ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਅਮਰੀਕਾ ਵਿੱਚ ਮੋਦੀ ਨੂੰ ਘੇਰਣ ਦੀਆਂ ਤਿਆਰੀਆਂ

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਅਮਰੀਕਾ ਵਿੱਚ ਮੋਦੀ ਨੂੰ ਘੇਰਣ ਦੀਆਂ ਤਿਆਰੀਆਂ
ਟਰੱਕ ਰੈਲੀ ਮੌਕੇ ਲਈ ਗਈ ਤਸਵੀਰ

ਹੋਸਟਨ: ਅਮਰੀਕਾ ਦੇ ਸ਼ਹਿਰ ਹੋਸਟਨ ਵਿੱਚ 22 ਸਤੰਬਰ ਨੂੰ ਜਦੋਂ ਨਸਲਕੁਸ਼ੀ ਅਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਗੰਭੀਰ ਦੋਸ਼ਾਂ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ ਤਾਂ ਇਸ ਮੌਕੇ ਭਾਰਤ ਵੱਲੋਂ ਘੱਟਗਿਣਤੀਆਂ ਖਾਸ ਕਰਕੇ ਕਸ਼ਮੀਰੀਆਂ, ਸਿੱਖਾਂ ਅਤੇ ਹੋਰ ਮੁਸਲਮਾਨਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਸੱਚ ਦੁਨੀਆਂ ਸਾਹਮਣੇ ਲਿਆਉਣ ਲਈ ਇਹਨਾਂ ਭਾਈਚਾਰਿਆਂ ਨਾਲ ਸਬੰਧਿਤ ਹਜ਼ਾਰਾਂ ਲੋਕ ਮੋਦੀ ਦੇ ਸਮਾਗਮ ਵਾਲੀ ਥਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਤਰ ਹੋਣਗੇ।

ਹੋਸਟਨ ਦੇ ਸਿੱਖ ਅਤੇ ਕਸ਼ਮੀਰੀ ਮੁਸਲਮਾਨਾਂ ਨੇ ਭਾਰਤ ਦੇ ਜ਼ੁਲਮਾਂ ਖਿਲਾਫ ਇੱਕ ਹੋ ਕੇ ਅਵਾਜ਼ ਚੁੱਕਣ ਦਾ ਫੈਂਸਲਾ ਕੀਤਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀਆਂ ਤਿਆਰੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿ ਇਸ ਦੀ ਬਕਾਇਦਾ ਪਹਿਲਾਂ ਸ਼ਨੀਵਾਰ ਨੂੰ ਰਿਹਰਸਲ ਕੀਤੀ ਗਈ ਜਿਸ ਵਿਚ ਟਰੈਕਟਰ-ਟਰਾਲੀਆਂ ਅਤੇ ਟਰੱਕਾਂ 'ਤੇ ਵੱਡ ਅਕਾਰੀ ਸੁਨੇਹੇ ਬੋਰਡ ਅਤੇ ਝੰਡੇ ਲਾ ਕੇ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ ਤੋਂ ਐਨਆਰਜੀ ਸੈਂਟਰ ਤੱਕ ਮਾਰਚ ਕੀਤਾ ਗਿਆ ਜਿੱਥੇ "ਹਾਊਡੀ, ਮੋਦੀ' ਪ੍ਰੋਗਰਾਮ 22 ਸਤੰਬਰ ਨੂੰ ਹੋਣਾ ਹੈ।

ਇਸ ਪ੍ਰੋਗਰਾਮ ਤੋਂ ਬਾਅਦ ਮੋਦੀ ਨੇ ਨਿਊਯਾਰਕ ਜਾਣਾ ਹੈ ਜਿੱਥੇ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ। ਪਰ ਸਿੱਖਾਂ, ਕਸ਼ਮੀਰੀਆਂ ਅਤੇ ਤਾਮਿਲਾਂ ਵੱਲੋਂ ਉੱਥੇ ਵੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰਕੇ ਤਿਆਰੀਆਂ ਕੀਤੀਆਂ ਗਈਆਂ ਹਨ। 

ਸਿੱਖ ਨੈਸ਼ਨਲ ਸੈਂਟਰ ਦੇ ਚੇਅਰਮੈਨ ਹਰਦਮ ਸਿੰਘ ਅਜ਼ਾਦ ਨੇ ਕਿਹਾ, "ਸਾਡੀ ਇਹ ਪ੍ਰਦਰਸ਼ਨ ਆਪਣੀਆਂ ਕੌਮਾਂ ਦੀ ਅਜ਼ਾਦੀ ਲਈ ਹੈ। ਕਿਰਪਾ ਕਰਕੇ ਸਾਨੂੰ ਸਾਡੇ ਹੱਕ ਦੇ ਦਵੋ।"

ਫਰੈਂਡਸ ਆਫ ਕਸ਼ਮੀਰ ਇੰਟਰਨੈਸ਼ਨਲ ਦੀ ਚੇਅਰਵੁਮੈਨ ਘਜ਼ਾਲਾ ਹਬੀਬ ਨੇ ਕਿਹਾ ਕਿ ਮੋਦੀ ਕਸ਼ਮੀਰੀਆਂ ਦਾ ਮੁਕੰਮਲ ਕਤਲੇਆਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਭਾਰਤ ਵਿੱਚ ਸਿਰਫ ਹਿੰਦੂ ਲੋਕ ਰਹਿਣਗੇ।"