ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਰੰਗਾਰੰਗ ਪ੍ਰੋਗਰਾਮਾਂ 'ਚ ਦਰਸ਼ਕਾਂ ਦਾ ਸੈਲਾਬ ਆਇਆ

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਰੰਗਾਰੰਗ ਪ੍ਰੋਗਰਾਮਾਂ 'ਚ ਦਰਸ਼ਕਾਂ ਦਾ ਸੈਲਾਬ ਆਇਆ

17-18 ਅਗਸਤ ਨੂੰ ਸਟਾਕਟਨ ਤੇ ਫਰਿਜ਼ਨੋ 'ਚ ਹੋਣਗੇ ਪ੍ਰੋਗਰਾਮ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਬਿਨਾ ਸ਼ੱਕ ਪਰਵਾਸੀ ਪੰਜਾਬੀਆਂ ਨੇ ਪੰਜਾਬੀ ਸੰਗੀਤ ਪ੍ਰਤੀ ਆਪਣਾ ਰਵੱਈਆ ਬਦਲਿਆ ਹੈ। ਜਿੱਥੇ ਪਹਿਲਾਂ ਹਲਕੇ-ਫੁਲਕੇ ਗੀਤ ਗਾਉਣ ਵਾਲਿਆਂ ਲਈ ਭੀੜ ਇਕੱਠੀ ਹੁੰਦੀ ਸੀ, ਹੁਣ ਅਦਬੀ ਗਾਇਕੀ ਨੇ ਪੰਜਾਬੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਸ਼ਬਦ ਪ੍ਰਧਾਨ ਅਦਬੀ ਗਾਇਕੀ ਦੇ ਸ਼ਾਹ ਅਸਵਾਰ ਗਾਇਕ ਸਤਿੰਦਰ ਸਰਤਾਜ ਦੇ ਅਮਰੀਕਾ ਵਿਚ ਲਗਾਤਾਰ ਸ਼ੋਅ ਹੋ ਰਹੇ ਹਨ। ਹਾਲ ਹੀ ਵਿਚ ਸੈਕਰਾਮੈਂਟੋ ਵਿਚ ਉਸ ਦਾ ਦੂਸਰਾ ਸ਼ੋਅ ਸੀ ਜਿਸ ਵਿਚ ਪੰਜਾਬੀ ਦਰਸ਼ਕਾਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਨੇ ਸੈਨਹੋਜ਼ੇ ਤੋਂ ਆਪਣੇ ਅਮਰੀਕਾ ਵਿਚਲੇ ਸੰਗੀਤਕ ਟੂਰ ਦੀ ਸ਼ੁਰੂਆਤ ਕੀਤੀ ਹੈ। ਉਸ ਦੇ ਕਰੀਬ 12 ਸ਼ੋਅ ਪੂਰੇ ਅਮਰੀਕਾ ਵਿਚ ਹੋਣਗੇ। 
ਸੈਕਰਾਮੈਂਟੋ ਵਿਚਲੇ ਸ਼ੋਅ ਨੂੰ ਹਾਈਟੈਕ ਵਿਧੀ ਰਾਹੀਂ ਦਰਸ਼ਕਾਂ ਵਿਚ ਪੇਸ਼ ਕੀਤਾ ਗਿਆ, ਜਿਸ ਰਾਹੀਂ ਉਸ ਨੇ ਦਰਸ਼ਕਾਂ ਤੋਂ ਮੋਬਾਇਲ ਰਾਹੀਂ ਫਰਮਾਇਸ਼ਾਂ ਲਈਆਂ ਤੇ ਉਨ੍ਹਾਂ ਨੂੰ ਪੂਰਾ ਕੀਤਾ। ਇਸ ਦਾ ਫਾਇਦਾ ਇਹ ਹੋਇਆ ਕਿ ਜਿਹੜੀਆਂ ਬੀਬੀਆਂ ਉਠ ਕੇ ਫਰਮਾਇਸ਼ ਨਹੀਂ ਕਰ ਸਕਦੀਆਂ ਸੀ, ਉਨ੍ਹਾਂ ਨੇ ਆਪਣੀ ਫਰਮਾਇਸ਼ ਮੋਬਾਇਲ ਫੋਨ ਜ਼ਰੀਏ ਇਕ ਲਿੰਕ ਰਾਹੀਂ ਸਤਿੰਦਰ ਸਰਤਾਜ ਨੂੰ ਭੇਜੀ। ਸੈਨਹੋਜੇ ਤੇ ਸੈਕਰਾਮੈਂਟੋ ਵਿੱਚ ਕਰਵਾਏ ਗਏ ਸ਼ੋਆਂ ਵਿਚ ਉਸ ਨੇ ਨਵੇਂ ਪੁਰਾਣੇ ਗੀਤਾਂ ਰਾਹੀਂ ਮਹਿਫ਼ਲਾਂ ਨੂੰ ਸਾਜ਼ਗਾਰ ਬਣਾਈ ਰੱਖਿਆ। ਸਰਤਾਜ ਨੇ ਆਪਣੀ ਪੇਸ਼ਕਾਰੀ ਵਿਚ ਹਾਲ ਹੀ ਵਿਚ ਰਿਲੀਜ਼ ਕੀਤੇ ਚਰਚਿਤ ਗੀਤ 'ਗੁਰਮੁੱਖੀ ਦਾ ਬੇਟਾ' ਅਤੇ ਪੁਰਾਣੇ ਸਦਾਬਹਾਰ ਗੀਤ 'ਸਾਈਂ' ਸਮੇਤ ਹੋਰ ਹਿੱਟ ਗੀਤਾਂ ਨੂੰ ਸੁਣਾ ਕੇ ਅਰਥ ਭਰਪੂਰ ਗਾਇਕੀ ਦਾ ਲੋਹਾ ਮਨਵਾਇਆ। ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਪ੍ਰੋਗਰਾਮ ਦੇ ਸ਼ੁਰੂ ਤੋਂ ਅਖੀਰ ਤੱਕ ਟਿਕਟਿਕੀ ਲਗਾ ਕੇ ਸਰਤਾਜ ਨੂੰ ਸੁਣਦੇ ਰਹੇ। ਸਤਿੰਦਰ ਸਰਤਾਜ ਦਾ ਅਗਲਾ ਸ਼ੋਅ 17 ਅਗਸਤ ਨੂੰ ਸਟਾਕਟਨ ਅਤੇ 18 ਅਗਸਤ ਨੂੰ ਫਰਿਜ਼ਨੋ ਵਿਚ ਰੱਖਿਆ ਗਿਆ ਹੈ।