ਜਰਨੈਲ ਸੋਲੇਮਾਨੀ ਨੂੰ ਸਪੁਰਦ-ਏ-ਖਾਕ ਕਰਨ ਲਈ ਸੜਕਾਂ 'ਤੇ ਆਇਆ ਲੋਕਾਂ ਦਾ ਹੜ੍ਹ

ਜਰਨੈਲ ਸੋਲੇਮਾਨੀ ਨੂੰ ਸਪੁਰਦ-ਏ-ਖਾਕ ਕਰਨ ਲਈ ਸੜਕਾਂ 'ਤੇ ਆਇਆ ਲੋਕਾਂ ਦਾ ਹੜ੍ਹ

ਤਹਿਰਾਨ: ਅਮਰੀਕਾ ਵਲੋਂ ਹਵਾਈ ਹਮਲਾ ਕਰਕੇ ਮਾਰੇ ਗਏ ਇਰਾਨ ਦੇ ਉੱਚ ਫੌਜ ਕਮਾਂਡਰ ਕਾਸਿਮ ਸੋਲੇਮਾਨੀ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਜੱਦੀ ਸ਼ਹਿਰ ਕਰਮਨ ਵਿਖੇ ਲਿਆਂਦੀ ਗਈ। ਇੱਥੇ ਉਹਨਾਂ ਦੀ ਦੇਹ ਨੂੰ ਸਪੁਰਦ-ਏਖਾਕ ਕੀਤਾ ਜਾਵੇਗਾ। ਇਸ ਮੌਕੇ ਆਪਣੇ ਜਰਨੈਲ ਨੂੰ ਆਖਰੀ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਦੀ ਗਿਣਤੀ 'ਚ ਇਰਾਨੀ ਲੋਕਾਂ ਦਾ ਇਕੱਠ ਕਰਮਨ ਦੀ ਸੜਕਾਂ 'ਤੇ ਆਇਆ ਹੋਇਆ ਹੈ। ਲੋਕਾਂ ਨੇ ਆਪਣੇ ਹੱਥਾਂ 'ਚ ਇਰਾਨ ਦੇ ਝੰਡੇ ਅਤੇ ਸੋਲੇਮਾਨੀ ਦੀਆਂ ਤਸਵੀਰਾਂ ਫੜ੍ਹੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਸੋਲੇਾਮਨੀ ਦੀ ਮੌਤ ਦੇ ਸ਼ੋਕ ਵਜੋਂ ਇਰਾਨ ਵੱਲੋਂ ਤਿੰਨ ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ ਸੀ। ਅੱਜ ਇਸ ਸ਼ੋਕ ਦੇ ਆਖਰੀ ਦਿਨ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਸ਼ਹਿਰ ਲਿਜਾਇਆ ਗਿਆ। ਇਸ ਤੋਂ ਪਹਿਲਾਂ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਸ਼ਹਿਰ ਕੋਮ ਦੀਆਂ ਸੜਕਾਂ 'ਤੇ ਲੱਖਾਂ ਦੇ ਇਕੱਠ ਹੋਏ। 

ਸੋਲੇਮਾਨੀ ਦਾ ਪਰਿਵਾਰਕ ਪਿਛੋਕੜ: 
62 ਸਾਲਾ ਦੀ ਉਮਰ ਵਿੱਚ ਜੰਗੀ ਹਮਲੇ 'ਚ ਮਾਰੇ ਗਏ ਸੋਲੇਮਾਨੀ ਦਾ ਜਨਮ ਇਰਾਨ ਦੇ ਕਰਨਮ ਸੂਬੇ ਅਮਦਰ ਇੱਕ ਗਰੀਬ ਪਰਿਵਾਰ 'ਚ ਹੋਇਆ ਸੀ। ਉਹ 13 ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਦੀ ਗਰੀਬੀ ਦੇ ਮੱਦੇਨਜ਼ਰ ਕੰਮ ਕਰਨ ਲੱਗ ਗਏ ਸਨ ਤੇ ਕੰਮ ਤੋਂ ਵਿਹਲੇ ਸਮੇਂ 'ਚ ਅਕਸਰ ਧਾਰਮਿਕ ਪ੍ਰਚਾਰ ਸੁਣਦੇ ਸਨ।

ਇਰਾਨੀ ਇਨਕਲਾਬ ਮੌਕੇ ਭਰ ਜਵਾਨੀ ਦੇ ਸਮੇਂ ਉਹ 1979 'ਚ ਇਰਾਨੀ ਫੌਜ ਦਾ ਹਿੱਸਾ ਬਣੇ। ਇਸ ਮਗਰੋਂ 1980 'ਚ ਇਰਾਨ-ਇਰਾਕ ਯੁੱਧ ਦੌਰਾਨ ਇਰਾਕ ਅੰਦਰ ਕੀਤੀਆਂ ਦਲੇਰੀ ਭਰਪੂਰ ਕਾਰਵਾਈਆਂ ਸਦਕਾ ਉਹ ਦੇਸ਼ ਦਾ ਨਾਇਕ ਬਣ ਗਏ।

ਸਟੇਜ 'ਤੇ ਰੋ ਪਿਆ ਇਰਾਨ ਦਾ ਪ੍ਰਮੁੱਖ ਆਗੂ
ਸੋਲੇਮਾਨੀ ਦੀ ਯਾਦ ਵਿੱਚ ਤਹਿਰਾਨ 'ਚ ਹੋਏ ਇਕੱਠ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਰਾਨ ਦੇ ਮੁੱਖ ਆਗੂ ਆਇਤੁੱਲਾਹ ਅਲੀ ਖਮੇਨੀ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਗ ਤੁਰੇ। ਖਮੇਨੀ ਨੇ ਸੋਲੇਮਾਨੀ ਦੇ ਕਤਲ ਦਾ ਅਮਰੀਕਾ ਕੋਲੋਂ ਬਦਲ ਲੈਣ ਦੀ ਜਨਤਕ ਸੋਂਹ ਖਾਧੀ। ਹੁਣ ਸ਼ੋਕ ਦਾ ਸਮਾਂ ਖਤਮ ਹੋਣ ਉਪਰੰਤ ਇਰਾਨ ਕੀ ਕਦਮ ਚੁੱਕਦਾ ਹੈ, ਇਸ 'ਤੇ ਪੂਰੀ ਦੁਨੀਆ ਦੀ ਨਿਗ੍ਹਾ ਹੈ।

ਸੋਲੇਮਾਨੀ ਦੀ ਥਾਂ ਬਣੇ ਨਵੇਂ ਮੁਖੀ ਨੇ ਅਮਰੀਕੀ ਥਾਵਾਂ ਨੂੰ ਅੱਗ ਲਾਉਣ ਦੀ ਗੱਲ ਕੀਤੀ
ਸੋਲੇਮਾਨੀ ਦੀ ਮੌਤ ਮਗਰੋਂ ਉਹਨਾਂ ਦੇ ਅਹੁਦੇ 'ਤੇ ਨਿਯੁਕਤ ਹੋਏ ਹੁਸੈਨ ਸਲਮੀ ਨੇ ਅੱਜ ਕਰਮ ਵਿਖੇ ਹਜ਼ਾਰਾਂ ਦੇ ਇਕੱਠ ਸਾਹਮਣੇ ਸੋਂਹ ਖਾਧੀ ਕਿ ਅਮਰੀਕਾ ਦੇ ਸਮਰਥਨ ਵਾਲੀਆਂ ਸਾਰੀਆਂ ਥਾਵਾਂ ਨੂੰ ਅੱਗ ਨਾਲ ਸਾੜ੍ਹ ਦਿੱਤਾ ਜਾਵੇਗਾ।

ਦੱਸ ਦਈਏ ਕਿ ਇਰਾਨ ਵਿੱਚ ਅਮਰੀਕਾ ਤੋਂ ਬਦਲਾ ਲੈਣ ਦੀ ਵੱਡੀ ਮੰਗ ਉੱਠ ਰਹੀ ਹੈ। ਸਲਮੀ ਨੇ ਕਿਹਾ ਕਿ ਸੋਲੇਮਾਨੀ ਸ਼ਹੀਦ ਹੋ ਕੇ ਵੀ ਇਰਾਨ ਦੇ ਦੁਸ਼ਮਣਾਂ ਲਈ ਸਭ ਤੋਂ ਵੱਡਾ ਖਤਰਾ ਹੈ। 

ਇਸ ਮੌਕੇ ਭੀੜ ਵੱਲੋਂ "ਇਸਰਾਈ ਦੀ ਮੌਤ" ਦੇ ਨਾਅਰੇ ਲਾਏ ਗਏ। ਦੱਸ ਦਈਏ ਕਿ ਅਮਰੀਕਾ ਅਤੇ ਇਸਰਾਈਲ ਆਪਸ 'ਚ ਸਹਿਯੋਗੀ ਹਨ ਅਤੇ ਇਸਰਾਈਲ ਤੇ ਇਰਾਨ ਲਗਾਤਾਰ ਲੜਾਈ ਦੇ ਦੌਰ 'ਚ ਹਨ।

ਅਮਰੀਕਾ ਨੂੰ ਇੱਥੋਂ ਕੱਢਣ ਨਾਲ ਹੀ ਜੰਗ ਅਤੇ ਮੌਤ ਖਤਮ ਹੋਵੇਗੀ: ਇਰਾਨੀ ਵਿਦੇਸ਼ ਮੰਤਰੀ
ਇਰਾਨ ਦੇ ਵਿਦੇਸ਼ ਮੰਤਰੀ ਮੋਹੱਮਦ ਜਾਵੇਦ ਜ਼ਾਰੀਫ ਨੇ ਤਹਿਰਾਨ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੱਧ-ਪੂਰਵ ਦੇ ਖੇਤਰ 'ਚ ਅੱਤਵਾਦ ਖਿਲਾਫ ਲੜ ਰਹੇ ਸਭ ਤੋਂ ਵੱਡੇ ਜਰਨੈਲ ਨੂੰ ਮਰਵਾ ਕੇ ਅਮਰੀਕੀ ਰਾਸ਼ਟਰਪਤੀ ਨੇ ਵੱਡੀ ਬੇਵਕੂਫੀ ਕੀਤੀ ਹੈ।

ਉਹਨਾਂ ਕਿਹਾ ਕਿ ਅਮਰੀਕੀ ਦਖਲਅੰਦਾਜ਼ੀ ਕਰਕੇ ਹੀ ਉਹਨਾਂ ਦਾ ਸਾਰਾ ਖੇਤਰ ਕਦੇ ਨਾ ਖਤਮ ਹੋਣ ਵਾਲੀ ਜੰਗ ਦਾ ਸ਼ਿਕਾਰ ਬਣ ਗਿਆ ਹੈ। 

ਉਹਨਾਂ ਕਿਹਾ ਕਿ ਅਮਰੀਕਾ ਨੂੰ ਪੱਛਮੀ ਏਸ਼ੀਆ ਵਿੱਚੋਂ ਬਾਹਰ ਕੱਢਣ ਨਾਲ ਹੀ ਇੱਥੇ ਜੰਗ ਖਤਮ ਹੋ ਸਕਦੀ ਹੈ।

ਇਰਾਨ ਨੇ ਅਮਰੀਕਾ ਦੀਆਂ ਸਾਰੀਆਂ ਫੌਜਾਂ ਨੂੰ ਅੱਤਵਾਦੀ ਐਲਾਨਿਆ
ਇਰਾਨ ਦੀ ਪਾਰਲੀਮੈਂਟ ਵੱਲੋਂ ਮਤਾ ਪਾਸ ਕਰਕੇ ਅਮਰੀਕੀ ਫੌਜ ਅਤੇ ਅਮਰੀਕੀ ਫੌਜ ਦੇ ਹੈ ਮੁੱਖ ਦਫਤਰ ਪੈਂਟਾਗਨ ਨੂੰ "ਅੱਤਵਾਦੀ ਤਾਕਤ" ਐਲਾਨ ਦਿੱਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।