ਅਮਰੀਕਾ ਦੀ ਜੇਲ੍ਹ ਵਿਚ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ ਭਾਰਤੀ ਸੰਸਦ ‘ਚ ਗੂੰਜਿਆ

ਅਮਰੀਕਾ ਦੀ ਜੇਲ੍ਹ ਵਿਚ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ ਭਾਰਤੀ ਸੰਸਦ ‘ਚ ਗੂੰਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੰਸਦ ਮੈਂਬਰ ਨੇ ਅਮਰੀਕਾ ਦੀ ਜੇਲ੍ਹ ਵਿੱਚ ਭਾਰਤੀ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ ਚੁੱਕਿਆ ਅਤੇ ਵਿਦੇਸ਼ ਮੰਤਰਾਲੇ ਤੋਂ ਇਸ ਬਾਰੇ ਕਾਰਵਾਈ ਦੀ ਮੰਗ ਕੀਤੀ। ਸਿਫ਼ਰ ਕਾਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਨੂੰ ਚੁੱਕਦਿਆਂ ਕਿਹਾ ਕਿ ਅਮਰੀਕਾ ਦੀ ਜੇਲ੍ਹ ਵਿਚ ਭਾਰਤੀ ਕੈਦੀਆਂ ਖਾਸਕਰ ਸਿੱਖਾਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ, ”ਸਿੱਖਾਂ ਦੀਆਂ ਪੱਗਾਂ ਲਾਹੀਆਂ ਜਾ ਰਹੀਆਂ ਹਨ।” ਚੰਦੂਮਾਜਰਾ ਨੇ ਮੰਗ ਕੀਤੀ ਕਿ ਵਿਦੇਸ਼ ਮੰਤਰਾਲੇ ਨੂੰ ਅਮਰੀਕਾ ਕੋਲ ਇਹ ਮੁੱਦਾ ਚੁੱਕਣਾ ਚਾਹੀਦਾ ਹੈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਵਿਚ 50 ਤੋਂ ਵੱਧ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨਾਲ ਬਦਸਲੂਕੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਜਿਸ ਵਿਚ ਜ਼ਿਆਦਾਤਰ ਸਿੱਖ ਹਨ ਅਤੇ ਅਮਰੀਕਾ ਤੋਂ ਸ਼ਰਣ ਮੰਗ ਰਹੇ ਹਨ। ਖ਼ਬਰਾਂ ਅਨੁਸਾਰ ਓਰੇਗਨ ਦੀ ਜੇਲ੍ਹ ਵਿਚ ਇਨ੍ਹਾਂ ਲੋਕਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਪੱਗਾਂ ਉਤਾਰੀਆਂ ਗਈਆਂ।