‘ਜੇ ਤੁਹਾਨੂੰ ਪਿਆਸ ਲੱਗਦੀ ਹੈ, ਮਸਜਿਦ ਤੇ ਗੁਰਦੁਆਰਾ ਆ ਜਾਣਾ, ਇਥੇ ਨਾਮ ਪੁੱਛ ਕੇ ਪਾਣੀ ਨਹੀਂ ਪਿਲਾਉਂਦੇ’

‘ਜੇ ਤੁਹਾਨੂੰ ਪਿਆਸ ਲੱਗਦੀ ਹੈ, ਮਸਜਿਦ ਤੇ ਗੁਰਦੁਆਰਾ ਆ ਜਾਣਾ, ਇਥੇ ਨਾਮ ਪੁੱਛ ਕੇ ਪਾਣੀ ਨਹੀਂ ਪਿਲਾਉਂਦੇ’

ਮਾਮਲਾ ਮੰਦਰ ਵਿਚ ਪਿਆਸੇ ਮੁਸਲਮਾਨ ਬੱਚੇ ਦੀ ਕੁੱਟਮਾਰ ਦਾ.. 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ — ਗਾਜ਼ੀਆਬਾਦ ਦੇ ਇਕ ਮੰਦਰ ’ਚ ਪਾਣੀ ਪੀਣ ਲਈ ਦਾਖ਼ਲ ਹੋਏ ਇਕ ਮੁਸਲਮਾਨ ਲੜਕੇ ਨੂੰ ਵਿਅਕਤੀ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ। ਇਸ ਘਟਨਾ ਤੋਂ ਬਾਅਦ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਬਾਲੀਵੁੱਡ ਸਿਤਾਰੇ ਵੀ ਆਪਣਾ ਪੱਖ ਰੱਖ ਰਹੇ ਹਨ। ਬਾਲੀਵੁੱਡ ਅਦਾਕਾਰ ਤੇ ‘ਬਿੱਗ ਬੌਸ’ ਦਾ ਸਾਬਕਾ ਮੁਕਾਬਲੇਬਾਜ਼ ਏਜਾਜ਼ ਖ਼ਾਨ ਨੇ ਇਸ ਮੁੱਦੇ ’ਤੇ ਟਵੀਟ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ’ਤੇ ਹੋਰ ਵੀ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ। ਏਜਾਜ਼ ਖ਼ਾਨ ਨੇ ਟਵੀਟ ਕਰਦਿਆਂ ਲਿਖਿਆ ‘ਜੇ ਤੁਹਾਨੂੰ ਪਿਆਸ ਲੱਗਦੀ ਹੈ, ਮਸਜਿਦ ਅਤੇ ਗੁਰਦੁਆਰਾ ਸਾਹਿਬ ਆਓ, ਇਥੇ ਨਾਮ ਪੁੱਛ ਕੇ ਪਾਣੀ ਨਹੀਂ ਪਿਲਾਉਂਦੇ।’

ਦੱਸ ਦਈਏ ਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀਡੀਓ ਦੀ ਇਕ ਕਲਿੱਪ ਸਾਂਝੀ ਕਰਕੇ ਮੁੱਦਾ ਉਠਾਇਆ ਸੀ। ਵੀਡੀਓ ’ਚ ਦੋਸ਼ੀ ਵਿਅਕਤੀ ਪੀੜਤ ਦਾ ਨਾਮ ਪੁੱਛਦਾ ਹੋਇਆ ਅਤੇ ਧਾਰਮਿਕ ਸਥਾਨ ’ਚ ਦਾਖ਼ਲ ਹੋਣ ‘ਤੇ ਉਸ ਤੋਂ ਪੁੱਛਗਿੱਛ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਉਸ ਨਾਲ ਬਦਸਲੂਕੀ ਕਰਦਾ ਅਤੇ ਕੁੱਟਮਾਰ ਕਰਦਾ ਹੈ।ਸੀਨੀਅਰ ਪੁਲਸ ਕਪਤਾਨ ਕਲਾਨਿਥੀ ਨੈਥਾਨੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਸ਼੍ਰੀਨਿੰਗ ਨੰਦਨ ਯਾਦਵ ਵਜੋਂ ਹੋਈ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।