ਕਹਾਣੀ: ਨਿਰਮੋਹੇ

ਕਹਾਣੀ: ਨਿਰਮੋਹੇ

ਸੱਤਰਵਿਆਂ ਨੂੰ ਢੁੱਕੀ ਤਾਈ ਪ੍ਰਸ਼ਿੰਨੀ ਹੁਣ ਤਾਂ ਬੱਸ ਮੰਜੇ ਜੋਗੀ ਹੀ ਰਹਿ ਗਈ ਸੀ। ਤੁਰਨ ਫਿਰਨ ਤੋਂ ਲਾਚਾਰ 'ਤੇ ਬੇਬਸ ਹੋਈ ਵਿਚਾਰੀ ਸਾਰਾ ਦਿਨ ਮੰਜੇ ਤੇ ਪਈ ਚੰਦ ਸੂਰਜਾਂ ਨਾਲ ਬਾਤਾਂ ਪਾਉਂਦੀ ਰਹਿੰਦੀ। ਇਕੱਲੇਪਣ ਦੇ ਸੰਤਾਪ ਦਾ ਝੋਰਾ ਹੱਡਾਂ ਦੀ ਚੀਸ ਵਿੱਚ ਬਦਲ ਜਾਂਦਾ। ਅਜੇ ਵੀ ਪਤਾ ਨੀ ਕਿਹੜੀਆਂ ਆਸਾਂ ਦੀ ਤੰਦ ਬਾਕੀ ਬਚੀ ਹੋਈ ਸੀ, ਜੋ ਤਾਈ ਨੂੰ ਲੰਬੀ ਉਮਰ ਭੋਗਣ ਦੀਆਂ ਅਸੀਸਾਂ ਦੇ ਰਹੀ ਸੀ ।

ਤਾਈ ਦੇ ਦੋਵੇਂ ਮੁੰਡਿਆਂ ’ਚੋਂ ਵੱਡਾ ਤਾਂ ਕਦੋਂ ਦਾ ਪਰਦੇਸੀ ਹੋ ਗਿਆ ਸੀ ਅਤੇ ਹੁਣ ਛੋਟਾ ਮੁੰਡਾ ਵੀ ਹਰ ਰੋਜ਼ ਉੱਡਜੂ-ਉੱਡਜ਼ੂ ਕਰਦਾ ਰਹਿੰਦਾ। ਛੋਟੀ ਨੂੰਹ ਵੀ ਉਸ ਨੂੰ ਮੂੰਹ ਪਾਣੀ ਨਾ ਧਰਦੀ। ਤਾਈ ਦੇ ਘਰਵਾਲਾ ਤਾਇਆ ਗੱਜਣ ਸਿਉਂ ਤਾਂ ਦਿਨ ਚੜਦੇ ਹੀ ਸੱਥਾਂ ਵਿੱਚ ਜਾ ਬਹਿੰਦਾ। ਇਸ ਘਰ ਦੀਆਂ ਕੰਧਾਂ ਤਾਈ ਨੂੰ ਵੱਢ-ਵੱਢ ਖਾਣ ਨੂੰ ਆਉਂਦੀਆਂ। ਪਰ ਮੰਜੇ ਤੇ ਪਈ ਇਹ ਹੱਡਾਂ ਦੀ ਮੁੱਠੀ ਸਾਰਾ ਦਿਨ ਸੁਪਨਿਆਂ ਦੇ ਮਹਿਲ ਬਣਾਉਦੀ ਰਹਿੰਦੀ ਅਤੇ ਰਾਤਾਂ ਨੂੰ ਟਿਮਟਮਾਉਦੇਂ ਤਾਰਿਆਂ ਨੂੰ ਉਲਾਂਭੇ ਜਿਹੇ ਦਿੰਦੀ ਰਹਿੰਦੀ। ਪਰ ਕੁੱਝ ਦਿਨਾਂ ਤੋਂ ਉਹ ਸਾਰਾ ਦਿਨ ਸਾਹਮਣੇ ਵਾਲੀ ਕੰਧ ਵਿੱਚਲੇ ਮਘੋਰੇ ਵੱਲ ਟਿੱਕ-ਟਿਕੀ ਜਿਹੀ ਲਾ ਕੇ ਦੇਖੀ ਜਾ ਰਹੀ ਸੀ। ਜਿੱਥੇ ਕਈ ਦਿਨਾਂ ਤੋਂ ਇੱਕ ਚਿੜੀ ਤੀਲਾ-ਤੀਲਾ ਚੁਣ ਆਪਣਾ ਆਲਣਾ ਬਣਾ ਰਹੀ ਸੀ। ਦਿਨ ਚੜ੍ਹਨ ਤੋਂ ਸੂਰਜ ਦੇ ਛਿਪਣ ਤੱਕ ਇਹ ਚਿੜੀ ਆਪਣਾ ਆਲਣਾ ਬਣਾਉਣ ਵਿੱਚ ਹੀ ਰੁੱਝੀ ਰਹਿੰਦੀ। ਤਾਈ ਦੇ ਦੇਖਦੇ-ਦੇਖਦੇ ਉਸ ਦੀਆਂ ਅੱਖਾਂ ਸਾਹਮਣੇ ਕੁੱਝ ਹੀ ਦਿਨਾਂ ਵਿੱਚ ਤੀਲਾ-ਤੀਲਾ ਜੋੜ ਕੇ ਬਣਾਇਆ ਇਹ ਆਲਣਾ, ਪਤਾ ਹੀ ਨਹੀਂ ਲੱਗਿਆ ਕਦੋਂ ਇਸ ਚਿੜੀ ਦਾ ਹੱਸਦਾ-ਵੱਸਦਾ ਘਰ ਬਣ ਗਿਆ। ਫਿਰ ਥੋੜੇ ਦਿਨਾਂ ਪਿੱਛੋਂ ਚਿੜੀ ਦੇ ਇਸ ਆਲਣੇ ’ਚ ਇੱਕ ਨਵੀਂ ਰੌਣਕ ਪਰਤ ਆਈ। ਆਲਣੇ ਵਿੱਚੋਂ ਚਿੜੀ ਦੇ ਬੋਟਾਂ ਦੀਆਂ ਚੀਂ-ਚੀਂ ਕਰਦੀਆਂ ਭੁੱਖੀਆਂ ਚੁੰਝਾਂ ਆਲਣੇ ’ਚੋ ਬਾਹਰ ਝਾਕਣ ਲੱਗੀਆਂ। ਚਿੜੀ ਸਾਰਾ ਦਿਨ ਆਪਣੇ ਬੋਟਾਂ ਲਈ ਚੋਗਾ ਲਿਆਉਦੀ ਰਹਿੰਦੀ ਅਤੇ ਉਨ੍ਹਾਂ ਦੇ ਚੁੰਝ ’ਚ ਚੁੰਝ ਫਸਾ ਕੇ ਉਨ੍ਹਾਂ ਨੂੰ ਖਵਾਉਂਦੀਂ ਰਹਿੰਦੀ। ਪਰ ਦਿਨ ਲੰਘਦਿਆਂ ਨੂੰ ਕੀ ਲੱਗਦਾ ਸੀ, ਕੁੱਝ ਦਿਨਾਂ ਵਿੱਚ ਬੋਟ ਜੁਆਨ ਹੋ ਗਏ ਅਤੇ ਹੁਣ ਤਾਂ ਇੰਨ੍ਹਾਂ ਦੇ ਸਰੀਰਾਂ ਤੇ ਖੰਭ ਵੀ ਉੱਗ ਆਏ ਸਨ, ਖੰਭ ਕੀ ਆਏ ਬੱਸ, ਇਹ ਨੀਲੇ ਆਸਮਾਨਾਂ ’ਚ ਉਡਾਰੀਆਂ ਮਾਰਨ ਦੇ ਸੁਪਨੇ ਦੇਖਣ ਲੱਗੇ। ਇੱਕ ਦਿਨ ਤਾਈ ਪ੍ਰਸਿੰਨੀ ਤਾਂ ਦੇਖਦੀ ਹੀ ਰਹਿ ਗਈ ਜਦੋਂ ਇਹ ਬੋਟ ਫੁ....ਰ…ਰ ਕਰਕੇ ਉਸਦੀਆਂ ਅੱਖਾਂ ਸਾਹਮਣੇ ਉਡਾਰੀ ਮਾਰ ਗਏ। ਤਾਈ ਪ੍ਰਸਿੰਨੀ ਹੁਣ ਸਾਰਾ ਦਿਨ ਕੰਧ ਦੇ ਉਸ ਸੁੰਨਮ-ਸੁੰਨੇ ਮਘੋਰੇ ਵੱਲ ਟਿੱਕ-ਟਿਕੀ ਲਗਾ ਕੇ ਵੇਖਦੀ ਰਹਿੰਦੀ ਜਿੱਥੇ ਕਦੇ ਚਿੜੀ ਦਾ ਛੋਟਾ ਜਿਹਾ ਪਰਿਵਾਰ ਵੱਸਦਾ ਸੀ। “ਕਿਵੇਂ ਛੱਡ ਕੇ ਤੁਰ ਗਏ ਚੰਦਰੇ, ਰੀਝਾਂ ਨਾਲ ਵਸਾਇਆ ਘਰ” ਤਾਈ ਸਾਰਾ ਦਿਨ ਚਿੜੀ ਦੇ ਆਲਣੇ ’ਚੋਂ ਉੱਡ ਚੁੱਕੇ ਬੱਚਿਆਂ ਬਾਰੇ ਸ਼ੋਚ-ਸ਼ੋਚ ਕੇ ਕਹਿੰਦੀ ਰਹਿੰਦੀ। ਬੜ੍ਹਾ ਇੰਤਜਾਰ ਰਿਹਾ ਤਾਈ ਨੂੰ , ਚਿੜੀ ਦੇ ਬੋਟਾਂ ਦੇ ਉਸ ਆਲਣੇ ਵਿੱਚ ਮੁੜ ਪਰਤ ਆਉਣ ਦਾ, ਪਰ ਤਾਈ ਦੀ ਇਹ ਆਸ ਕਦੇ ਵੀ ਪੂਰੀ ਨਾ ਹੋਈ।

ਫਿਰ ਤਾਈ ਨੂੰ ਉਸ ਚਿੜੀ ਤੇ ਗੁੱਸਾ ਵੀ ਅਉਂਦਾ ਤੇ ਮਨ ਹੀ ਮਨ ਬੁੜ-ਬੁੜਾਉਂਦੀ ਕਹਿੰਦੀ “ਦੱਸ ਚੰਦਰੀਏ! ਜੇ ਤੇਰੇ ਜਿਗਰ ਦੇ ਟੋਟਿਆਂ ਨੇ ਇੱਥੇ ਰਹਿਣਾ ਈ ਨਹੀਂ ਸੀ, ਤਾਂ ਸਾਰਾ-ਸਾਰਾ ਦਿਨ ਕਿਉਂ ਖੱਪਦੀ ਫਿਰਦੀ ਸੀ, ਤੂੰ ਤਾਂ ਜਾਣਦੀ ਸੀ, ਕਿ ਵੱਡੇ ਹੋ ਕੇ ਮੇਰੇ ਬੱਚੇ ਇਸ ਆਲਣੇ ’ਚ ਨਹੀਂ ਰਹਿਣਗੇ। ਦੱਸ ਫਿਰ ਕਿਹੜੀ ਗੱਲੋਂ ਸਾਰਾ ਦਿਨ ਜੱਫਰ ਜਾਲਦੀ ਫਿਰਦੀ ਰਹਿੰਦੀ ਸੀ”। ਇਹ ਸੋਚ ਕੇ ਤਾਈ ਪ੍ਰਸਿੰਨੀ ਨੇ ਵੱਡਾ ਸਾਰਾ ਹੌਕਾ ਲਿਆ ’ਤੇ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅੱਖਾਂ ਵਿੱਚਲਾ ਨੀਰ ਤ੍ਰਿਪ-ਤ੍ਰਿਪ ਕਰਕੇ ਉਸਦੀਆਂ ਝੁਰੜੀਆਂ ਵਾਲੇ ਚਿਹਰੇ ਨੂੰ ਗਿੱਲਾ ਕਰ ਗਿਆ। ਬੀਤੇ ਵੇਲਿਆਂ ਦੀ ਯਾਦ ਤਾਈ ਦੇ ਕਲੇਜ਼ੇ ਖ਼ੋਹ ਜਿਹੀ ਪਾ ਜਾਂਦੀ। ਹੁਣ ਉਹ ਸਾਰਾ ਦਿਨ ਬੈਠੀ ਕਦੇ ਚਿੜੀ ਦੇ ਆਲਣੇ ਵੱਲ ਅਤੇ ਕਦੇ ਆਪਣੇ ਘਰ ਦੇ ਵੱਡੇ ਵਿਹੜੇ ਵੱਲ ਦੇਖ-ਦੇਖ ਕੇ ਝੁਰਦੀ ਰਹਿੰਦੀ। ਫਿਰ ਉਸਨੂੰ ਯਾਦ ਆਉਂਦਾ, ਕਿ ਕਿਵੇਂ ਇੱਕ ਦਿਨ ਉਸਦਾ ਵੱਡਾ ਮੁੰਡਾ ਉਸਦੀਆਂ ਅੱਖਾਂ ਸਾਹਮਣੇ ਪਰਿਵਾਰ ਸਮੇਤ ਵਿਦੇਸ਼ ਉਡਾਰੀ ਮਾਰ ਗਿਆ ਸੀ। “ ਚੰਦਰੇ ਨਿਰਮੋਹੇ ਨੇ ਮੈਨੂੰ ਮੁੜਕੇ ਕਦੇ ਯਾਦ ਨਾ ਕੀਤਾ” ਇਹ ਸੋਚ ਕੇ ਉਸਦੀ ਧਾਹ ਨਿੱਕਲ ਜਾਂਦੀ। ਉਹ ਆਪਣੇ ਨਿਰਾਸ਼ ਹੋਏ ਮਨ ਨੂੰ ਬਥੇਰਾ ਸਮਝਾੳਂਦੀ, ਪਰ ਫਿਰ ਮੱਲੋ-ਮੱਲੀ ਉਸਦੇ ਖਿਆਲਾਂ ਦੀ ਤੰਦ ਚਿੜੀ ਦੇ ਉਸ ਸੁੰਞੇ ਹੋ ਚੁੱਕੇ ਆਲਣੇ ਨਾਲ ਜਾ ਜੁੜਦੀ ਜਿੱਥੇ ਕਦੇ ਚਿੜੀ ਦਾ ਛੋਟਾ ਜਿਹਾ ਪਰਿਵਾਰ ਵੱਸਦਾ ਸੀ। ਭਾਵੇਂ ਚਿੜੀ ਦੇ ਬੱਚੇ ਤਾਂ ਕਦੋਂ ਦੇ ਖੁੱਲ੍ਹੇ ਆਸਮਾਨਾਂ ਵਿੱਚ ਉਡਾਰੀ ਮਾਰ ਚੁੱਕੇ ਸਨ। ਪਰ ਬੱਚਿਆਂ ਦੀ ਆਲਣਿਆਂ ਨਾਲੋਂ ਟੁੱਟ ਚੁੱਕੀ ਸਾਂਝ ਅਜੇ ਵੀ ਤਾਈ ਕਲੇਜ਼ੇ ਨੂੰ ਖੋਹ ਪਾ ਰਹੀ ਸੀ। ਜੋ ਆਲਣਿਆਂ ਤੋਂ ਨਿਰਮੋਹੇ ਹੋ ਕੇ ਪੇਟ ਦੀ ਖਾਤਰ ਲੰਮੀਆਂ ਉਡਾਰੀਆਂ ਮਾਰ ਚੁੱਕੇ ਸਨ।

ਸੁਖਵੀਰ ਘੁਮਾਣ ਦਿੜ੍ਹਬਾ
9815590209