ਪਾਕਿਸਤਾਨੀ ਔਰਤ ਵਲੋਂ ਪਟੀਸ਼ਨ ਪਾਉਣ ਮਗਰੋਂ ਸਮਝੌਤਾ ਐਕਸਪ੍ਰੈਸ ਧਮਾਕੇ ਦਾ ਫੈਂਸਲਾ ਰਾਖਵਾਂ ਰੱਖਿਆ

ਪਾਕਿਸਤਾਨੀ ਔਰਤ ਵਲੋਂ ਪਟੀਸ਼ਨ ਪਾਉਣ ਮਗਰੋਂ ਸਮਝੌਤਾ ਐਕਸਪ੍ਰੈਸ ਧਮਾਕੇ ਦਾ ਫੈਂਸਲਾ ਰਾਖਵਾਂ ਰੱਖਿਆ

ਪੰਚਕੁਲਾ: ਸਮਝੌਤਾ ਐਕਸਪ੍ਰੈਸ ਬੰਬ ਧਮਾਕਾ ਮਾਮਲੇ ਸਬੰਧੀ ਐਨਆਈਏ (ਕੌਮੀ ਜਾਂਚ ਏਜੰਸੀ) ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਕਲ੍ਹ ਸੁਣਾਏ ਜਾਣ ਵਾਲੇ ਫੈਸਲੇ ਨੂੰ ਅੱਗੇ ਪਾਉਂਦਿਆਂ ਕੇਸ ਦੀ ਅਗਲੀ ਸੁਣਵਾਈ 14 ਮਾਰਚ ਨੂੰ ਨਿਯਤ ਕੀਤੀ ਹੈ।

ਐਨਆਈਏ ਅਦਾਲਤ ਨੇ ਫੈਸਲੇ ਨੂੰ ਅੱਗੇ ਪਾਉਣ ਦਾ ਫੈਸਲਾ ਇਕ ਪਾਕਿਸਤਾਨੀ ਔਰਤ ਵੱਲੋਂ ਦਾਇਰ ਪਟੀਸ਼ਨ ਮਗਰੋਂ ਲਿਆ ਹੈ। ਪਟੀਸ਼ਨ ਵਿੱਚ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਕੇਸ ਨਾਲ ਸਬੰਧਤ ਕੁਝ ਢੁੱਕਵੇਂ ਸਬੂਤ ਮੌਜੂਦ ਹਨ। ਐਨਆਈਏ ਦੇ ਵਕੀਲ ਰੰਜਨ ਮਲਹੋਤਰਾ ਨੇ ਕਿਹਾ ਕਿ ਰਾਹਿਲਾ ਵਕੀਲ ਨਾਮੀਂ ਪਾਕਿਸਤਾਨ ਦੇ ਪੰਜਾਬ ਸੂਬੇ ਨਾਲ ਸਬੰਧਿਤ ਔਰਤ ਨੇ ਪਟੀਸ਼ਨ ਆਪਣੇ ਵਕੀਲ ਰਾਹੀਂ ਦਾਖ਼ਲ ਕੀਤੀ ਹੈ। ਯਾਦ ਰਹੇ ਕਿ ਇਸ ਕੇਸ ਵਿੱਚ ਆਖਰੀ ਜਿਰ੍ਹਾ 6 ਮਾਰਚ ਨੂੰ ਪੂਰੀ ਹੋ ਗਈ ਸੀ, ਤੇ ਅੱਜ 11 ਮਾਰਚ ਨੂੰ ਫੈਸਲਾ ਸੁਣਾਇਆ ਜਾਣਾ ਸੀ। 

ਵਿਸ਼ੇਸ਼ ਐਨਆਈਏ ਜੱਜ ਜਗਦੀਪ ਸਿੰਘ ਨੇ ਸੱਜਰੀ ਪਟੀਸ਼ਨ ਦਾਇਰ ਹੋਣ ਮਗਰੋਂ ਕੇਸ ਦੀ ਅਗਲੀ ਸੁਣਵਾਈ 14 ਮਾਰਚ ਲਈ ਨਿਰਧਾਰਿਤ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ 18 ਫਰਵਰੀ 2007 ਨੂੰ ਪਾਣੀਪਤ ਨੇੜੇ ਸਮਝੌਤਾ ਐਕਸਪ੍ਰੈੱਸ ਦੋ ਕੋਚਾਂ ਵਿੱਚ ਹੋਏ ਧਮਾਕਿਆਂ ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ। ਮੌਤਾਂ ਧਮਾਕੇ ਮਗਰੋਂ ਰੇਲ ਡੱਬਿਆਂ ਨੂੰ ਲੱਗੀ ਅੱਗ ਵਿੱਚ ਝੁਲਸਣ ਕਾਰਨ ਹੋਈਆਂ ਸਨ। ਮਰਨ ਵਾਲਿਆਂ ਵਿੱਚ ਵੱਡੀ ਗਿਣਤੀ 'ਚ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਸਮਝੌਤਾ ਐਕਸਪ੍ਰੈੱਸ ਜਿਸ ਨੂੰ ਅਟਾਰੀ ਐਕਸਪ੍ਰੈੱਸ ਵੀ ਕਿਹਾ ਜਾਂਦਾ ਹੈ, ਹਫ਼ਤੇ ਵਿੱਚ ਦੋ-ਦੋ ਦਿਨ (ਬੁੱਧਵਾਰ ਤੇ ਐਤਵਾਰ) ਦਿੱਲੀ ਤੋਂ ਅਟਾਰੀ ਤੇ ਅੱਗੇ ਪਾਕਿਸਤਾਨ ਤਕ ਜਾਂਦੀ ਹੈ। 

ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਹਿੰਦੁਤਵੀ ਜਥੇਬੰਦੀਆਂ ਨਾਲ ਸਬੰਧਿਤ ਅੱਠ ਜਣਿਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ, ਇਨ੍ਹਾਂ ਵਿੱਚ ਨਾਭਾ ਕੁਮਾਰ ਸਰਕਾਰ ਉਰਫ਼ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਹੀ ਅਦਾਲਤ ਵਿੱਚ ਪੇਸ਼ ਹੋਏ ਜਦੋਂਕਿ ਸੁਨੀਲ ਜੋਸ਼ੀ, ਜੋ ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ, ਦੀ ਦਸੰਬਰ 2007 ਵਿੱਚ ਮੌਤ ਹੋ ਗਈ ਸੀ। ਤਿੰਨ ਹੋਰ ਮੁਲਜ਼ਮਾਂ ਰਾਮਚੰਦਰ ਕਲਸਾਂਗਰਾ, ਸੰਦੀਪ ਡਾਂਗੇ ਤੇ ਅਮਿਤ ਅਜੇ ਵੀ ਫਰਾਰ ਹਨ, ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ