ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਨਾਲ ਬਿਮਾਰੀਆਂ ਨੇ ਪੈਰ ਪਸਾਰੇ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਨਾਲ ਬਿਮਾਰੀਆਂ ਨੇ ਪੈਰ ਪਸਾਰੇ

ਜਲੰਧਰ: ਹੜ੍ਹਾਂ ਮਾਰੇ ਪੰਜਾਬ ਦੀ ਭਾਵੇਂ ਕਿ ਮੁੱਢਲੇ ਦੌਰ ਵਿੱਚ ਪੰਜਾਬੀਆਂ ਨੇ ਸਾਂਭ ਸੰਬਾਲ ਕੀਤੀ ਤੇ ਜਿੱਥੇ ਸਰਕਾਰੀ ਪ੍ਰਸ਼ਾਸਨ ਪੂਰੀ ਤਰ੍ਹਾਂ ਨਿਕੰਮਾ ਸਾਬਤ ਹੋਇਆ ਉੱਥੇ ਪੰਜਾਬ ਦੇ ਆਮ ਲੋਕ ਗੁਰੂ ਨਾਨਕ ਦੇ ਦਰਸਾਏ ਮਾਰਗ 'ਤੇ ਚਲਦਿਆਂ ਔਖੇ ਸਮੇਂ ਇੱਕ ਦੂਜੇ ਦੇ ਨਾਲ ਖੜ੍ਹੇ ਹੋਏ ਪਰ ਹੁਣ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਖੜ੍ਹਾ ਹੋਇਆ ਹੈ ਤਾਂ ਵੀ ਪ੍ਰਸ਼ਾਸਨ ਕੋਈ ਡੱਕਾ ਨਹੀਂ ਤੋੜ ਰਿਹਾ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਚਿੱਟੀ ਵੇਈਂ ਦੇ ਫੈਲੇ ਦੂਸ਼ਿਤ ਪਾਣੀ ਦੇ ਸਾਰੇ ਨਮੂਨੇ ਫੇਲ੍ਹ ਪਾਏ ਗਏ ਹਨ। ਇਨ੍ਹਾਂ ਪਾਣੀਆਂ ਵਿਚ ਪਾਏ ਜ਼ਹਿਰੀਲੇ ਤੱਤ ਮਿੱਥੇ ਮਾਪਦੰਡਾਂ ਤੋਂ ਕਿਤੇ ਵੱਧ ਹਨ। 

ਮੁਹਾਲੀ ਲੈਬਾਰਟਰੀ ਦੀ ਰਿਪੋਰਟ ਵਿੱਚ ਹੋਇਆ ਖੁਲਾਸਾ
ਮੁਹਾਲੀ ਦੀ ਲੈਬਾਰਟਰੀ ਵੱਲੋਂ ਤਿਆਰ ਕੀਤੀ ਗਈ ਪਾਣੀ ਦੀ ਰਿਪੋਰਟ ਪੇਸ਼ ਕਰਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਤੇ ਜਨਰਲ ਸਕੱਤਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਦਰਜਨ ਤੋਂ ਵੱਧ ਪਿੰਡਾਂ ਵਿਚ ਚਿੱਟੀ ਵੇਈਂ ਅਤੇ ਕਾਲਾ ਸੰਘਿਆਂ ਡਰੇਨਾਂ ਦਾ ਦੂਸ਼ਿਤ ਪਾਣੀ ਹੜ੍ਹ ਨਾਲ ਫੈਲ ਗਿਆ ਸੀ। ਜਥੇਬੰਦੀ ਵੱਲੋਂ ਇਨ੍ਹਾਂ ਪਿੰਡਾਂ ਵਿਚੋਂ ਪਾਣੀ ਦੇ ਲਏ ਨਮੂਨਿਆਂ ਦੀ ਜਾਂਚ ਕਰਵਾਉਣ ’ਤੇ ਹੈਰਾਨੀਜਨਕ ਤੱਥ ਸਾਹਮਣੇ ਆਏ ਸਨ।

ਪਾਣੀਆਂ ਵਿਚ ਰਲੇ ਕੈਮੀਕਲ ਤੇ ਭਾਰੀਆਂ ਧਾਤਾਂ
ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਇਨ੍ਹਾਂ ਪਾਣੀਆਂ ਵਿਚ ਈਕੋਲੀ ਅਤੇ ਕੋਲੀਫਾਮ ਬਾਇਓ ਕੈਮੀਕਲ ਦੇ ਟੈਸਟ ਦਾ ਨਤੀਜਾ 3.80 ਗ੍ਰਾਮ ਆਇਆ ਹੈ ਜਦਕਿ ਇਹ ਜ਼ੀਰੋ ਚਾਹੀਦਾ ਹੈ। ਇਸੇ ਤਰ੍ਹਾਂ ਮਿੱਥੇ ਮਾਪਦੰਡਾਂ ਤੋਂ ਵੱਧ ਇਨ੍ਹਾਂ ਪਾਣੀਆਂ ਵਿਚ ਅਮੋਨੀਕਲ ਨਾਈਟ੍ਰੋਜਨ ਸਮੇਤ ਹੋਰ ਭਾਰੀਆਂ ਧਾਤਾਂ ਪਾਈਆਂ ਗਈਆਂ ਹਨ, ਜਿਹੜੀਆਂ ਕੈਂਸਰ ਅਤੇ ਹੋਰ ਭਿਆਨਕ ਰੋਗਾਂ ਨੂੰ ਜਨਮ ਦਿੰਦੀਆਂ ਹਨ।

ਦਰਜਨ ਦੇ ਕਰੀਬ ਪਿੰਡ ਖਤਰੇ ਦੀ ਮਾਰ ਹੇਠ
ਉਨ੍ਹਾਂ ਦੱਸਿਆ ਕਿ ਜਾਣੀਆ ਚਾਹਲ, ਮੰਡਾਲਾ, ਮੰਡਾਲਾ ਛੰਨਾ, ਨਸੀਰਪੁਰ, ਸ਼ੇਖ ਮਾਂਗਾ, ਸਰੂਪਵਾਲ, ਯੂਸਫਪੁਰ, ਦਾਰੇਵਾਲ, ਚੰਨਣਵਿੰਡੀ, ਵਾਟਾਂਵਾਲੀ, ਗਿੱਦੜਪਿੰਡੀ, ਮੁੰਡੀ ਕਾਲੂ, ਧੱਕਾ ਬਸਤੀ, ਮੁੰਡੀ ਸ਼ਹਿਰੀਆਂ, ਮੁੰਡੀ ਚੋਹਲੀਆਂ, ਗੱਟਾ ਮੁੰਡੀ ਕਾਸੂ ਅਤੇ ਕਾਸੂ ਮੰਡੀ ਅਜਿਹੇ ਪਿੰਡ ਹਨ ਜਿਨ੍ਹਾਂ ਵਿਚ ਦੂਸ਼ਿਤ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ।

ਜਥੇਬੰਦੀ ਨੇ ਇਨ੍ਹਾਂ ਪਿੰਡਾਂ ਵਿਚ ਮੈਡੀਕਲ ਕੈਂਪ ਲਾਏ ਸਨ ਤੇ ਭਵਿੱਖ ਵਿਚ ਵੀ ਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਦੂਸ਼ਿਤ ਪਾਣੀ ਟਿਊਬਵੈੱਲਾਂ ਦੇ ਬੋਰਾਂ ਵਿਚ 200 ਫੁੱਟ ਡੂੰਘਾਈ ਤੱਕ ਚਲਾ ਗਿਆ ਹੈ। ਮੰਡਾਲਾ ਛੰਨਾ ਦੇ ਗ੍ਰੰਥੀ ਹਰਦੇਵ ਸਿੰਘ ਦੇ ਕੰਨ ਦਾ ਪਰਦਾ ਖਰਾਬ ਹੋ ਗਿਆ ਹੈ, ਇਸ ਦਾ ਇਲਾਜ ਵੀ ਜਥੇਬੰਦੀ ਵੱਲੋਂ ਕਰਵਾਇਆ ਜਾ ਰਿਹਾ ਹੈ। ਮੰਡਾਲਾ ਛੰਨਾ ਵਿਚ ਹੀ ਕੈਂਪ ਦੌਰਾਨ 125 ਮਰੀਜ਼ਾਂ ਦਾ ਇਲਾਜ ਮੌਕੇ ’ਤੇ ਕੀਤਾ ਗਿਆ ਤੇ ਤਿੰਨ ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਵਾ ਕੇ ਇਲਾਜ ਕਰਾਇਆ ਗਿਆ।

ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਵਫ਼ਦ ਜਲਦੀ ਹੀ ਡਿਪਟੀ ਕਮਿਸ਼ਨਰ ਜਲੰਧਰ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਰਿਪੋਰਟ ਸੌਂਪੇਗਾ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਦਾ ਦਰਿਆ ਦੇ ਪਾਣੀ ਵਿਚ ਰਲਣਾ ਵਾਟਰ ਐਕਟ 1974 ਦੀ ਸ਼ਰ੍ਹੇਆਮ ਉਲੰਘਣਾ ਹੈ।