ਅਫਗਾਨਿਸਤਾਨ: ਗੁਰਦੁਆਰਾ ਸਾਹਿਬ 'ਤੇ ਹਮਲੇ ਪਿੱਛੇ ਕਿਸਦੀ ਸਾਜਿਸ਼?

ਅਫਗਾਨਿਸਤਾਨ: ਗੁਰਦੁਆਰਾ ਸਾਹਿਬ 'ਤੇ ਹਮਲੇ ਪਿੱਛੇ ਕਿਸਦੀ ਸਾਜਿਸ਼?

ਸੁਖਵਿੰਦਰ ਸਿੰਘ
ਕਾਬਲ ਸ਼ਹਿਰ ਦੇ ਵਿਚਾਲੇ ਸਥਿਤ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ 'ਤੇ ਹੋਏ ਹਮਲੇ ਨੇ ਦੱਖਣੀ ਏਸ਼ੀਆਂ ਖਿੱਤੇ ਵਿਚ ਪੰਜਾਬ ਦੇਸ਼ 'ਤੇ ਰਾਜ ਕਰਨ ਵਾਲੀ ਸਿੱਖ ਕੌਮ ਵਿਚ ਫੇਰ ਇਸ ਗੱਲ ਦੀ ਚਰਚਾ ਛੇੜੀ ਹੈ ਕਿ ਬਿਨ੍ਹਾਂ ਕਿਸੇ ਕੌਮੀ ਰਾਜ ਤੋਂ ਅਜਿਹੇ ਹਮਲਿਆਂ ਮੌਕੇ ਕੌਮਾਂ ਕਿਵੇਂ ਬੇਬਸ ਹੁੰਦੀਆਂ ਹਨ। ਇਸ ਸਾਰੀ ਭਾਵਨਾ ਨੂੰ ਫੇਸਬੁੱਕ 'ਤੇ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦੀਆਂ ਇਹਨਾਂ ਸਤਰਾਂ ਨਾਲ ਪ੍ਰਗਟ ਵੀ ਕੀਤਾ ਜਾ ਰਿਹਾ ਹੈ;

ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ, ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।

ਪਰ ਅਸੀਂ 27 ਸਿੱਖਾਂ ਦੇ ਕਤਲ ਦੀ ਇਸ ਘਟਨਾ ਨੂੰ ਮਹਿਜ਼ ਘਟਨਾ ਵਜੋਂ ਨਾ ਦੇਖਣ ਦੀ ਬਜਾਏ ਇਸ ਦੀਆਂ ਕੁੱਝ ਪਰਤਾਂ ਫਰੋਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਗਲੇ ਹਮਲਿਆਂ ਬਾਰੇ ਸੁਚੇਤ ਹੋਇਆ ਜਾ ਸਕੇ।

ਅਫਗਾਨਿਸਤਾਨ ਵਿਚ ਸਿੱਖਾਂ ਦਾ ਇਤਿਹਾਸ
ਅਫਗਾਨਿਸਤਾਨ ਵਿਚ ਸਿੱਖਾਂ ਦਾ ਇਤਿਹਾਸ ਵੀ ਸਿੱਖੀ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਗੁਰੂ ਨਾਨਕ ਪਾਤਸ਼ਾਹ ਆਪਣੀਆਂ ਉਦਾਸੀਆਂ ਦੌਰਾਨ ਇਸ ਖਿੱਤੇ ਵਿਚ ਵਿਚਰੇ 'ਤੇ ਇੱਥੇ ਸਿੱਖਾਂ ਦੀ ਸੰਗਤ ਸਥਾਪਤ ਹੋਈ। ਸਾਰੇ ਗੁਰੂ ਸਾਹਿਬਾਨ ਦੇ ਸਮੇਂ ਦੌਰਾਨ ਇਤਿਹਾਸ ਵਿਚ ਕਾਬਲ (ਅਫਗਾਨ) ਦੇ ਸਿੱਖਾਂ ਦਾ ਥਾਂ-ਥਾਂ ਜ਼ਿਕਰ ਮਿਲਦਾ ਹੈ। 1947 ਦੀ ਵੰਡ ਮੌਕੇ ਬਣੇ ਫਸਾਦੀ ਮਾਹੌਲ 'ਚ ਪੋਠੋਹਾਰ ਇਲਾਕੇ ਚੋਂ ਵੱਡੀ ਗਿਣਤੀ ਸਿੱਖ ਹਿਜ਼ਰਤ ਕਰਕੇ ਚੜ੍ਹਦੇ ਪੰਜਾਬ ਆਉਣ ਦੀ ਬਜਾਏ ਅਫਗਾਨਿਸਤਾਨ ਵਾਲੇ ਪਾਸੇ ਲੰਘ ਗਏ ਜਿਸ ਨਾਲ ਅਫਗਾਨਿਸਤਾਨ ਵਿਚ ਸਿੱਖਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ। 

ਅਫਗਾਨਿਸਤਾਨ ਵਿਚ ਸਿੱਖਾਂ ਨੇ ਆਪਣੀ ਵਪਾਰਕ ਕੁਸ਼ਲਤਾ ਅਤੇ ਮਿਹਨਤ ਨਾਲ ਆਪਣੇ ਆਪ ਨੂੰ ਵਧੀਆ ਸਥਾਪਤ ਕੀਤਾ ਪਰ ਅਫਗਾਨਿਸਤਾਨ ਵਿਚ ਜੰਗ ਦੇ ਮਾਹੌਲ ਦਾ ਸਿੱਖ ਭਾਈਚਾਰੇ 'ਤੇ ਬਹੁਤ ਮਾੜਾ ਅਸਰ ਪਿਆ। ਇਸ ਦੌਰਾਨ ਸਿੱਖਾਂ ਨੂੰ ਵੱਖਰੀ ਧਾਰਮਕ ਪਛਾਣ ਕਰਕੇ ਨਿਸ਼ਾਨਾ ਬਣਾਇਆ ਜਾਣ ਲੱਗਾ। ਸਿੱਖਾਂ ਨੂੰ ਮਜ਼ਬੂਰਨ ਹਿਜ਼ਰਤ ਕਰਨੀ ਪਈ ਤੇ ਵੱਡੀ ਗਿਣਤੀ ਸਿੱਖ ਹਿਜ਼ਰਤ ਕਰਕੇ ਭਾਰਤ ਅਤੇ ਹੋਰ ਦੇਸ਼ਾਂ ਵਿਚ ਚਲੇ ਗਏ। ਯੂ.ਐਸ ਸਟੇਟ ਡਿਪਾਰਟਮੈਂਟ ਦੀ 2017 ਦੀ ਰਿਪੋਰਟ ਮੁਤਾਬਕ ਉਸ ਸਮੇਂ ਅਫਗਾਨਿਸਤਾਨ ਵਿਚ ਸਿੱਖਾਂ ਦੀ ਗਿਣਤੀ ਕੁੱਝ ਸੈਂਕੜੇ ਰਹਿ ਗਈ ਸੀ। 

ਅਫਗਾਨੀ ਸਿੱਖ ਸਤਨਾਮ ਸਿੰਘ ਨੇ 'ਦਾ ਡਿਪਲੋਮੈਟ' ਅਖਬਾਰ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਤਾਲਿਬਾਨ ਦੇ ਰਾਜ ਸਮੇਂ ਵੀ ਸਿੱਖਾਂ ਨੂੰ ਪੀਲੇ ਰੰਗ ਦੀਆਂ ਪੱਟੀਆਂ ਬੰਨਣ ਲਈ ਕਿਹਾ ਗਿਆ ਤੇ ਉਸ ਸਮੇਂ ਵੀ ਮੁਸ਼ਕਿਲਾਂ ਸੀ ਪਰ ਤਾਲਿਬਾਨ ਦੇ ਰਾਜ ਤੋਂ ਪਹਿਲਾਂ ਚੱਲੇ ਗ੍ਰਹਿ ਯੁੱਧ ਸਮੇਂ ਅਤੇ ਤਾਲਿਬਾਨ ਦਾ ਰਾਜ ਖਤਮ ਹੋਣ ਤੋਂ ਬਾਅਦ ਹਾਲਾਤ ਜ਼ਿਆਦਾ ਮਾੜੇ ਹੋ ਗਏ। 

ਅਫਗਾਨਿਸਤਾਨ ਦੀ ਮੋਜੂਦਾ ਰਾਜਨੀਤਕ ਸਥਿਤੀ
ਅਫਗਾਨਿਸਤਾਨ ਇਸਲਾਮੀ ਰਾਜ ਹੈ। ਇਹ ਕਿਸੇ ਸਮੇਂ ਦੱਖਣੀ ਏਸ਼ੀਆ ਵਿਚ ਤਾਕਤ ਦਾ ਵੱਡਾ ਕੇਂਦਰ ਰਿਹਾ ਹੈ ਅਤੇ ਅੱਜ ਵੀ ਦੱਖਣੀ ਏਸ਼ੀਆ ਦੀ ਜਿਓਪਾਲਿਟਿਕਸ ਵਿਚ ਇਹ ਇਕ ਅਹਿਮ ਕੇਂਦਰ ਹੈ। ਇਸੇ ਲਈ ਦੁਨੀਆ ਦੀਆਂ ਵੱਡੀਆਂ ਤਾਕਤਾਂ, ਭਾਵੇਂ ਸੋਵੀਅਤ ਯੂਨੀਅਨ ਹੋਵੇ ਭਾਵੇਂ ਅਮਰੀਕਾ ਹੋਵੇ, ਦੋਵਾਂ ਨੇ ਹੀ ਇਸ ਖਿੱਤੇ 'ਤੇ ਆਪਣਾ ਗਲਬਾ ਕਾਇਮ ਰੱਖਣ ਲਈ ਅਣਗਿਣਤ ਪੈਸਾ ਅਤੇ ਬੇਸ਼ਕੀਮਤੀ ਜਾਨਾਂ ਲਾਈਆਂ ਹਨ। ਅਮਰੀਕਾ ਨੇ ਸੋਵੀਅਤ ਯੂਨੀਅਨ ਖਿਲਾਫ ਲੜਾਈ ਵਿਚ ਮੁਜ਼ਾਹਿਦੀਨਾਂ ਦੀ ਮਦਦ ਕੀਤੀ ਤੇ ਮੁਜ਼ਾਹਿਦੀਨਾਂ ਨੇ ਸੋਵੀਅਤ ਯੂਨੀਅਨ ਨੂੰ ਹਰਾ ਦਿੱਤਾ। ਉਸ ਮਗਰੋਂ ਅਫਗਾਨਿਸਤਾਨ ਦੇ ਵੱਖ-ਵੱਖ ਕਬੀਲਿਆਂ ਦਰਮਿਆਨ ਤਾਕਤ ਹਾਸਲ ਕਰਨ ਨੂੰ ਲੈ ਕੇ ਗ੍ਰਹਿ ਯੁੱਧ ਲੱਗ ਗਿਆ ਜਿਸ ਵਿਚੋਂ ਤਾਲਿਬਾਨ ਦੀ ਲਹਿਰ ਖੜ੍ਹੀ ਹੋਈ। ਮੁੱਲ੍ਹਾ ਉਮਰ ਨੇ ਇਸਲਾਮੀ ਮਦਰੱਸਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਸ਼ਰੀਅਤ ਮੁਤਾਬਕ ਸਹੀ ਇਸਲਾਮੀ ਰਾਜ ਸਥਾਪਤ ਕਰਨ ਲਈ ਹਥਿਆਰਬੰਦ ਲੜਾਈ ਸ਼ੁਰੂ ਕੀਤੀ ਤੇ ਕੁੱਝ ਸਾਲਾਂ ਵਿਚ ਹੀ ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜ ਸੱਤਾ 'ਤੇ ਕਬਜ਼ਾ ਕਰ ਲਿਆ। 2001 ਵਿਚ ਅਮਰੀਕਾ ਦੇ ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਮਗਰੋਂ ਅਮਰੀਕਾ ਨੇ ਹਮਲੇ ਦੇ ਦੋਸ਼ੀ ਅਲ ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਨੂੰ ਖਤਮ ਕਰਨ ਲਈ ਅਫਗਾਨਿਸਤਾਨ 'ਤੇ ਫੌਜ ਚੜ੍ਹਾ ਦਿੱਤੀ ਤੇ ਤਾਲਿਬਾਨ ਨੇ ਉਸਦੇ ਰਾਜਸੀ ਖਿੱਤੇ ਵਿਚ ਅਮਰੀਕਾ ਦੀ ਇਸ ਦਖਲ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਅਮਰੀਕਾ ਅਤੇ ਤਾਲਿਬਾਨ ਦੀ ਇਹ ਜੰਗ ਅੱਜ ਤਕ ਜਾਰੀ ਹੈ ਤੇ ਅਖੀਰ ਹੁਣ 19 ਸਾਲ ਦੀ ਲੰਬੀ ਜੰਗ ਮਗਰੋਂ ਅਮਰੀਕਾ ਨੇ ਤਾਲਿਬਾਨ ਨਾਲ ਸੰਧੀ ਕਰਕੇ ਆਪਣੀ ਫੌਜ ਉੱਥੋਂ ਕੱਢਣ ਦਾ ਫੈਂਸਲਾ ਕੀਤਾ ਹੈ। ਹੁਣ ਅਫਗਾਨਿਸਤਾਨ ਵਿਚ ਮੋਜੂਦਾ ਸਮੇਂ ਰਾਜਸੀ ਤਾਕਤ ਦੀ ਸਭ ਤੋਂ ਵੱਡੀ ਦਾਅਵੇਦਾਰ ਧਿਰ ਤਾਲਿਬਾਨ ਬਣ ਗਿਆ ਹੈ। ਪਰ ਪਿਛਲੇ ਕੁੱਝ ਸਾਲਾਂ 'ਚ ਅਫਗਾਨਿਸਤਾਨ ਅੰਦਰ ਆਈਐਸਆਈਐਸ (ਇਸਲਾਮਿਕ ਸਟੇਟ) ਨੇ ਆਪਣੇ ਪੈਰ ਲਾਏ ਹਨ। ਤਾਲਿਬਾਨ ਅਫਗਾਨਿਸਤਾਨ ਵਿਚ ਆਈਐਸ ਨੂੰ ਆਪਣੇ ਲਈ ਚੁਣੌਤੀ ਸਮਝਦਾ ਹੈ ਅਤੇ ਉਸ ਨਾਲ ਵੀ ਲੜ ਰਿਹਾ ਹੈ। ਇਹਨਾਂ ਤੋਂ ਇਲਾਵਾ ਤੀਜੀ ਧਿਰ ਅਫਗਾਨਿਸਤਾਨ ਦੀ ਅਮਰੀਕੀ ਸੁਰੱਖਿਆ ਵਿਚ ਸਥਾਪਤ ਹੋਈ ਸਰਕਾਰ ਹੈ, ਜੋ ਲੋਕਤੰਤਰ ਦੇ ਅਮਰੀਕੀ ਵਿਚਾਰ ਦੀ ਨੁਮਾਂਇੰਦਗੀ ਕਰਦੀ ਹੈ। ਪਰ ਅਮਰੀਕਾ ਇਸ ਤੋਂ ਆਪਣੀ ਸੁਰੱਖਿਆ ਵਾਪਸ ਲੈਂਦਾ ਨਜ਼ਰ ਆ ਰਿਹਾ ਹੈ। 

ਹਮਲੇ ਦੀ ਜ਼ਿੰਮੇਵਾਰ ਆਈਐਸਆਈਐਸ ਕੌਣ?
ਆਈਐਸਆਈਐਸ ਨੇ ਦੁਨੀਆ ਵਿਚ ਖਿਲਾਫਤ ਸਥਾਪਤ ਕਰਨ ਦਾ ਸੱਦਾ ਦੇ ਕੇ ਮੱਧ-ਪੂਰਬ ਤੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਬਗਦਾਦੀ ਇਸ ਦਾ ਮੁੱਖ ਆਗੂ ਬਣਿਆ। ਇਹ ਸਾਰੀ ਦੁਨੀਆ ਵਿਚ ਇਸਲਾਮੀ ਰਾਜ ਸਥਾਪਤ ਕਰਨ ਦੀ ਮੁਹਿੰਮ ਹੈ ਤੇ ਇਰਾਕ ਦੇ ਕਾਫੀ ਹਿੱਸੇ 'ਤੇ ਆਈਐਸਆਈਐਸ ਦਾ ਕਬਜ਼ਾ ਵੀ ਹੋ ਗਿਆ ਸੀ ਪਰ ਬਗਦਾਦੀ ਦੀ ਮੌਤ ਅਤੇ ਇਸਦਾ ਕਬਜ਼ਾ ਵੱਡੇ ਇਲਾਕੇ ਤੋਂ ਖਤਮ ਹੋਣ ਨਾਲ ਹੁਣ ਇਹ ਧਿਰ ਮੱਧ ਪੂਰਬ ਵਿਚ ਬਹੁਤ ਕਮਜ਼ੋਰ ਹੈ। ਪਰ ਆਈਐਸਆਈਐਸ ਨੇ ਕਈ ਹੋਰ ਮੁਲਕਾਂ ਵਿਚ ਆਪਣੇ ਪੈਰ ਪਸਾਰੇ ਹਨ ਤੇ ਅਫਗਾਨਿਸਤਾਨ ਵਿਚ ਵੀ ਉਹ ਪਿਛਲੇ ਸਾਲਾਂ ਤੋਂ ਕਈ ਵੱਡੇ ਹਮਲੇ ਕਰ ਚੁੱਕੇ ਹਨ। 

ਆਈਐਸਆਈਐਸ ਦੀ ਪੈਦਾਇਸ਼ ਬਾਰੇ ਕਈ ਤਰ੍ਹਾਂ ਦੇ ਵਿਚਾਰ ਹਨ ਪਰ ਅਸੀਂ ਇੱਥੇ ਅਫਗਾਨਿਸਤਾਨ ਵਿਚਲੇ ਆਈਐਸਆਈਐਸ 'ਤੇ ਹੀ ਗੱਲ ਨੂੰ ਕੇਂਦਰਤ ਰੱਖਾਂਗੇ। ਆਈਐਸ ਨੇ ਅਫਗਾਨਿਸਤਾਨ ਵਿਚ ਖੁਰਾਸਾਨ ਸਥਾਪਤ ਕਰਨ ਦਾ ਨਾਅਰਾ ਦੇ ਕੇ ਆਪਣੇ ਪੈਰ ਲਾਉਣੇ ਸ਼ੁਰੂ ਕੀਤੇ। ਖੁਰਾਸਾਨ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿਚ ਵੀ ਆਉਂਦਾ ਹੈ। ਜਦੋਂ ਬਾਬਰ ਦਿੱਲੀ ਵੱਲ ਚੜ੍ਹਾਈ ਕਰ ਰਿਹਾ ਸੀ ਤਾਂ ਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ, "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥"

ਖੁਰਾਸਾਨ ਈਰਾਨ ਦੇ ਪੂਰਬ ਵਾਲੇ ਖਿੱਤੇ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਅੱਜ ਦੇ ਸਮੇਂ ਮੁਤਾਬਕ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦਾ ਕੁੱਝ ਹਿੱਸਾ ਪੈਂਦਾ ਹੈ। ਆਈਐਸਆਈਐਸ ਨੇ ਜਨਵਰੀ 2015 ਵਿਚ ਆਪਣੀ ਖੁਰਾਸਾਨ ਇਕਾਈ ਦਾ ਐਲਾਨ ਕੀਤਾ। ਇਸ ਦਾ ਕੇਂਦਰ ਅਫਗਾਨਿਸਤਾਨ ਵਿਚ ਸਥਾਪਤ ਕੀਤਾ ਗਿਆ ਕਿਉਂਕਿ ਉੱਥੋਂ ਸੌਖੀ ਭਰਤੀ ਮਿਲ ਸਕਦੀ ਸੀ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਜੰਗ ਨਾਲ ਪ੍ਰਭਾਵਤ ਹੋਣ ਕਾਰਨ ਉੱਥੇ ਕਈ ਦੇਸ਼ਾਂ ਦੀਆਂ ਖੂਫੀਆ ਅਜੇਂਸੀਆਂ ਦੀ ਸੌਖੀ ਪਹੁੰਚ ਹੋਣ ਕਾਰਨ ਇਸ ਨੂੰ ਕੇਂਦਰ ਬਣਾਇਆ ਗਿਆ। 

ਆਈਐਸਆਈਐਸ ਦੀ ਪਾਕਿਸਤਾਨ ਅਤੇ ਤਾਲਿਬਾਨ ਨਾਲ ਲੜਾਈ
ਅਫਗਾਨਿਸਤਾਨ ਵਿਚ ਆਈਐਸਆਈਐਸ ਦਾ ਮਜ਼ਬੂਤ ਹੋਣਾ ਪਾਕਿਸਤਾਨ ਅਤੇ ਤਾਲਿਬਾਨ ਦੀ ਹੋਂਦ ਲਈ ਵੱਡੀ ਚੁਣੌਤੀ ਹੈ। ਦੱਖਣੀ ਏਸ਼ੀਆ ਦੇ ਇਸ ਖਿੱਤੇ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਖੁਰਾਸਾਨ ਅੰਦਰ ਜੋ ਖਿੱਤੇ ਪੈਂਦਾ ਹੈ ਉੱਥੇ ਪਹਿਲਾਂ ਹੀ ਪਾਕਿਸਤਾਨ ਦੀ ਸਟੇਟ ਅਤੇ ਤਾਲਿਬਾਨ ਦੀ ਸਟੇਟ ਇਸਲਾਮੀ ਰਾਜ ਦੀ ਸਥਾਪਤੀ ਦੇ ਚਿੰਨ੍ਹ ਵਜੋਂ ਸਥਾਪਤ ਹਨ। ਇੱਥੇ ਆਈਐਸਆਈਐਸ ਦਾ ਮਜ਼ਬੂਤ ਹੋਣਾ ਜੋ ਕਿ ਖੁਦ ਨੂੰ ਇਸਲਾਮੀ ਰਾਜ ਦੀ ਸਥਾਪਤੀ ਦੇ ਚਿੰਨ੍ਹ ਵਜੋਂ ਪੇਸ਼ ਕਰਦਾ ਹੋਵੇ, ਪਾਕਿਸਤਾਨ ਅਤੇ ਤਾਲਿਬਾਨ ਲਈ ਵੱਡੀ ਚੁਣੌਤੀ ਹੈ। ਅਫਗਾਨਿਸਤਾਨ ਵਿਚ ਆਈਐਸ ਤਾਲਿਬਾਨ ਦੇ ਲੜਾਕਿਆਂ ਨੂੰ ਵੱਧ ਤਨਖਾਹਾਂ ਦੇ ਕੇ ਆਪਣੇ ਨਾਲ ਜੋੜ ਰਿਹਾ ਹੈ। ਪਾਕਿਸਤਾਨ ਵਿਚ ਵੀ ਆਈਐਸ ਨੇ ਵੱਡੇ ਹਮਲੇ ਕੀਤੇ ਜਿਹਨਾਂ ਵਿਚ ਬਲੋਚਿਸਤਾਨ ਦੇ ਕੁਇਟਾ ਸਥਿਤ ਹਸਪਤਾਲ 'ਚ ਬੰਬ ਧਮਾਕਾ ਕਰਕੇ 93 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ 120 ਤੋਂ ਵੱਧ ਜ਼ਖਮੀ ਹੋਏ ਸਨ। 

ਆਈਐਸਆਈਐਸ-ਟੀਟੀਪੀ-ਭਾਰਤ ਕਨੈਕਸ਼ਨ
ਆਈਐਸਆਈਐਸ ਵੱਲੋਂ ਜਦੋਂ ਆਪਣੀ ਖੁਰਾਸਾਨ ਇਕਾਈ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਦਾ ਪਹਿਲਾ ਗਵਰਨਰ ਹਾਫਿਜ਼ ਸਈਦ ਖਾਨ ਨੂੰ ਲਾਇਆ ਗਿਆ ਜੋ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਸਬੰਧਿਤ ਸੀ। ਟੀਟੀਪੀ ਦਾ ਮੁੱਖ ਅੱਡਾ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਅਫਗਾਨ-ਪਾਕਿ ਸਰਹੱਦ 'ਤੇ ਹੈ ਅਤੇ ਪਾਕਿਸਤਾਨ ਦੀ ਸਟੇਟ ਨੂੰ ਸੁੱਟਣਾ ਇਸ ਦਾ ਮੁੱਖ ਨਿਸ਼ਾਨਾ ਹੈ। ਆਈਐਸਆਈਐਸ ਵੱਲੋਂ ਖੁਰਾਸਾਨ ਇਕਾਈ ਦੇ ਐਲਾਨ ਤੋਂ ਕੁੱਝ ਸਮਾਂ ਪਹਿਲਾਂ ਹੀ ਟੀਟੀਪੀ ਦੇ ਇਕ ਧੜੇ ਨੇ ਆਈਐਸ ਨਾਲ ਕੰਮ ਕਰਨ ਦਾ ਐਲਾਨ ਕੀਤਾ ਸੀ। ਪਾਕਿਸਤਾਨ ਦਾ ਦੋਸ਼ ਹੈ ਕਿ ਆਈਐਸਆਈਐਸ ਅਤਟ ਟੀਟੀਪੀ ਨੂੰ ਭਾਰਤ ਦੀ ਖੂਫੀਆ ਅਜੇਂਸੀ 'ਰਾਅ' ਉਸ ਖਿਲਾਫ ਵਰਤ ਰਹੀ ਹੈ। ਪਾਕਿਸਤਾਨ ਵੱਲੋਂ ਫੜ੍ਹੇ ਗਏ ਭਾਰਤੀ ਕੁਲਭੂਸ਼ਨ ਯਾਦਵ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਉਹ ਭਾਰਤੀ ਖੂਫੀਆ ਅਜੇਂਸੀ ਰਾਅ ਲਈ ਬਲੋਚਿਸਤਾਨ ਵਿਚ ਕੰਮ ਕਰਦਾ ਸੀ। 

ਗੁਰਦੁਆਰਾ ਸਾਹਿਬ 'ਤੇ ਹਮਲੇ ਦੇ ਰਾਜਨੀਤਕ ਅਰਥ
ਕਾਬਲ ਵਿਚ ਗੁਰਦੁਆਰਾ ਸਾਹਿਬ 'ਤੇ ਹਮਲਾ ਠੀਕ ਉਸ ਸਮੇਂ ਹੋਇਆ ਜਦੋਂ ਅਮਰੀਕਾ ਦੇ ਸਟੇਟ ਸੈਕਟਰੀ ਮਾਈਕ ਪੋਂਪੀਓ ਦੀ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਸ ਦੇ ਵਿਰੋਧੀ ਰਾਸ਼ਟਰਪਤੀ ਦਾਅਵੇਦਾਰ ਅਬਦੁੱਲ੍ਹਾ ਅਬਦੁੱਲ੍ਹਾ ਨਾਲ ਬੈਠਕ ਬੇਸਿੱਟਾ ਰਹੀ ਤੇ ਇਹ ਦੋਵੇਂ ਸਰਕਾਰ ਬਣਾਉਣ ਲਈ ਕਿਸੇ ਸਮਝੌਤੇ ਵਾਸਤੇ ਰਾਜ਼ੀ ਨਹੀਂ ਹੋਏ। ਇਹ ਬੈਠਕ ਬੇਸਿੱਟਾ ਰਹਿਣ ਮਗਰੋਂ ਅਮਰੀਕਾ ਨੇ ਅਫਗਾਨਿਸਤਾਨ ਸਰਕਾਰ ਨੂੰ ਦਿੱਤੇ ਜਾਂਦੇ ਸਾਲਾਨਾ ਫੰਡ ਵਿਚ 1 ਬਿਲੀਅਨ ਡਾਲਰ ਦੀ ਕਟੌਤੀ ਦਾ ਐਲਾਨ ਕਰ ਦਿੱਤਾ। ਅਮਰੀਕਾ ਵਾਪਸ ਜਾਂਦਿਆਂ ਪੋਂਪੀਓ ਰਾਹ ਵਿਚ ਕਤਰ ਵਿਖੇ ਤਾਲਿਬਾਨ ਦੇ ਆਗੂ ਮੁੱਲ੍ਹਾ ਬਰਦਾਰ ਨਾਲ ਗੱਲ ਕਰਕੇ ਗਏ। ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਇਕ ਘੱਟਗਿਣਤੀ 'ਤੇ ਵੱਡਾ ਹਮਲਾ ਕੀਤਾ ਗਿਆ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਥਾਪਤੀ ਅਤੇ ਅਮਰੀਕਾ ਦੇ ਬਾਹਰ ਜਾਣ ਤੋਂ ਤੰਗ ਕੋਈ ਧਿਰ ਇਸ ਹਮਲੇ ਤੋਂ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖਾਂ ਦੇ ਇਕ ਹਿੱਸੇ ਵਿਚ ਇਹ ਵੀ ਵਿਚਾਰ ਚੱਲ ਰਿਹਾ ਹੈ ਕਿ ਬੀਤੇ ਸਮੇਂ ਦੌਰਾਨ ਸਿੱਖ ਅਤੇ ਮੁਸਲਿਮ ਨੇੜਤਾ ਵਧਣ ਤੋਂ ਦੁਖੀ ਲੋਕ ਵੀ ਕਿਸੇ ਅਜਿਹੀ ਸਾਜਿਸ਼ ਦੇ ਪਿੱਛੇ ਹੋ ਸਕਦੇ ਹਨ। ਕੱਲ੍ਹ ਹਮਲਾ ਹੋਣ ਮਗਰੋਂ ਭਾਰਤ ਦੀ ਹਿੰਦੁਤਵੀ ਪਾਰਟੀ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਨੇ ਟਵੀਟ ਕਰਦਿਆਂ ਇਸ ਹਮਲੇ ਨੂੰ ਸਿੱਖਾਂ ਵੱਲੋਂ ਸ਼ਾਹੀਨ ਬਾਗ ਵਿਚ ਧਰਨੇ 'ਤੇ ਬੈਠੇ ਮੁਸਲਮਾਨਾਂ ਨੂੰ ਲੰਗਰ ਛਕਾਉਣ ਨਾਲ ਜੋੜ ਕੇ ਪੇਸ਼ ਕੀਤਾ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਟਵੀਟ ਦੇਖਣ ਨੂੰ ਮਿਲੇ ਜਿਹਨਾਂ ਵਿਚ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਨੂੰ ਨਿਸ਼ਾਨਾ ਬਣਾਇਆ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।