ਸਿੱਖ ਨੌਜਵਾਨਾਂ ਨੂੰ ਸਜ਼ਾ ਖ਼ਿਲਾਫ਼ ਕੈਨੇਡਾ ਵਿਚ ਰੋਸ ਵਿਖਾਵਾ

ਸਿੱਖ ਨੌਜਵਾਨਾਂ ਨੂੰ ਸਜ਼ਾ ਖ਼ਿਲਾਫ਼ ਕੈਨੇਡਾ ਵਿਚ ਰੋਸ ਵਿਖਾਵਾ

ਵੈਨਕੂਵਰ/ਏਟੀ ਨਿਊਜ਼ :
ਇੰਡੀਅਨਜ਼ ਐਬਰੌਡ ਫੌਰ ਪਲੂਰਲਿਸਟ (ਆਈਏਪੀਆਈ) ਨੇ ਪੰਜਾਬ ਵਿਚ ਤਿੰਨ ਸਿੱਖ ਕਾਰਕੁਨਾਂ ਨੂੰ ਮਹਿਜ਼ ਸਾਹਿਤ ਰੱਖਣ ਦੇ ਜੁਰਮ ਵਿਚ ਸਜ਼ਾ ਸੁਣਾਉਣ ਖ਼ਿਲਾਫ਼ ਇੱਥੇ ਰੋਸ ਵਿਖਾਵਾ ਕੀਤਾ ਅਤੇ ਕਿਹਾ ਕਿ ਘੱਟ ਗਿਣਤੀਆਂ ਨੂੰ 'ਦੇਸ਼ਧ੍ਰੋਹੀ' ਕਰਾਰ ਦੇ ਕੇ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਨਵਾਂਸ਼ਹਿਰ ਦੀ ਅਦਾਲਤ ਨੇ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਨੁੱਖੀ ਹੱਕਾਂ ਨਾਲ ਜੁੜੀਆਂ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਤਿੰਨਾਂ ਨੌਜਵਾਨਾਂ ਅਤੇ ਹੋਰ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਰੈਲੀ ਨੂੰ ਸਰੀ (ਸੈਂਟਰ) ਤੋਂ ਲਿਬਰਲ ਐੱਮਪੀ ਰਣਦੀਪ ਸਿੰਘ ਸਰਾਏ, ਸਰੀ ਨਿਊਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ, 'ਸਿੱਖ ਨੇਸ਼ਨ' ਦੇ ਬਰਜਿੰਦਰ ਸਿੰਘ, ਗੁਰੂ ਨਾਨਕ ਸਿੱਖ ਟੈਂਪਲ ਤੋਂ ਗੁਰਮੀਤ ਸਿੰਘ, ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਗਿਆਨ ਸਿੰਘ ਗਿੱਲ ਤੇ ਗੁਰਮੁਖ ਸਿੰਘ ਦਿਓਲ, ਖੱਬੇਪੱਖੀ ਕਾਰਕੁਨ ਅੰਮ੍ਰਿਤ ਦੀਵਾਨਾ ਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਤੋਂ ਸਾਹਿਬ ਥਿੰਦ ਅਤੇ ਆਈਏਪੀਆਈ ਮੈਂਬਰਾਂ ਰਾਕੇਸ਼ ਕੁਮਾਰ, ਸਰਬਜੀਤ ਸਿੰਘ ਬਾਜ਼ ਤੇ ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਰੈਲੀ ਦੌਰਾਨ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਨੇ ਵੀ ਸ਼ਿਰਕਤ ਕੀਤੀ। ਬੁਲਾਰਿਆਂ ਦਾ ਆਖਣਾ ਸੀ ਕਿ ਭਾਰਤੀ ਸਟੇਟ ਲਗਾਤਾਰ ਅਸਹਿਣਸ਼ੀਲ ਹੋ ਰਿਹਾ ਹੈ ਅਤੇ ਵੱਖ ਵੱਖ ਭਾਈਚਾਰਿਆਂ ਦੀ ਜ਼ੁਬਾਨਬੰਦੀ ਕਰ ਰਿਹਾ ਹੈ।