ਅਕਾਲ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਜਿਨਸੀ ਦੁਰਵਿਹਾਰ ਦਾ ਮਾਮਲਾ; ਚਾਰ ਮੁਲਾਜ਼ਮ ਮੁਅੱਤਲ

ਅਕਾਲ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਜਿਨਸੀ ਦੁਰਵਿਹਾਰ ਦਾ ਮਾਮਲਾ; ਚਾਰ ਮੁਲਾਜ਼ਮ ਮੁਅੱਤਲ
ਧਰਨੇ ਦੌਰਾਨ ਬੇਹੋਸ਼ ਹੋਈ ਵਿਦਿਆਰਥਣ

ਤਲਵੰਡੀ ਸਾਬੋ: ਸਥਾਨਕ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ 'ਚ ਵਿਦਿਆਰਥਣਾਂ ਨਾਲ ਜਿਨਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਖਿਲਾਫ ਵਿਦਿਆਰਥਣਾਂ ਵੱਲੋਂ ਅਵਾਜ਼ ਚੁੱਕਣ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋਸ਼ੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ। 

ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਹੋਸਟਲ ਵਾਰਡਨ ਸੀ। ਯੂਨੀਵਰਸਿਟੀ ਦੀਆਂ ਹਜ਼ਾਰਾਂ ਵਿਦਿਆਰਥਣਾਂ ਨੇ ਹੋਸਟਲ ਵਾਰਡਨ ਸਮੇਤ ਹੋਸਟਲ 'ਚ ਤੈਨਾਤ ਮਹਿਲਾ ਮੁਲਾਜ਼ਮਾਂ ਤੇ ਉਨ੍ਹਾਂ ਨਾਲ ਜਿਨਸੀ ਦੁਰਵਿਵਹਾਰ ਦੇ ਕਥਿਤ ਦੋਸ਼ ਲਾਉਂਦਿਆਂ ਯੂਨੀਵਰਸਿਟੀ ਪ੍ਰਬੰਧਕਾਂ ਖ਼ਲਾਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੇ ਚਲਦਿਆਂ ਪੁਲਿਸ ਅਫਸਰ ਵੀ ਮੌਕੇ 'ਤੇ ਪਹੁੰਚੇ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਹੋਸਟਲ ਦੀਆਂ ਚਾਰ ਔਰਤ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ।


ਵਿਰੋਧ ਪ੍ਰਦਰਸ਼ਨ ਕਰਦੀਆਂ ਹੋਈਆਂ ਵਿਦਿਆਰਥਣਾ

ਯੂਨੀਵਰਸਿਟੀ ਤੋਂ ਛੁੱਟੀ ਮਿਲਣ ਸਮੇਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਹੋਸਟਲ 'ਚ ਰਹਿੰਦੀਆਂ ਕੁਝ ਕੁੜੀਆਂ ਨਾਲ ਹੋਸਟਲ 'ਚ ਤੈਨਾਤ ਔਰਤ ਮੁਲਾਜ਼ਮਾਂ ਵਲੋਂ ਜਿਨਸੀ ਦੁਰਵਿਹਾਰ ਕਰਨ ਦੇ ਦੋਸ਼ ਲਾਉਂਦਿਆਂ ਧਰਨਾ ਸ਼ੁਰੂ ਕਰ ਦਿੱਤਾ। ਪੱਤਰਕਾਰਾਂ ਦੇ ਮੌਕੇ 'ਤੇ ਪੁੱਜਣ 'ਤੇ ਦੇਖਣ 'ਚ ਆਇਆ ਕਿ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਸੀ ਤੇ ਯੂਨੀਵਰਸਿਟੀ ਤੋਂ ਬਾਹਰ ਆਉਣ ਦੀ ਇੱਛਾ ਰੱਖਣ ਵਾਲੀਆਂ ਕੁਝ ਲੜਕੀਆਂ ਨੂੰ ਜਦੋਂ ਬਾਹਰ ਨਾ ਆਉਣ ਦਿੱਤਾ ਗਿਆ ਤਾਂ ਕੁਝ ਲੜਕੀਆਂ ਗੇਟ ਉੱਤੋਂ ਲੰਘਣ ਦੀ ਕੋਸ਼ਿਸ਼ 'ਚ ਡਿਗ ਕੇ ਬੇਹੋਸ਼ ਵੀ ਹੋ ਗਈਆਂ, ਜਿਸ ਤੋਂ ਮਾਮਲਾ ਹੋਰ ਭੜਕ ਗਿਆ। ਸੂਚਨਾ ਮਿਲਦਿਆਂ ਹੀ ਏ.ਐੱਸ.ਆਈ. ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਤੋਂ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਵਿਦਿਆਰਥਣਾਂ ਨਾਲ ਵੀ ਗੱਲਬਾਤ ਕੀਤੀ। ਬਾਅਦ 'ਚ ਐੱਸ.ਐੱਚ.ਓ. ਰਾਜੇਸ਼ ਕੁਮਾਰ ਵੀ ਘਟਨਾ ਸਥਾਨ 'ਤੇ ਪੁੱਜੇ ਤੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇਨਸਾਫ਼ ਦੇਣ ਦੇ ਭਰੋਸੇ ਨਾਲ ਸ਼ਾਂਤ ਕਰਵਾਇਆ। 

ਦੇਰ ਸ਼ਾਮ ਤੱਕ ਵਿਦਿਆਰਥਣਾਂ ਦੇ ਧਰਨੇ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਬੰਧਨ ਨੇ ਹੋਸਟਲ 'ਚ ਤੈਨਾਤ ਮੁੱਖ ਵਾਰਡਨ ਵਿਨੋਦ ਦੁੱਗਲ, ਸਹਾਇਕ ਵਾਰਡਨ ਪਰਮਜੀਤ ਕੌਰ, ਸੁਰੱਖਿਆ ਗਾਰਡਾਂ ਤਰਨਪ੍ਰੀਤ ਕੌਰ ਅਤੇ ਦਿਲਜੀਤ ਕੌਰ ਨੂੰ ਫ਼ੌਰੀ ਤੌਰ 'ਤੇ ਮੁਅੱਤਲ ਕਰ ਦਿੱਤਾ। ਚਾਰਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਪੱਤਰਕਾਰਾਂ ਕੋਲ ਐੱਮ.ਐੱਸ. ਜੌਹਲ ਡੀਨ ਅਕੈਡਮਿਕ ਵਲੋਂ ਕੀਤੀ ਗਈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ