ਅਮਰੀਕਾ ਦੇ ਟੈਨੇਸੀ ਰਾਜ ਵਿਚ ਪੁਲਿਸ ਵੱਲੋਂ ਗ੍ਰਿਫਤਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਵੇਲੇ ਹੋਈ ਗੋਲੀਬਾਰੀ ਵਿਚ 2 ਸ਼ੱਕੀ ਮਾਰੇ ਗਏ
* 4 ਪੁਲਿਸ ਅਫਸਰ ਤੇ ਇਕ ਹੋਰ ਵਿਅਕਤੀ ਹੋਇਆ ਜ਼ਖਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਟੈਨੇਸੀ ਰਾਜ ਦੇ ਸ਼ਹਿਰ ਕਲਾਰਕਸਵਿਲੇ ਵਿਖੇ ਪੁਲਿਸ ਵੱਲੋਂ ਗ੍ਰਿਫਤਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਵੇਲੇ ਹੋਈ ਗੋਲੀਬਾਰੀ ਵਿਚ ਦੋ ਸ਼ੱਕੀ ਦੋਸ਼ੀਆਂ ਦੇ ਮਾਰੇ ਜਾਣ ਜਦ ਕਿ 4 ਪੁਲਿਸ ਅਫਸਰ ਤੇ ਇਕ ਹੋਰ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਦਿੱਤੀ ਮੁੱਢਲੀ ਜਾਣਕਾਰੀ ਅਨੁਸਾਰ ਬਰੈਂਡਨ ਗਰੀਨ (31)ਤੇ ਲੀਓਨਾਰਡ ਗਰੀਨ (33) ਨਾਮੀ ਦੋ ਭਰਾਵਾਂ ਦੇ ਇਕ ਗੰਭੀਰ ਚੋਰੀ ਦੇ ਮਾਮਲੇ ਵਿਚ ਜਾਰੀ ਹੋਏ ਗ੍ਰਿਫਤਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਪੁਲਿਸ ਅਫਸਰ ਪੁੱਜੇ ਤਾਂ ਇਨਾਂ ਦੋਨਾਂ ਭਰਾਵਾਂ ਨੇ ਇਕ ਵਿਅਕਤੀ ਨੂੰ ਬੰਧਕ ਬਣਾ ਕੇ ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਲਿਆ। ਇਸ ਉਪੰਰਤ ਕਲਾਰਕਸਵਿਲੇ ਪੁਲਿਸ ਤੇ ਸ਼ੱਕੀ ਦੋਸ਼ੀਆਂ ਵਿਚਾਲੇ 12 ਘੰਟੇ ਤਨਾਅ ਬਣਿਆ ਰਿਹਾ। ਸ਼ੱਕੀਆਂ ਨਾਲ ਹੋਈ ਗੱਲਬਾਤ ਬੇਸਿੱਟਾ ਰਹੀ। ਪੁਲਿਸ ਅਨੁਸਾਰ ਸ਼ੱਕੀਆਂ ਨੇ ਪੁਲਿਸ ਉਪਰ ਫਾਇਰਿੰਗ ਕੀਤੀ। ਇਸ ਤੋਂ ਬਾਅਦ ਅੱਧੀ ਰਾਤ ਪਿਛੋਂ ਪੁਲਿਸ ਘਰ ਵਿਚ ਦਾਖਲ ਹੋਈ ਜਿਸ ਦੌਰਾਨ ਹੋਈ ਦੁਪਾਸੜ ਗੋਲੀਬਾਰੀ ਵਿਚ ਦੋਨੋਂ ਭਰਾ ਮਾਰੇ ਗਏ ਜਦ ਕਿ 4 ਪੁਲਿਸ ਅਫਸਰ ਤੇ ਬੰਧਕ ਬਣਾਇਆ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਹੋਏ ਪੁਲਿਸ ਅਫਸਰਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨਾਂ ਦੇ ਜ਼ਖਮ ਜਾਨ ਲੇਵਾ ਨਹੀਂ ਹਨ।
Comments (0)