ਭਾਜਪਾ ਦੇ ਆਈਟੀ ਸੈੱਲ ਨੂੰ ਭਾਰਤ ਦਾ ਸਰਕਾਰੀ ਮਹਿਕਮਾ ਬਣਾਉਣ ਦੀ ਤਿਆਰੀ

ਭਾਜਪਾ ਦੇ ਆਈਟੀ ਸੈੱਲ ਨੂੰ ਭਾਰਤ ਦਾ ਸਰਕਾਰੀ ਮਹਿਕਮਾ ਬਣਾਉਣ ਦੀ ਤਿਆਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅੱਜ ਦੀ ਦੁਨੀਆ ਵਿਚ ਸੋਸ਼ਲ ਮੀਡੀਆ ਰਾਹੀਂ ਫੈਲਾਏ ਜਾਂਦੇ ਵਿਚਾਰ ਰਾਜਨੀਤੀ ਨੂੰ ਵੱਡੇ ਪੱਧਰ 'ਤੇ ਪ੍ਰਭਾਵਤ ਕਰਦੇ ਹਨ ਅਤੇ ਇਸੇ ਕਰਕੇ ਰਾਜਨੀਤਕ ਪਾਰਟੀਆਂ ਵੱਲੋਂ ਕਰੋੜਾਂ ਰੁਪਏ ਦੇ ਖਰਚ ਨਾਲ ਆਪਣੇ ਆਈ ਟੀ ਸੈੱਲ ਖੜ੍ਹੇ ਕੀਤੇ ਗਏ ਹਨ ਜੋ ਫੇਸਬੁੱਕ, ਟਵਿੱਟਰ, ਵਟਸਐਪ ਤੇ ਹੋਰ ਸੋਸ਼ਲ ਮੀਡੀਆ ਮੰਚਾਂ 'ਤੇ ਆਪਣੇ ਰਾਜਨੀਤਕ ਅਜੈਂਡੇ ਨੂੰ ਫੈਲਾਉਣ ਦਾ ਕੰਮ ਕਰਦੇ ਹਨ। ਭਾਜਪਾ ਦੇ ਆਈਟੀ ਸੈਲ ਨੂੰ ਭਾਰਤ ਦੀਆਂ ਸਿਆਸੀ ਧਿਰਾਂ ਵਿਚ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ ਅਤੇ ਭਾਜਪਾ ਵਿਰੋਧੀਆਂ ਖਿਲਾਫ ਨਫਰਤ ਦਾ ਮਾਹੌਲ ਸਿਰਜਣ ਵਿਚ ਇਸਦਾ ਵੱਡਾ ਹੱਥ ਹੁੰਦਾ ਹੈ। ਹੁਣ ਰਿਪੋਰਟਾਂ ਬਾਹਰ ਆ ਰਹੀਆਂ ਹਨ ਕਿ ਭਾਜਪਾ ਆਪਣੇ ਇਸ ਆਈਟੀ ਸੈੱਲ ਨੂੰ ਇਕ ਟੇਢੇ ਰਾਹ ਰਾਹੀਂ ਸਰਕਾਰੀ ਘੇਰੇ ਵਿਚ ਲਿਆਉਣ ਜਾ ਰਹੀ ਹੈ। 

ਸੋਸ਼ਲ ਮੀਡੀਆ 'ਤੇ ਨਿਗਰਾਨੀ ਰੱਖਣ ਲਈ ਗ੍ਰਹਿ ਮੰਤਰਾਲੇ ਦਾ ਵਲੰਟੀਅਰ ਪ੍ਰੋਗਰਾਮ
ਇਕ ਨਵਾਂ ਵਿਵਾਦਤ ਕਦਮ ਚੁੱਕਦਿਆਂ ਭਾਰਤ ਦੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਸਾਈਬਰ ਕਰਾਈਮ ਸੈੱਲ ਨੇ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਅਧੀਨ ਆਮ ਨਾਗਰਿਕ ਬਤੌਰ ਵਲੰਟੀਅਰ ਜੁੜ ਸਕਣਗੇ ਅਤੇ ਇਹਨਾਂ ਦਾ ਕੰਮ ਸਰਕਾਰ ਨੂੰ ਅਜਿਹੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਜਾਣਕਾਰੀ ਦੇਣਾ ਹੋਵੇਗਾ ਜਿਹਨਾਂ ਪੋਸਟਾਂ ਨੂੰ ਇਹ ਵਲੰਟੀਅਰ ਅੱਤਵਾਦ, ਦੇਸ਼ ਵਿਰੋਧੀ ਗਤੀਵਿਧੀਆਂ, ਪੋਰਨੋਗ੍ਰਾਫੀ ਤੇ ਕੱਟੜਤਾ ਫੈਲਾਉਣ ਵਾਲੀਆਂ ਸਮਝਦੇ ਹੋਣਗੇ। 

ਇੰਡੀਅਨ ਐਕਸਪ੍ਰੈਸ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਭਾਰਤ ਸਰਕਾਰ ਨੇ ਇਹ ਪ੍ਰੋਗਰਾਮ ਜੰਮੂ ਕਸ਼ਮੀਰ ਅਤੇ ਤ੍ਰਿਪੁਰਾ ਵਿਚ ਸ਼ੁਰੂ ਵੀ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਇਹ ਸਾਰੇ ਭਾਰਤ ਵਿਚ ਸ਼ੁਰੂ ਕੀਤਾ ਜਾਵੇਗਾ।

ਲੋਕਾਂ ਦੀ ਬੋਲਣ ਦੀ ਅਜ਼ਾਦੀ 'ਤੇ ਵੱਡਾ ਹਮਲਾ ਹੋਣ ਦਾ ਖਤਰਾ
ਭਾਰਤ ਸਰਕਾਰ ਦਾ ਇਹ ਕਦਮ ਭਾਜਪਾ ਨਾਲ ਅਸਿਹਮਤੀਆਂ ਰੱਖਦੇ ਸਾਰੇ ਭਾਰਤੀਆਂ ਦੀ ਅਵਾਜ਼ ਬੰਦ ਕਰ ਸਕਦਾ ਹੈ। ਸਰਕਾਰ ਨੇ ਵਲੰਟੀਅਰਾਂ ਦੀ ਚੋਣ ਲਈ ਕੋਈ ਨਿਯਮ ਤੈਅ ਨਹੀਂ ਕੀਤੇ ਹਨ ਪਰ ਇਹਨਾਂ ਵਲੰਟੀਅਰਾਂ ਵੱਲੋਂ ਦੇਸ਼ ਵਿਰੋਧੀ ਐਲਾਨੀ ਕਿਸੇ ਸੋਸ਼ਲ ਮੀਡੀਆ ਪੋਸਟ 'ਤੇ ਸਰਕਾਰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਕਾਰਵਾਈ ਕਰ ਸਕਦੀ ਹੈ ਤੇ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਜੇਲ੍ਹ ਵਿਚ ਬੰਦ ਕਰ ਸਕਦੀ ਹੈ।