ਸ਼ੰਭੂ ਮੋਰਚੇ ਦੀ ਵਿਲੱਖਣਤਾ ਅਤੇ ਅਹਿਮੀਅਤ

ਸ਼ੰਭੂ ਮੋਰਚੇ ਦੀ ਵਿਲੱਖਣਤਾ ਅਤੇ ਅਹਿਮੀਅਤ

ਸੁਖਵਿੰਦਰ ਸਿੰਘ

ਪੰਜਾਬ ਵਿਚ ਭਾਰਤ ਸਰਕਾਰ ਖਿਲਾਫ ਚੱਲ ਰਹੇ ਕਿਸਾਨੀ ਘੋਲ ਵਿਚ ਜਿੱਥੇ 31 ਦੇ ਕਰੀਬ ਕਿਸਾਨ ਜਥੇਬੰਦੀਆਂ ਆਪੋ-ਆਪਣੇ ਜਥੇਬੰਦਕ ਕੇਡਰ ਨਾਲ ਰੇਲ-ਪਟੜੀਆਂ, ਟੋਲ ਪਲਾਜ਼ਿਆਂ, ਰਿਲਾਇੰਸ ਪੈਟਰੋਲ ਪੰਪਾਂ ਅਤੇ ਹੋਰ ਕਾਰੋਬਾਰੀ ਅਦਾਰਿਆਂ ਬਾਹਰ ਧਰਨੇ ਲਾ ਕੇ ਬੈਠੀਆਂ ਹੋਈਆਂ ਹਨ ਉੱਥੇ ਪੰਜਾਬ-ਹਰਿਆਣਾ ਹੱਦ 'ਤੇ ਪੈਂਦੇ ਪਿੰਡ ਸ਼ੰਭੂ ਵਿਚ ਨੈਸ਼ਨਲ ਹਾਈਵੇ ਦੇ ਵਿਚਾਲੇ ਲੱਗਿਆ ਹੋਏ ਸ਼ੰਭੂ ਮੋਰਚੇ ਨੇ ਕਿਸਾਨੀ ਅਤੇ ਪੰਜਾਬ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਤੋਂ ਵੱਖਰਾ ਝੰਡਾ ਗੱਡ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਸਿਆਸੀ ਮਾਹੌਲ 'ਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਟਿੱਪਣੀਆਂ ਕਰਨ ਵਾਲੇ ਫਿਲਮੀ ਅਦਾਕਾਰ ਦੀਪ ਸਿੱਧੂ ਨੇ ਕਿਸਾਨੀ ਘੋਲ ਵਿਚ ਸ਼ਾਮਲ ਹੁੰਦਿਆਂ ਸ਼ੰਭੂ ਵਿਖੇ ਪੱਕਾ ਮੋਰਚਾ ਲਾਉਣ ਦਾ ਸੱਦਾ ਦਿੱਤਾ ਸੀ। 4 ਅਕਤੂਬਰ ਨੂੰ ਭਰਵੇਂ ਇਕੱਠ ਨਾਲ ਸ਼ੁਰੂ ਹੋਏ ਸ਼ੰਭੂ ਮੋਰਚੇ ਵਿਚ ਹੁਣ ਰੋਜ਼ਾਨਾ ਪੰਜਾਬ ਭਰ ਤੋਂ ਲੋਕ ਪਹੁੰਚ ਰਹੇ ਹਨ ਅਤੇ ਪੰਜਾਬ ਦੀ ਹੋਂਦ ਬਚਾਉਣ ਦੇ ਸੰਘਰਸ਼ ਨਾਲ ਜੁੜਨ ਦਾ ਇਕਰਾਰ ਕਰਕੇ ਅਤੇ ਕਿਸਾਨੀ ਸੰਘਰਸ਼ ਦੇ ਨਿਸ਼ਾਨਿਆਂ ਪ੍ਰਤੀ ਸਪਸ਼ਟ ਪਹੁੰਚ ਲੈ ਕੇ ਆਪਣੇ ਪਿੰਡਾਂ ਨੂੰ ਮੁੜਦੇ ਹਨ।

ਸ਼ੰਭੂ ਮੋਰਚਾ ਇਸ ਰੂਪ ਵਿਚ ਵੀ ਵਿਲੱਖਣ ਹੈ ਕਿ ਇਸ ਮੋਰਚੇ ਦੀ ਸਟੇਜ ਤੋਂ ਹਰ ਆਮ ਪੰਜਾਬੀ ਆਪਣੇ ਵਿਚਾਰ ਰੱਖ ਰਿਹਾ ਹੈ ਅਤੇ ਆਪਣੇ ਦਿਲ ਅੰਦਰ ਸਮੋਈ ਦਿੱਲੀ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਪੀੜ ਨੂੰ ਆਪਣੇ ਭੈਣ-ਭਰਾਵਾਂ ਨਾਲ ਸਾਂਝਾ ਕਰਦਾ ਹੈ। ਭਾਵੇਂ ਕਿ ਕਈ ਨਾਮਵਰ ਸਿਆਸੀ ਆਗੂ ਵੀ ਇਸ ਮੋਰਚੇ 'ਤੇ ਰੋਜ਼ਾਨਾ ਪਹੁੰਚ ਰਹੇ ਹਨ ਅਤੇ ਪੰਜਾਬ ਦੇ ਹੱਕਾਂ ਪ੍ਰਤੀ ਆਪਣੀ ਗੰਭੀਰਤਾ ਦਾ ਪ੍ਰਗਟਾਵਾ ਕਰਦੇ ਹਨ ਪਰ ਇਹ ਗੱਲ ਆਮ ਹੈ। ਖਾਸ ਆਮ ਪੰਜਾਬੀਆਂ ਦਾ ਦਰਦ ਹੈ ਜਿਸ ਨੂੰ ਸ਼ੰਭੂ ਮੋਰਚਾ ਸਹਾਰਾ ਦੇ ਰਿਹਾ ਹੈ। 

ਇਸ ਮੋਰਚੇ ਵਿਚ ਜ਼ਿਆਦਾਤਰ ਨੌਜਵਾਨਾਂ ਦੀ ਸ਼ਮੂਲੀਅਤ ਇਸ ਨੂੰ ਹੋਰ ਖਾਸ ਬਣਾ ਰਹੀ ਹੈ। ਮੋਰਚੇ ਦੇ ਪ੍ਰਬੰਧ ਕਰਨ ਤੋਂ ਲੈ ਕੇ ਮੋਰਚੇ ਵਿਚ ਸ਼ਮੂਲੀਅਤ ਤਕ ਨੌਜਵਾਨ ਹੀ ਨਜ਼ਰ ਆਉਂਦੇ ਹਨ। ਇਹ ਨੌਜਵਾਨ ਗੱਲਾਂ ਕਰਦੇ ਆਮ ਸੁਣੇ ਜਾ ਸਕਦੇ ਹਨ ਕਿ ਕਿਸਾਨ ਜਥੇਬੰਦੀਆਂ ਦੀਆਂ ਸਟੇਜਾਂ 'ਤੇ ਬੈਠੀ ਬੁੱਢੀ ਲੀਡਰਸ਼ਿਪ ਦੀਆਂ ਗੱਲਾਂ ਤੋਂ ਉਹ ਅੱਕ ਚੁੱਕੇ ਹਨ। ਉਹ ਆਪਣੇ ਪਿੰਡਾਂ ਨੇੜੇ ਲੱਗੇ ਧਰਨਿਆਂ ਵਿਚ ਵੀ ਸ਼ਾਮਲ ਹੋ ਰਹੇ ਹਨ ਪਰ ਉੱਥੋਂ ਉਹ ਬੇਆਸ ਹਨ। 

ਸ਼ੰਭੂ ਮੋਰਚੇ ਨੇ ਬੜੀ ਸਪਸ਼ਟਤਾ ਨਾਲ ਇਹ ਸਥਾਪਤ ਕਰ ਦਿੱਤਾ ਹੈ ਕਿ ਪੰਜਾਬ ਦੀ ਭਾਰਤ ਸਰਕਾਰ ਨਾਲ ਲੜਾਈ ਕੋਈ ਚੰਦ ਰਿਆਇਤਾਂ ਜਿਵੇਂ ਐਮਐਸਪੀ ਹਾਸਲ ਕਰਨ ਦੀ ਨਹੀਂ ਹੈ, ਬਲਕਿ ਪੰਜਾਬ ਦੀ ਲੜਾਈ ਆਪਣੀ ਖੁਦਮੁਖਤਿਆਰੀ ਦੇ ਹੱਕ ਹਾਸਲ ਕਰਨ ਦੀ ਹੈ। ਸ਼ੰਭੂ ਮੋਰਚੇ ਤੋਂ ਇਹ ਅਵਾਜ਼ ਪੰਜਾਬ ਵਿਚ ਜਾ ਰਹੀ ਹੈ ਕਿ ਭਾਰਤ ਸਰਕਾਰ ਵੱਲੋਂ ਨਵੇਂ ਬਣਾਏ ਕਾਨੂੰਨ ਰੱਦ ਕਰਕੇ ਪੰਜਾਬ ਦੀਆਂ ਫਸਲਾਂ ਦੇ ਭਾਅ ਤੈਅ ਕਰਨ, ਫਸਲਾਂ ਨੂੰ ਕੌਮਾਂਤਰੀ ਮੰਡੀ ਵਿਚ ਵੇਚਣ ਦੇ ਹੱਕ ਅਤੇ ਪੰਜਾਬ ਦੇ ਦਰਿਆਰੀ ਪਾਣੀਆਂ ਦੇ ਸਮੁੱਚੇ ਪ੍ਰਬੰਧ ਦੇ ਹੱਕ ਪੰਜਾਬ ਨੂੰ ਮਿਲਣੇ ਚਾਹੀਦੇ ਹਨ। ਇਹਨਾਂ ਮੰਗਾਂ ਲਈ ਹੀ ਪੰਜਾਬ ਦਾ ਸੰਘਰਸ਼ ਹੋਣਾ ਚਾਹੀਦਾ ਹੈ। ਇਸ ਅਵਾਜ਼ ਨੂੰ ਪੰਜਾਬ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਸ਼ਾਇਦ ਇਹ ਅਵਾਜ਼ ਹਰ ਪੰਜਾਬੀ ਦੇ ਦਿਲ ਦੀ ਅਵਾਜ਼ ਹੈ, ਜੋ ਨਹੀਂ ਚਾਹੁੰਦਾ ਕਿ ਉਸ ਦੀ ਹੋਣੀ ਦੇ ਫੈਂਸਲੇ ਯੂਪੀ, ਬਿਹਾਰ ਜਾਂ ਗੁਜਰਾਤ ਦੇ ਲੋਕਾਂ ਦੇ ਚੁਣੇ ਨੁਮਾਂਇੰਦੇ ਕਰਨ। 

ਪਰ ਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਕੁੱਝ ਵੱਧ ਸਥਾਪਤ ਧਿਰਾਂ ਜੋ ਖੱਬੇਪੱਖੀ ਵੀ ਹਨ, ਉਹ ਸ਼ੰਭੂ ਮੋਰਚੇ ਨੂੰ ਆਪਣੇ ਲਈ ਚੁਣੌਤੀ ਸਮਝ ਰਹੀਆਂ ਹਨ। ਜਦਕਿ ਸ਼ੰਭੂ ਮੋਰਚਾ ਕਿਸਾਨੀ ਸੰਘਰਸ਼ ਨੂੰ ਹੋਰ ਤਾਕਤ ਦੇਣ ਦਾ ਕੰਮ ਹੀ ਕਰ ਰਿਹਾ ਹੈ। ਮਸਲਾ ਸਿਰਫ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਕਿਸੇ 'ਟਰੇਡ ਯੂਨੀਅਨ' ਦੀ ਤਰਜ 'ਤੇ ਪੰਜਾਬ ਦੀ ਕਿਸਾਨੀ ਨੂੰ ਮਹਿਜ਼ ਕੁੱਝ ਰਿਆਇਤਾਂ ਲਈ ਸੜਕਾਂ 'ਤੇ ਬਿਠਾਈ ਰੱਖਣਾ ਚਾਹੁੰਦੀਆਂ ਹਨ ਜਦਕਿ ਸ਼ੰਭੂ ਮੋਰਚਾ ਕਿਸਾਨਾਂ ਨੂੰ ਰਿਆਇਤਾਂ ਛੱਡ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਲਾ ਰਿਹਾ ਹੈ ਕਿਉਂਕਿ ਰਿਆਇਤਾਂ ਮੰਗਦਿਆਂ ਪੰਜਾਬ ਦੀ ਕਿਸਾਨੀ ਆਪਣੀ ਮੌਤ ਕਿਨਾਰੇ ਪਹੁੰਚ ਚੱਲੀ ਹੈ ਤੇ ਹੁਣ ਇਸਨੂੰ ਹੱਕਾਂ ਦੀ ਪ੍ਰਾਪਤੀ ਹੀ ਬਚਾ ਸਕਦੀ ਹੈ।

ਸ਼ੰਭੂ ਮੋਰਚੇ 'ਤੇ ਰਾਤਾਂ ਦਾ ਨਜ਼ਾਰਾ ਨਵੇਂ ਇਨਕਲਾਬ ਦੇ ਉੱਠਣ ਦਾ ਇਸ਼ਾਰਾ ਦਿੰਦਾ ਹੈ। ਸੋਦਰ ਰਹਿਰਾਸ ਸਾਹਿਬ ਦੇ ਜਾਪ ਤੋਂ ਉੇਪਰੰਤ ਅਰਦਾਸ ਹੋਣ ਮਗਰੋਂ ਜਦੋਂ ਲੰਗਰ ਛਕ ਕੇ ਸਭ ਵਿਹਲੇ ਹੋ ਜਾਂਦੇ ਨੇ ਤਾਂ ਸ਼ੰਭੂ ਮੋਰਚੇ 'ਤੇ ਵਿਚਾਰਾਂ ਦੀ ਸੱਥ ਸ਼ੁਰੂ ਹੁੰਦੀ ਹੈ। ਦੀਪ ਸਿੱਧੂ ਮੋਰਚੇ 'ਤੇ ਪਹੁੰਚੇ ਨੌਜਵਾਨਾਂ ਨਾਲ ਵਿਚਾਰਾਂ ਕਰਦਾ ਹੈ। ਹਨੇਰੀਆਂ ਰਾਤਾਂ ਵਿਚ ਚਾਨਣ ਵਿਖੇਰਦੇ ਵਿਚਾਰਾਂ ਦੇ ਇਸ ਮਾਹੌਲ ਅੱਗੇ ਯੂਨੀਵਰਸਿਟੀਆਂ ਦੇ ਸੈਮੀਨਾਰ, ਭਾਸ਼ਣ ਸਭ ਬੋਣੇ ਹੁੰਦੇ ਮਹਿਸੂਸ ਹੋ ਰਹੇ ਹਨ। ਦੇਰ ਰਾਤ ਤਕ ਚੱਲਦੀ ਇਸ ਵਿਚਾਰ ਨੂੰ ਸੁਣ ਕੇ ਅਹਿਸਾਸ ਹੁੰਦਾ ਹੈ ਕਿ ਪੰਜਾਬ ਵਿਚ ਕਿਸੇ ਵੱਡੇ ਸਿਆਸੀ ਇਨਕਲਾਬ ਲਈ ਜ਼ਮੀਨ ਬੱਤ ਹੋ ਰਹੀ ਹੈ।