ਪੂਰਨ ਪੁਰਖ ਨਹੀ ਡੋਲਾਨੇ।।

ਪੂਰਨ ਪੁਰਖ ਨਹੀ ਡੋਲਾਨੇ।।

 

ਪਿਓ ਦਾਦੇ ਦੇ ਖਜ਼ਾਨੇ ਦੇ ਦਰਸ਼ਨ ਕੁਲ ਦੁਨੀਆਂ ਨੂੰ ਬੜੀ ਨੇੜਿਓਂ ਕਰਵਾ ਦਿੱਤੇ ਸਨ।


ਪਹਿਲੇ ਗੁਰੂ ਨਾਨਕ ਜੀ ਤੋਂ ਦਸਵੇਂ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਮਨੁੱਖ ਨੂੰ ਜੋ ਵਿਰਾਸਤ ਮਿਲ ਰਹੀ ਹੈ, ਜੋ ਆਤਮਿਕ ਸੇਧ ਮਿਲ ਰਹੀ ਹੈ ਉਹ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੀ ਹੈ। ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰਦਾ ਹੈ ਤਾਂ ਉਹਦਾ ਮੂੰਹ ਆਪਣੀ ਵਿਰਾਸਤ ਵੱਲ ਨੂੰ ਹੋ ਜਾਂਦਾ ਹੈ, ਉਹ ਸਭ ਦੁਨਿਆਵੀ ਤਾਕਤਾਂ ਦੇ ਭੈਅ ਤੋਂ ਕੋਹਾਂ ਦੂਰ ਲੰਘ ਜਾਂਦਾ ਹੈ, ਉਹ ਸੁਰਤ ਦੇ ਗਿਆਨ ਵਿੱਚ ਵਿਚਰਦਾ ਹੋਇਆ ਸਭ ਦੁਨਿਆਵੀ ਪੜ੍ਹਾਈਆਂ ਪਿੱਛੇ ਛੱਡ ਜਾਂਦਾ ਹੈ, ਉਹਦੇ ਲਈ ਸਭ ਯੱਕ ਤੱਕ ਮਿੱਟੀ ਹੋ ਜਾਂਦੇ ਹਨ, ਦੁਨਿਆਵੀ ਸ਼ੌਹਰਤਾਂ ਦੇ ਢੇਰ ਉਹਦਾ ਆਪਾ ਡੋਲਣ ਤੋਂ ਪਹਿਲੀ ਸੱਟੇ ਹੀ ਨਾਕਾਮਯਾਬ ਹੋ ਜਾਂਦੇ ਹਨ, ਸਿਵਾਏ ਆਪਣੇ ਗੁਰੂ ਦੀ ਗੋਦ ਦੇ ਉਹਨੂੰ ਆਪਣੀ ਵਿਰਾਸਤ ਦੇ ਤੁੱਲ ਕੋਈ ਵੀ ਸ਼ੈਅ ਨਹੀਂ ਪ੍ਰਤੀਤ ਹੁੰਦੀ। ਉਹ ਫਿਰ ਪੂਰਨ ਪੁਰਖ ਵਜੋਂ ਵਿਚਰਦਾ ਹੋਇਆ ਇਕ ਅਡੋਲ ਸੋਚ ਹੋ ਜਾਂਦਾ ਹੈ ਜੋ "ਹਮ ਰਾਖਤ ਪਾਤਸ਼ਾਹੀ ਦਾਵਾ" ਅਤੇ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਨੂੰ ਇਕੋ ਵੇਲੇ ਇਕੋ ਬਰਾਬਰ ਜਿਉਂ ਰਿਹਾ ਹੁੰਦਾ ਹੈ। ਉਹ ਭੈਅ ਨਾ ਦੇਣ ਵਾਲੀ ਅਤੇ ਨਾ ਮੰਨਣ ਵਾਲੀ ਅਵਸਥਾ ਵਿੱਚ ਗੁਰੂ ਦੇ ਪਿਆਰ ਵਿਚ ਭਿੱਜਿਆ ਸ਼ਹੀਦੀਆਂ ਵੱਲ ਨੂੰ ਕਦਮ ਵਧਾ ਰਿਹਾ ਹੁੰਦਾ ਹੈ। ਯੁਗਾਂ ਯੁਗਾਂ ਤੱਕ ਉਹਦੀਆਂ ਪੈੜਾਂ ਨੇ ਪਤਾ ਨਹੀਂ ਕਿੰਨੀਆਂ ਹੀ ਹੋਰ ਪੈੜਾਂ ਨੂੰ ਸੱਚੇ ਘਰ ਵੱਲ ਨੂੰ ਲਿਜਾਣਾ ਹੁੰਦਾ ਹੈ। ਇਹ ਪੂਰਨ ਪੁਰਖ ਸਮੇਂ ਸਮੇਂ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਆਉਂਦੇ ਹਨ ਅਤੇ ਅਕਾਲ ਪੁਰਖ ਦੇ ਭਾਣੇ ਵਿੱਚ ਇਹ ਸਫਰ ਤੈਅ ਕਰਕੇ ਮੋਈਆਂ ਕੌਮਾਂ ਨੂੰ ਨਵੀਆਂ ਜਿੰਦਗੀਆਂ ਦੇ ਕੇ ਪਾਤਸ਼ਾਹ ਦੀ ਗੋਦ ਵਿੱਚ ਚਲੇ ਜਾਂਦੇ ਹਨ। ਪੰਜਾਬ ਦੀ ਧਰਤ ਨੂੰ ਅਜਿਹੇ ਪੁਰਖ ਬਹੁਤਾਤ ਵਿੱਚ ਨਸੀਬ ਹੋਏ ਹਨ ਜਿੰਨਾਂ ਨੇ ਗੁਰੂ ਸਾਹਿਬ ਤੋਂ ਹੁਣ ਤੱਕ ਸਰਬੱਤ ਦੇ ਭਲੇ ਦੀ ਵਿਰਾਸਤ ਨੂੰ ਸਾਂਭਿਆ ਅਤੇ ਅਗਾਂਹ ਸਭ ਨੂੰ ਆਪਣੇ ਕਿਰਦਾਰਾਂ ਦੀ ਲਿਸ਼ਕੋਰ ’ਚੋਂ ਇਹ ਕਾਰਜ ਲਈ ਆਪਾ ਵਾਰ ਦੇਣ ਦਾ ਚਾਨਣ ਵੰਡ ਰਹੇ ਹਨ।

20ਵੀਂ ਸਦੀ ਦੇ ਅਖੀਰ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰ੍ਹਾ ਸਿੰਘ, ਜਨਰਲ ਸ਼ੁਬੇਗ ਸਿੰਘ, ਭਾਈ ਸੁਰਿੰਦਰ ਸਿੰਘ ਸੋਢੀ ਅਤੇ ਹੋਰ ਅਜਿਹੀਆਂ ਕਿੰਨੀਆਂ ਹੀ ਸਖਸ਼ੀਅਤਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਦੀਆਂ ਪੈੜਾਂ ਉੱਤੇ ਪੈਰ ਧਰ ਕੇ ਸਿੱਖ ਜਵਾਨੀ ਆਪਣੇ ਸਵੈਮਾਣ ਲਈ ਸਭ ਕੁਝ ਕੁਰਬਾਨ ਕਰ ਗਈ। ਤਕਰੀਬਨ 10 ਸਾਲ ਇਹ ਪੁਰਖ ਇਸ ਧਰਤ ’ਤੇ ਪਾਤਿਸਾਹੀ ਮਹਿਕਾਂ ਖਿਲਾਰਦੇ ਰਹੇ, ਪਾਤਿਸਾਹ ਦੀ ਸਰਕਾਰ ਇਸ ਸੁਨਿਹਰੀ ਦੌਰ ਵਿੱਚ ਜੋ ਆਪਣੇ ਕਿਰਦਾਰਾਂ ਦੀ ਲਿਸ਼ਕੋਰ ਪਾ ਗਈ ਉਹਨੇ ਰਹਿੰਦੀ ਦੁਨੀਆਂ ਤੱਕ "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥" ਦਾ ਸੁਨੇਹਾ ਦਿੰਦੇ ਰਹਿਣਾ ਹੈ। ਜਦੋਂ ਇਹ ਪੁਰਖ ਇਸ ਪੈਂਡੇ ’ਤੇ ਹੁੰਦੇ ਹੋਏ ਲੁਕਾਈ ਨੂੰ ਸੱਚੇ ਪਾਤਿਸਾਹ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਸੇਧ ਦੇ ਰਹੇ ਹੁੰਦੇ ਹਨ ਉਦੋਂ ਦੁਨਿਆਵੀ ਤਖ਼ਤਾਂ ਉੱਤੇ ਬਿਰਾਜਮਾਨ ਝੂਠੇ ਫਰੇਬੀ ਤੇ ਜ਼ਾਲਮ ਰਾਜੇ ਆਪਣਾ ਪਾਜ ਉਦੜਦਾ ਵੇਖ ਕੇ ਹਰ ਤਰ੍ਹਾਂ ਦਾ ਹੀਲਾ ਵਸੀਲਾ ਕਰਦੇ ਹਨ। ਇਹਨਾਂ ਮਰਜੀਵੜਿਆਂ ਸਾਹਮਣੇ ਉਹ ਸਭ ਰਾਹ ਖੁੱਲੇ ਹੁੰਦੇ ਹਨ, ਜੋ ਦੁਨਿਆਵੀ ਤਲ ਉੱਤੇ ਵਿਚਰ ਰਹੇ ਮਨੁੱਖ ਦੀਆਂ ਇਛਾਵਾਂ/ਸੁਪਨੇ ਹੁੰਦੇ ਹਨ। ਇਥੋਂ ਤੱਕ ਕਿ ਦੁਨਿਆਵੀ ਰਾਜਾ ਆਪਣੀ ਥਾਂ ਵੀ ਇਹਨਾਂ ਨੂੰ ਪੇਸ਼ਕਸ਼ ਵਿੱਚ ਰੱਖ ਦਿੰਦਾ ਹੈ ਪਰ ਇਹ ਸਭ ਤਾਂ ਇਹਨਾਂ ਮਰਜੀਵੜਿਆਂ ਲਈ ਮਿੱਟੀ ਹੁੰਦਾ ਹੈ। ਦੁਨਿਆਵੀ ਲੋਕਾਂ ਨੂੰ ਇਹ ਸਭ ਭੁਲੇਖੇ ਪੈਣੇ ਕਿ ਇਹ ਕਿਸੇ ਲਾਲਚ ਵਿੱਚ ਡੋਲ ਜਾਣਗੇ ਇਕ ਆਮ ਵਰਤਾਰਾ ਹੈ। ਇਹ ਭੁਲੇਖੇ 1984 ਵਿੱਚ ਹਿੰਦੁਸਤਾਨ ਦੀ ਫਰੇਬੀ ਸੋਚ ਨੂੰ ਵੀ ਬਥੇਰੇ ਸਨ, ਉਹਨਾਂ ਵੱਲੋਂ ਜੁਝਾਰੂ ਸਿੰਘਾਂ ਅੱਗੇ ਵੀ ਸਾਰੇ ਰਾਹ ਖੁੱਲੇ ਹੀ ਸਨ। ਦੌਲਤ, ਸ਼ੌਰਤ, ਵਜ਼ੀਰੀਆਂ ਅਤੇ ਹੋਰ ਹਰ ਤਰ੍ਹਾਂ ਦੇ ਲਾਲਚ, ਭੁਲੇਖੇ ਦੀ ਪੰਡ ਸਿਰ ਤੇ ਚੁੱਕ ਕੇ ਦੁਨਿਆਵੀ ਮਾਪ ਤੋਲ ਕਰਦੇ ਹੋਏ ਚੜ੍ਹਦੀਕਲਾ ਦੇ ਬੂਹੇ ’ਤੇ ਜਾਂਦੇ ਰਹੇ ਅਤੇ ਅਡੋਲ ਸੋਚ ਮੂਹਰੇ ਨਕਾਰਾ ਹੋ ਕੇ ਵਾਪਸ ਪਰਤਦੇ ਰਹੇ। ਉਹ ਤਾਂ ਹਰ ਪਲ ਸ਼ਬਦ ਦਾ ਨਿੱਘ ਮਾਣ ਰਹੇ ਸਨ, ਉਹਨਾਂ ਦੀ ਸੁਰਤ ਪਦਾਰਥੀ ਮਿੱਟੀ ਨੂੰ ਸਿਰਫ ਪਹਿਚਾਣਦੀ ਹੀ ਨਹੀਂ ਸੀ ਬਲਕਿ ਬਿਨਾਂ ਕਿਸੇ ਦੋ-ਚਿੱਤੀ ਦੇ ਪੂਰੀ ਜੁਰਤ ਨਾਲ ਆਪਣੇ ਨਿਸ਼ਾਨੇ ਵਿਚਲੇ ਕਿਸੇ ਵੀ ਸਮਝੌਤੇ ਨੂੰ ਓਨੀ ਪੈਰੀਂ ਵਾਪਸ ਮੋੜ ਦਿੰਦੀ ਸੀ। ਇਹ ਉਹ ਮਨ ਸਨ ਜਿਹੜੇ ਸਤਿਗੁਰੂ ਨੂੰ ਬਿਕ ਚੁੱਕੇ ਸਨ, ਇਹਨਾਂ ਸੇਵਕਾਂ ਦੇ ਕਾਰਜਾਂ ਨੂੰ ਰਾਸ ਹੋਣੋ ਕੋਈ ਵੀ ਦੁਨਿਆਵੀ ਤਾਕਤ ਰੋਕ ਨਹੀਂ ਸੀ ਸਕਦੀ। ਇਸਨੂੰ ਐਵੇਂ ਸੋਚਣਾ ਕਿ - ਜੇ ਉਹ ਐਵੇਂ ਕਰ ਦਿੰਦੇ ਤਾਂ ਆਹ ਹੋ ਜਾਂਦਾ, ਜੇ ਐਵੇਂ ਨਾ ਕਰਦੇ ਤਾਂ ਆਹ ਨਾ ਹੁੰਦਾ ਆਦਿ ਸਭ ਮਨੁੱਖੀ ਬੁੱਧੀ ਦੀਆਂ ਫੋਕੀਆਂ ਗੱਲਾਂ ਹਨ, ਇਹ ਅਟੱਲ ਸੱਚਾਈ ਸੀ ਜੋ ਠੀਕ ਇਸੇ ਤਰ੍ਹਾਂ ਹੀ ਵਾਪਰਨੀ ਸੀ। ਦੁਨਿਆਵੀ ਲਾਲਚਾਂ ਤੋਂ ਬਾਅਦ ਮਨੁੱਖ ਨੂੰ ਮੌਤ ਦਾ ਡਰ ਦੇ ਕੇ ਡੁਲਾਇਆ ਜਾ ਸਕਦਾ ਹੁੰਦਾ ਹੈ, ਹਿੰਦੁਸਤਾਨ ਦੀ ਫਰੇਬੀ ਸੋਚ ਨੇ ਇਹ ਕੰਮ ਵੀ ਪੂਰੇ ਜ਼ੋਰ ਨਾਲ ਕੀਤਾ। ਗਿਣਤੀ ਦੇ ਸਿੰਘਾਂ ਲਈ ਵੱਡੀ ਗਿਣਤੀ ਵਿਚ ਫੌਜ, ਤੋਪਾਂ, ਆਧੁਨਿਕ ਹਥਿਆਰ ਅਤੇ ਹਰ ਤਰ੍ਹਾਂ ਦੇ ਤਸੀਹੇ ਜੂਨ 84 ਤੋਂ ਬਾਅਦ ਤੱਕ ਦਿੰਦੇ ਰਹੇ ਪਰ ਸਿੰਘਾਂ ਦੇ ਮਨੋਬਲ ਨੂੰ ਰੱਤੀ ਭਰ ਵੀ ਹਿਲਾ ਨਾ ਸਕੇ। ਕਿੰਨੇ ਚਾਅ ਨਾਲ ਤੋਪਾਂ ਮੂਹਰੇ ਹਿੱਕ ਡਾਹੁੰਦੇ ਰਹੇ, ਇਹ ਵੇਖ ਕੇ ਤਨਖਾਹਾਂ ਲਈ ਲੜਨ ਵਾਲੀ ਫੌਜ ਦੇ ਪੈਰੋਂ ਜ਼ਮੀਨ ਨਿਕਲ ਜਾਂਦੀ ਸੀ। ਇਤਿਹਾਸਿਕ ਪੁਰਖਾਂ ਨੇ ਆਪਣੇ ਪਿਓ ਦਾਦੇ ਦੇ ਖਜ਼ਾਨੇ ਦੇ ਦਰਸ਼ਨ ਕੁਲ ਦੁਨੀਆਂ ਨੂੰ ਬੜੀ ਨੇੜਿਓਂ ਕਰਵਾ ਦਿੱਤੇ ਸਨ।

ਪਰ ਹੁਣ ਅਸੀਂ ਆਪਣੀ ਰਵਾਇਤ ਉੱਤੇ ਆਪਣੀ ਜ਼ਿੱਦ ਭਾਰੀ ਪਾ ਲਈ ਹੈ। ਸਾਡੀ ਸੇਵਾ, ਸਾਡਾ ਸਿਮਰਨ, ਸਾਡਾ ਅਕੀਦਾ ਅਤੇ ਸਾਡਾ ਆਪਣਾ ਆਪ ਉਹ ਨਹੀਂ ਰਿਹਾ ਜੋ ਪਾਤਿਸਾਹ ਦੇ ਦੱਸੇ ਰਾਹ ਉੱਤੇ ਤੁਰਨ ਲਈ ਲੋੜੀਂਦਾ ਹੈ। ਇਸ ਘਰ ਵਿਚ ਰੀਸ ਨਹੀਂ ਚੱਲ ਸਕਦੀ, ਇਸ ਘਰ ਵਿਚ ਪਿਆਰ, ਸ਼ਰਧਾ ਸਮਰਪਣ ਅਤੇ ਅਰਦਾਸ ਹੀ ਚੱਲੇਗੀ। ਅਸੀਂ ਜਦੋਂ ਫਿਰ ਦੁਬਾਰਾ ਗੁਰੂ ਨੂੰ ਉਸ ਸ਼ਿੱਦਤ ਅਤੇ ਡੂੰਘਾਈ ’ਚੋਂ ਮਹਿਸੂਸ ਕਰਾਂਗੇ ਉਦੋਂ ਦੁਨਿਆਵੀ ਮਾਪ ਤੋਲ ਪਿੱਛੇ ਛੱਡ ਕੇ ਸਰਬੱਤ ਦੇ ਭਲੇ ਲਈ ਬਿਨਾਂ ਕਿਸੇ ਭੈਅ ਤੋਂ ਆਪਣਾ ਆਪ ਕੁਰਬਾਨ ਕਰਾਂਗੇ ਅਤੇ ਪੰਜਵੇਂ ਪਾਤਸ਼ਾਹ ਦੇ ਬਚਨਾਂ ਨੂੰ ਜੀਵਾਂਗੇ “ਪੂਰਨ ਪੁਰਖ ਨਹੀ ਡੋਲਾਨੇ ।।” 

 .........................

ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼