਂ ਦੀਆਂ ਤਨਖਾਹ ਇੰਨੀਆਂ ਹਨ ਕਿ ਉਹ ਦੁਨੀਆ ਦੇ ਉਪਰਲੇ 1% ਲੋਕਾਂ ਵਿੱਚ ਆਉਂਦੇ ਹਨ। ਯੂਰਪੀਅਨ ਯੂਨੀਅਨ ਦੇ ਕਮਿਸ਼ਨਰ ਅਤੇ ਅਸਟ੍ਰੇਲੀਆ ਦੀ ਪਾਰਲੀਮੈਂਟ ਦੇ ਮੈਂਬਰ ਵੀ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਆਪਣੀਆਂ ਵੱਡੀਆਂ ਤਨਖਾਹਾਂ ਦੇ ਨਾਲ ਨਾਲ ਬਹੁਤ ਸਾਰੇ ਕਾਨੂੰਨ-ਘਾੜੇ ਫੌਸਿਲ ਫਿਊਲ (ਤੇਲ, ਪੈਟਰੌਲ, ਕੋਲਾ ਆਦਿ) ਦੀ ਸਨਅਤ ਵਿੱਚ ਪੂੰਜੀ ਨਿਵੇਸ਼ ਕਰਦੇ ਹਨ। ਇਸ ਸਨਅਤ ਦਾ ਧਰਤੀ ਦੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਗੈਸਾਂ ਪੈਦਾ ਕਰਨ ਵਿੱਚ ਜਿ਼ਕਰਯੋਗ ਯੋਗਦਾਨ ਹੈ। ਔਕਸਫੈਮ ਦਾ ਅੰਦਾਜ਼ਾ ਹੈ ਕਿ ਅਮਰੀਕਾ ਦੀ ਕਾਂਗਰਸ ਦੇ ਮੈਂਬਰਾਂ ਨੇ ਫੌਸਿਲ ਫਿਊਲ ਨਾਲ ਸੰਬੰਧਤਿ ਸਨਅਤਾਂ ਵਿੱਚ 9 ਕ੍ਰੋੜ 30 ਲੱਖ ਡਾਲਰ ਇਨਵੈਸਟ ਕੀਤੇ ਹੋਏ ਹਨ।

ਇਹ ਗੱਲ ਦਰਸਾਉਣ ਲਈ ਕਿ ਆਲਮੀ ਤਪਸ਼ ਅਤੇ ਜਲਵਾਯੂ ਵਿੱਚ ਤਬਦੀਲੀ ਕਾਰਨ ਪੈਦਾ ਹੋਣ ਵਾਲੇ ਸੰਕਟਾਂ/ਮਹਾਂਮਾਰੀਆਂ ਦੀ ਮਾਰ ਗਰੀਬ ਲੋਕ ਝਲਦੇ ਹਨ, ਰਿਪੋਰਟ ਵਿੱਚ ਦੁਨੀਆ ਭਰ ਵਿੱਚੋਂ ਕਈ ਤੱਥ ਅਤੇ ਅੰਕੜੇ ਪੇਸ਼ ਕੀਤੇ ਗਏ ਹਨ। ਇਹਨਾਂ ਵਿੱਚ ਕੁਝ ਇਸ ਪ੍ਰਕਾਰ ਹਨ:

  •  ਪਿਛਲੇ 50 ਸਾਲਾਂ ਦੌਰਾਨ ਜਲਵਾਯੂ ਨਾਲ ਸੰਬੰਧਿਤ ਬਿਪਤਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚੋਂ 91% ਮੌਤਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਈਆਂ ਹਨ।
  •  ਜਿਹਨਾਂ ਮੁਲਕਾਂ ਦੇ ਲੋਕ ਇਹਨਾਂ ਬਿਪਤਾਵਾਂ ਤੋਂ ਜ਼ਿਆਦਾ ਪੀੜਤ ਹੁੰਦੇ ਹਨ, ਉਹਨਾਂ ਵਿੱਚੋਂ ਬਹੁਗਿਣਤੀ ਦੇਸ਼ ਅਫਰੀਕਾ, ਦੱਖਣੀ ਏਸ਼ੀਆ, ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਖਿੱਤਿਆਂ ਵਿੱਚ ਆਉਣ ਵਾਲੇ ਦੇਸ਼ ਅਤੇ ਛੋਟੇ ਛੋਟੇ ਟਾਪੂਆਂ `ਤੇ ਵਸੇ ਵਿਕਾਸਸ਼ੀਲ ਦੇਸ਼ ਹਨ। ਸੰਨ 2010 ਤੋਂ ਲੈਕੇ 2020 ਤੱਕ ਇਹਨਾਂ ਇਲਾਕਿਆਂ ਵਿੱਚ ਹੜ੍ਹਾਂ, ਸੋਕਿਆਂ ਅਤੇ ਤੁਫਾਨਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁਨੀਆ ਦੇ ਅਮੀਰ ਹਿੱਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੋਂ 15 ਗੁਣਾਂ ਵੱਧ ਸੀ।
  • ਸੰਨ 2020 ਤੋਂ ਪੂਰਬੀ ਅਫਰੀਕਾ ਦਾ ਖਿੱਤਾ ਅਤਿ ਦੇ ਸੌਕੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ 4 ਕ੍ਰੋੜ 35 ਲੱਖ ਲੋਕਾਂ ਨੂੰ ਮਾਨਵਵਾਦੀ ਸਹਾਇਤਾ (ਹਿਊਮਿਨਟੇਰੀਅਨ ਏਡ) `ਤੇ ਨਿਰਭਰ ਹੋਣਾ ਪੈ ਰਿਹਾ ਹੈ।
  • 2022 ਦੇ ਮਈ ਅਤੇ ਅਕਤੂਬਰ ਵਿਚਕਾਰ ਪੱਛਮੀ ਅਫਰੀਕਾ ਵਿੱਚ ਔਸਤ ਤੋਂ ਜ਼ਿਆਦਾ ਮੀਂਹ ਪੈਣ ਕਾਰਨ ਵੱਡੀ ਪੱਧਰ `ਤੇ ਹੜ੍ਹ ਆਏ ਸਨ। ਜਿਸ ਦੇ ਨਤੀਜੇ ਵਜੋਂ 5 ਲੱਖ ਏਕੜ ਤੋਂ ਜ਼ਿਆਦਾ ਵਾਹੀਯੋਗ ਜ਼ਮੀਨ ਦਾ ਨਾਸ਼ ਮਾਰਿਆ ਗਿਆ ਸੀ, 3 ਲੱਖ ਘਰਾਂ ਦਾ ਨੁਕਸਾਨ ਹੋਇਆ ਸੀ ਅਤੇ 15 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਸਨ।
  •  ਸੰਨ 2022 ਵਿੱਚ ਪਾਕਿਸਤਾਨ ਵਿੱਚ ਵੱਡੀ ਪੱਧਰ `ਤੇ ਹੜ੍ਹ ਆਏ ਸਨ, ਜਿਸ ਦੇ ਨਤੀਜੇ ਵਜੋਂ 3 ਕ੍ਰੋੜ 30 ਲੱਖ ਲੋਕ ਪ੍ਰਭਾਵਿਤ ਹੋਏ ਸਨ ਅਤੇ ਇਸ ਕਾਰਨ 30 ਅਰਬ (ਬਿਲੀਅਨ) ਅਮਰੀਕਨ ਡਾਲਰ ਦੇ ਬਰਾਬਰ ਦਾ ਨੁਕਸਾਨ ਹੋਇਆ ਸੀ।

ਆਲਮੀ ਤਪਸ਼ ਅਤੇ ਜਲਵਾਯੂ ਵਿੱਚ ਤਬਦੀਲੀ ਲਈ ਸੁਪਰ ਅਮੀਰਾਂ ਦੀ ਜ਼ਿੰਮੇਵਾਰੀ ਅਤੇ ਇਹਨਾਂ ਦੋਹਾਂ ਕਾਰਨ ਪੈਦਾ ਹੋਣ ਵਾਲੇ ਸੰਕਟਾਂ/ਬਿਪਤਾਵਾਂ ਦੀ ਗਰੀਬ ਲੋਕਾਂ `ਤੇ ਪੈਂਦੀ ਮਾਰ ਦੀ ਸਥਿਤੀ `ਤੇ ਟਿੱਪਣੀ ਕਰਦਿਆਂ ਔਕਸਫੈਮ ਇੰਟਰਨੈਸ਼ਨਲ ਦੇ ਅੰਤਰਿਮ ਐਗਜ਼ੈਕਟਿਵ ਡਾਇਰੈਕਟਰ ਅਮਿਤਾਬ ਬੇਹਾਰ ਨੇ ਕਿਹਾ, "ਸੁਪਰ ਅਮੀਰ ਧਰਤੀ ਨੂੰ ਤਬਾਹੀ ਦੀ ਹੱਦ ਤੱਕ ਲੁੱਟ ਅਤੇ ਪ੍ਰਦੂਸ਼ਤ ਕਰ ਰਹੇ ਹਨ, ਜਿਸ ਕਾਰਨ ਅਤਿ ਦੀ ਗਰਮੀ, ਹੜ੍ਹਾਂ ਅਤੇ ਸੌਕੇ ਕਾਰਨ ਮਨੁੱਖਤਾ ਦਾ ਸਾਹ ਘੁੱਟ ਹੋ ਰਿਹਾ ਹੈ। ਕਈ ਸਾਲਾਂ ਤੋਂ ਅਸੀਂ ਫੌਸਿਲ ਫਿਊਲਜ਼ (ਤੇਲ, ਪੈਟਰੌਲ, ਕੋਲਾ ਆਦਿ) ਦਾ ਯੁੱਗ ਖਤਮ ਕਰਨ ਲਈ ਲੜਾਈ ਲੜ ਰਹੇ ਹਾਂ। ਇਹ ਸਾਫ ਹੈ ਕਿ ਇਹ ਉਨਾ ਚਿਰ ਨਹੀਂ ਹੋ ਸਕੇਗਾ, ਜਿੰਨਾ ਚਿਰ ਤੱਕ ਅਸੀਂ ਅਤਿ ਦੀ ਅਮੀਰੀ ਦਾ ਯੁੱਗ ਖਤਮ ਨਹੀਂ ਕਰਦੇ।" **

-ਸੁਖਵੰਤ ਹੁੰਦਲ-

(https://sukhwanthundal.wordpress.com/)