ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਵਿਚੋਂ  20 ਨਵੰਬਰ ਨੂੰ ਹੋਈ ਗ੍ਰਿਫ਼ਤਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
  ਸਿੱਧੂ ਮੂਸੇਵਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਕਤਲਕਾਂਡ ਦੀ ਜਿਮੇਵਾਰੀ ਗੋਲਡੀ ਬਰਾੜ ਨੇ ਲਈ ਸੀ। ਜਿਸ ਨੂੰ ਕੈਲੀਫੋਰਨੀਆ ਵਿਚ ਗ੍ਰਿਫ਼ਤਾਰ ਕੀਤਾ ਗਿਆ । ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ 20 ਨਵੰਬਰ ਨੂੰ ਹੋ ਗਈ ਸੀ, ਤੇ ਇਸ ਦੀ ਪੁਖ਼ਤਾ ਜਾਣਕਾਰੀ  ਪਤਰਕਾਰਾਂ ਨੂੰ 25 ਨਵੰਬਰ ਨੂੰ ਹੋ ਗਈ ਸੀ ਪਰ ਉੱਚ ਅਧਿਕਾਰੀਆਂ ਵਲੋਂ ਇਸ ਖ਼ਬਰ   ਨੂੰ ਜਨਤਕ ਕਰਨ ਤੋਂ ਰੋਕਿਆ ਗਿਆ ਸੀ। ਕਿਉਂਕਿ ਜੇਕਰ ਇਹ ਖ਼ਬਰ ਪਹਿਲਾਂ ਹੀ ਜਨਤਕ ਹੋ ਜਾਂਦੀ ਤਾਂ ਹੋ ਸਕਦਾ ਸੀ ਜਾਂਚ ਏਜੰਸੀਆਂ ਲਈ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ। ਇਸ ਲਈ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਇਸ ਖ਼ਬਰ ਨੂੰ ਜਨਤਕ ਕੀਤਾ ਗਿਆ।

ਕੈਲੀਫੋਰਨੀਆ ਕੀ ਫ੍ਰੇਸਨੋ ਸਿਟੀ ਵਿਚ ਰਹਿ ਰਿਹਾ ਸੀ ਗੋਲਡੀ ਬਰਾੜ

ਵੱਖ ਵੱਖ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਗੋਲਡੀ ਬਰਾੜ, ਜਿਸ ਨੂੰ ਮੂਸੇ ਵਾਲਾ ਦੇ ਦਿਨ-ਦਿਹਾੜੇ ਕਤਲੇਆਮ ਦਾ ਮਾਸਟਰਮਾਈਂਡ ਦੱਸਿਆ ਗਿਆ ਸੀ। ਇਹ ਵੀ ਪਤਾ ਲੱਗਦਾ ਹੈ ਕਿ ਗੋਲਡੀ ਬਰਾੜ ਦੀ ਠਹਿਰ ਕੈਲੀਫੋਰਨੀਆਂ ਚ ਪੈਂਦੇ ਸ਼ਹਿਰ ਫਰਿਜਨੋ, ਸਾਲ ਲੇਕ ਸਿਟੀ ਤੇ ਸੈਨ ਫਰਾਂਸਿਸਕੋ ਸੀ, ਨੂੰ ਪਿਛਲੇ ਹਫਤੇ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੀ ਪੁਲਿਸ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਇਲਾਵਾ  ਜਾਣਕਾਰੀ ਮਿਲੀ ਹੈ ਕਿ ਇਹ ਅਪ੍ਰੈਸ਼ਨ ਭਾਰਤ ਸਰਕਾਰ ਦੀ ਖੂਫੀਆ ਏਜੰਸੀ “ਰਾਅ” ਵਲੋਂ ਚਲਾਇਆ ਗਿਆ ਤੇ ਬਾਅਦ ਚ ਅਮਰੀਕਨ ਏਜੰਸੀਆਂ ਦੀ ਮੱਦਦ ਨਾਲ ਫੜਿਆ ਗਿਆ। ਮਾਸਟਰਮਾਂਈਡ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਉਰਫ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜੋ 2017 ਵਿੱਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਤੇ ਘਟਨਾਂ ਤੋਂ ਬਾਅਦ ਕਾਫੀ ਚਰਚਾ ਸੀ ਕਿ ਗੋਲਡੀ ਬਰਾੜ ਕਨੇਡਾ ਚ ਹੈ ਉਸਤੋਂ ਬਾਅਦ ਉਸਨੇ ਗਿਰਫਤਾਰੀ ਤੇ ਭਾਰਤ ਦੀ ਹਵਾਲਗੀ ਦੇ ਡਰ ਤੋਂ ਉਸਨੇ ਚੁਤਰਾਈ ਵਰਤਦਿਆਂ ਤੇ ਸੁਰੱਖਿਅਤ ਜਗ੍ਹਾ ਲੱਭਣ ਲਈ ਉਹ ਕਨੇਡਾ ਅਮਰੀਕਾ ਦਾ ਬਾਰਡਰ ਲੰਘ ਕੇ ਅਮਰੀਕਾ ਆ ਗਿਆ ਅਮਰੀਕਾ ਚ ਰਹਿਣ ਦੇ ਕਈ ਟਿਕਾਣੇ ਰੱਖੇ ਜਿਨਾਂ ਚ ਕੈਲੀਫੋਰਨੀਆ ਚ ਫਰਿਜਨੋ, ਸੈਕਰਾਮੈਂਟੋ, ਤੇ ਸੈਨ ਫਰਾਂਸਿਸਕੋ ਤੇ ਸਾਲਟ ਲੇਕ ਸਿਟੀ। ਇਸਦੀ ਸੂਹ ਪਹਿਲਾਂ ਹੀ ਭਾਰਤੀ ਖੂਫੀਆਂ ਏਜੰਸੀਆਂ ਨੂੰ ਲੱਗ ਚੁੱਕੀ ਸੀ ਤੇ ਕਈ ਹਫਤਿਆਂ ਤੋਂ ਏਜੰਸੀਆਂ ਉਸਦੀ ਪੈੜ ਨੱਪ ਰਹੀਆਂ ਸਨ ਤੇ ਇਥੋ ਹੀ ਉਸਨੂੰ ਹਿਰਾਸਤ ਵਿੱਚ ਲਿਆ ਗਿਆ। ਇਕ ਵੇਰਵੇ ਮੁਤਾਬਕ ਸੈਨ ਫਰਾਂਸਿਸਕੋ ਚ ਇੱਕ ਰੇਸਟੋਰੈਂਟ ਵਿੱਚ ਵੀ ਕਿਸੇ ਵਿਆਕਤੀ ਨੇ ਉਸਨੂੰ ਖਾਣਾ ਖਾਂਦੇ ਨੂੰ ਦੇਖਿਆ ਪਰ ਉਸਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਕਿ ਇਹ ਗੋਲਡੀ ਬਰਾੜ ਹੈ ਤੇ ਅੱਜ ਫੋਟੋ ਦੇਖ ਕੇ ਉਸਨੂੰ ਪਤਾ ਲੱਗਾ। ਗੋਲਡੀ ਬਰਾੜ ਕਿਹੜੀ ਜੇਲ੍ਹ ਚ ਤੇ ਉਸਨੂੰ ਕਿਹੜੇ ਸ਼ਹਿਰ ਚ ਰੱਖਿਆ ਗਿਆ ਹੈ ਵਾਰੇ ਪੁਲੀਸ ਕੋਲੋਂ ਕੋਈ ਜਾਣਕਾਰੀ ਨਹੀਂ ਮਿਲੀ। ਹਾਲ ਹੀ ਵਿੱਚ ਸਿੱਧੂ ਮੂਸੇ ਵਾਲੇ ਦਾ ਗੀਤ ‘ਲੇਵਲਜ਼’ ਕੈਨੇਡਾ ਵਿੱਚ ਇਸ ਸਾਲ ਦੇ ਟਾਪ 10 ਗੀਤਾਂ ਵਿੱਚ ਸ਼ਾਮਲ ਹੋਇਆ ਹੈ। ਵਰਨਣਯੋਗ ਹੈ ਕਿ ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ। ਬਰਾੜ ਪਿਛਲੇ ਮਹੀਨੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਦੇ ਕਤਲ ਦਾ ਵੀ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾ ਰਿਹਾ ਹੈ।

ਸਿੱਧੂ  ਮੂਸੇਵਾਲਾ ਦੇ ਪਿਤਾ ਨੇ ਕੀਤਾ ਧੰਨਵਾਦ

ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਸਿੱਧ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, ਉਹ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਇਹ ਗੋਲੀ ਬਰਾੜ ਦੀ ਗਿਰਫਤਾਰੀ ਦੀ ਗੱਲ ਸੱਚੀ ਹੋਂਵੇ। ਉਹ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਗੋਲਡੀ ਬਰਾੜ ਤੋਂ ਪੁੱਛਤਾਛ ਦੇ ਬਾਅਦ ਲੌਰੇਂਸ ਦਾ ਨਾਰਕੋ ਟੈਸਟ ਕਰਵਾਇਆ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ।  ਉਸ ਨੇ ਕਿਹਾ ਕਿ ਉਹ ਕੇਂਦਰ ਏਜੇਂਸੀਆਂ ਲਈ ਹਰ ਸਮੇਂ ਤਿਆਰ ਹਨ। ਜਿੱਥੇ ਵੀ ਉਨ੍ਹਾਂ ਦੀ ਲੋੜ ਹੋਵੇਗੀ, ਉਹ ਪਹੁੰਚਣਗੇ।  ਉਹਨਾਂ ਕਿਹਾ ਕਿ ਉਹ ਆਪਣੇ ਸਭ ਕੁਝ ਵੇਚਣ ਲਈ ਤਿਆਰ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਬੇਸ਼ਕ ਸਾਰਾ ਸਮਾਂ ਲੰਗ ਜਾਵੇ ਪਰ ਉਨ੍ਹਾਂ ਦੇ ਬੇਟੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।