ਸਿੱਖਾਂ ਵਿੱਚ ਦਹਿਸ਼ਤ ਪਾਉਣ ਲਈ ਬਣਾਈਆਂ ਗਈਆਂ ਕਾਲੀਆਂ ਸੂਚੀਆਂ: ਖਹਿਰਾ

ਸਿੱਖਾਂ ਵਿੱਚ ਦਹਿਸ਼ਤ ਪਾਉਣ ਲਈ ਬਣਾਈਆਂ ਗਈਆਂ ਕਾਲੀਆਂ ਸੂਚੀਆਂ: ਖਹਿਰਾ

ਜਲੰਧਰ: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਖਾਂ ਦੀ ਭਾਰਤ ਸਰਕਾਰ ਵੱਲੋਂ ਬਣਾਈ ਕਾਲੀ ਸੂਚੀ ਵਿੱਚੋਂ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਿਕ ਕੱਢੇ 312 ਨਾਵਾਂ ਨੂੰ ਜਨਤਕ ਕਰਨ ਲਈ ਕਿਹਾ ਹੈ। 

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਲੀ ਸੂਚੀ ’ਚੋਂ ਕੱਢੇ ਗਏ ਨਾਵਾਂ ਦਾ ਉਹ ਸਵਾਗਤ ਕਰਦੇ ਹਨ ਪਰ ਇਸ ਨੂੰ ਜਨਤਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਅਸਲ ਤਸਵੀਰ ਸਾਹਮਣੇ ਆ ਸਕੇ। ਉਨ੍ਹਾਂ ਦਾਅਵਾ ਵੀ ਕੀਤਾ ਕਿ ਵਿਦੇਸ਼ਾਂ ’ਚ ਵੱਸਦੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਉਨ੍ਹਾਂ ਦੇ ਨਾਂ ਕਾਲੀ ਸੂਚੀ ਵਿਚ ਪਾਏ ਗਏ ਸਨ ਤੇ ਇਹ ਸੂਚੀ ਦੱਸੇ ਗਏ ਨਾਵਾਂ ਤੋਂ ਕਿਤੇ ਵੱਡੀ ਹੈ। 

ਉਨ੍ਹਾਂ ਕਿਹਾ ਕਿ 314 ਨਾਵਾਂ ਵਿਚੋਂ 312 ਨਾਂ ਕੱਟੇ ਗਏ ਹਨ ਤੇ ਜਿਹੜੇ ਦੋ ਨਾਂ ਕਾਲੀ ਸੂਚੀ ਵਿਚ ਰੱਖੇ ਗਏ ਹਨ ਸਰਕਾਰ ਉਨ੍ਹਾਂ ਨੂੰ ਵੀ ਜਨਤਕ ਕਿਉਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹਰਿਆਣੇ ਦੀਆਂ ਚੋਣਾਂ ਸਿਰ ’ਤੇ ਹੋਣ ਕਾਰਨ ਭਾਜਪਾ ਇਸ ਦਾ ਸਿਹਰਾ ਆਪਣੇ ਸਿਰ ਮੜ੍ਹਨਾ ਚਾਹੁੰਦੀ ਹੈ। 

ਕਾਲੀ ਸੂਚੀ ਹੀ ਗੈਰ-ਕਾਨੂੰਨੀ ਹੈ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਲੀ ਸੂਚੀ ਸਰਕਾਰ ਦਾ ਇਕ ਗੈਰਕਾਨੂੰਨੀ ਕਦਮ ਹੈ, ਇਸ ਸੂਚੀ ਵਿਚ ਏਜੰਸੀਆਂ ਨੇ ਉਨ੍ਹਾਂ ਸਾਰੇ ਪ੍ਰਮੁੱਖ ਸਿੱਖਾਂ ਨੂੰ ਸ਼ਾਮਿਲ ਕੀਤਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਵਿਰੁੱਧ ਵਿਦੇਸ਼ਾਂ ਵਿਚ ਭਾਰਤੀ ਦੂਤਾਵਾਸਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਸਨ। ਇਸ ਸੂਚੀ ਵਿਚ ਉਹ ਸਾਰੇ ਸਿੱਖ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਸਿਆਸੀ ਪਨਾਹ ਲੈ ਕੇ ਉਥੋਂ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ। 

ਖਹਿਰਾ ਨੇ ਕਿਹਾ ਕਿ ਸਾਲ 2016 ਵਿਚ ਜਦੋਂ ਉਹ ਆਮ ਆਦਮੀ ਪਾਰਟੀ ਵਾਸਤੇ ਸਮਰਥਨ ਹਾਸਲ ਕਰਨ ਲਈ ਅਮਰੀਕਾ ਤੇ ਕੈਨੇਡਾ ਗਏ ਸਨ ਤਾਂ ਉਦੋਂ ਸੈਂਕੜੇ ਸਿੱਖਾਂ ਨੇ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ।