ਦਰਬਾਰ ਸਾਹਿਬ ਦੇ ਹਮਲੇ ਦੀ ਮੁਖ ਦੋਸ਼ੀ ਇੰਦਰਾਂ ਗਾਂਧੀ : ਭਾਈ ਭਿਉਰਾ

ਦਰਬਾਰ ਸਾਹਿਬ ਦੇ ਹਮਲੇ ਦੀ ਮੁਖ ਦੋਸ਼ੀ ਇੰਦਰਾਂ ਗਾਂਧੀ : ਭਾਈ ਭਿਉਰਾ

ਸਿੱਖ ਆਪਣੇ ਤੇ ਹੋਏ ਜੁਲਮ ਨੂੰ ਭੁੱਲੇ ਨਹੀਂ: ਭਾਈ ਤਾਰਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ): ਬੇਅੰਤ ਸਿੰਘ ਕਤਲ ਕਾਂਡ ਵਿਚ ਨਾਮਜਦ ਚੋਟੀ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੇ ਵਸੀਲੀਆਂ ਰਾਹੀਂ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਦਰਬਾਰ ਸਾਹਿਬ ਦੇ ਹਮਲੇ ਦਾ ਮੁਖ ਦੋਸ਼ ਇੰਦਰਾਂ ਗਾਂਧੀ ਦੇ ਸਿਰ ਜਾਂਦਾ ਹੈ ਜੋ ਕਿ ਇੱਕ ਪਾਸੇ ਤਾਂ ਦੁਨੀਆਂ ਨੂੰ ਇਹ ਯਕੀਨ ਦੇ ਰਹੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੇਗੀ ਅਤੇ ਦੂਜੇ ਪਾਸੇ ਦੂਨ ਵੈਲੀ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜੀ ਮਸ਼ਕਾਂ ਵੀ ਕਰਵਾ ਰਹੀ ਸੀ ਅਤੇ ਜਨਰਲ ਸਿਨਹਾ ਅਤੇ ਹੋਰ ਕਈ ਜ਼ਿੰਮੇਵਾਰ ਸ਼ਖਸੀਅਤਾਂ ਅਨੁਸਾਰ ਇਹ ਸਭ ਕੁਝ ਹਮਲੇ ਤੋਂ ਡੇੜ ਸਾਲ ਪਹਿਲਾ ਹੀ ਹੋ ਰਿਹਾ ਸੀ । ਦਰਬਾਰ ਸਾਹਿਬ ਦੇ ਹਮਲੇ ਦਾ ਦੋਸ਼ ਅਕਾਲੀਆਂ ਸਿਰ ਤੇ ਵੀ ਜਾਂਦਾ ਹੈ ਜਿਹਨਾਂ ਨੇ ਕਿ ਉਹਨਾਂ ਨਾਜ਼ੁਕ ਦਿਨਾਂ ਵਿਚ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰਾਂ ਨਹੀਂ ਨਿਭਾਇਆ । ਇਸੇ ਤਰ੍ਹਾਂ ਦਿੱਲੀ ਵਿੱਖੇ ਹੋਏ ਸਿੱਖ ਕਤਲੇਆਮ ਦਾ ਸੇਹਰਾ ਰਾਜੀਵ ਗਾਂਧੀ ਦੇ ਸਿਰ ਤੇ ਜਾਦਾਂ ਹੈ ਜਿਸ ਨੇ ਇਹ ਕਹਿ ਕੇ ਰੋਹ ਭੜਕਾਇਆ ਸੀ ਕਿ "ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੀ ਹੈ" । ਇਨ੍ਹਾਂ ਸਾਰੇਆਂ ਨੇ ਮਿਲ ਕੇ ਜੋ ਜ਼ਖਮ ਸਿੱਖ ਕੌਮ ਨੂੰ ਦਿੱਤੇ ਹਨ ਉਹ ਕਦੇ ਵੀ ਭੁਲਾਏ ਨਹੀ ਜਾ ਸਕਦੇ ਹਨ ਤੇ ਅੰਤ ਵਿਚ ਮੈਂ ਇਹੋ ਕਹਾਗਾਂ ਕਿ :

ਤੋਪਾਂ ਅਤੇ ਟੈੰਕ ਨਾਲ ਉਡਾ ਕੇ ਸਾਡੇ ਮਾਣ ਨੂੰ ,

ਦਿੱਲੀਏ ਤੂੰ ਪਰਖ ਰਹੀਂ ਏਂ ਸਾਡੇ ਤਾਣ ਨੂੰ ,

ਨਿਸ਼ਚੇ ਦੀ ਜੀਤ ਸਾਡੀ ਤੇਰੇ ਤੋਂ ਨਾਂ ਹਾਰਾਂਗੇ,

ਅਕਾਲ ਤਖਤ ਉੱਤੋਂ ਸਦਾਂ ਲਲਕਾਰਾਂਗੇ ।

ਦੁਨੀਆਂ 'ਚ ਦੇਖ ਸਾਡੇ ਝੂਲਦੇ ਨਿਸ਼ਾਨ ਨੇ, 

ਮੋਹ ਲਿਆ ਦੁਨੀਆਂ ਨੂੰ ਖਾਲਸੇ ਦੀ ਸ਼ਾਨ ਨੇ,

ਚਿਹਰੇ ਉਤੋਂ ਤੇਰਿਓਂ ਨਕਾਬ ਨੂੰ ਉਤਾਰਾਂਗੇ,

ਅਕਾਲ ਤਖਤ ਉੱਤੋਂ ਸਦਾਂ ਲਲਕਾਰਾਂਗੇ ।

ਭਾਈ ਤਾਰਾ ਨੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਦਮਦਮੀ ਟਕਸਾਲ ਮਹਿਤਾ ਤੇ ਮੁੱਖੀ ਭਾਈ ਹਰਨਾਮ ਸਿੰਘ ਧੁੰਮਾ ਨੂੰ ਅਪੀਲ ਕੀਤੀ ਕਿ ਹਿੰਦ ਹਕੂਮਤ ਵਲੋਂ ਕੀਤੇ 1984 ਦੇ ਘੱਲੂਘਾਰਾ ਦੀ ਯਾਦ 6 ਜੂਨ ਨੂੰ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇੱਕਮੁੱਠ ਹੋ ਕੇ ਮਨਾਈ ਜਾਏ । ਉਹਨਾਂ ਕਿਹਾ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਰੀ ਇਕੱਠ ਦਿੱਲੀ ਦੀ ਹਕੂਮਤ ਨੂੰ ਮਹਿਸੂਸ ਕਰਾ ਸਕਦਾ ਹੈ  ਕਿ “ਸਿੱਖ ਆਪਣੇ ਤੇ ਹੋਏ ਜੁਲਮ ਨੂੰ ਭੁੱਲੇ ਨਹੀਂ” । ਉਹਨਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੀ ਲਗਾਤਾਰ ਇਹ ਨੀਤੀ ਹੈ ਕਿ ਸਿੱਖ ਕੌਮ 6 ਜੂਨ 1984 ਨੂੰ ਭੁੱਲ ਜਾਵੇ ਤੇ ਘੱਲੂਘਾਰਾ ਦਿਵਸ ਮਨਾਉਣ ਲਈ ਸਿੱਖ ਕੌਮ ਸ਼੍ਰੀ ਅਕਾਲ ਤਖਤ ਉੱਪਰ ਇੱਕਠਾ ਨਾ ਹੋਵੇ ।

ਅੰਤ ਵਿਚ ਸਮੂਹ ਬੰਦੀ ਸਿੰਘਾਂ ਨੇ 1 ਜੂਨ ਤੋ ਲੈ ਕੇ 6 ਜੂਨ ਤਕ ਵਾਪਰੇ ਘੱਲੂਘਾਰੇ ਵਿਚ ਸ਼ਹੀਦ ਹੋਏ ਸਿੰਘ, ਸਿੰਘਣੀਆਂ, ਭੁਜੰਗੀਆਂ, ਬਜ਼ੁਰਗਾਂ ਦੀ ਸ਼ਹਾਦਤਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਸਮੂਹ ਪੰਥ ਨੂੰ ਇਨ੍ਹਾਂ ਦੇ ਪੁਰਨਿਆਂ ਤੇ ਚਲਣ ਦੀ ਅਪੀਲ ਕੀਤੀ ।