ਖੋਜੀਆਂ ਨੇ ਕੈਂਸਰ ਦਾ ਪਤਾ ਲਗਾਉਣ ਲਈ ਨਵਾਂ ਏਆਈ ਟੂਲ ਕੀਤਾ ਵਿਕਸਤ
ਨੇਚਰ ਬਾਇਓਟੈਕਨੋਲੋਜੀ ਜਰਨਲ ਵਿਚ ਛਪੇ ਅਧਿਐਨ ਵਿਚ ਹੋਇਆ ਖੁਲਾਸਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ : ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਲੈ ਕੇ ਨਿੱਤ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੋਜਾਂ ਨੇ ਸਾਬਤ ਕੀਤਾ ਹੈ ਕਿ ਏਆਈ ਇਨਸਾਨੀ ਜ਼ਿੰਦਗੀ ਲਈ ਕਾਫ਼ੀ ਮਦਦਗਾਰ ਹੈ। ਹੁਣ ਖੋਜੀਆਂ ਨੇ ਨਵਾਂ ਏਆਈ ਟੂਲ ਵਿਕਸਤ ਕੀਤਾ ਹੈ। ਇਹ ਕੈਂਸਰ ਦਾ ਪਤਾ ਲਗਾ ਕੇ ਇਸ ਦੇ ਇਲਾਜ ਵਿਚ ਡਾਕਟਰਾਂ ਦੀ ਮਦਦ ਕਰ ਸਕਦਾ ਹੈ। ਨੇਚਰ ਬਾਇਓਟੈਕਨੋਲੋਜੀ ਜਰਨਲ ਵਿਚ ਛਪੇ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਇਹ ਟੂਲ ਡਾਕਟਰਾਂ ਨੂੰ ਸਾਰੀਆਂ ਅਦ੍ਰਿਸ਼ ਕੋਸ਼ਿਕਾਵਾਂ ਵਿਖਾਉਣ ਦੇ ਸਮਰਥ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਖੋਜੀਆਂ ਵੱਲੋਂ ਵਿਕਸਤ ਨਵੇਂ ਟੂਲ ਨੁੂੰ ਆਈਸਟਾਰ (ਇਨਫਰਿੰਗ ਸੁਪਰ ਰਿਜ਼ਾਲਿਊਸ਼ਨ ਟਿਸ਼ੂ ਆਰਕੀਟੈਕਚਰ) ਦਾ ਨਾਂ ਦਿੱਤਾ ਹੈ।
ਪੈਨਸਿਲਵੇਨੀਆ ਯੂਨੀਵਰਸਿਟੀ ਦੇ ਪ੍ਰੋ. ਮਿੰਗਯਾਓ ਲੀ ਨੇ ਦੱਸਿਆ ਕਿ ਉੱਨਤ ਤਕਨੀਕ ਆਈਸਟਾਰ ਨੂੰ ਇਕ ਪੈਥੀਲੋਜਿਸਟ ਵਾਂਗ ਹੋ ਕੇ ਕਿਸੇ ਟਿਸ਼ੂ ਦੀ ਜਾਂਚ ਕਰਨ ਵਿਚ ਸਮਰਥ ਬਣਾਉਂਦੀ ਹੈ। ਖੋਜੀਆਂ ਨੇ ਆਈਸਟਾਰ ਦੇ ਅਸਰਦਾਰ ਹੋਣ ਦਾ ਪਤਾ ਲਾਉਣ ਲਈ ਛਾਤੀ, ਪ੍ਰੋਸਟੈਟ, ਕਿਡਨੀ ਜਿਹੇ ਵੱਖ-ਵੱਖ ਤਰ੍ਹਾਂ ਦੇ ਕੈਂਸਰ ਟਿਸ਼ੁੂ ਤੇ ਸਿਹਤਮੰਦ ਟਿਸ਼ੂਜ਼ ’ਤੇ ਖੋਜ ਕੀਤੀ ਹੈ। ਇਨ੍ਹਾਂ ਸਾਰੇ ਪ੍ਰੀਖਣਾਂ ਵਿਚ ਆਈਸਟਾਰ ਕੈਂਸਰ ਸੈੱਲ ਤੇ ਟਿਸ਼ੂ ਦਾ ਆਪਣੇ ਆਪ ਪਤਾ ਲਗਾਉਣ ਵਿਚ ਸਮਰਥ ਸੀ। ਇਸ ਟੂਲ ਜ਼ਰੀਏ ਜਾਂਚ ਬਹੁਤ ਤੇਜ਼ੀ ਨਾਲ ਸੰਭਵ ਹੈ। ਖੋਜੀਆਂ ਨੇ ਕਿਹਾ ਹੈ ਕਿ ਆਈਸਟਾਰ ਵਿਚ ਐਂਟੀ ਟਿਊਮਰ ਸੁਰੱਖਿਆ ਰਚਨਾਵਾਂ ਦਾ ਸਵੈ-ਚਾਲਿਤ ਰੂਪ ਵਿਚ ਪਤਾ ਲਗਾਉਣ ਦੀ ਸਮਰਥਾ ਹੈ। ਇਨ੍ਹਾਂ ਦੀ ਮੌਜੂਦਗੀ ਰੋਗੀ ਦੇ ਜੀਵਤ ਰਹਿਣ ਤੇ ਇਮਿਊਨਥੈਰੇਪੀ ਲਈ ਬੇਹੱਦ ਜ਼ਰੂਰੀ ਹੈ ਜੋ ਕਿ ਆਮ ਤੌਰ ’ਤੇ ਕੈਂਸਰ ਦੇ ਇਲਾਜ ਦੌਰਾਨ ਦਿੱਤੀ ਜਾਂਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਆਈਸਟਾਰ ਇਮਿਊਨਥੈਰੇਪੀ ਨਾਲ ਸਭ ਤੋਂ ਵੱਧ ਫ਼ਾਇਦਾ ਪਹੁੰਚਾਉਣ ਵਾਲੇ ਮਰੀਜ਼ਾਂ ਦਾ ਨਿਰਧਾਰਨ ਕਰਨ ਵਿਚ ਸਭ ਤੋਂ ਵੱਧ ਕਾਰਗ਼ਰ ਟੂਲ ਹੈ।
Comments (0)