ਕੇਜਰੀਵਾਲ ਦੀ ਟੀਮ ਪੰਜਾਬ ‘ਚੋਂ ਦੋ ਸੌ ਕਰੋੜ ਇਕੱਠੇ ਕਰਕੇ ਲੈ ਗਈ ਦਿੱਲੀ : ਵਰਿੰਦਰ ਪਰਿਹਾਰ

ਕੇਜਰੀਵਾਲ ਦੀ ਟੀਮ ਪੰਜਾਬ ‘ਚੋਂ ਦੋ ਸੌ ਕਰੋੜ ਇਕੱਠੇ ਕਰਕੇ ਲੈ ਗਈ ਦਿੱਲੀ : ਵਰਿੰਦਰ ਪਰਿਹਾਰ

ਕੈਪਸ਼ਨ-ਚੰਡੀਗੜ੍ਹ ਵਿਚ ਵਰਿੰਦਰ ਪਰਿਹਾਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਫੰਡ ਰੇਜ਼ਿੰਗ ਤੇ ਐਨਆਰਆਈ ਵਿੰਗ ਜ਼ੋਨ ਹੁਸ਼ਿਆਰਪੁਰ ਅਤੇ ਯੂਐਸਏ ਦੇ ਸਾਬਕਾ ਕੋਆਰਡੀਨੇਟਰ ਵਰਿੰਦਰ ਸਿੰਘ ਪਰਿਹਾਰ ਨੇ ਦੋਸ਼ ਲਾਏ ਹਨ ਕਿ ਕੇਜਰੀਵਾਲ ਦੀ ਟੀਮ ਪੰਜਾਬ ਵਿੱਚੋਂ ਘੱਟੋ-ਘੱਟ 200 ਕਰੋੜ ਰੁਪਏ ਇਕੱਠੇ ਕਰ ਕੇ ਦਿੱਲੀ ਲੈ ਗਈ ਹੈ ਅਤੇ ਕਈ ਲੀਡਰਾਂ ਨੇ ਕੈਨੇਡਾ ਅਤੇ ਯੂਐਸਏ ਵਿੱਚੋਂ ਲੱਖਾਂ ਡਾਲਰ ਇਕੱਠੇ ਕੀਤੇ ਹਨ ਪਰ ਇਸ ਦਾ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਜਾ ਰਿਹਾ।
ਸ੍ਰੀ ਪਰਿਹਾਰ ਨੇ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਸਰਕਲ ਇੰਚਾਰਜ ਰਜਿੰਦਰ ਸਿੰਘ, ਯੂਥ ਵਿੰਗ ਦੀ ਸਾਬਕਾ ਜੁਆਇੰਟ ਸਕੱਤਰ ਕਿਰਨਜੀਤ ਕੌਰ ਸ੍ਰੀ ਆਨੰਦਪੁਰ ਸਾਹਿਬ, ਠਾਕੁਰ ਬਲਦੇਵ ਸਿੰਘ, ਸ਼ਾਮਚੁਰਾਸੀ ਦੇ ਪਾਰਟੀ ਆਗੂ ਜਤਿੰਦਰ ਫਲੌਰਾ ਅਤੇ ਹੁਸ਼ਿਆਰਪੁਰ ਦੇ ਸਾਬਕਾ ਮੀਡੀਆ ਇੰਚਾਰਜ ਡਾ. ਕੁਲਵੰਤ ਸਿੰਘ ਚੱਬੇਵਾਲ ਸਮੇਤ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਲੀਡਰਸ਼ਿਪ ਨੇ ਪੰਜਾਬ ਸਮੇਤ ਕੈਨੇਡਾ ਅਤੇ ਯੂਐਸਏ ਤੋਂ ਆਏ ਫੰਡਾਂ ਵਿੱਚ ਕਥਿਤ ਤੌਰ ‘ਤੇ ਵੱਡੀ ਗੜਬੜ ਕੀਤੀ ਹੈ, ਜਿਸ ਕਾਰਨ ਇੰਟਰਨੈਸ਼ਨਲ ਮਨੀ ਲਾਂਡਰਿੰਗ ਦਾ ਕੇਸ ਵੀ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਵਿਦੇਸ਼ੀ ਏਜੰਸੀ ਐਫਬੀਆਈ ਕੋਲੋਂ ਕਰਵਾਈ ਜਾਵੇ। ਸ੍ਰੀ ਪਰਿਹਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ੍ਰੀ ਕੇਜਰੀਵਾਲ ਨੂੰ ਪੰਜਾਬ ਵਿੱਚ ਡੇਰੇ ਲਾਈ ਬੈਠੀ ਦਿੱਲੀ ਦੀ ਟੀਮ ਦੀਆਂ ਕਥਿਤ ਭ੍ਰਿਸ਼ਟ, ਨਸ਼ੇੜੀ ਅਤੇ ਲੋਟੂ ਕਾਰਵਾਈਆਂ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਪੜਤਾਲ ਕਰਵਾਉਣ ਦੀ ਥਾਂ ਉੁਲਟਾ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸੇ ਤਰ੍ਹਾਂ ਜਦੋਂ ਸ਼ਿਕਾਗੋ ਦੇ ਕੋ-ਕਨਵੀਨਰ ਡਾ. ਮੁਨੀਸ਼ ਰੈਜ਼ਾਦਾ ਨੇ ਫੰਡ ਮੁਹੱਈਆ ਕਰਨ ਵਾਲੇ ਐਨਆਰਆਈਜ਼ ਦੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਹੁਣ ਅੰਨਾ ਹਜ਼ਾਰੇ ਨੇ ਵੀ ਸ੍ਰੀ ਕੇਜਰੀਵਾਲ ਨੂੰ ਪੱਤਰ ਲਿਖ ਕੇ ਵਿਦੇਸ਼ਾਂ ਤੋਂ ਆਏ ਫੰਡ ਵਿੱਚ ਹੋਏ ਕਥਿਤ ਘਪਲੇ ਉਪਰ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਮਿਆਂ ਦੌਰਾਨ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ, ਭੁਲੱਥ ਤੋਂ ਉਮੀਦਵਾਰ ਸੁਖਪਾਲ ਖਹਿਰਾ, ਕਨਵੀਨਰ ਹਿੰਮਤ ਸਿੰਘ ਸ਼ੇਰਗਿੱਲ, ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਕਨਵੀਨਰ ਗੁਰਪ੍ਰੀਤ ਵੜੈਚ ਨੇ ਵਿਦੇਸ਼ੀ ਦੌਰਿਆਂ ਦੌਰਾਨ ਲੱਖਾਂ ਡਾਲਰ ਫੰਡ ਇਕੱਠਾ ਕੀਤਾ ਸੀ ਪਰ ਪਾਰਟੀ ਦਾਨੀਆ ਦੀ ਸੂਚੀ ਜਾਰੀ ਕਰਨ ਤੋਂ ਭੇਤਭਰੇ ਢੰਗ ਨਾਲ ਖਾਮੋਸ਼ ਹੈ। ਸ੍ਰੀ ਪਰਿਹਾਰ ਨੇ ਦੱਸਿਆ ਕਿ ਉਨ੍ਹਾਂ ਖੁਦ ਚੈੱਕ ਤੇ ਨਗਦੀ ਰਾਹੀਂ 50 ਲੱਖ ਰੁਪਏ ਪਾਰਟੀ ਨੂੰ ਦਿੱਤੇ ਹਨ। ਇਸ ਮੌਕੇ ਉਨ੍ਹਾਂ 12 ਹੋਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਨੇ ਪੰਜ ਤੋਂ 40 ਲੱਖ ਰੁਪਏ ਤੱਕ ਨਕਦੀ ਅਤੇ ਚੈੱਕਾਂ ਰਾਹੀਂ ਪਾਰਟੀ ਨੂੰ ਫੰਡ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਦਿੱਲੀ ਦੀ ਮੁੱਖ ਟੀਮ ਮੁੱਢਲੇ ਦੌਰ ਵਿੱਚ ਉਸ ਦੇ ਹੁਸ਼ਿਆਰਪੁਰ ਸਥਿਤ ਫਾਰਮ ਹਾਊਸ ‘ਤੇ ਹੀ ਰਹਿੰਦੀ ਰਹੀ ਹੈ ਅਤੇ ਉਨ੍ਹਾਂ ਦੀਆਂ ਕਥਿਤ ਭ੍ਰਿਸ਼ਟ, ਨਸ਼ੇੜੀ ਅਤੇ ਠੱਗੀਆਂ ਮਾਰਨ ਦੀਆਂ ਕਾਰਵਾਈਆਂ ਦੇ ਉਸ ਕੋਲ ਕਈ ਠੋਸ ਸਬੂਤ ਹਨ, ਜੋ ਅਗਲੇ ਦਿਨਾਂ ਵਿੱਚ ਜੱਗ ਜ਼ਾਹਰ ਕਰ ਕੇ ਕਈ ਚਿਹਰੇ ਬੇਨਕਾਬ ਕਰਨਗੇ। ਇਸ ਤੋਂ ਇਲਾਵਾ ਟਿਕਟਾਂ ਵੇਚਣ ਦੀ ਵੀਡੀਓ ਵੀ ਜਾਰੀ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਚੱਬੇਵਾਲ ਨੇ ਵੀ ਅਗਲੇ ਦਿਨੀਂ ‘ਆਪ’ ਬਾਰੇ ਵੱਡੇ ਖੁਲਾਸੇ ਕਰਨ ਦੀ ਚਿਤਾਵਨੀ ਦਿੱਤੀ। ਕਿਰਨਜੀਤ ਕੌਰ ਨੇ ਕਿਹਾ ਕਿ ਪਾਰਟੀ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਇੱਕ ਗੈਰ ਸਿੱਖ ਨੂੰ ਟਿਕਟ ਦੇ ਕੇ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ।
ਸ਼ੇਰਗਿੱਲ ਵਲੋਂ ਦੋਸ਼ਾਂ ਦਾ ਖੰਡਨ :
ਪਾਰਟੀ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਹਾਸਲ ਹੋਏ ਫੰਡ ਦੀ ਪਾਈ-ਪਾਈ ਦਾ ਹਿਸਾਬ ਰੱਖਦੀ ਹੈ ਅਤੇ ਬਾਕਾਇਦਾ ਆਮਦਨ ਦੀ ਰਿਟਰਨ ਵੀ ਭਰੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਪਰ ਲਾਏ ਦੋਸ਼ ਝੂਠੇ ਹਨ ਅਤੇ ਇਹ ਸਭ ਕੁਝ ਇੱਕ ਸਾਜ਼ਿਸ਼ ਤਹਿਤ ਹੋ ਰਿਹਾ ਹੈ।