ਸਿੱਖ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਵਾਂਗੇ: ਤਾਲਿਬਾਨ

ਸਿੱਖ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਵਾਂਗੇ: ਤਾਲਿਬਾਨ
ਸੁਹੇਲ ਸ਼ਾਹੀਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨੀਂ ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿਚ ਅਗਵਾ ਕੀਤੇ ਗਏ ਸਿੱਖ ਭਾਈਚਾਰੇ ਦੇ ਨੁਮਾਂਇੰਦੇ ਨਿਧਾਨ ਸਿੰਘ ਬਾਰੇ ਬਿਆਨ ਜਾਰੀ ਕਰਦਿਆਂ ਤਾਲਿਬਾਨ ਨੇ ਕਿਹਾ ਹੈ ਕਿ ਸਿੱਖ ਆਗੂ ਨੂੰ ਅਗਵਾ ਕਰਨ ਵਿਚ ਤਾਲਿਬਾਨ ਦੀ ਕੋਈ ਸ਼ਮੂਲੀਅਤ ਨਹੀਂ ਹੈ ਅਤੇ ਅਗਵਾ ਕਰਨ ਵਾਲਿਆਂ ਨੂੰ ਤਾਲਿਬਾਨ ਵੱਲੋਂ ਸਜ਼ਾ ਦਿੱਤੀ ਜਾਵੇਗੀ। ਦੱਸ ਦਈਏ ਕਿ ਨਿਧਾਨ ਸਿੰਘ ਨੂੰ 22 ਜੂਨ ਵਾਲੇ ਦਿਨ ਅਗਵਾ ਕਰ ਲਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਮੀਡੀਆ ਵਿਚ ਇਹ ਪ੍ਰਚਾਰਿਆ ਗਿਆ ਸੀ ਕਿ ਨਿਧਾਨ ਸਿੰਘ ਨੂੰ ਅਗਵਾ ਕਰਨ ਪਿੱਛੇ ਤਾਲਿਬਾਨ ਦਾ ਹੱਥ ਹੈ। ਤਾਲਿਬਾਨ ਨੇ ਇਸ ਸਬੰਧੀ ਜਨਤਕ ਬਿਆਨ ਜਾਰੀ ਕਰਕੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ।

ਦਾ ਹਿੰਦੂ ਅਖਬਾਰ ਨੂੰ ਭੇਜੇ ਇਕ ਸੁਨੇਹੇ ਵਿਚ ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਤਾਲਿਬਾਨ ਦੀ ਨੀਤੀ ਮੁਤਾਬਕ ਕਿਸੇ ਨੂੰ ਵੀ ਅਗਵਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਸ ਸਿੱਖ ਆਗੂ ਨੂੰ ਅਗਵਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਤਾਲਿਬਾਨ ਦਾ ਨਿਸ਼ਾਨਾ ਸਿਰਫ ਅਫਗਾਨਿਸਤਾਨ ਵਿਚੋਂ ਵਿਦੇਸ਼ੀ ਕਬਜ਼ੇ ਨੂੰ ਖਤਮ ਕਰਨਾ ਹੈ। ਇਸ ਗੱਲ 'ਤੇ ਕੋਈ ਸਵਾਲ ਨਹੀਂ ਹੈ, ਕਿ ਜੇ ਸਾਨੂੰ ਇਹ ਅਗਵਾ ਕਰਨ ਵਾਲੇ ਦੋਸ਼ ਮਿਲ ਗਏ ਤਾਂ ਅਸੀਂ ਉਹਨਾਂ ਨੂੰ ਆਪਣੀ ਅਦਾਲਤ ਰਾਹੀਂ ਸਜ਼ਾ ਦਵਾਂਗੇ।"

ਦੱਸ ਦਈਏ ਕਿ ਜਦੋਂ 25 ਮਾਰਚ ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ ਸੀ ਤਾਂ ਵੀ ਪਹਿਲਾਂ ਇਲਜ਼ਾਮ ਤਾਲਿਬਾਨ 'ਤੇ ਲਾਇਆ ਗਿਆ ਸੀ ਪਰ ਬਾਅਦ ਵਿਚ ਤਾਲਿਬਾਨ ਨੇ ਜਨਤਕ ਐਲਾਨ ਕਰਕੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਸੀ ਅਤੇ ਇਸ ਹਮਲੇ ਪਿੱਛੇ ਆਈਐਸਆਈਐਸ ਦਾ ਹੱਥ ਸਾਹਮਣੇ ਆਇਆ ਸੀ।

ਸਬੰਧਿਤ ਖ਼ਬਰ: ਅਫਗਾਨਿਸਤਾਨ: ਗੁਰਦੁਆਰਾ ਸਾਹਿਬ 'ਤੇ ਹਮਲੇ ਪਿੱਛੇ ਕਿਸਦੀ ਸਾਜਿਸ਼?