ਬਾਦਲ ਪਰਿਵਾਰ ਦੀਆਂ ਬਲਾਤਕਾਰੀ ਗੁਰਮੀਤ ਰਾਮ ਰਹੀਮ ਨਾਲ ਯਾਰੀਆਂ ਦੇ ਖੁੱਲ੍ਹੇ ਪਾਜ; ਸਿੱਟ ਵੱਲੋਂ ਨਵੇਂ ਖੁਲਾਸੇ

ਬਾਦਲ ਪਰਿਵਾਰ ਦੀਆਂ ਬਲਾਤਕਾਰੀ ਗੁਰਮੀਤ ਰਾਮ ਰਹੀਮ ਨਾਲ ਯਾਰੀਆਂ ਦੇ ਖੁੱਲ੍ਹੇ ਪਾਜ; ਸਿੱਟ ਵੱਲੋਂ ਨਵੇਂ ਖੁਲਾਸੇ
ਗੁਰਮੀਤ ਰਾਮ ਰਹੀਮ ਦੇ ਚਰਨੀਂ ਬੈਠੇ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਦੀ ਤਸਵੀਰ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਹਨਾਂ ਬੇਅਦਬੀਆਂ ਖਿਲਾਫ ਰੋਸ ਕਰਦੀਆਂ ਸਿੱਖ ਸੰਗਤਾਂ 'ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਵੱਲੋਂ ਚਲਾਈ ਗੋਲੀ ਦੀ ਜਾਂਚ ਕਰ ਰਹੀ ਸਿੱਟ ਵੱਲੋਂ ਅਦਾਲਤ ਵਿੱਚ ਦਾਖਲ ਕੀਤੀ ਗਏ ਚਲਾਨ ਵਿੱਚ ਸਾਹਮਣੇ ਆਇਆ ਹੈ ਕਿ ਸੁਖਬੀਰ ਬਾਦਲ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ 'ਚ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਬੇਅਦਬੀ ਕਰਨ ਲਈ ਚੱਲ ਰਹੇ ਅਪਰਾਧਿਕ ਮਾਮਲੇ ਨੂੰ ਰੱਦ ਕਰਵਾਇਆ ਸੀ। ਸਿੱਟ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਤੋਂ ਚੋਣਾਂ ਵਿੱਚ ਹਮਾਇਤ ਹਾਸਿਲ ਕਰਨ ਲਈ ਇਹ ਮਾਮਲਾ ਰੱਦ ਕਰਵਾਇਆ ਸੀ।

ਸਿੱਟ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 14 ਅਕਤੂਬਰ, 2015 ਨੂੰ ਕੋਟਕਪੂਰਾ ਵਿਖੇ ਸਿੱਖ ਸੰਗਤਾਂ 'ਤੇ ਚਲਾਈ ਗਈ ਗੋਲੀ ਪੰਜਾਬ ਦੇ ਉੱਚ ਰਾਜਨੀਤਕ ਅਹੁਦੇਦਾਰਾਂ ਅਤੇ ਉੱਚ ਪੁਲਿਸ ਅਫਸਰਾਂ ਵੱਲੋਂ ਪਹਿਲਾਂ ਹੀ ਘੜੀ ਗਈ ਸਾਜਿਸ਼ ਦਾ ਹਿੱਸਾ ਸੀ ਜਿਸ ਦਾ ਮਕਸਦ ਡੇਰਾ ਸਿਰਸਾ ਮੁਖੀ ਅਤੇ ਉਸਦੇ ਚੇਲਿਆਂ ਨੂੰ ਖੁਸ਼ ਕਰਨਾ ਸੀ।

ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਜਿਸ਼ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਕੋਟਕਪੂਰਾ ਤੋਂ ਸਾਬਕਾ ਬਾਦਲ ਦਲ ਦਾ ਵਿਧਾਇਕ ਮਨਤਾਰ ਬਰਾੜ, ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਸ਼ਾਮਿਲ ਸਨ। ਸਿੱਟ ਨੇ ਦਾਅਵਾ ਕੀਤਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਉਣ ਤੋਂ ਪਹਿਲਾਂ 15 ਸਤੰਬਰ 2015 ਨੂੰ ਡੇਰਾ ਮੁਖੀ ਅਤੇ ਸੁਖਬੀਰ ਬਾਦਲ ਦੀ ਮੁੰਬਈ ਵਿੱਚ ਮੁਲਾਕਾਤ ਹੋਈ ਜਿਸ ਦਾ ਇੰਤਜ਼ਾਮ ਫਿਲਮੀ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਕੀਤਾ ਗਿਆ ਸੀ।


ਸੁਖਬੀਰ ਬਾਦਲ ਅਤੇ ਅਕਸ਼ੇ ਕੁਮਾਰ

ਇਸ ਤੋਂ ਬਾਅਦ 24 ਸਤੰਬਰ, 2015 ਨੂੰ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਦਿੱਤੀ ਗਈ ਜਿਸ ਨੇ ਸਮੁੱਚੇ ਖਾਲਸਾ ਪੰਥ ਨੂੰ ਹੈਰਾਨ ਕਰ ਦਿੱਤਾ। ਇਸ ਮੁਆਫੀ ਖਿਲਾਫ ਸਿੱਖ ਸੰਗਤਾਂ ਵਿੱਚ ਵਿਆਪਕ ਰੋਹ ਨੂੰ ਦੇਖਦਿਆਂ ਪਹਿਲਾਂ ਸ਼੍ਰੌਮਣੀ ਕਮੇਟੀ ਵੱਲੋਂ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਸਾਰੇ ਅਖਬਾਰਾਂ ਵਿੱਚ ਗੁਰੂ ਘਰ ਦੀ ਗੋਲਕ ਵਿੱਚੋਂ 82.50 ਲੱਖ ਰੁਪਏ ਵਰਤ ਕੇ ਇਸ਼ਤਿਹਾਰ ਜਾਰੀ ਕੀਤੇ ਗਏ। 

ਇਸ ਮੁਆਫੀ ਤੋਂ ਇੱਕ ਦਿਨ ਬਾਅਦ 25 ਸਤੰਬਰ, 2015 ਨੂੰ ਡੇਰਾ ਮੁਖੀ ਦੀ ਵਿਵਾਦਿਤ ਫਿਲਮ ਪੰਜਾਬ ਵਿੱਚ ਜਾਰੀ ਕੀਤੀ ਗਈ ਤੇ ਇਸ ਤੋਂ ਕੁੱਝ ਦਿਨ ਬਾਅਦ ਅਕਸ਼ੇ ਕੁਮਾਰ ਦੀ ਵਿਵਾਦਿਤ ਫਿਲਮ "ਸਿੰਘ ਇਜ਼ ਬਲਿੰਗ" 2 ਅਕਤੂਬਰ, 2015 ਨੂੰ ਪੰਜਾਬ ਵਿੱਚ ਰਿਲੀਜ਼ ਕੀਤੀ ਗਈ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਡੇਰਾ ਸਿਰਸਾ ਵੱਲੋਂ ਭੇਜੇ ਮੁਆਫੀ ਪੱਤਰ ਦੀ ਮੰਗ ਕੀਤੀ ਗਈ ਪਰ ਸ਼੍ਰੋਮਣੀ ਕਮੇਟੀ ਅਜਿਹਾ ਕੋਈ ਪੱਤਰ ਨਹੀਂ ਦੇ ਸਕੀ।

ਸੁਖਬੀਰ ਬਾਦਲ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਵਾਪਰੇ ਤਾਂ ਉਹ ਪੰਜਾਬ ਵਿੱਚ ਨਹੀਂ ਸੀ, ਪਰ ਸਿੱਟ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਹਰ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ। ਸਿੱਟ ਨੇ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਦਫਤਰ ਕੋਲੋਂ ਉਹਨਾਂ ਉਸ ਦਿਨ ਸੁਖਬੀਰ ਦੀ ਹਾਜ਼ਰੀ ਦੀ ਜਾਣਕਾਰੀ ਮੰਗੀ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ