ਸ਼੍ਰੋਮਣੀ ਅਕਾਲੀ ਦਲ 'ਤੇ ਧੜਿਆਂ ਦੇ ਕਬਜ਼ੇ ਦੇ ਰੌਲੇ 'ਚ ਖਤਮ ਹੋਇਆ ਸਥਾਪਨਾ ਦਿਹਾੜਾ

ਸ਼੍ਰੋਮਣੀ ਅਕਾਲੀ ਦਲ 'ਤੇ ਧੜਿਆਂ ਦੇ ਕਬਜ਼ੇ ਦੇ ਰੌਲੇ 'ਚ ਖਤਮ ਹੋਇਆ ਸਥਾਪਨਾ ਦਿਹਾੜਾ

ਅੰਮ੍ਰਿਤਸਰ: ਸਿੱਖ ਸ਼ਹੀਦਾਂ ਦੀ ਵਿਰਾਸਤ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ 'ਤੇ ਕਬਜ਼ੇ ਦਾ ਦਾਅਵਾ ਕਰਨ ਵਾਲੇ ਤਿੰਨ ਧੜਿਆਂ ਨੇ ਵੱਖ-ਵੱਖ ਸਮਾਗਮ ਕਰਕੇ ਇਸ ਇਤਿਹਾਸਕ ਰਾਜਨੀਤਕ ਨਾਂ 'ਤੇ ਦਾਅਵਾ ਪੇਸ਼ ਕੀਤਾ। ਬਾਦਲ ਧੜੇ ਵੱਲੋਂ ਅੰਮ੍ਰਿਤਸਰ ਵਿਖੇ ਸਮਾਗਮ ਕਰਵਾਇਆ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਪਾਰਟੀ ਪ੍ਰਧਾਨ ਚੁਣਿਆ ਗਿਆ। ਮਾਨ ਧੜੇ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇਕੱਠ ਕੀਤਾ ਗਿਆ ਜਿੱਥੇ ਸਿਮਰਨਜੀਤ ਸਿੰਘ ਮਾਨ ਨੂੰ ਮੁੜ ਪਾਰਟੀ ਪ੍ਰਧਾਨ ਚੁਣਿਆ ਗਿਆ। ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾ ਕਰਨ ਦਾ ਦੋਸ਼ ਲਾ ਕੇ ਬਾਦਲ ਧੜੇ ਤੋਂ ਵੱਖ ਹੋਏ ਆਗੂਆਂ ਨੇ ਅੰਮ੍ਰਿਤਸਰ ਵਿਖੇ ਹੀ ਵੱਖਰਾ ਪ੍ਰੋਗਰਾਮ ਕਰਕੇ ਬਾਦਲਾਂ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ। ਬਾਦਲ ਧੜੇ ਚੋਂ ਨਿੱਕਲੇ ਆਗੂਆਂ ਨਾਲ ਇਸ ਸਟੇਜ 'ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ (1920) ਦੇ ਰਵੀਇੰਦਰ ਸਿੰਘ ਅਤੇ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਵੀ ਮੋਜੂਦ ਸਨ।

ਬਾਦਲ ਧੜੇ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਅਮਰਪਾਲ ਸਿੰਘ ਬੋਨੀ ਦੇ ਨਾਲ ਇਸ ਸਟੇਜ 'ਤੇ ਸੁਖਦੇਵ ਸਿੰਘ ਢੀਂਡਸਾ, ਸੁਖਦੇਵ ਸਿੰਘ ਭੌਰ ਵੀ ਸ਼ਾਮਿਲ ਹੋਏ। 

ਢੀਂਡਸਾ ਪਰਿਵਾਰ ਤੇ ਬਾਦਲ ਪਰਿਵਾਰ ਦੀਆਂ ਦੂਰੀਆਂ ਹੋਰ ਵਧੀਆਂ
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਧੜੇ ਵਿੱਚ ਵਿਰੋਧ ਦੀ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿਣਾ ਚਾਹੁੰਦੇ ਹਨ, ਪਰ ਇਹ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਪਹਿਲੀ ਪਾਰਟੀ ਵਾਲਾ ਨਹੀਂ ਹੋਵੇਗਾ। ਇਸ ਨੂੰ ਸਹੀ ਕਰਨ ਦੀ ਜ਼ਰੂਰਤ ਹੈ। ਉਹਨਾਂ ਸ਼੍ਰੋਮਣੀ ਅਕਾਲੀ ਦਲ  ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਛਡਵਾਉਣ ਦਾ ਸੱਦਾ ਦਿੱਤਾ।

ਅਹਿਮ ਗੱਲ ਇਹ ਰਹੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲ ਧੜੇ ਦੇ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕੀਤੀ। ਹਲਾਂਕਿ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ 'ਤੇ ਬਚਾਅ ਕਰਦਿਆਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਪੁੱਛ ਕੇ ਹੀ ਕਿਸੇ ਨਿਜੀ ਕੰਮ ਮੁੰਬਈ ਗਏ ਹਨ। ਪਰ ਸੁਖਦੇਵ ਸਿੰਘ ਢੀਂਡਸਾ ਨੂੰ ਜਦੋਂ ਪੁੱਛਿਆ ਗਿਆ ਕਿ ਉਹਨਾਂ ਦੇ ਬਾਦਲ ਧੜੇ ਨਾਲੋਂ ਵੱਖ ਹੋਣ ਬਾਰੇ ਪਰਮਿੰਦਰ ਸਿੰਘ ਢੀਂਡਸਾ ਦੀ ਕੀ ਰਾਏ ਹੈ ਤਾਂ ਉਹਨਾਂ ਕਿਹਾ ਕਿ ਪਰਮਿੰਦਰ ਉਹਨਾਂ ਦੇ ਕਹਿਣ ਤੋਂ ਬਾਹਰ ਨਹੀਂ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।