ਸੰਯੁਕਤ ਮੋਰਚੇ ਵਿਚ ਅੱਜ ਵੱਡਾ ਪਾੜ੍ਹ ਪੈਣ ਦੀਆਂ ਕਨਸੋਆਂ

ਸੰਯੁਕਤ ਮੋਰਚੇ ਵਿਚ ਅੱਜ ਵੱਡਾ ਪਾੜ੍ਹ ਪੈਣ ਦੀਆਂ ਕਨਸੋਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

26 ਜਨਵਰੀ ਦੀ ਕਿਸਾਨ ਪਰੇਡ ਮਗਰੋਂ ਬਣੇ ਹਾਲਾਤਾਂ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਵਿਚ ਵੱਡਾ ਪਾੜ੍ਹ ਪੈਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਮੋਰਚੇ ਵਿਚੋਂ ਆਪਣੀ ਮੁਅੱਤਲੀ ਵਾਪਸ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਨੂੰ 9 ਫਰਵਰੀ ਸ਼ਾਮ ਤਕ ਦਾ ਸਮਾਂ ਦਿੱਤਾ ਹੈ। ਉਹਨਾਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਮੁਅੱਤਲੀ ਖਤਮ ਨਹੀਂ ਕੀਤੀ ਜਾਂਦੀ ਤਾਂ ਉਹ ਆਪਣੀ ਵੱਖਰੀ ਸਟੇਜ ਲਾੳੇੁਣਗੇ ਤੇ ਵੱਖਰਾ ਮੋਰਚਾ ਚਲਾਉਣਗੇ। 

ਸੁਰਜੀਤ ਸਿੰਘ ਫੂਲ

ਦੱਸ ਦਈਏ ਕਿ 26 ਜਨਵਰੀ ਨੂੰ ਕਿਸਾਨ ਪਰੇਡ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਸੁਰਜੀਤ ਸਿੰਘ ਫੂਲ 'ਤੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ਾਂ ਅਧੀਨ ਕਾਰਵਾਈ ਕਰਦਿਆਂ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ ਕੀਤਾ ਗਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਮੁਅੱਤਲੀ ਦਾ ਅਧਾਰ ਬਣੇ ਦੋਸ਼ਾਂ ਦੀ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਸਫਾਈ ਵੀ ਦੇ ਚੁੱਕੇ ਹਨ ਪਰ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੂੰ ਵਾਪਸ ਅੰਦਰ ਸ਼ਾਮਲ ਨਹੀਂ ਕੀਤਾ। 

ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸੁਰਜੀਤ ਸਿੰਘ ਫੂਲ ਦੀ ਮੁਅੱਤਲੀ ਦੇ ਕਾਰਨਾਂ ਅਤੇ ਉਹਨਾਂ 'ਤੇ ਲੱਗੇ ਦੋਸ਼ਾਂ ਬਾਰੇ ਸਪਸ਼ਟ ਨਹੀਂ ਦੱਸਿਆ ਗਿਆ।