ਹਿੰਦੂ ਤੀਰਥ ਯਾਤਰਾ ਨੂੰ ਸੌਖਾ ਕਰਨ ਲਈ ਭਾਰਤ ਨੇ ਨੇਪਾਲ ਨਾਲ ਰਿਸ਼ਤੇ ਦਾਅ 'ਤੇ ਲਾਏ

ਹਿੰਦੂ ਤੀਰਥ ਯਾਤਰਾ ਨੂੰ ਸੌਖਾ ਕਰਨ ਲਈ ਭਾਰਤ ਨੇ ਨੇਪਾਲ ਨਾਲ ਰਿਸ਼ਤੇ ਦਾਅ 'ਤੇ ਲਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਵੱਲੋਂ ਨੇਪਾਲ ਨਾਲ ਵਿਵਾਦਤ ਇਲਾਕੇ ਲਿਪੂਲੇਖ ਪਾਸ ਵਿਚ ਬਣਾਈ ਸੜਕ ਤੋਂ ਭਾਰਤ ਅਤੇ ਨਿਪਾਲ ਦਰਮਿਆਨ ਸ਼ੁਰੂ ਹੋਈ ਇਕ ਦੂਜੇ ਵਿਰੋਧੀ ਬਿਆਨਾਂ ਦੀ ਲੜੀ ਸਿਖਰ 'ਤੇ ਜਾ ਪਹੁੰਚੀ ਹੈ। ਨੇਪਾਲ ਨੇ ਭਾਰਤ ਦੇ ਫੌਜ ਮੁਖੀ ਵੱਲੋਂ ਬੀਤੇ ਦਿਨ ਦਿੱਤੇ ਵਿਵਾਦਤ ਬਿਆਨ 'ਤੇ ਸਖਤ ਪ੍ਰਤੀਕਰਮ ਦਿੱਤਾ ਹੈ। 

ਭਾਰਤੀ ਫੌਜ ਦੇ ਮੁਖੀ ਐਮ ਐਮ ਨਾਰਵਾਨੇ ਨੇ ਕਿਹਾ ਸੀ ਕਿ ਨੇਪਾਲ ਕਿਸੇ ਤੀਜੀ ਧਿਰ ਦੇ ਇਸ਼ਾਰੇ 'ਤੇ ਭਾਰਤ ਵੱਲੋਂ ਬਣਾਈ ਸੜਕ ਦਾ ਵਿਰੋਧ ਕਰ ਰਿਹਾ ਹੈ। ਭਾਰਤੀ ਫੌਜ ਮੁਖੀ ਦਾ ਇਸ਼ਾਰਾ ਚੀਨ ਵੱਲ ਸੀ। 

ਇਸ ਬਿਆਨ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਨੇਪਾਲ ਦੇ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਕਿਹਾ ਕਿ ਲਿਪੂਲੇਖ, ਲਿੰਪੀਆਧੁਰਾ ਅਤੇ ਕਾਲਾਪਾਨੀ ਨੇਪਾਲ ਦੇ ਇਲਾਕੇ ਹਨ ਅਤੇ ਇਹਨਾਂ 'ਤੇ ਮੁੜ ਨੇਪਾਲ ਦਾ ਕਬਜ਼ਾ ਲੈਣ ਲਈ ਮਜ਼ਬੂਤ ਕਦਮ ਚੁੱਕੇ ਜਾਣਗੇ।"


ਭਾਰਤੀ ਫੌਜ ਦੇ ਮੁਖੀ ਐਮ ਐਮ ਨਾਰਵਾਨੇ

ਰਾਸ਼ਟਰਪਤੀ ਭੰਡਾਰੀ ਨੇ ਨੇਪਾਲ ਦੇ ਸਾਂਝੇ ਪਾਰਲੀਮੈਂਟ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੇਪਾਲ ਸਰਕਾਰ ਨਵਾਂ ਨਕਸ਼ਾ ਤਿਆਰ ਕਰਕੇ ਇਹਨਾਂ ਇਲਾਕਿਆਂ ਨੂੰ ਉਸ ਵਿਚ ਸ਼ਾਮਲ ਕਰੇਗੀ।

ਕੀ ਹੈ ਇਸ ਜ਼ਮੀਨ ਦਾ ਵਿਵਾਦ
ਭਾਰਤ ਸਰਕਾਰ ਨੇ 31 ਅਕਤੂਬਰ, 2019 ਨੂੰ ਭਾਰਤ ਦਾ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਿਸ ਵਿਚ ਕਾਲਾਪਾਨੀ ਇਲਾਕੇ ਨੂੰ ਭਾਰਤ ਦਾ ਹਿੱਸੇ ਵਜੋਂ ਸ਼ਾਮਲ ਕਰ ਲਿਆ ਗਿਆ ਸੀ। ਇਸ ਦਾ ਨੇਪਾਲ ਵਿਚ ਕਾਫੀ ਵਿਰੋਧ ਹੋਇਆ ਸੀ, ਕਿਉਂਕਿ ਨੇਪਾਲ ਕਾਲਾਪਾਨੀ ਨੂੰ ਆਪਣਾ ਇਲਾਕਾ ਮੰਨਦਾ ਹੈ। ਬੀਤੇ ਸ਼ੁਕਰਵਾਰ ਭਾਰਤ ਸਰਕਾਰ ਵੱਲੋਂ ਲਿਪੂਲੇਖ ਪਾਸ ਤਕ ਸੜਕ ਦਾ ਉਦਘਾਟਨ ਕਰਨ ਨਾਲ ਭਾਰਤ-ਨੇਪਾਲ ਵਿਚਾਲੇ ਜ਼ਮੀਨੀ ਵਿਵਾਦ ਫੇਰ ਭਖ ਗਿਆ। 

ਨੇਪਾਲ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ 2019 ਵਿਚ ਨਕਸ਼ਾ ਬਣਾਉਣ ਮਗਰੋਂ ਵੀ ਨੇਪਾਲ ਦੇ ਵਿਰੋਧ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਨੇਪਾਲ ਦੇ ਕਹਿਣ ਦੇ ਬਾਵਜੂਦ ਵੀ ਇਸ ਸਬੰਧੀ ਗੱਲਬਾਤ ਲਈ ਕੋਈ ਬੈਠਕ ਨਹੀਂ ਕੀਤੀ। 

ਇਤਿਹਾਸਕ ਦਾਅਵਾ
4 ਮਾਰਚ, 1816 ਨੂੰ ਨੇਪਾਲ ਅਤੇ ਭਾਰਤ 'ਤੇ ਕਾਬਜ਼ ਬਰਤਾਨਵੀ ਈਸਟ ਇੰਡੀਆ ਕੰਪਨੀ ਦਰਮਿਆਨ ਹੋਈ ਸੂਗੌਲੀ ਸੰਧੀ ਵਿਚ ਮਹਾਕਾਲੀ ਨਦੀ ਨੂੰ ਦੋਵਾਂ ਦੇਸ਼ਾਂ ਦਰਮਿਆਨ ਪੱਛਮੀ ਹੱਦ ਮੰਨਿਆ ਗਿਆ ਸੀ। 

ਨੇਪਾਲੀ ਮਾਹਰਾਂ ਦਾ ਕਹਿਣਾ ਹੈ ਕਿ ਕਾਲੀ ਨਦੀ ਲਿੰਪੀਆਧੁਰਾ ਤੋਂ ਨਿੱਕਲਦੀ ਹੈ, ਜੋ ਕਾਲਾਪਾਨੀ ਤੋਂ 30 ਕਿੱਲੋਮੀਟਰ ਪੱਛਮ ਵਿਚ ਹੈ। ਭਾਰਤ ਸਰਕਾਰ ਵੱਲੋਂ 24 ਅਪ੍ਰੈਲ, 1856 ਨੂੰ ਜਾਰੀ ਕੀਤੇ ਨਕਸ਼ੇ ਵਿਚ ਵੀ ਲਿੰਪੀਆਧੁਰਾ ਨੂੰ ਕਾਲੀ ਨਦੀ ਦਾ ਮੁੱਢ ਮੰਨਿਆ ਗਿਆ ਹੈ। ਉੱਥੇ ਤਿੰਨ ਪਿੰਡ ਹਨ- ਕੁਟੀ, ਨਾਬੀ ਅਤੇ ਗੁੰਜੀ। ਇਹਨਾਂ ਪਿੰਡਾਂ ਦੀ ਵਸੋਂ ਨਿਪਾਲੀ ਹੈ, ਪਰ ਭਾਰਤ ਵੀ ਇਹਨਾਂ ਪਿੰਡਾਂ 'ਤੇ ਆਪਣੀ ਮਾਲਕੀ ਦਾ ਦਾਅਵਾ ਕਰਦਾ ਹੈ। 

ਨੇਪਾਲੀ ਸਰਕਾਰ ਦਾ ਕਹਿਣਾ ਹੈ ਇਹਨਾਂ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਨੇਪਾਲ ਦੇ ਬੈਤਾਡੀ ਜ਼ਿਲ੍ਹੇ ਵਿਚ ਬੋਲਦਾ ਹੈ, ਜਦਕਿ ਭਾਰਤ ਦਾ ਕਹਿਣਾ ਹੈ ਕਿ ਇਸ ਜ਼ਮੀਨ ਦਾ ਰਿਕਾਰਡ ਭਾਰਤ ਦੇ ਯੂਪੀ ਸੂਬੇ ਦੇ ਪਿਥੌੜਗੜ ਜ਼ਿਲ੍ਹੇ ਵਿਚ ਬੋਲਦਾ ਹੈ। ਨੇਪਾਲ ਨੇ ਭਾਰਤ 'ਤੇ ਉਸਦੀ 385 ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। 

ਚੀਨ ਅਤੇ ਭਾਰਤ ਦੀ ਹੱਦ
ਭਾਰਤ ਵੱਲੋਂ ਨੇਪਾਲ ਨਾਲ ਵਿਵਾਦਤ ਜਿਸ ਲਿਪੂਲੇਖ ਪਾਸ ਵਿਚ ਇਹ ਸੜਕ ਕੱਢੀ ਗਈ ਹੈ, ਉਹ ਭਾਰਤ ਅਤੇ ਚੀਨ ਦਰਮਿਆਨ ਕੁਦਰਤੀ ਸਰਹੱਦ ਵੀ ਹੈ। ਨੇਪਾਲ ਦਾ ਕਹਿਣਾ ਹੈ ਕਿ ਬਰਤਾਨਵੀ ਫੌਜ ਨੇ ਭਾਰਤ 'ਤੇ ਆਪਣੇ ਕਬਜ਼ੇ ਦੌਰਾਨ ਧੱਕੇ ਨਾਲ ਆਪਣੀ ਹੱਦ ਨੂੰ ਲਿਪੂਲੇਖ ਤਕ ਵਧਾ ਲਿਆ ਸੀ ਤਾਂ ਕਿ ਚੀਨ ਨਾਲ ਵਪਾਰ ਲਈ ਸੌਖਾ ਆਣ-ਜਾਣ ਹੋ ਸਕੇ। ਇਸ ਨਾਲ ਭਾਰਤ-ਚੀਨ ਦਰਮਿਆਨ ਸਫਰ ਘਟਦਾ ਹੈ। 

ਸਾਲ 2015 ਵਿਚ ਭਾਰਤ ਅਤੇ ਚੀਨ ਦਰਮਿਆਨ ਸਮਝੌਤਾ ਹੋਇਆ ਜਿਸ ਮੁਤਾਬਕ ਲਿਪੂਲੇਖ ਵਿਚ ਇਕ ਚੌਂਕੀ ਸਥਾਪਤ ਕੀਤੀ ਗਈ ਜਿਸ ਨੂੰ ਦੋਵਾਂ ਮੁਲਕਾਂ ਦਰਮਿਆਨ ਦੁਵੱਲੀ ਰਾਹਦਾਰੀ ਵਜੋਂ ਮੰਨਿਆ ਗਿਆ।

ਨੇਪਾਲ ਦਾ ਦੋਸ਼ ਹੈ ਕਿ ਭਾਰਤ ਸਰਕਾਰ ਇਸ ਨਦੀ ਦੀ ਧਾਰਾ ਦੇ ਮਨੁੱਖੀ ਵਿਕਸਤ ਵਹਿਣ ਬਣਾ ਕੇ ਆਪਣੇ ਕਬਜ਼ੇ ਨੂੰ ਜਾਇਜ਼ ਸਾਬਤ ਕਰਨ ਵਿਚ ਲੱਗੀ ਹੋਈ ਹੈ। 

ਹਿੰਦੂ ਤੀਰਥ ਯਾਤਰੀਆਂ ਲਈ ਨੇਪਾਲ ਨਾਲ ਰਿਸ਼ਤੇ ਦਾਅ 'ਤੇ ਲਾ ਰਿਹਾ ਭਾਰਤ
ਭਾਰਤ ਸਰਕਾਰ ਵੱਲੋਂ ਨੇਪਾਲ ਨਾਲ ਆਪਣੇ ਰਿਸ਼ਤਿਆਂ ਨੂੰ ਜਿਸ ਸੜਕ ਲਈ ਦਾਅ 'ਤੇ ਲਾਇਆ ਜਾ ਰਿਹਾ ਹੈ, ਇਸ ਦਾ ਨਿਰਮਾਣ ਹਿੰਦੂ ਤੀਰਥ ਸਥਾਨ ਕੈਲਾਸ਼ ਮਾਨਸਰੋਵਰ ਦੀ ਯਾਤਰਾ ਨੂੰ ਸੌਖਿਆ ਕਰਨ ਲਈ ਕੀਤਾ ਗਿਆ ਹੈ। ਇਸ ਸੜਕ ਨਾਲ ਕੈਲਾਸ਼ ਮਾਨਸਰੋਵਰ ਦੀ ਯਾਤਰਾ ਨੂੰ ਜਾਂਦੇ ਹਿੰਦੂ ਤੀਰਥ ਯਾਤਰੀਆਂ ਦੇ ਸਫਰ ਦਾ ਸਮਾਂ ਘਟ ਜਾਵੇਗਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।