ਖਾਲਸਾ ਰਾਜ ਵਾਸਤੇ ਸ਼ੰਘਰਸ਼ਸ਼ੀਲ ਸ਼ਹੀਦ ਕੀਤੇ ਸਿੱਖ ਆਗੂਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਹੋਏ ਸ਼ਹੀਦੀ ਸਮਾਗਮ

ਖਾਲਸਾ ਰਾਜ ਵਾਸਤੇ ਸ਼ੰਘਰਸ਼ਸ਼ੀਲ ਸ਼ਹੀਦ ਕੀਤੇ ਸਿੱਖ ਆਗੂਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਹੋਏ ਸ਼ਹੀਦੀ ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 10 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-ਜਰਮਨ ਦੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹਾਦਤ ਦਿਹਾੜੇ ਤੇ ਭਾਰਤੀ ਹਕੂਮਤ ਦੀਆਂ ਏਜੰਸੀਆਂ ਵੱਲੋ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਤੇ ਸਰਬੱਤ ਦੇ ਭਲੇ ਵਾਲੇ ਦੇਸ਼ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਵਿਦੇਸ਼ਾਂ ਵਿੱਚ ਸੰਘਰਸ਼ਸ਼ੀਲ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਨੇਡਾ, ਲਾਹੌਰ ਦੀ ਧਰਤੀ ਤੇ ਖਾਲਿਸਤਾਨ ਕਮਾਡੋ ਫੋਰਸ ਮਿਸਲ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਜਵੜ੍ਹ, ਇੰਗਲੈਡ ਵਿੱਚ ਅਕਾਲ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਏ ਗਏ । ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਨਿਸ਼ਾਨ ਸਿੰਘ ਪੱਟੀ ਦੇ ਜਥੇ ਇਲਾਹੀ ਗੁਰਬਾਣੀ ਦੇ ਕੀਰਤਨ ਭਾਈ ਚਮਕੌਰ ਸਿੰਘ ਸਭਰਾ ਤੇ ਭਾਈ ਕੁਲਵਿੰਦਰ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾ ਤੇ ਦੇਸ਼ ਪੰਜਾਬ ਦੀ ਧਰਤੀ ਤੋਂ ਆਏ ਭਾਈ ਪ੍ਰੇਮ ਸਿੰਘ ਪੱਦਮ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ । ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਉਂਦਿਆ ਹੋਇਆਂ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਸ਼ਹੀਦਾਂ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਤੇ ਇਹਨੇ ਦੇ ਮਹਾਨ ਕਾਰਜ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਵਿੱਚ ਯੋਗਦਾਨ ਪਾਉਣ ਪ੍ਰਣ ਦੁਹਰਾਇਆ ਇਹ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਜਲੀ ਹੈ । 

ਸਮਾਗਮ ਵਿਚ ਹਾਜ਼ਿਰੀ ਭਰ ਰਹੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਇਹ ਸਭ ਵਰਤਾਰੇ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਅਜ਼ਾਦੀ ਅਤੇ ਭਾਰਤ ਵਿੱਚ ਘੱਟ ਗਿਣਤੀਆਂ ਤੇ ਖਾਸ ਕਰਕੇ ਸਿੱਖ ਕੌਮ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਉੱਠ ਰਹੀਆਂ ਅਵਾਜ਼ਾਂ ਨੂੰ ਬੰਦ ਕਰਾਉਣ ਜਾਂ ਅਵਾਜ਼ ਉਠਾਉਣ ਵਾਲਿਆਂ ਦੇ ਮਨੋਬਲ ਨੂੰ ਕਮਜੋਰ ਕਰਨ ਤੇ ਸਿੱਖਾਂ ਦੀ ਆਪਣੇ ਹੱਕਾਂ ਵਾਸਤੇ ਜਾਗਰੂਕ ਹੋ ਰਹੀ ਨਵੀਂ ਪੀੜੀ ਨੂੰ ਤੋੜਨ ਤੇ ਉਹਨਾਂ ਅੰਦਰ ਡਰ ਪੈਦਾ ਕਰਨ ਲਈ ਕਰਵਾਏ ਜਾ ਰਹੇ ਹਨ । 

ਉਨ੍ਹਾਂ ਕਿਹਾ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਦਾ ਇਹ ਵਹਿਮ ਹੈ ਕਿ ਉਹ ਇਹੋ ਜਿਹੇ ਘਿਨਾਉਣੇ ਕਾਰਨਾਮਿਆਂ ਨਾਲ ਵਿਦੇਸ਼ਾਂ ਵਿੱਚ ਸਰਬੱਤ ਦੇ ਭਲੇ ਵਾਲੇ ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਵਿੱਚ ਕਾਮਯਾਬ ਹੋ ਜਾਵੇਗੀ । ਖਾਲਿਸਤਾਨ ਦੀ ਅਜ਼ਾਦੀ, ਪੰਥਕ ਜਜ਼ਬੇ ਤੇ ਮਨੁੱਖਤਾ ਦੀ ਸੇਵਾ ਭਾਵਨਾ ਵਾਲੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਵਿੱਚੋਂ ਕਈ ਹੋਰ ਨਿੱਜਰ ਪੈਦਾ ਹੋਣਗੇ । ਖਾਲਿਸਤਾਨ ਦੀ ਅਜ਼ਾਦੀ ਲਹਿਰ ਮਹਾਨ ਅਤੇ ਰੱਬ ਦੇ ਰੰਗ ਵਿੱਚ ਲੀਨ ਸ਼ਹੀਦਾਂ ਦੀ ਚਲਾਈ ਹੋਈ ਲਹਿਰ ਹੈ ਇਹ ਕਦੇ ਵੀ ਖਤਮ ਨਹੀ ਹੋਵੇਗੀ ਸਗੋਂ ਹੋਰ ਪ੍ਰਚੰਡ ਹੋਵੇਗੀ ।