ਅੰਤਰ-ਧਰਮ ‘ਸੰਵਾਦ’ ਦੀ ਸ੍ਰੇਸ਼ਟ ਵੰਨਗੀ ਹੈ ਸਿੱਧ ਗੋਸ਼ਟਿ

ਅੰਤਰ-ਧਰਮ ‘ਸੰਵਾਦ’ ਦੀ ਸ੍ਰੇਸ਼ਟ ਵੰਨਗੀ ਹੈ ਸਿੱਧ ਗੋਸ਼ਟਿ

ਗੁਰਤੇਜ ਸਿੰਘ ਠੀਕਰੀਵਾਲਾ (ਡਾ.)

‘ਸੰਵਾਦ’ ਇਕ ਸਾਹਿਤਕ ਅਤੇ ਮੰਚ ਸਬੰਧੀ ਉਤਪੰਨ ਸ਼ਬਦ-ਰੂਪ ਹੈ, ਜਿਸ ਦਾ ਅਰਥ ਹੈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿਚਕਾਰ ਵਿਚਾਰਾਂ ਦਾ ਲਿਖਤੀ ਜਾਂ ਬੋਲਚਾਲੀ ਵਟਾਂਦਰਾ। ਇਸ ਨੂੰ ਸਾਂਝੀ ਜਾਣਕਾਰੀ ਦਾ ਸ੍ਰੋਤ ਕਿਹਾ ਜਾ ਸਕਦਾ ਹੈ ਅਤੇ ਇਹ ਕਲਾ ਹੈ ਨਿਰੰਤਰ ਚਿੰਤਨ ਦੀ। ਇਹ ਵਿਖਿਆਨ ਸ਼ਾਸਤਰ, ਸਾਹਿਤ ਸ਼ਾਸਤਰ ਦਾ ਇਕ ਤੱਤ ਵੀ ਮੰਨਿਆ ਗਿਆ ਹੈ। ‘ਸੰਵਾਦ’ ਕਿਸੇ ਵੀ ਸਮੇਂ ਵਿੱਚ ਹੋਇਆ, ਸਾਡੇ ਲਈ ਉਸ ਸਮੇਂ ਦੇ ਚਿੰਤਨ ਦੀ ਕਲਾ ਦੇ ਨਮੂਨੇ ਵਜੋਂ ਵੀ ਮਹੱਤਵਪੂਰਨ ਹੈ ਅਤੇ ਉਸ ਵੇਲੇ ਦੀ ਇਤਿਹਾਸਕ ਜਾਣਕਾਰੀ ਉਪਲਬਧ ਕਰਾਉਣ ਲਈ ਇਕ ਸ੍ਰੋਤ ਵੀ ਬਣ ਜਾਂਦਾ ਹੈ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਵਿਭਿੰਨ ਧਰਮਾਂ, ਦੇਸ਼ਾਂ, ਸੱਭਿਆਚਾਰਾਂ ਅਤੇ ਮਨੁੱਖਾਂ ਵਿਚਕਾਰ ਸਾਂਝ ਬਣਾਉਣ ਤੇ ਸੁਖਾਵੇਂ ਸਬੰਧ ਪੈਦਾ ਕਰਨ ਲਈ ‘ਸੰਵਾਦ’ ਰਚਾਉਣਾ ਇਕ ਬਿਹਤਰੀਨ ਜੁਗਤ ਹੈ। ਅੰਤਰ-ਧਰਮ ਸੰਵਾਦ, ਅੰਤਰ-ਰਾਸ਼ਟਰ ਸੰਵਾਦ, ਅੰਤਰ-ਰਾਜ ਸੰਵਾਦ, ਅੰਤਰ-ਸੱਭਿਆਚਾਰ ਸੰਵਾਦ ਪਦ ਅਜਿਹੇ ਸਬੰਧਾਂ ਦੇ ਲਖਾਇਕ ਹਨ।

ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ 1072-73 ਪੰਨਿਆਂ ’ਤੇ ਆਤਮਾ (ਪਿਰ) ਤੇ ਸਰੀਰ (ਧਨ) ਦਾ ਪਰਾ-ਮਨੋਵਿਗਿਆਨਕ ਸੰਵਾਦ ਅੰਕਿਤ ਹੈ। ਜਿਸ ਵਿੱਚ ਕਰਮਾਂ ਦੇ ਸੰਜੋਗਾਂ ਨਾਲ ਪਿਰ ਤੇ ਧਨ ਦੀ ਇਕੱਤਰਤਾ (ਮਨੁੱਖੀ ਜ਼ਿੰਦਗੀ) ਦੀ ਪ੍ਰਾਪਤੀ ਅਤੇ ਅਖੀਰ ਧਨ ਦੇ ਤਰਲੇ ਪਾਉਣ ’ਤੇ ਵੀ ਪਿਰ ਦੁਆਰਾ ਅਟੱਲ ਰੱਬੀ ਹੁਕਮ ਵਿੱਚ ਧਨ ਨੂੰ ਛੱਡ ਕੇ (ਮੌਤ ਸਮੇਂ) ਜਾਣ ਬਾਰੇ ਕਹਿਣ ਦਾ ਰਹੱਸਵਾਦੀ ਵਾਰਤਾਲਾਪ ਹੈ।

ਗੁਰੂ ਨਾਨਕ ਦੇਵ ਦੁਆਰਾ ਰਚਿਤ ‘ਸਿੱਧ ਗੋਸ਼ਟਿ’ ਬਾਣੀ ਅੰਤਰ-ਧਰਮ ‘ਸੰਵਾਦ’ ਦੀ ਇਕ ਪ੍ਰਤੀਨਿਧ ਰਚਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ, ਪੰਨਾ 938 ਤੋਂ 946 ਤਕ ਅੰਕਿਤ ਇਹ ਬਾਣੀ ਬਾਹਰੀ ਸੰਵਾਦ ਦੀ ਇਕੋ-ਇਕ ਵੰਨਗੀ ਹੈ। ਬਾਣੀ ਦੀ ਰਚਨਾ ਤੋਂ ਸਿੱਧ ਹੈ ਕਿ ਗੁਰੂ ਨਾਨਕ ਦੇਵ ਨੇ ਆਪਣੇ ‘ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਦੇ ਸ਼ਬਦਾਂ ਰਾਹੀਂ ਸਤਿ ਸੰਗਤ ਦੇ ਮਾਧਿਅਮ ਹਉਮੈ ਰਹਿਤ ਉਸਾਰੂ ਸੰਵਾਦ ਨੂੰ ਮਨੁੱਖੀ ਸਮਾਜ ਦਾ ਜ਼ਰੂਰੀ ਅਤੇ ਅਨਿੱਖੜ ਅੰਗ ਦਰਸਾਇਆ ਹੈ, ਜਿਸ ਦਾ ਆਧਾਰ ਸ਼ਬਦ ਹੈ। ਮੱਲੋ-ਮੱਲੀ ਚਰਚਾ ਕਰਨ ਦੀ ਬਾਣ ਗੁਰੂ ਨਾਨਕ ਦੇਵ ਦੀ ਜੁਗਤੀ ਦੇ ਉਲਟ ਹੈ। ਸਗੋਂ ਕੋਈ ਐਸਾ ਕੌਤਕ ਵਰਤਾਉਣਾ ਅਤੇ ਦੇਖਣ ਵਾਲੇ ਦੇ ਪੁੱਛਣ ’ਤੇ ਆਪ ਨੇ ਸਾਦੀ ਬੋਲੀ ਵਿੱਚ ਅਜਿਹਾ ਸਾਦਾ ਤੇ ਸੱਚਾ ਉੱਤਰ ਦੇਣਾ ਕਿ ਅਗਲੇ ਨੂੰ ਤੁਰੰਤ ਅਨੁਭਵ ਹੋ ਜਾਵੇ। ਨਿਰਛਲਤਾ ਤੋਂ ਉੱਕਾ ਹੀ ਰਹਿਤ ਸਾਦਗੀ ਭਰਪੂਰ ਇਸ ਸੰਵਾਦ ਜੁਗਤ ਵਿੱਚ ਸਦਾ ਦਿਸਦੀ ਹਾਰ ਵਿੱਚ ਜਿੱਤ ਪ੍ਰਕਾਸ਼ ਹੁੰਦੀ ਸੀ।

ਧਰਮ ਦੀ ਪ੍ਰਕਿਰਤੀ ਅਨੁਸਾਰ ਵਾਦ-ਵਿਵਾਦ ਤੋਂ ਉਪਰ ਉਠ ਕੇ ਸੰਵਾਦ ਰਚਾਉਣ ਤੋਂ ਪਹਿਲਾਂ ਦੀ ਅਵਸਥਾ ਅੰਤਰ-ਆਤਮਾ ਸੰਵਾਦ ਜਾਂ ਸਵੈ-ਪੜਚੋਲੀ ਸੰਵਾਦ ਹੈ। ਬਿਬੇਕ ਬੁੱਧੀ ਇਸ ਦਾ ਆਧਾਰ ਹੈ। ਅੰਤਰ ਆਤਮਨ ਸੰਵਾਦ ਤੋਂ ਬਿਨਾਂ ਰਚਾਇਆ ਬਾਹਰੀ ਸੰਵਾਦ ਮੁਰਦਾ ਅਤੇ ਬੇਜਾਨ ਹੀ ਨਹੀਂ ਸਗੋਂ ਆਪੋ ਆਪਣੀ ਅਹੰਵਾਦੀ ਮਤ ਦਾ ਖੋਖਲਾ ਪ੍ਰਗਟਾਵਾ ਹੈ। ਉੱਤਮ ਤੇ ਸਫਲ ਸੰਵਾਦ ਲਈ ਰੰਗ ਰਤੜੀਆਂ ਰੂਹਾਂ, ਆਤਮ-ਜਿੱਤੇ, ਮਨ-ਜਿੱਤੇ ਪੁਰਸ਼ ਹੀ ਪ੍ਰਵਾਨ ਹਨ। ਅੰਤਰ-ਆਤਮਾ ਸੰਵਾਦ, ਜਿਸ ਵੱਲ ਬਾਬਾ ਫਰੀਦ ‘ਆਪਨੜੈ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ’ ਦੇ ਵਾਕ ਰਾਹੀਂ ਵੀ ਸੰਕੇਤ ਕਰਦੇ ਹਨ ਅਤੇ ਬਾਹਰੀ ਸੰਵਾਦ ਵਿੱਚ ਸੰਤੁਲਨ ਤੇ ਇਕਸਾਰਤਾ ਲਈ ‘ਨਾਮ’ ਦਾ ਮਾਰਗ ਜ਼ਰੂਰੀ ਦਰਸਾਇਆ ਹੈ। ‘ਨਾਮ ਰਤੇ ਸਿੱਧ ਗੋਸ਼ਟਿ ਹੋਇ’। ਆਮ ਗੋਸ਼ਟੀਆਂ ਨਾਲੋਂ ‘ਸਿੱਧ ਗੋਸ਼ਟਿ’ ਦਾ ਜਿੱਥੇ ਵਿਸ਼ੇ ਦੀ ਪ੍ਰਕਿਰਤੀ ਦਾ ਅੰਤਰ ਹੈ, ਉਥੇ ਇਸ ਗੋਸ਼ਟੀ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਸੰਵਾਦ ਰਚਾਉਣ ਵਾਲੇ ਬਿਬੇਕ ਬੁੱਧੀ ਦੇ ਮਾਲਕ ਹਨ, ਆਪੋ ਆਪਣੇ ਧਰਮ ਮਾਰਗਾਂ ਦੀਆਂ ਭਰਪੂਰ ਸ਼ਖ਼ਸੀਅਤਾਂ ਹਨ। ਸੰਵਾਦ ਦੌਰਾਨ ਕਿਤੇ ਵੀ ਕੌੜਾਪਨ ਨਹੀਂ। ਦੋਵੇਂ ਧਿਰਾਂ ਇਕ ਦੂਜੇ ਦੇ ਸਤਿਕਾਰ ਲਈ ਵਚਨਬੱਧ ਹਨ। ਜਿਵੇਂ ਗੁਰੂ ਨਾਨਕ ਦੇਵ ਨੇ ‘ਸਾਚ ਕਹੁ ਤੁਮ ਪਾਰਗਰਾਮੀ ਤੁਝ ਕਿਆ ਬੈਸਣੁ ਦੀਜੈ’ ਦੇ ਫੁਰਮਾਨ ਰਾਹੀਂ ਸਿੱਧਾਂ ਦੀ ਸਿੱਧੀ ਦਾ ਸਤਿਕਾਰ ਕੀਤਾ ਅਤੇ ਉਨ੍ਹਾਂ ਦੀ ਸਮਝ ਸਮਰੱਥਾ ਨੂੰ ਪ੍ਰਵਾਨ ਕੀਤਾ, ਉਨ੍ਹਾਂ ਨੂੰ ਜਗਤ ਦੇ ਪਾਰ-ਉਤਾਰਨ ਲਈ ਸਮਰਥ ਪ੍ਰਵਾਨ ਵੀ ਕੀਤਾ।

ਗੁਰੂ ਨਾਨਕ ਦੇਵ ਦੀਆਂ ਸਿੱਧਾਂ ਨਾਲ ਹੋਈਆਂ ਚਾਰ ਗੋਸ਼ਟੀਆਂ ਵਿੱਚੋਂ ਦੋ ਪ੍ਰਮੁੱਖ ਹਨ। ਇਕ ਸੁਮੇਰ ਪਰਬਤ ਉਪਰ ਅਤੇ ਦੂਸਰੀ ਅਚਲ ਬਟਾਲੇ ਵਾਲੀ। ਸੁਮੇਰ ਪਰਬਤ ’ਤੇ ਹੋਈ ਗੋਸ਼ਟੀ ਨੂੰ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿੱਚ ਕਲਮਬੱਧ ਕੀਤਾ ਹੈ, ਪਰ ਇਸ ਵਿੱਚ ‘ਗੋਸ਼ਟੀ’ ਦਾ ਜ਼ਿਕਰ ਨਹੀਂ ਕੇਵਲ ‘ਸ਼ਬਦ ਜਿੱਤੀ ਸਿੱਧ ਮੰਡਲੀ’ ਦੇ ਵਾਕ ਹਨ। ਜੋ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਸਿੱਧ ਗੋਸ਼ਟਿ’ ਸੁਮੇਰ ਪਰਬਤ ’ਤੇ ਨਹੀਂ ਹੋਈ। ਸੁਮੇਰ ਦੇ ਸਿੱਧ ਓਹ ਸਨ, ਜਿਹੜੇ ਦੁਨੀਆਂ ਨਾਲੋਂ ਨਾਤਾ ਤੋੜ ਪਰਬਤੀਂ ਛੁਪੇ ਬੈਠੇ ਸਨ ਅਤੇ ਅਚੱਲ ਬਟਾਲੇ ਓਹ ਸਿੱਧ ਸਨ, ਜਿਹੜੇ ਮੈਦਾਨਾਂ ਵਿੱਚ ਵੀ ਤੁਰਦੇ-ਫਿਰਦੇ ਸਨ। ਗੁਰੂ ਨਾਨਕ ਦੇਵ ਉਨ੍ਹਾਂ ਥਾਵਾਂ ਉਪਰ ਅਤੇ ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਕੋਲ ਗਏ ਜਿੱਥੇ ਆਮ ਲੋਕਾਂ ਦਾ ਜਾਣਾ ਅਸੰਭਵ ਸੀ। ਆਮ ਲੋਕ ਆਪ ਹੀ ਗੁਰੂ ਸਾਹਿਬ ਦੇ ਵਚਨਾਂ ਅਤੇ ਕੌਤਕਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਦੁਆਲੇ ਆ ਜੁੜਦੇ ਸਨ। ਜਦੋਂ ਗੁਰੂ ਸਾਹਿਬ ਸੁਮੇਰ ਪਰਬਤ ਉਪਰ ਸਿੱਧਾਂ ਕੋਲ ਪਹੁੰਚੇ ਤਾਂ ਸਿੱਧਾਂ ਦਾ ਪਹਿਲਾ ਪ੍ਰਸ਼ਨ ਸੀ ਕਿ ਤੁਸੀਂ ਇੱਥੇ ਕਿਵੇਂ ਆਏ ? ਤੁਹਾਨੂੰ ਕਿਹੜੀ ਸ਼ਕਤੀ ਜਾਂ ਕਰਾਮਾਤ ਇੱਥੇ ਲੈ ਕੇ ਆਈ ਹੈ ? ਜਦ ਅਚਲ ਬਟਾਲੇ ਗੋਸ਼ਟੀ ਵਿੱਚ ਸਿੱਧ, ਗੁਰੂ ਸਾਹਿਬ ਦੇ ਦਰਸ਼ਨ ਦੇ ਕਾਇਲ ਹੋਏ ਤਾਂ ਉਦੋਂ ਵੀ ਸਿੱਧਾਂ ਦਾ ਇਹੀ ਸਵਾਲ ਸੀ ਕਿ ਤੁਸੀਂ ਜਗਤ ਨੂੰ ਕਿਹੜੀ ਕਰਾਮਾਤ ਦਿਖਾਈ ਹੈ ਅਤੇ ਬਿਨਾਂ ਕਿਸੇ ਦੇਰੀ ਅਜਿਹੀ ਕਰਾਮਾਤ ਸਾਨੂੰ ਵੀ ਦਿਖਾਓ? ਗੁਰੂ ਸਾਹਿਬ ਦਾ ਉੱਤਰ ਇਹੀ ਸੀ ‘ਬਾਹਝੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ’ ਅਤੇ ‘ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀ ਹੈ ਰਾਈ’। ਗਿਆਨ ਗੋਸ਼ਟੀਆਂ ਲਈ ਉਸ ਵੇਲੇ ਸਿੱਧ ਲੋਕ ਪ੍ਰਸਿੱਧ ਸਨ, ਪਰ ਇਨ੍ਹਾਂ ਦੀ ਗ੍ਰਹਿਸਤ ਮਾਰਗ ਅਤੇ ਸਮਾਜ ਤੋਂ ਦੂਰ ਰਹਿਣ ਦੀ ਪ੍ਰਵਿਰਤੀ ਕਾਰਨ ਅਜਿਹੇ ਗਿਆਨ ਦੀ ਆਮ ਲੋਕਾਂ ਲਈ ਕੋਈ ਸਾਰਥਕਤਾ ਨਹੀਂ ਸੀ। ਗੁਰੂ ਨਾਨਕ ਦੇਵ ਦਾ ਸੁਮੇਰ ਪਰਬਤ ਸਥਿਤ ਸਿੱਧਾਂ ਨੂੰ ਇਹੀ ਸਵਾਲ ਸੀ ਕਿ ਤੁਸੀ ਪਰਬਤਾਂ ਵਿੱਚ ਛੁਪੇ ਬੈਠੇ ਹੋ, ਸੰਸਾਰ ਨੂੰ ਰਾਹ ਕੌਣ ਵਿਖਾਏਗਾ?

‘ਸਿੱਧ ਗੋਸ਼ਟਿ’ ਪਿੰਡ ਅਚਲ (ਬਟਾਲਾ ਨੇੜੇ ਹੋਣ ਕਰਕੇ ਅਚਲ ਬਟਾਲਾ ਪ੍ਰਸਿੱਧ ਹੈ) ਬਟਾਲੇ ਨੇੜੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਿਵਰਾਤ ਦੇ ਮੇਲੇ ਦੇ ਅਵਸਰ ’ਤੇ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਰਾਗ ਦੀ ਬਾਣੀ ‘ਸਿੱਧ ਗੋਸ਼ਟਿ’ ਗੁਰੂ ਨਾਨਕ ਦੇਵ ਅਤੇ ਸਿੱਧਾਂ ਵਿਚਕਾਰ ਹੋਏ ਸੰਵਾਦ ਦਾ ਲਿਖਤੀ ਰੂਪ ਹੈ। ਬਾਣੀ ਦੀ ਪਹਿਲੀ ਪੰਕਤੀ ‘ਸਿੱਧ ਸਭਾ ਕਰਿ ਅਸਣਿ ਬੈਠੇ ਸੰਤ ਸਭਾ ਜੈਕਾਰੋ’ ਅਨੁਸਾਰ ਇਹ ਸੰਵਾਦ ‘ਸੰਤ ਸਭਾ’ ਅਤੇ ‘ਸਿੱਧ ਸਭਾ’ ਵਿਚਕਾਰ ਸੀ ਅਤੇ ਗੁਰੂ ਨਾਨਕ ਦੇਵ ‘ਸੰਤ ਸਭਾ’ ਦੀ ਅਗਵਾਈ ਕਰ ਰਹੇ ਸਨ। ਇਸ ਬਾਣੀ ਵਿੱਚ ਗੁਰੂ ਨਾਨਕ ਦੇਵ ਨੇ ਅਗੰਮ ‘ਪਾਰਬ੍ਰਹਮ’ ਦੀ ਗੰਮਤਾ ਹੋਣ ਕਰਕੇ ਪ੍ਰਾਪਤ ਗਿਆਨ ਨੂੰ ਸਿੱਧਾਂ ਦੀਆਂ ਪ੍ਰਸ਼ਨੋਤਰੀਆਂ ਵੇਲੇ ਪ੍ਰਕਾਸ਼ ਕੀਤਾ। ਇਸ ਗੋਸ਼ਟੀ ਵਿੱਚ ਸਿੱਧ ਪ੍ਰਸ਼ਨਕਰਤਾ ਅਤੇ ਗੁਰੂ ਸਾਹਿਬ ਉਤਰਦਾਤਾ ਹਨ। ਗੋਸ਼ਟੀ ਹੋਣ ਦਾ ਕਾਰਨ ਕੀ ਸੀ? ਭਾਈ ਗੁਰਦਾਸ ਅਨੁਸਾਰ ਗੁਰੂ ਨਾਨਕ ਦੇਵ ਸ਼ਿਵਰਾਤ ਦੇ ਮੇਲੇ ’ਤੇ ਅਚੱਲ ਬਟਾਲੇ ਆਏ। ਆਪਣੇ ਮੱਤ ਦੀ ਪਰੰਪਰਾ ਅਨੁਸਾਰ ਸਿੱਧ ਜੋਗੀ ਪਹਿਲਾਂ ਤੋਂ ਹੀ ਉਥੇ ਆਪਣੀ ਸਭਾ ਲਾਇਆ ਕਰਦੇ ਸਨ। ‘ਨਾਨਕ ਆਇਆ’ ਸੁਣ ਕੇ ਮੇਲੇ ਵਿੱਚ ਆਏ ਲੋਕ ਗੁਰੂ ਸਾਹਿਬ ਦੇ ਦਰਸ਼ਨਾਂ ਵੱਲ ਖਿੱਚੇ ਗਏ। ਇਹ ਵੇਖ ਸਿੱਧ ਤਣਾਅ ਵਿੱਚ ਆ ਕੇ ਲੋਕਾਂ ’ਤੇ ਰਿਧੀਆਂ-ਸਿਧੀਆਂ ਵਰਤਾਉਣ ਲੱਗੇ। ਮੇਲੇ ’ਤੇ ਰਾਸ ਧਾਰੀਏ ਰਾਸ ਪਾ ਰਹੇ ਸਨ। ਸਿੱਧਾਂ ਨੇ ਆਪਣੀ ਕਲਾ ਨਾਲ ਉਨ੍ਹਾਂ ਦਾ ਪੈਸਿਆਂ ਵਾਲਾ ਲੋਟਾ ਛੁਪਾ ਦਿੱਤਾ। ਰਾਸ ਧਾਰੀਆਂ ਨੂੰ ਰਾਸ ਭੁੱਲ ਗਈ ਤੇ ਰਾਸ ਫਿੱਕੀ ਪੈ ਗਈ। ਦਰਸ਼ਕਾਂ ਦੁਆਰਾ ਰੌਲਾ ਪਾਉਣ ’ਤੇ ਸਿੱਧਾਂ ਨੇ ਕਿਹਾ ਕਿ ਤੁਸੀਂ ਸਾਰੇ ਸਾਨੂੰ ਛੱਡ ਕੇ ਨਾਨਕ ਤਪੇ ਵੱਲ ਚਲੇ ਗਏ, ਹੁਣ ਜਾਓ ਨਾਨਕ ਕੋਲ ਤੁਹਾਨੂੰ ਲੋਟਾ ਲੱਭ ਦੇਵੇ, ਫੇਰ ਪਤਾ ਲੱਗੂ ਸਮਰਥ ਅਸੀਂ ਹਾਂ ਕਿ ਗੁਰੂ ਨਾਨਕ। ਰਾਸ ਧਾਰੀਏ ਅਤੇ ਲੋਕ ਗੁਰੂ ਨਾਨਕ ਦੇਵ ਵੱਲ ਤੁਰ ਪਏ ਅਤੇ ਜੋ ਜੋਗੀਆਂ ਨੇ ਕੀਤਾ, ਸਭ ਨੇ ਦੱਸਿਆ। ਗੁਰੂ ਸਾਹਿਬ ਨੇ ਇਹ ਕਹਿੰਦਿਆਂ ਕਿ ਲੋਟਾ ਛੁਪਾਉਣਾ ਤੇ ਲੱਭਣਾ ਰੱਬੀ ਪਿਆਰ ਦੀ ਨਿਸ਼ਾਨੀ ਨਾ ਹੋ ਕੇ ਥੋੜ੍ਹੀ ਇਕਾਗਰਤਾ ਨਾਲ ਪ੍ਰਾਪਤ ਹੋਣ ਵਾਲੀਆਂ ਖੇਡਾਂ ਹਨ, ਆਪਣੀ ਦਿਬ-ਦ੍ਰਿਸ਼ਟੀ ਨਾਲ ਲੋਟਾ ਲਭਾਉਣ ਵਿੱਚ ਲੋਕਾਂ ਦੀ ਸਹਾਇਤਾ ਕੀਤੀ। ਉਪਰੰਤ ਸਿੱਧਾਂ ਨੇ ਇਸ ਨੂੰ ਆਪਣੀ ਵਡਿਆਈ ਲਈ ਵੱਡੀ ਸੱਟ ਸਮਝੀ ਤੇ ਕ੍ਰੋਧਿਤ ਹੋ ਕੇ ਗੁਰੂ ਨਾਨਕ ਦੇਵ ਨਾਲ ਗੋਸ਼ਟੀ ਕਰਨ ਵਾਸਤੇ ਉਠ ਕੇ ਆਏ। ‘ਖਾਧੀ ਖੁਣਸ ਜੋਗੀਸਰਾ ਗੋਸ਼ਟ ਕਰਨ ਸਭੇ ਉਠ ਆਈ’। ਇਹ ਵੀ ਵਿਚਾਰਨਯੋਗ ਹੈ ਕਿ ਸਿੱਧਾਂ ਲਈ ਕਰਾਮਾਤ ਹੀ ਸਿਰਮੌਰ ਜੁਗਤੀ ਸੀ। ਇਸ ਲਈ ਜਦ ਉਨ੍ਹਾਂ ਆਪਣੀ ਕੀਤੀ ਕਰਾਮਾਤ ’ਤੇ ਗੁਰੂ ਨਾਨਕ ਦੇਵ ਦਾ ਪ੍ਰਤਿਕਰਮ ਡਿੱਠਾ ਤਾਂ ਉਹ ਚਾਹੇ ਕ੍ਰੋਧਿਤ ਹੋ ਕੇ ਹੀ ਸਹੀ, ਗੁਰੂ ਨਾਨਕ ਦੇਵ ਵੱਲ ਆਏ।

ਗੁਰੂ ਨਾਨਕ ਦੇਵ ਲਈ ਕਰਾਮਾਤ ਦੀ ਕੋਈ ਅਹਿਮੀਅਤ ਨਹੀਂ ਸੀ। ਉਨ੍ਹਾਂ ਲਈ ਰੱਬੀ ਨਾਮ ਅਤੇ ਰਜ਼ਾ ਸਰਬੋਤਮ ਸੀ। ਭਾਈ ਗੁਰਦਾਸ ਦੇ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਦੇ ਸੂਰਜ ਸਮਾਨ ਤੇਜ਼ ਪ੍ਰਕਾਸ਼ ਸਾਹਮਣੇ ਤਾਰੇ ਛਿਪਣ ਵਾਂਗ ਹੋਰ ਧਾਰਮਿਕ ਪਰੰਪਰਾਵਾਂ ਦਾ ਗਿਆਨ ਮੱਧਮ ਪੈ ਰਿਹਾ ਸੀ। ਇਸ ਸਬੰਧ ਵਿੱਚ ਗੁਰੂ ਨਾਨਕ ਦੇਵ ਦੇ ਦਰਬਾਰ ਵਿੱਚ ਗਿਆਨ ਗੋਸ਼ਟੀਆਂ ਦੀ ਪਰੰਪਰਾ ਉਲੇਖਯੋਗ ਹੈ।

ਇਸ ਗੋਸ਼ਟੀ ਵਿੱਚ ਨਾਮ, ਸ਼ਬਦ, ਗੁਰੂ, ਆਤਮਾ-ਪ੍ਰਮਾਤਮਾ, ਹਉਮੈ, ਸ੍ਰਿਸ਼ਟੀ, ਸੰਸਾਰ, ਜੀਵ, ਮਨਮੁਖ, ਗੁਰਮੁਖ, ਉਦਾਸੀ ਮਾਰਗ, ਗ੍ਰਹਿਸਤ ਮਾਰਗ ਅਤੇ ਹੋਰ ਅਧਿਆਤਮਕ ਵਿਸ਼ਿਆਂ ਉਪਰ ਚਰਚਾ ਹੋਈ। ਸਿੱਧ ਹਠ, ਤਪ, ਨਾਟਕ, ਚੇਟਕ ਦੇ ਤਰੀਕੇ ਛਿਆਂ ਦਰਸ਼ਨਾਂ (ਵਿਸ਼ੇਸ਼ਕ, ਮੀਮਾਂਸਾ, ਨਿਆਇ, ਸਾਂਖ, ਯੋਗ ਅਤੇ ਵੇਦਾਂਤ) ਵਿੱਚੋਂ ਆਪਣੇ ਯੋਗ ਦਰਸ਼ਨ ਦੀ ਉੱਤਮਤਾ ਦਰਸਾਉਂਦੇ ਹਨ ਅਤੇ ਕਾਲ ਦੀ ਚੋਟ ਤੋਂ ਬਚਣ ਲਈ ਗੁਰੂ ਜੀ ਨੂੰ ਜੋਗ ਮੱਤ ਧਾਰਨ ਕਰਨ ਲਈ ਕਹਿ ਰਹੇ ਹਨ। ਗੁਰੂ ਜੀ ਸਿੱਧਾਂ ਦੇ ਬਾਹਰੀ ਭੇਖ ਅਤੇ ਜੋਗ ਦੀ ਥਾਂ ਪਾਣੀ ਵਿੱਚ ਅਭਿਜ ਕਮਲ ਦੇ ਫੁੱਲ ਵਾਂਗ ਗ੍ਰਹਿਸਤ ਵਿੱਚ ਮਾਇਆਵੀ ਬਿਰਤੀ ਤੋਂ ਉਪਰ ਰਹਿੰਦਿਆਂ ਸਦਗੁਣ ਧਾਰਨ ਕਰਨ ਦਾ ਆਦਰਸ਼ ਦਰਸਾਉਂਦੇ ਹੋਏ ‘ਸ਼ਬਦ ਗੁਰੂ’ ਅਤੇ ‘ਸੁਰਤਿ ਧੁਨਿ ਚੇਲਾ’ ਦੇ ਸਿਧਾਂਤ ਨੂੰ ਪ੍ਰਕਾਸ਼ਮਾਨ ਕਰਦੇ ਹਨ। ਸਿੱਧ ਗੋਸ਼ਟਿ ਦਾ ਅੰਤ ਅਤੇ ਨਤੀਜਾ ਕੀ ਹੋਇਆ? ‘ਸਿੱਧ ਗੋਸ਼ਟਿ’ ਦੀ ਅਖੀਰਲੀ ਪਉੜੀ ਅਨੁਸਾਰ ਨਾ ਕੇਵਲ ਸਿੱਧ, ਸਗੋਂ ਛੇ ਦਰਸ਼ਨਾਂ ਦੇ ਪੰਡਤ ਵੀ ਗੁਰੂ ਸਾਹਿਬ ਦੁਆਰਾ ਦਰਸਾਏ ‘ਨਾਮ-ਮਾਰਗ’ ਅਤੇ ‘ਈਸ਼ਵਰ’ ਦੇ ਦਰਸ਼ਨ (ਫ਼ਿਲਾਸਫ਼ੀ, ਮੱਤ) ਦੇ ਕਾਇਲ ਹੋਏ। ਇਤਿਹਾਸਕ ਗਵਾਹੀਆਂ ਅਨੁਸਾਰ ਇਹ ਮੇਲਾ ਪੁਰਾਤਨ ਸਮੇਂ ਤੋਂ 14 ਵਦੀ ਫੱਗਣ ਨੂੰ ਲਗਦਾ ਸੀ, ਪਰ ਇੱਥੇ ਗੁਰੂ ਸਾਹਿਬ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਤੋਂ ਬਾਅਦ ਇਹ ਮੇਲਾ ਨੌਵੀਂ ਦਸਵੀਂ ਸੁਦੀ ਕੱਤਕ ਨੂੰ ਭਰਨ ਲੱਗਿਆ। ਜਿਸ ਤੋਂ ਸਾਫ਼ ਹੈ ਕਿ ਸਿੱਧਾਂ ਦੀ ਹੋਈ ਵਿਚਾਰਧਾਰਕ ਹਾਰ ਲੋਕ ਮਾਨਸਿਕਤਾ ਵਿੱਚ ਵੀ ਇੰਨੀ ਡੂੰਘੀ ਉਕਰੀ ਕਿ ਉਸ ਤੋਂ ਬਾਅਦ ਇੱਥੇ ਸ਼ਿਵਰਾਤ ਦਾ ਮੇਲਾ ਬੰਦ ਹੋ ਗਿਆ।

ਗੁਰੂ ਨਾਨਕ ਦੇਵ ਦੀਆਂ ਗੋਸ਼ਟੀਆਂ ਤੋਂ ਜੋ ਸੇਧ ਮਿਲਦੀ ਹੈ ਉਹ ਇਹ ਕਿ ਸੰਵਾਦ ਰਚਾਉਣ ਲਈ ਜਿੱਥੇ ਸਹਿਜ ਅਤੇ ਗਿਆਨ ਹੋਣਾ ਜ਼ਰੂਰੀ ਹੈ, ਉਥੇ ਸਹਿਣਸ਼ੀਲਤਾ, ਸੰਜਮ, ਨਿਮਰਤਾ ਆਦਿ ਨੈਤਿਕ ਗੁਣਾਂ ਦਾ ਹੋਣਾ ਵੀ ਜ਼ਰੂਰੀ ਹੈ। ਨੀਵੀਂ ਸੁਰ ਵਿੱਚ ਉੱਚੇ ਵਿਚਾਰਾਂ ਦਾ ਵਟਾਂਦਰਾ ਸੰਵਾਦ ਦਾ ਵਿਸ਼ੇਸ਼ ਗੁਣ ਹੋਣਾ ਚਾਹੀਦਾ ਹੈ। ਦੂਸਰੀ ਧਿਰ ਨੂੰ ਬਣਦੀ ਯੋਗ ਮਾਨਤਾ ਦੇ ਕੇ ਅਤੇ ਬਿਬੇਕ ਬੁੱਧ ਨੂੰ ਆਧਾਰ ਬਣਾ ਕੇ ਸੰਵਾਦ ਰਚਾਇਆ ਜਾਵੇ ਤਾਂ ਗੋਸ਼ਟੀਆਂ ਦੇ ਨਤੀਜੇ ਸਾਰਥਕ, ਸਿਹਤਮੰਦ ਅਤੇ ਉਸਾਰੂ ਨਿਕਲ ਸਕਦੇ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ