ਥਾਣੇ ਵਿੱਚ ਕੁੱਟ ਖਾਣ ਮਗਰੋਂ ਜਦੋਂ ਪਾਣੀ ਮੰਗਿਆ ਤਾਂ ਪੁਲਸੀਆਂ ਨੇ ਜ਼ਬਰਨ ਪਿਸ਼ਾਬ ਪਲਾਇਆ

ਥਾਣੇ ਵਿੱਚ ਕੁੱਟ ਖਾਣ ਮਗਰੋਂ ਜਦੋਂ ਪਾਣੀ ਮੰਗਿਆ ਤਾਂ ਪੁਲਸੀਆਂ ਨੇ ਜ਼ਬਰਨ ਪਿਸ਼ਾਬ ਪਲਾਇਆ

ਭੋਪਾਲ: ਭਾਰਤ ਵਿੱਚ ਪੁਲਸੀਆ ਜ਼ਬਰ ਦੀਆਂ ਘਟਨਾਵਾਂ ਨਿੱਤ ਦਿਨ ਦਾ ਵਰਤਾਰਾ ਹੈ। ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਅੰਦਰ ਪੈਂਦੇ ਨੱਨਪੁਰ ਪੁਲਿਸ ਥਾਣੇ ਦੇ ਪੁਲਸੀਆਂ ਨੇ ਪੰਜ ਆਦਿਵਾਸੀ ਬੰਦਿਆਂ ਨੂੰ ਥਾਣੇ ਲਿਆ ਕੇ ਪਹਿਲਾਂ ਕੁੱਟਿਆ ਅਤੇ ਬਾਅਦ ਵਿੱਚ ਜਦੋਂ ਉਹਨਾਂ ਪੀਣ ਲਈ ਪਾਣੀ ਮੰਗਿਆ ਤਾਂ ਪਿਸ਼ਾਬ ਪੀਣ ਲਈ ਮਜ਼ਬੂਰ ਕੀਤਾ। ਇਸ ਘਟਨਾ ਦਾ ਖੁਲਾਸਾ ਹੋਣ ਮਗਰੋਂ ਥਾਣੇ ਦੇ ਮੁਖੀ ਸਮੇਤ 4 ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਐੱਸਪੀ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਵਿੱਚ ਪੁਲਿਸ ਮੁਲਾਜ਼ਮਾਂ 'ਤੇ ਲੱਗੇ ਦੋਸ਼ ਸਹੀ ਪਾਏ ਗਏ ਹਨ। ਪੀੜਤ ਬੰਦਿਆਂ ਦੇ ਸ਼ਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਸਾਹਮਣੇ ਆਏ ਹਨ।

ਇਹਨਾਂ ਨੌਜਵਾਨ ਆਦਿਵਾਸੀਆਂ ਨੂੰ ਪੁਲਿਸ ਅਫਸਰ ਨਾਲ ਬਦਸਲੂਕੀ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਤੇ ਆਈਪੀਸੀ ਦੀ ਧਾਰਾ 353 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਸਥਾਨਕ ਅਦਾਲਤ ਨੇ ਇਸ ਮਾਮਲੇ ਵਿੱਚ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ।