ਪੰਜਾਬ ਦੀ ਰਾਜਪਾਲ ਬਣ ਸਕਦੀ ਹੈ ਆਨੰਦੀਬੇਨ ਪਟੇਲ

ਪੰਜਾਬ ਦੀ ਰਾਜਪਾਲ ਬਣ ਸਕਦੀ ਹੈ ਆਨੰਦੀਬੇਨ ਪਟੇਲ

ਨਵੀਂ ਦਿੱਲੀ/ਬਿਊਰੋ ਨਿਊਜ਼ :
ਇਥੇ ਭਾਜਪਾ ਦੇ ਸੰਸਦੀ ਬੋਰਡ ਨੇ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਪੰਜਾਬ ਦੀ ਰਾਜਪਾਲ ਲਾਏ ਜਾਣ ਦੀ ਸੰਭਾਵਨਾ ਹੈ। ਉਧਰ ਗੁਜਰਾਤ ਦੇ ਰਾਜਪਾਲ ਓਪੀ ਕੋਹਲੀ ਨੂੰ ਸ੍ਰੀਮਤੀ ਪਟੇਲ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਪਾਰਟੀ ਦੇ ਸਰਵਉੱਚ ਨੀਤੀ ਘਾੜੇ ਸੰਸਦੀ ਬੋਰਡ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਜਨਰਲ ਸਕੱਤਰ ਸਰੋਜ ਪਾਂਡੇ ਨੂੰ ਭਲਕੇ ਗਾਂਧੀਨਗਰ ਵਿੱਚ ਭਾਜਪਾ ਵਿਧਾਇਕ ਦਲ ਦੀ ਹੋਣ ਵਾਲੀ ਮੀਟਿੰਗ ਦਾ ਨਿਗਰਾਨ ਨਿਯੁਕਤ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਤੇ ਸਾਰੀ ਕਾਰਵਾਈ ‘ਤੇ ਨਜ਼ਰ ਰੱਖਣਗੇ ਪਰ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਬਾਰੇ ਕਿਆਸ ਅਰਾਈਆਂ ਨੂੰ ਪਾਰਟੀ ਸੀਨੀਅਰ ਨੇਤਾ ਐਮ. ਵੈਂਕਈਆ ਨਾਇਡੂ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਭਾਜਪਾ ਵਿਚਲਾ ਇਕ ਧੜਾ ਸ੍ਰੀ ਸ਼ਾਹ ‘ਤੇ ਜ਼ੋਰ ਪਾ ਰਿਹਾ ਹੈ ਕਿ ਉਹ ਅਜਿਹੇ ਵਿਅਕਤੀ ਨੂੰ ਲੈ ਕੇ ਆਉਣ ਜੋ ਰਾਜ ਦੀ ਮੌਜੂਦਾ ਸਥਿਤੀ ਨੂੰ ਸਮਝ ਕੇ ਇਸ ਨੂੰ ਕਾਬੂ ਕਰ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਗੁਜਰਾਤ ਦੇ ਜੋ ਹਾਲਾਤ ਹਨ, ਉਸ ਦੇ ਮੱਦੇਨਜ਼ਰ ਸ੍ਰੀ ਸ਼ਾਹ ਦਾ ਉਥੋਂ ਦਾ ਕਮਾਨ ਸੰਭਾਲਣਾ ਸਿਆਸੀ ਖੁਦਕੁਸ਼ੀ ਹੈ ਤੇ ਇਸ ਕਾਰਨ ਉਹ ਖੁਦ ਵੀ ਉਥੇ ਜਾਣ ਦੇ ਇਛੁੱਕ ਨਹੀਂ ਹਨ। ਪਾਰਟੀ ਦੇ ਕਈ ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਲਈ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਸੌਖਾ ਨਹੀਂ ਹੈ।