ਵੇਹੜੇ ਤਾਂ ਮੇਰੇ ਮਾਂਏ ਅੱਜ ਵੀ ਸੁਲੱਖਣੇ

ਵੇਹੜੇ ਤਾਂ ਮੇਰੇ ਮਾਂਏ ਅੱਜ ਵੀ ਸੁਲੱਖਣੇ

ਮੈਂ ਚੁੱਪ ਕਰ ਜਾਇਆ ਕਰਦੀ ਤੇ ਆਖ ਦਿੰਦੀ ਕੋਈ ਨੀ ਮਾਂ ਰੱਬ ਸੱਬ ਖੈਰ ਕਰੁ. 

ਬਾਪੂ ਜਦ ਫ਼ੌਜ ਵਿੱਚੋ ਰਿਟਾਇਰ ਹੋ ਗਿਆ ਤਾਂ ਸਾਰੇ ਟੱਬਰ ਨਾਲ ਪਿੰਡ ਆ ਕੇ ਰਹਿਣ ਲੱਗ ਗਿਆ. ਮੈਂ ਜੰਮੀ ਪਲੀ ਮਹਾਰਾਸ਼ਟਰ ਸੀ ਤਾਂ ਪਿੰਡ ਨਾਲੋਂ ਜ਼ਿਆਦਾ ਮੋਹ ਉੱਥੋਂ ਦਾ ਆਉਂਦਾ ਸੀ. ਮੇਰੇ ਟੱਬਰ ਵਿੱਚ ਮੈਂ ਤੇ ਮੇਰੀ ਵੱਡੀ ਭੈਣ ਤੇ ਮਾਂ ਪਿਓ. ਹੋਰ ਹੁਣ ...ਮੇਰੇ ਲਈ ਤਾਂ ਮੇਰਾ ਇਹੀ ਟੱਬਰ. ਜਦ ਅਸੀ ਪਿੰਡ ਆਏ ਤਾਂ ਅਸੀ ਕਹਿਣਾ, ਅਸੀ ਨੀ ਰਹਿਣਾ ਇੱਥੇ ਅਸੀ ਤਾਂ ਵਾਪਿਸ ਜਾਣਾ. ਸਾਡਾ ਨੀ ਲੱਗਦਾ ਜੀ ਏੱਥੇ. ਚੱਲ ਹੌਲੀ ਹੌਲੀ ਅਸੀ ਮਹੌਲ ਵਿੱਚ ਢਲ ਗਏ. ਸਮਾਂ ਬੀਤਣ ਦੇ ਨਾਲ ਨਾਲ ਪਿੰਡ ਵੀ ਪਿਆਰਾ ਲੱਗਣ ਲੱਗ ਗਿਆ. ਪਿੰਡ ਵਿੱਚ ਮੇਰੇ ਬਾਪੂ ਦੀ ਬੜੀ ਇਜ਼ਤ ਸੀ. ਅਸੀ ਦੋਵੇ ਕੁੜੀਆਂ ਨੇ ਬਾਪੂ ਦੀ ਪੱਗ ਉਹਦੇ ਸਿਰ ਤੇ ਸਦਾ ਟਹਿਕ ਵਿੱਚ ਰੱਖੀ. ਬਾਪੂ ਨੇ ਮਾਂ ਨੂੰ ਆਖਣਾ ਕੇ ਪਿੰਡ ਵਿੱਚ ਸਾਰੇ ਕਹਿੰਦੇ ਨੇ, ਕੁੜੀਆਂ ਹੋਣ ਤਾਂ ਫੌਜੀ ਦੀਆ ਕੁੜੀਆਂ ਵਰਗੀਆਂ. ਸਮਾਂ ਲੰਗਿਆ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ. ਵਧੀਆ ਘਰ ਬਾਰ ਮਿਲ ਗਿਆ. ਮੇਰੀ ਭੈਣ ਨੇ ਜਦ ਵੀ ਆਉਣਾ ਤਾਂ ਓਹਨੇ ਕਹਿਣਾ ਮੇਰੀ ਸੱਸ ਤੇਰੇ ਵਾਰੇ ਆਖਦੀ ਆ ਕੇ ਤੂੰ ਤਾਂ ਸਾਡੇ ਟੱਬਰ ਵਿੱਚ ਰਲਦੀ ਮਿਲਦੀ ਆ. ਸਾਕ ਮੰਗਦੀ ਮੇਰੀ ਸੱਸ ਤੇਰਾ ਮੇਰੇ ਦਿਓਰ ਨੂੰ. ਮੈਂ ਓਸੇ ਵੇਲੇ ਮਾਂ ਨੂੰ ਕਹਿਣਾ ਮਾਂ ਮੈਂ ਨੀ ਕਰਾਉਣਾ ਓਸੇ ਘਰ ਵਿਆਹ. ਬਹੁਤ ਦਿਨ ਗੱਲ ਏਦਾਂ ਹੀ ਚੱਲਦੀ ਰਿਹੀ ਤੇ ਮੈਂ ਅੱਕੀ ਹੋਈ ਨੇ ਆਖ ਦਿੱਤਾ, ਮੈਂ ਨੀ ਕਰਾਉਣਾ ਉੱਥੇ ਵਿਆਹ ਇਹਦੇ ਨਾਲੋਂ ਚੰਗਾ ਮੈਨੂੰ ਖੂਹ ਵਿੱਚ ਧੱਕਾ ਦੇ ਦਵੋ. ਕਾਰਣ ਪੁੱਛਣ ਤੇ ਮੈਂ ਦੱਸ ਦਿੱਤਾ ਕੇ ਓਹਨਾ ਦੇ ਘਰ ਦੇ ਸਾਰੇ ਜੀ ਚੰਗੇ ਨੇ ਪਰ ਮੈਨੂੰ ਘਰ ਦਾ ਮਹੌਲ ਪਸੰਦ ਨੀ. ਫੇਰ ਦੁਬਾਰਾ ਕਿਸੇ ਨੇ ਮੁੜ ਇਹ ਰਿਸ਼ਤੇ ਦਾ ਜ਼ਿਕਰ ਨਾ ਕਰਿਆ. ਮਾਂ ਨੇ ਅਕਸਰ ਪੁੱਛਣਾ ਕੇ ਚੱਲ ਪੁੱਤ ਮੈਨੂੰ ਦੱਸ ਕਿਦਾਂ ਦਾ ਰਿਸ਼ਤਾ ਲੱਭ ਕੇ ਲਿਆਵਾਂ. ਹੁਣ ਮੈਂ ਮਾਂ ਨੂੰ ਕੀ ਆਖਾ ਕੇ ਮੈਨੂੰ ਤਾਂ ਡਰ ਲੱਗਦਾ ਇਹ ਸੋਚਦੀ ਨੂੰ ਕੇ ਕੋਈ ਹਾਣ ਪਰਵਾਣ ਦਾ ਖੁੱਦ ਚੱਲ ਕੇ ਕਿਵੇਂ ਆ ਸਕਦਾ ? ਮੈਂ ਚੁੱਪ ਕਰ ਜਾਇਆ ਕਰਦੀ ਤੇ ਆਖ ਦਿੰਦੀ ਕੋਈ ਨੀ ਮਾਂ ਰੱਬ ਸੱਬ ਖੈਰ ਕਰੁ. 

ਇੱਕ ਦਿਨ ਬਾਪੂ ਦੀ ਦੂਰ ਦੀ ਰਿਸ਼ਤੇਦਾਰੀ ਚੋ ਭੂਆ ਸਾਕ ਲੈ ਕੇ ਆਈ. ਮੁੰਡਾ ਪ੍ਰਦੇਸ ਤੋਂ ਸੀ. ਗੱਲ ਚਲਦੀ ਰਹੀ ਤੇ ਸੁਨੇਹਾ ਆਇਆ ਕੇ ਕੁੜੀ ਦਿਖਾ ਦੋ. ਮੁੰਡੇ ਦੇ ਮਾਂ ਬਾਪ ਮੈਨੂੰ ਦੇਖ ਕੇ ਪਸੰਦ ਕਰ ਗਏ. ਕੁੱਜ ਦਿਨ ਲੰਗੇ ਤੇ ਮੁੰਡੇ ਦੇ ਮਾਂ ਬਾਪ ਪ੍ਰਦੇਸ ਵਾਪਿਸ ਮੁੜ ਗਏ ਤੇ ਫੇਰ ਜਦ ਉਹ ਛੇ ਮਹੀਨੇ ਮਗਰੋਂ ਵਾਪਿਸ ਆਏ ਤਾਂ ਓਹਨਾ ਕਿਹਾ ਮੁੰਡਾ ਤਾਂ ਨੀ ਆ ਸਕਿਆ ਪਰ ਅਸੀ ਕੁੜੀ ਨੂੰ ਸ਼ਗਨ ਪਾ ਕੇ ਮੰਗਣਾ ਕਰ ਜਾਨੇ ਆ. ਮੇਰੇ ਘਰਦਿਆਂ ਨੂੰ ਕੋਈ ਪ੍ਰੇਸ਼ਾਨੀ ਨੀ ਸੀ ਏਸ ਵਿੱਚ. ਘਰ ਆ ਕੇ ਮੈਨੂੰ ਸ਼ਗਨ ਪਾ ਗਏ. ਮੈਂ ਥੋੜੀ ਥੋੜੀ ਚੁੱਪ ਸੀ. ਹੌਂਸਲਾ ਜੇਹਾ ਕਰ ਕੇ ਮਾਂ ਨਾਲ ਗੱਲ ਕਰਨਾ ਸਹੀ ਸਮਜਿਆ. ਮੈਂ ਮਾਂ ਨੂੰ ਆਖਣ ਲੱਗੀ, ਮਾਂ ਦੇਖੀ ਕਿਤੇ ਮੁੰਡੇ ਵਿੱਚ ਕੋਈ ਕਮੀ ਨਾ ਹੋਵੇ ਜਿਹੜਾ ਨਾ ਪਹਿਲਾ ਆਇਆ ਸੀ ਤੇ ਨਾ ਹੁਣ ਮੰਗਣਾ ਕਰਾਉਣ ਆਇਆ. ਮਾ ਨੇ ਕਿਹਾ ਨਾ ਪੁੱਤ ਏਦਾਂ ਨੀ ਕਹਿੰਦੇ ਹੁੰਦੇ, ਨਾਲੇ ਜੇ ਕੋਈ ਏਦਾਂ ਦੀ ਗੱਲ ਹੋਵੇ ਤਾਂ ਅਗਲੇ ਪਹਿਲਾ ਦੱਸ ਦਿੰਦੇ ਨੇ. ਇਹਨੀ ਗੱਲ ਕਹਿ ਕੇ ਮਾਂ ਨੇ ਮੇਰੇ ਮੱਥੇ ਤੇ ਹੱਥ ਫੇਰਿਆ ਤੇ ਕਿਹਾ ਕੋਈ ਨਾ ਇਹਨਾਂ ਨਾ ਸੋਚ ਰੱਬ ਸੱਬ ਸਹੀ ਕਰੁ. ਫੇਰ ਕੁੱਜ ਮਹੀਨਿਆਂ ਪਿੱਛੋਂ ਸੁਨੇਹਾ ਆਇਆ ਕੇ ਮੁੰਡਾ ਵਿਆਹ ਕਰਵਾਉਣ ਨੀ ਆ ਸਕਦਾ ਤੁਸੀਂ ਕੁੜੀ ਨੂੰ ਸਾਡੇ ਕੋਲ ਪ੍ਰਦੇਸ ਭੇਜ ਦਵੋ ਅਸੀ ਇੱਥੇ ਹੀ ਵਿਆਹ ਕਰ ਲਵਾਗੇ. ਨਾ ਮੈਂ ਕਦੇ ਦੇਖਿਆ ਸੀ ਨਾ ਸੁਣਿਆ ਸੀ ਜੋ ਮੇਰੇ ਨਾਲ ਹੋਣ ਲੱਗਾ ਸੀ. ਆਖੇ ਕੁੜੀ ਭੇਜ ਦੋ ਵਿਆਹ ਅਸੀ ਕਰ ਲਵਾਗੇ. ਉਪਰੋਂ ਮੇਰੇ ਮਾਪੇ ਓਦਾਂ ਦੇ ਕਰਨਾ ਤੇ ਕਹਿਣਾ ਕੀ ਸੀ ਬੱਸ ਭੇਜਤੀ. ਮੈਨੂੰ ਪਹਿਲੀ ਵਾਰ ਉਹ ਏਅਰਪੋਰਟ ਤੇ ਮਿਲੇ ਸੀ. ਮੈਂ ਚੁੱਪ ਚੁਪੀਤੀ ਗੱਡੀ ਵਿੱਚ ਬੈਠ ਕੇ ਚਲੀ ਗਈ. ਓਹਨਾ ਦੇ ਨਾਲ ਸਾਰਾ ਟੱਬਰ ਮੈਨੂੰ ਏਅਰਪੋਰਟ ਤੇ ਲੈਣਾ ਆਇਆ ਸੀ. ਖੁਸ਼ੀ ਸੀ ਮਨ ਵਿੱਚ ਬਹੁਤ ਸਾਰੀ ਕੇ ਸ਼ੁਕਰਾ ਚੰਗਾ ਭਲਾ ਤੇ ਸੋਹਣਾ ਸੁਨੱਖਾ. ਆਪਣੇ ਆਪ ਨੂੰ ਕੋਸਿਆ ਤੇ ਆਖਣ ਲੱਗੀ ਐਵੇ ਚੰਦਰੀ ਏਧਰ ਓਧਰ ਦਾ ਸੋਚੀ ਗਈ. ਫੇਰ ਕੁੱਜ ਦਿਨਾ ਵਿੱਚ ਹੀ ਮੇਰੇ ਮਾਂ ਬਾਪ ਨੂੰ ਵੀ ਟੂਰਿਸਟ ਵੀਜ਼ੇ ਤੇ ਬੁਲਾ ਲਿਆ. ਬਹੁਤ ਸੋਹਣਾ ਸੱਬ ਨੇ ਰਲ ਮਿਲ ਕੇ ਮੇਰਾ ਵਿਆਹ ਕਰ ਦਿੱਤਾ.ਮੈਂ ਰੱਬ ਦਾ ਦੋਵੇ ਹੱਥ ਜੋੜ ਸ਼ੁਕਰਾਨਾ ਕਰਿਆ ਤੇ ਮੈਨੂੰ ਮਾਂ ਦੀ ਗੱਲ ਯਾਦ ਆਈ ਕੇ ਜਦ ਉਹ ਕਹਿੰਦੀ ਸੀ ਰੱਬ ਤੇ ਜਕੀਨ ਰੱਖ ਉਹ ਸੱਬ ਖੈਰ ਕਰੁ. ਮੈਂ ਕਰਮਾ ਵਾਲੀ ਸੀ ਜੋ ਮੇਰੇ ਹਾਣ ਪ੍ਰਵਾਣ ਦਾ ਰੱਬ ਨੇ ਮਿਲਾ ਦਿੱਤਾ. ਮੈਂ ਮਾਂ ਨੂੰ ਆਖਰੀ ਸਾਹਾ ਤੱਕ ਆਪਣੇ ਨਾਲ ਪ੍ਰਦੇਸ ਵਿੱਚ ਰੱਖਿਆ ਸੀ ਤੇ ਓਹਨਾ ਦੀ ਸੇਵਾ ਕਰੀ. ਮੈਂ ਅੱਜ ਵੀ ਦੋਵੇ ਹੱਥ ਜੋੜ ਕੇ ਏਹੀ ਸ਼ੁਕਰ ਕਰਦੀ ਆ ਕੇ ਰੱਬ ਨੇ ਸਬ ਮੇਰੇ ਮਨ ਦੀਆ ਨੇੜੇ ਹੋ ਕੇ ਸੁਣੀਆ ਜੋ ਇਹਨਾਂ ਸੋਹਣਾ ਘਰ ਬਾਰ ਲੱਭ ਕੇ ਦਿੱਤਾ. ਮੈਂ ਅੱਜ ਵੀ ਮਾਂ ਨੂੰ ਯਾਦ ਕਰਕੇ ਦੋ ਲਾਈਨਾਂ ਮਨੋ ਮਣੀ ਆਖ ਲੈਨੀ ਆ ...........

ਅੱਖਾਂ ਵਿੱਚ ਬੱਸ ਇਕ ਛੁਪੀਆਂ ਨਮੀਆਂ ਨੇ ਮੇਰੀਆਂ ...

ਵੇਹੜੇ ਤਾਂ ਮੇਰੇ ਮਾਂਏ ਅੱਜ ਵੀ ਸੁਲੱਖਣੇ ....

ਬੱਸ ਇੱਕ ਕਮੀਆਂ ਨੇ ਤੇਰੀਆਂ. 

ਨਰਿੰਦਰ ਸਿੰਘ