ਸਿੱਖ ਕੌਮ ਉਤੇ ਹਿੰਦੂਤਵ ਹੁਕਮਰਾਨਾਂ ਦਾ ਜ਼ਬਰ ਬਾ-ਦਸਤੂਰ ਜਾਰੀ ਹੈ ਜਿਸ ਅਧੀਨ ਵਿਦੇਸ਼ਾਂ ਅੰਦਰ ਸਿੱਖਾਂ ਦਾ ਹੋ ਰਿਹਾ ਹੈ ਕੱਤਲ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 22 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਹਿੰਦੂਤਵ ਹੁਕਮਰਾਨਾਂ ਨੇ ਮੁਲਕ ਦੀ ਵੰਡ ਸਮੇਂ ਸਿੱਖ ਕੌਮ ਨੂੰ ਵਿਸਵਾਸ ਵਿਚ ਲੈਦੇ ਹੋਏ ਇਹ ਜਨਤਕ ਤੌਰ ਤੇ ਵਾਅਦਾ ਕੀਤਾ ਸੀ ਕਿ ਆਜਾਦ ਹੋਣ ਤੋ ਬਾਅਦ ਉੱਤਰੀ ਭਾਰਤ ਵਿਚ ਸਿੱਖ ਕੌਮ ਨੂੰ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਸਿੱਖ ਕੌਮ ਆਪਣੀਆ ਰਹੁ-ਰੀਤੀਆ ਅਨੁਸਾਰ ਆਜ਼ਾਦੀ ਨਾਲ ਆਪਣੀ ਜਿੰਦਗੀ ਬਸਰ ਕਰ ਸਕੇਗੀ । ਉਸ ਵਾਅਦੇ ਤੋਂ ਮੁਨਕਰ ਹੋ ਕੇ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ । ਇਸ ਉਪਰੰਤ ਪੰਜਾਬੀ ਸੂਬੇ ਦੇ ਸੰਘਰਸ਼ ਸਮੇਂ 60 ਹਜਾਰ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦੀ ਬਣਾਕੇ ਤਸੱਦਦ ਕੀਤਾ ਗਿਆ । ਫਿਰ 1966 ਵਿਚ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਸਮੁੱਚੇ ਪੰਜਾਬੀ ਬੋਲਦੇ ਇਲਾਕਿਆ ਨੂੰ ਮੰਦਭਾਵਨਾ ਅਧੀਨ ਬਾਹਰ ਰੱਖਿਆ ਗਿਆ ਅਤੇ ਹਿਮਾਚਲ-ਹਰਿਆਣਾ ਸੂਬੇ ਹੋਂਦ ਵਿਚ ਲਿਆਕੇ ਪੰਜਾਬੀਆਂ ਨਾਲ ਬਹੁਤ ਵੱਡੀ ਬੇਈਮਾਨੀ ਕੀਤੀ ਗਈ । ਫਿਰ 1984 ਦੇ ਬਲਿਊ ਸਟਾਰ ਸਮੇਂ ਇਕ ਗਿਣੀ ਮਿੱਥੀ ਸਾਜਿਸ ਅਧੀਨ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਫ਼ੌਜਾਂ ਚਾੜਕੇ ਬਾਹਰੀ ਹਮਲਿਆ ਦੀ ਤਰ੍ਹਾਂ ਸਿੱਖ ਕੌਮ ਨਾਲ ਜ਼ਬਰ, ਕਤਲੇਆਮ ਕੀਤਾ ਗਿਆ ਅਤੇ ਸਾਡੇ ਗੁਰੂਘਰਾਂ ਦੀ ਸਾਨੋ ਸੌਂਕਤ ਦਾ ਅਪਮਾਨ ਕੀਤਾ ਗਿਆ । ਫਿਰ ਅਕਤੂਬਰ 1984 ਵਿਚ ਡੂੰਘੀ ਸਾਜਿਸ ਤਹਿਤ ਦਿੱਲੀ, ਕਾਨਪੁਰ, ਬਕਾਰੋ ਅਤੇ ਇੰਡੀਆਂ ਦੇ ਹੋਰ ਹਿੱਸਿਆ ਵਿਚ ਸਿੱਖਾਂ ਦੇ ਘਰਾਂ, ਕਾਰੋਬਾਰਾਂ ਨੂੰ ਅੱਗਾਂ ਲਗਾਉਣ ਦੇ ਨਾਲ-ਨਾਲ ਬੇਰਹਿੰਮੀ ਨਾਲ ਸਿੱਖ ਬੱਚਿਆਂ, ਬੀਬੀਆਂ, ਬਜੁਰਗਾਂ ਦਾ ਕਤਲੇਆਮ ਕੀਤਾ ਗਿਆ । ਇਸ ਤੋਂ ਇਲਾਵਾ ਡੇਢ ਦਹਾਕੇ ਤੱਕ ਪੰਜਾਬ ਵਿਚ ਨਿਰਦੋਸ਼ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਘਰਾਂ ਵਿਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਵੱਡੀ ਗਿਣਤੀ ਵਿਚ ਬਣਾਏ ਗਏ । ਸਾਡੇ ਸਿੱਖ ਪਰਿਵਾਰਾਂ ਦੀਆਂ ਧੀਆਂ-ਭੈਣਾਂ ਨਾਲ ਪੁਲਿਸ ਤੇ ਹੁਕਮਰਾਨਾਂ ਨੇ ਬੇਪਤੀਆ ਕੀਤੀਆ । ਅੱਜ ਵੀ ਸਿੱਖ ਕੌਮ ਉਤੇ ਹਿੰਦੂਤਵ ਹੁਕਮਰਾਨਾਂ ਦਾ ਜ਼ਬਰ ਜਾਰੀ ਹੈ ਜਿਸ ਅਧੀਨ ਇਨ੍ਹਾਂ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਨੇ ਬਾਹਰਲੇ ਮੁਲਕਾਂ ਵਿਚ ਸਿੱਖ ਪੱਖੀ ਸੋਚ ਰੱਖਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਸੁਰੂ ਕਰ ਦਿੱਤਾ । ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੀਤੇ ਗਏ । ਅੱਜ ਜਦੋ ਇਹ ਹਿੰਦੂਤਵ ਹੁਕਮਰਾਨ ਅਤੇ ਇਨ੍ਹਾਂ ਦੇ ਧਾਰਮਿਕ ਸੰਕਰਾਚਾਰੀਆ ਅਯੁੱਧਿਆ ਵਿਖੇ ਰਾਮ ਮੂਰਤੀ ਸਥਾਪਨਾ ਕਰ ਰਹੇ ਹਨ, ਤਾਂ ਇਹ ਸਿੱਖ ਕੌਮ ਨਾਲ ਕੀਤੇ ਗਏ ਵੱਡੇ ਧੋਖੇ, ਫਰੇਬ, ਬੇਈਮਾਨੀਆਂ, ਜ਼ਬਰ ਜੁਲਮਾਂ ਲਈ ਪਸਚਾਤਾਪ ਕਰਦੇ ਹੋਏ ਸਿੱਖ ਕੌਮ ਨੂੰ ਇਨਸਾਫ ਦੇਣ ਦੀ ਗੱਲ ਕਰ ਸਕਣ, ਤਦ ਹੀ ਇਨ੍ਹਾਂ ਦੀਆਂ ਆਤਮਾਵਾ ਉਤੇ ਗੈਰ ਇਨਸਾਨੀ ਲੱਦਿਆ ਬੋਝ ਕੁਝ ਹਲਕਾ ਹੋ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਅਤੇ ਸੰਕਰਾਚਾਰੀਆ ਵੱਲੋਂ ਅੱਜ ਅਯੁੱਧਿਆ ਵਿਖੇ ਜਿਥੇ ਪੁਰਾਤਨ ਸਦੀਆਂ ਤੋਂ ਕਾਇਮ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਸੀ, ਨੂੰ ਢਹਿ-ਢੇਰੀ ਕਰਕੇ ਅਤੇ ਜ਼ਬਰੀ ਮੰਦਰ ਉਸਾਰਕੇ ਕੀਤੇ ਜਾ ਰਹੇ ਰਾਮ ਮੂਰਤੀ ਸਥਾਪਨਾ ਸਮਾਗਮ ਉਤੇ ਹਿੰਦੂਤਵ ਹੁਕਮਰਾਨਾਂ ਅਤੇ ਸੰਕਰਾਚਾਰੀਆ ਨੂੰ ਸਿੱਖ ਕੌਮ ਨਾਲ ਕੀਤੇ ਫਰੇਬਾ ਲਈ ਪਸਚਾਤਾਪ ਕਰਨ ਅਤੇ ਇਨਸਾਫ਼ ਦੇਣ ਲਈ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਹੜੇ ਧਰਮ-ਕੌਮ ਦੇ ਗ੍ਰੰਥਾਂ, ਵੇਦਾਂ ਵਿਚ ਲਿਖਿਆ ਹੋਇਆ ਹੈ ਕਿ ਕਿਸੇ ਦੂਸਰੇ ਧਰਮ ਦੇ ਧਾਰਮਿਕ ਸਥਾਂਨ ਨੂੰ ਜ਼ਬਰੀ ਢਾਹਕੇ ਉਥੇ ਆਪਣੇ ਧਾਰਮਿਕ ਸਥਾਂਨ ਕਾਇਮ ਕੀਤੇ ਜਾਣ ? ਇਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਿੱਖ ਧਰਮ ਤੇ ਸਿੱਖ ਕੌਮ ਜਿਥੇ ਦੂਸਰੇ ਧਰਮਾਂ ਅਤੇ ਕੌਮਾਂ ਉਤੇ ਹੋ ਰਹੇ ਜ਼ਬਰ ਜੁਲਮ ਵਿਰੁੱਧ ਜੂਝਦਾ ਹੈ, ਉਥੇ ਉਸਨੇ ਕਦੀ ਵੀ ਕਿਸੇ ਵੀ ਮੰਦਰ, ਮਸਜਿਦ, ਚਰਚ ਆਦਿ ਨੂੰ ਕਤਈ ਨੁਕਸਾਨ ਨਹੀ ਪਹੁੰਚਾਇਆ । ਬਲਕਿ ਇਨ੍ਹਾਂ ਧਾਰਮਿਕ ਸਥਾਨਾਂ ਦੀ ਰੱਖਿਆ ਕਰਦੇ ਹੋਏ ਆਪਣੀਆ ਕੁਰਬਾਨੀਆਂ ਦੇਣ ਨੂੰ ਪਹਿਲ ਦਿੱਤੀ ਹੈ । ਅੱਜ ਜੇਕਰ ਇਸ ਹਿੰਦੂਤਵ ਦਿਹਾੜੇ ਉਤੇ ਆਪਣੇ ਤੋ ਹੋਈਆ ਗੁਸਤਾਖੀਆ ਤੇ ਗਲਤੀਆਂ ਦਾ ਪਸਚਾਤਾਪ ਕਰਦੇ ਹੋਏ ਸ੍ਰੀ ਰਾਮ ਤੋਂ ਆਪਣੀਆ ਭੁੱਲਾਂ ਬਖਸਾਉਣ ਲਈ ਪ੍ਰਾਰਥਨਾ ਕਰ ਸਕਣ, ਤਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਵੀ ਇਨਸਾਨੀਅਤ ਕਦਰਾਂ ਕੀਮਤਾਂ, ਮਨੁੱਖਤਾ ਆਦਿ ਨਾਲ ਕੁਝ ਪਿਆਰ ਸਤਿਕਾਰ ਹੈ । ਵਰਨਾ ਇਤਿਹਾਸ ਦੇ ਪੰਨਿਆ ਤੇ ਜਰਮਨੀ ਦੇ ਹਿਟਲਰ ਦੀ ਤਰ੍ਹਾਂ ਇਨ੍ਹਾਂ ਦੇ ਇਸ ਥੋੜ੍ਹੇ ਸਮੇ ਦੇ ਰਾਜ ਭਾਗ ਨੂੰ ਤਾਨਾਸਾਹੀ ਵਾਲਾ, ਜ਼ਬਰ ਜੁਲਮ ਤੇ ਬੇਇਨਸਾਫ਼ੀ ਵਾਲਾ ਪ੍ਰਬੰਧ ਹੀ ਦਰਜ ਹੋਵੇਗਾ । ਕਿਸੇ ਵੀ ਮੁਲਕ, ਕੌਮ, ਧਰਮ ਵੱਲੋ ਇਨ੍ਹਾਂ ਦੀਆਂ ਗੈਰ ਇਨਸਾਨੀ, ਗੈਰ ਕਾਨੂੰਨੀ, ਗੈਰ ਸਮਾਜਿਕ ਉਪਰੋਕਤ ਸਿੱਖ ਕੌਮ ਨਾਲ ਕੀਤੀਆ ਗਈਆ ਕਾਰਵਾਈਆ ਤੇ ਅਮਲਾਂ ਨੂੰ ਕੋਈ ਵੀ ਕਦੀ ਵੀ ਸਹੀ ਨਹੀ ਕਹਿ ਸਕੇਗਾ ।
Comments (0)