ਸੱਥ ਨੇ ਪੀਜੀਆਈ ਨੂੰ ਇੱਕ ਮਹੀਨੇ ਅੰਦਰ ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਬਹਾਲ ਕਰਨ ਲਈ ਕਿਹਾ

ਸੱਥ ਨੇ ਪੀਜੀਆਈ ਨੂੰ ਇੱਕ ਮਹੀਨੇ ਅੰਦਰ ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਬਹਾਲ ਕਰਨ ਲਈ ਕਿਹਾ
ਪੀਜੀਆਈ ਦੇ ਨਿਰਦੇਸ਼ਕ ਨੂੰ ਮੰਗ ਪੱਤਰ ਦਿੰਦੇ ਹੋਏ ਸੱਥ ਦੇ ਨੁਮਾਂਇੰਦੇ

ਚੰਡੀਗੜ੍ਹ: ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅੱਜ ਪੰਜਾਬ ਦਿਹਾੜੇ ਮੌਕੇ ਚੰਡੀਗੜ੍ਹ ਸਥਿਤ ਸਿਹਤ ਅਦਾਰੇ ਪੀਜੀਆਈ ਵਿੱਚ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਧੱਕੇ ਦਾ ਮਸਲਾ ਚੁੱਕਦਿਆਂ ਅਦਾਰੇ ਦੇ ਨਿਰਦੇਸ਼ਕ ਪ੍ਰੋਫੈਸਰ ਜਗਤ ਰਾਮ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੀਜੀਆਈ ਵਿੱਚ ਲਾਈਆਂ ਗਈਆਂ ਜਾਣਕਾਰੀ ਦਿੰਦੀਆਂ ਸਾਰੀਆਂ ਤਖਤੀਆਂ (ਬੋਰਡ) ਜੋ ਹਿੰਦੀ ਅਤੇ ਅੰਗਰੇਜੀ ਵਿੱਚ ਹਨ ਉਹਨਾਂ ਉੱਤੇ ਪੰਜਾਬੀ ਭਾਸ਼ਾ ਵਿੱਚ ਵੀ ਜਾਣਕਾਰੀ ਲਿਖੀ ਜਾਵੇ।

ਮੰਗ ਪੱਤਰ ਵਿੱਚ ਕਿਹਾ ਗਿਆ ਕਿ, "ਪੀਜੀਆਈ ਵਿੱਚ ਲਾਈਆਂ ਗਈਆਂ ਜਾਣਕਾਰੀ ਦਿੰਦੀਆਂ ਸਾਰੀਆਂ ਤਖਤੀਆਂ (ਬੋਰਡ) ਲਗਭਗ ਹਿੰਦੀ ਅਤੇ ਅੰਗਰੇਜੀ ਵਿੱਚ ਲਾਏ ਗਏ ਹਨ ਤੇ ਇਸ ਖਿੱਤੇ ਦੀ ਮਾਂ-ਬੋਲੀ ਪੰਜਾਬੀ ਇਹਨਾਂ ਸੁਨੇਹਾ ਤਖਤੀਆਂ 'ਤੇ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੈ। ਲੋਕਾਂ ਨੂੰ ਉਹਨਾਂ ਦੀ ਬੋਲੀ ਵਿੱਚ ਸੇਵਾਵਾਂ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇੱਕ ਮਹੀਨੇ ਦੇ ਸਮੇਂ ਅੰਦਰ ਇਹਨਾਂ ਸਾਰੀਆਂ ਸੁਨੇਹਾ ਤਖ਼ਤੀਆਂ 'ਤੇ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਲਿਖੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਇਹ ਮਨੁੱਖੀ ਹੱਕ ਬਹਾਲ ਹੋ ਸਕੇ ਅਤੇ ਪੰਜਾਬੀ ਪੜ੍ਹਨ ਵਾਲੇ ਲੋਕਾਂ ਨੂੰ ਹੁੰਦੀ ਖੱਜਲ ਖੁਆਰੀ ਖਤਮ ਹੋ ਸਕੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਮੰਨੋਗੇ। ਅਸੀਂ ਤੁਹਾਨੂੰ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਹਾਂ ਕਿ ਜੇ ਪੰਜਾਬ ਦੇ ਲੋਕਾਂ ਦਾ ਇਹ ਹੱਕ ਬਹਾਲ ਨਾ ਕੀਤਾ ਗਿਆ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਲਈ ਸੰਘਰਸ਼ ਕਰਨ ਦੇ ਰਾਹ ਤੁਰਨਗੇ।"

ਇਸ ਮੌਕੇ ਸੱਥ ਦੇ ਨੁਮਾਂਇੰਦੇ ਸੁਖਵਿੰਦਰ ਸਿੰਘ, ਜੁਝਾਰ ਸਿੰਘ, ਬਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੇ ਨਿਰਦੇਸ਼ਕ ਪ੍ਰੋਫੈਸਰ ਜਗਤ ਰਾਮ ਨਾਲ ਵਿਸਤਾਰ ਵਿੱਚ ਗੱਲ ਕੀਤੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਿਰਦੇਸ਼ਕ ਜਗਤ ਰਾਮ ਨੇ ਇਸ ਮੰਗ ਨੂੰ ਬਿਲਕੁਲ ਜਾਇਜ ਦੱਸਦਿਆਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਸੱਥ ਦੀ ਪੰਜਾਬ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਕਿਹਾ ਕਿ ਜੇ ਪੀਜੀਆਈ ਵਿੱਚ ਮਾਂ-ਬੋਲੀ ਪੰਜਾਬੀ ਨੂੰ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਉਹ ਵਿਦਿਆਰਥੀਆਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਨਾਲ ਲੈ ਕੇ ਅਗਲਾ ਸੰਘਰਸ਼ ਉਲੀਕਣਗੇ। ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਦੇ ਅਧਾਰ 'ਤੇ ਅੱਜ ਦੇ ਦਿਨ 1966 ਵਿੱਚ ਲੰਬੇ ਸੰਘਰਸ਼ ਅਤੇ ਕਈ ਕੁਰਬਾਨੀਆਂ ਤੋਂ ਬਾਅਦ ਪੰਜਾਬ ਸੂਬਾ ਹੋਂਦ ਵਿੱਚ ਆਇਆ ਸੀ ਪਰ ਅੱਜ ਤੱਕ ਮਾਂ-ਬੋਲੀ ਪੰਜਾਬੀ ਨੂੰ ਪੰਜਾਬ ਦੀਆਂ ਸਰਕਾਰਾਂ ਦੀ ਨਲਾਇਕੀ ਅਤੇ ਪੰਜਾਬੀ ਵਿਰੋਧੀਆਂ ਦੀਆਂ ਚਲਾਕੀਆਂ ਕਰਕੇ ਬਣਦਾ ਸਨਮਾਨ ਨਹੀਂ ਮਿਲਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।