ਪੰਜਾਬ ਲਈ ਆਸ ਦੀ ਕਿਰਨ ਬਣਿਆ ਸ਼ੰਭੂ ਮੋਰਚਾ

ਪੰਜਾਬ ਲਈ ਆਸ ਦੀ ਕਿਰਨ ਬਣਿਆ ਸ਼ੰਭੂ ਮੋਰਚਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਬਿੱਲ ਬਣਾ ਕੇ ਪੰਜਾਬ ਦੀ ਕਿਸਾਨੀ 'ਤੇ ਕੀਤੇ ਹਮਲੇ ਦੇ ਜਵਾਬ ਵਿਚ ਪੰਜਾਬ ਦੇ ਦਰਾਂ 'ਤੇ ਸ਼ੰਭੂ ਵਿਖੇ ਲੱਗੇ ਮੋਰਚੇ ਨੇ ਭਾਰਤ ਸਰਕਾਰ ਦੇ ਇਸ ਪੰਜਾਬ ਮਾਰੂ ਫੈਂਸਲੇ ਵਿਰੁੱਧ ਖੁਦਮੁਖਤਿਆਰੀ ਦਾ ਨਾਆਰਾ ਲਾਇਆ ਜੋ ਹੁਣ ਪੰਜਾਬ ਦੇ ਪਿੰਡ-ਪਿੰਡ ਪਹੁੰਚ ਚੁੱਕਿਆ ਹੈ। ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਦੀਪ ਸਿੱਧੂ (ਸੰਦੀਪ ਸਿੰਘ) ਨੇ ਆਪਣੀਆਂ ਤਕਰੀਰਾਂ ਦੇ ਨਾਲ ਪੰਜਾਬ ਦੇ ਲੋਕਾਂ ਅੰਦਰ ਨਵੀਂ ਸਿਆਸੀ ਚੇਤਨਾ ਦਾ ਉਭਾਰ ਕੀਤਾ ਹੈ। 

22 ਨਵੰਬਰ ਨੂੰ ਸ਼ੰਭੂ ਮੋਰਚੇ ਨੇ ਸੰਘਰਸ਼ ਵਿਚ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤੱਕਦਿਆਂ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਸਾਹਿਬ ਨੇੜਲੇ ਪਿੰਡ ਨੌਸ਼ਹਿਰਾ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਗਏ ਸਨ। ਅਖੰਡ ਪਾਠ ਸਾਹਿਬ ਦੀ ਸਮਾਪਤੀ 'ਤੇ ਦੀਪ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ 18ਵੀਂ ਸਦੀ ਦਾ ਇਤਿਹਾਸ ਯਾਦ ਕਰਵਾਇਆ ਜਦੋਂ ਸਿੱਖਾਂ ਨੇ ਘੱਟ ਦੁਨਿਆਵੀ ਤਾਕਤ ਦੇ ਬਾਵਜੂਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀ ਅਰਦਾਸ ਤੇ ਗੁਰੂ ਵਿਚ ਭਰੋਸੇ ਨਾਲ ਵੱਡੀਆਂ ਜ਼ਾਲਮ ਹਕੂਮਤਾਂ ਨੂੰ ਹਰਾ ਦਿੱਤਾ ਸੀ। 

ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਸਾਰੀਆਂ ਸੰਗਤਾਂ ਸ਼ੰਭੂ ਮੋਰਚੇ ਦੇ ਪੰਡਾਲ ਵਿਚ ਪਹੁੰਚੀਆਂ। ਸ਼ੰਭੂ ਮੋਰਚੇ 'ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਦਾ ਵੱਡਾ ਇਕੱਠ ਹੋਇਆ। 4 ਅਕਤੂਬਰ ਨੂੰ ਜਿਸ ਦਿਨ ਮੋਰਚਾ ਅਰੰਭ ਹੋਇਆ ਸੀ ਉਸ ਦਿਨ ਦੇ ਇਕੱਠ ਤੋਂ ਬਾਅਦ ਮੋਰਚੇ 'ਤੇ ਇਹ ਵੱਡਾ ਇਕੱਠ ਸੀ। ਇਸ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ੰਭੂ ਮੋਰਚਾ ਪੰਜਾਬ ਦੇ ਲੋਕਾਂ ਵਿਚ ਆਪਸੀ ਭਰੋਸੇਯੌਗਤਾ ਬਣਾਉਣ ਵਿਚ ਕਾਮਯਾਬ ਰਿਹਾ ਹੈ ਜੋ ਪੰਜਾਬ ਦੇ ਅੱਗੇ ਖੜ੍ਹੇ ਵੱਡੇ ਸੰਘਰਸ਼ ਲਈ ਇਕ ਚੰਗਾ ਸੁਨੇਹਾ ਹੈ।

ਸ਼ੰਭੂ ਮੋਰਚੇ ਦੀ ਸਟੇਜ ਤੋਂ ਵੱਖ-ਵੱਖ ਬੁਲਾਰਿਆਂ ਨੇ ਵੱਖ-ਵੱਖ ਰੂਪ ਵਿਚ ਇਹੋ ਗੱਲ ਹੀ ਕੀਤੀ ਕਿ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਇਕ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਦੀ ਹੋਂਦ ਖਤਮ ਕਰਨ ਲਈ ਬਣਾਏ ਗਏ ਹਨ। ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਬੁਲਾਰਿਆਂ ਨੇ ਕਿਹਾ ਕਿ ਇਹ ਕਾਨੂੰਨਾਂ ਦੀ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਬਲਕਿ ਸਮੂਹ ਪੰਜਾਬੀਆਂ ਦੀ ਹੈ ਅਤੇ ਪੰਜਾਬ ਦੀ ਖੁਦਮੁਖਤਿਆਰੀ ਭਾਵ ਜਦੋਂ ਤਕ ਪੰਜਾਬ ਦੇ ਫੈਂਸਲੇ ਕਰਨ ਦਾ ਹੱਕ ਪੰਜਾਬ ਨੂੰ ਨਹੀਂ ਮਿਲਦਾ ਉਸ ਸਮੇਂ ਤਕ ਪੰਜਾਬ ਦੀ ਹੋਂਦ ਨੂੰ ਇਸ ਤਰ੍ਹਾਂ ਦੇ ਖਤਰੇ ਦਰਪੇਸ਼ ਰਹਿਣਗੇ।

ਦੀਪ ਸਿੱਧੂ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਫੈਂਸਲਾਕੁੰਨ ਲੜਾਈ ਹੈ ਅਤੇ ਬਾਬਾ ਦੀਪ ਸਿੰਘ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇਕ ਵਾਰ ਫੇਰ ਪੰਜਾਬ ਦੇ ਵਾਰਿਸਾਂ ਨੂੰ ਲਕੀਰ ਟੱਪਣੀ ਪਵੇਗੀ। ਉਹਨਾਂ ਕਿਸਾਨ ਜਥੇਬੰਦੀਆਂ ਦੇ ਸਵਾਰੀ ਗੱਡੀਆਂ ਲਈ ਰੇਲ ਪਟੜੀਆਂ ਖੋਲ੍ਹਣ ਦੀ ਫੈਂਸਲੇ 'ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਹੋਂਦ ਦੇ ਵੱਡੇ ਸੰਘਰਸ਼ ਲੜੇ ਜਾਂਦੇ ਹਨ ਤਾਂ ਕੁੱਝ ਨੁਕਸਾਨ ਜ਼ਰੂਰ ਝੱਲਣੇ ਪੈਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਰੇਲ ਪਟੜੀਆਂ ਬੰਦ ਰੱਖਣ ਹੀ ਭਾਰਤ ਸਰਕਾਰ ਖਿਲਾਫ ਇਕ ਪ੍ਰੈਸ਼ਰ ਪੁਆਇੰਟ ਸੀ ਜਿਸ ਨੂੰ ਖੋਲ੍ਹ ਕੇ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਅੱਗੇ ਕਮਜ਼ੋਰੀ ਦਿਖਾਈ ਹੈ। ਦੀਪ ਸਿੱਧੂ ਨੇ ਕਿਹਾ ਕਿ ਉਹ ਇਕ ਸੁੱਖ ਅਰਾਮ ਦੀ ਜ਼ਿੰਦਗੀ ਛੱਡ ਕੇ ਮੋਰਚੇ 'ਤੇ ਪੰਜਾਬ ਦੀ ਹੋਂਦ ਲਈ ਬੈਠੇ ਹਨ ਅਤੇ ਉਹਨਾਂ ਕਿਹਾ ਕਿ ਇਸ ਤੋਂ ਵੀ ਔਖੇ ਅਤੇ ਮੁਸ਼ਕਿਲ ਸਮੇਂ ਅੱਗੇ ਦੇਖਣੇ ਪੈਣਗੇ। ਪਰ ਇਹਨਾਂ ਮੁਸ਼ਕਿਲਾਂ ਵਿਚੋਂ ਲੰਘ ਕੇ ਹੀ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਇਸ ਹੋਂਦ ਦੇ ਸੰਘਰਸ਼ ਵਿਚ ਹਿੱਸੇਦਾਰ ਬਣਨ ਦਾ ਸੱਦਾ ਦਿੱਤਾ। ਦੀਪ ਸਿੱਧੂ ਨੇ ਕਿਹਾ ਕਿ ਉਹ 26 ਨਵੰਬਰ ਦੇ ਦਿੱਲੀ ਜਾਣ ਦੇ ਪ੍ਰੋਗਰਾਮ ਵਿਚ ਕਿਸਾਨ ਜਥੇਬੰਦੀਆਂ ਨਾਲ ਦਿੱਲੀ ਜਾਣਗੇ।

ਸ਼ੰਭੂ ਮੋਰਚੇ ਦੀ ਸਟੇਜ ਜੋ ਵਿਚਾਰਾਂ ਦੀ ਖੁੱਲ੍ਹ ਲਈ ਇਕ ਇਤਿਹਾਸਕ ਮੰਚ ਬਣ ਚੁੱਕੀ ਹੈ ਉੱਥੇ ਇਸ ਇਕੱਠ ਵਿਚ ਸਥਾਪਤ ਸਿਆਸੀ ਆਗੂਆਂ ਵਿਚੋਂ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਪਾਲ ਸਿੰਘ ਖਹਿਰਾ ਵੀ ਪਹੁੰਚੇ।  

ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਪਰਮਿੰਦਰ ਢੀਂਡਸਾ ਦਾ ਕਹਿਣਾ ਸੀ ਕਿ ਪੰਜਾਬ ਪ੍ਰਤੀ ਵੱਖ-ਵੱਖ ਸਰਕਾਰਾਂ ਦੀ ਹਮੇਸ਼ਾ ਹੀ ਇਹ ਸੋਚ ਰਹੀ ਹੈ ਕਿ ਪੰਜਾਬ ਦੇ ਲੋਕ ਹੀ ਅਣਖੀ ਤੇ ਯੋਧੇ ਹਨ। ਆਜ਼ਾਦੀ ਦੀ ਲੜਾਈ ’ਚ ਵੀ ਸਭ ਤੋਂ ਵੱਧ ਕੁਰਬਾਨੀਆਂ ਹਨ। ਦੋ ਫ਼ੀਸਦੀ ਹੋਣ ਦੇ ਬਾਵਜੂਦ ਪੰਜਾਬ ਨੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿਚ ਪੰਜਾਹ ਫ਼ੀਸਦੀ ਯੋਗਦਾਨ ਹੈ। ਢੀਂਡਸਾ ਨੇ ਕਿਹਾ, ‘ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਤੇ ਹਰੇਕ ਵਰਗ ਨੂੰ ਹਿੱਸਾ ਲੈਣਾ ਚਾਹੀਦਾ ਹੈ। ਕੇਂਦਰ, ਪੰਜਾਬੀਆਂ ’ਚ ਪਾੜ ਪਾਉਣ ਦੀਆਂ ਕੋਝੀਆਂ ਚਾਲਾਂ ਵੀ ਚੱਲ ਰਿਹਾ ਹੈ। ਪਰ ਸੁਚੇਤ ਰਹਿੰਦਿਆਂ ਸਾਨੂੰ ਸਾਂਝਾ ਘੋਲ ਲੜਨਾ ਚਾਹੀਦਾ ਹੈ।’

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦਾ ਵੀ ਇਹੋ ਕਹਿਣਾ ਸੀ ਕਿ ਇਹ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਮਾਮਲਾ ਹੈ। ਜਿਸ ਕਰਕੇ ਸਾਰੀਆਂ ਧਿਰਾਂ ਅਤੇ ਵਰਗਾਂ ਨੂੰ ਕੇਂਦਰ ਦੇ ਖ਼ਿਲਾਫ਼ ਇੱਕਜੁਟ ਹੋ ਕੇ ਲੜਨ ਦੀ ਲੋੜ ਹੈ। 

ਸਿੱਖ ਨੌਜਵਾਨ ਚਿੰਤਕ ਭਾਈ ਮਨਧੀਰ ਸਿੰਘ ਅਤੇ ਸਿੱਖ ਸਿਆਸਤ ਖਬਰੀ ਅਦਾਰੇ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਭਾਰਤ ਸਰਕਾਰ ਦੀ ਕਾਨੂੰਨ ਪਿਛਲੀ ਮਨਸ਼ਾ ਦੀਆਂ ਡੂੰਘੀਆਂ ਪਰਤਾਂ ਨੂੰ ਲੋਕਾਂ ਸਾਹਮਣੇ ਲਿਆਂਦਾ। ਉਹਨਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਪੰਜਾਬ 'ਤੇ ਉਹ ਨੀਤੀਆਂ ਲਾਗੂ ਕੀਤੀਆਂ ਜਿਸ ਦਾ ਉਸ ਨੂੰ ਫਾਇਦਾ ਹੋਵੇ ਅਤੇ ਪੰਜਾਬ ਨੂੰ ਨੁਕਸਾਨ ਹੋਵੇ। ਉਹਨਾਂ ਅਗਲੇਰੇ ਸੰਘਰਸ਼ ਲਈ ਪੰਜਾਬ ਦੇ ਲੋਕਾਂ ਨੂੰ ਪਿੰਡ ਪੱਧਰ 'ਤੇ ਜਥੇ ਬਣਾਉਣ ਦਾ ਸੱਦਾ ਦਿੱਤਾ। 

ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀਆਂ ਤਕਰੀਰਾਂ ਵੀ ਡੂੰਘੀਆਂ ਰਹੀਆਂ। ਕਈ ਮੱਦਾਂ ਦੇ ਹਵਾਲਿਆਂ ਤਹਿਤ ਉਨ੍ਹਾਂ ਨੇ ਮੋਦੀ ਸਾਸ਼ਨ ਦੀ ਅੰਗਰੇਜ ਸਾਮਰਾਜ ਨਾਲ ਤੁਲਨਾ ਕੀਤੀ। ਜੋਗਾ ਸਿੰਘ ਚੱਪੜ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਨਿਰੋਲ ਖੇਤਰੀ ਪਾਰਟੀ ਦੀ ਤਲਾਸ਼ ਵਿੱਚ ਹਨ। ਅਜਿਹੀ ਧਿਰ ਦੀ ਤੋਟ ਦਾ ਹੀ ਸਿੱਟਾ ਹੈ ਕਿ ਅੱਜ ਪੰਜਾਬੀਆਂ ਨੂੰ ਰਾਤਾਂ ਵੀ ਸੜਕਾਂ ’ਤੇ ਕੱਟਣੀਆਂ ਪੈ ਰਹੀਆਂ ਹਨ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਜਸਪਾਲ ਸਿੰਘ ਮੰਝਪੁਰ ਸਮੇਤ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਵੀ ਸੰਬੋਧਨ ਕੀਤਾ।