ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ ਗਿਆ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ ਗਿਆ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ 1990 ਦੇ ਦਹਾਕੇ ਦੌਰਾਨ ਸਿੱਖਾਂ ਦੇ ਝੂਠੇ ਮੁਕਾਬਲੇ ਬਣਵਾਉਣ ਦੇ ਹੁਕਮ ਦੇਣ ਵਾਲੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਉਡਾਉਣ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ।

ਜ਼ਿਕਰਯੋਗ ਹੈ ਕਿ 31 ਅਗਸਤ 1995 ਵਾਲੇ ਦਿਨ ਸ਼ਾਮ ਦੇ ਸਵਾ ਪੰਜ ਵਜੇ ਜਦੋਂ ਬੇਅੰਤ ਸਿੰਘ ਆਪਣੀ ਜ਼ੈਡ ਸਕਿਉਰਟੀ ਵਿਚ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਆਪਣੇ ਸ਼ਰੀਰ ਨਾਲ ਬੰਨ੍ਹੇ ਬੰਬ ਨਾਲ ਭਾਈ ਦਿਲਾਵਰ ਸਿੰਘ ਨੇ ਖੁਦ ਨੂੰ ਉਸਦੇ ਸੁਰੱਖਿਆ ਘੇਰੇ ਵਿਚ ਪਹੁੰਚ ਕੇ ਉਡਾ ਲਿਆ ਸੀ। ਮੁੱਖ ਮੰਤਰੀ ਦੀ ਕਾਰ ਸਮੇਤ ਉਸਦੇ ਸ਼ਰੀਰ ਦੇ ਚਿਥੜੇ ਉੱਡ ਗਏ ਸੀ। 

ਸਿੱਖਾਂ ਵੱਲੋਂ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਹਰ ਸਾਲ ਭਾਈ ਦਿਲਾਵਰ ਸਿੰਘ ਦੀ ਯਾਦ ਵਿਚ ਅਕਾਲ ਤਖ਼ਤ ਸਾਹਿਬ 'ਤੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਸ ਮੌਕੇ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕੀਤਾ ਜਾਂਦਾ ਹੈ।

ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦੀ  25ਵੀਂ ਬਰਸੀ ਸ੍ਰੀ ਅਕਾਲ ਤਖਤ ਦੀ ਪਹਿਲੀ ਮੰਜ਼ਲ 'ਤੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਕੀਤਾ ਗਿਆ ਜਦਕਿ ਭਾਈ ਦਿਲਾਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਮੈਂਬਰ ਐੱਸ.ਜੀ.ਪੀ.ਸੀ ਭਗਵੰਤ ਸਿੰਘ ਸਿਆਲਕਾ, ਇਮਾਨ ਸਿੰਘ ਮਾਨ, ਕੰਵਰਪਾਲ ਸਿੰਘ, ਪ੍ਰੋ. ਬਰਜਿੰਦਰ ਸਿੰਘ, ਬਲਦੇਵ ਸਿੰਘ ਸਿਰਸਾ ਆਦਿ ਸਿੱਖ ਆਗੂ ਹਾਜ਼ਰ ਸਨ। 

ਸ਼ਹੀਦ ਪਰਿਵਾਰ ਨੂੰ ਸਨਮਾਨ ਕਰਨ ਮੌਕੇ ਮੋਜੂਦ ਸੰਗਤਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।