ਪੰਜਾਬ ਦੀ ਝਾਕੀ ਨੂੰ ਬਾਹਰ ਰੱਖਣ ਦਾ ਮਾਮਲਾ ਤੇ ਪੰਜਾਬੀਆਂ ਦੀਆਂ ਦੇਸ ਲਈ 80 ਫੀਸਦੀ ਕੁਰਬਾਨੀਆਂ

ਪੰਜਾਬ ਦੀ ਝਾਕੀ ਨੂੰ ਬਾਹਰ ਰੱਖਣ ਦਾ ਮਾਮਲਾ ਤੇ ਪੰਜਾਬੀਆਂ ਦੀਆਂ ਦੇਸ ਲਈ 80 ਫੀਸਦੀ ਕੁਰਬਾਨੀਆਂ

ਗਣਤੰਤਰ ਦਿਵਸ ਮੌਕੇ ਹੋਣ ਵਾਲੇ ਜਸ਼ਨਾਂ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਰੱਖਣ ਦੇ ਮਾਮਲੇ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਸ ਵਿੱਚ ਗੁਥਮ ਗੁੱਥਾ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਦੂਜੇ ਉੱਤੇ ਸੁੱਟੇ ਜਾ ਰਹੇ ਚਿੱਕੜ ਨੂੰ ਦੇਖ ਕੇ ਇੰਝ ਲੱਗਣ ਲੱਗਾ ਹੈ ਕਿ ਜਿਵੇਂ ਵਿੱਦਿਅਕ ਅਦਾਰਿਆਂ ਦੇ ਯੂਥ ਫੈਸਟੀਵਲ ਵੇਲੇ ਨਤੀਜੇ ਨੂੰ ਲੈ ਕੇ ਪ੍ਰਤੀਯੋਗੀ ਇੱਕ ਦੂਜੇ ਉੱਤੇ ਇਲਜ਼ਾਮ ਲਾਉਣ ਲੱਗਦੇ ਹਨ। ਆਮ ਕਰਕੇ ਯੂਥ ਫੈਸਟੀਵਲਾਂ ਵਿੱਚ ਸਭ ਤੋਂ ਵੱਧ ਰੌਲਾ-ਰੱਪਾ ਭੰਗੜੇ ਅਤੇ ਗਿੱਧੇ ਦੇ ਨਤੀਜਾ ਨੂੰ ਲੈ ਕੇ ਪੈਂਦਾ ਹੈ। ਉਦੋਂ ਖਰੀ ਗੱਲ ਇਹ ਹੁੰਦੀ ਹੈ ਕਿ ਪ੍ਰਤੀਯੋਗੀ ਆਪਣੀ ਪ੍ਰਤਿਭਾ ਦੇ ਸਹਾਰੇ ਰਿਜ਼ਲਟ ਉਹਨਾਂ ਦੇ ਹੱਕ ਵਿੱਚ ਰਹਿਣ ਦਾ ਦਾਅਵਾ ਕਰਦੇ ਹਨ ਪਰ ਦੂਜੀ ਪਾਰਟੀ ਉੱਤੇ ਚਿੱਕੜ ਨਹੀਂ ਸੁੱਟਿਆ ਜਾਂਦਾ। ਹਾਂ, ਬੜੀ ਵਾਰ ਜੱਜਮੈਂਟ ਦੇਣ ਵਾਲੇ ਵੀ ਦੂਸ਼ਣਬਾਜ਼ੀ ਵਿੱਚ ਘਿਰ ਜਾਂਦੇ ਹਨ। ਗਣਤੰਤਰ ਦਿਵਸ ਮੌਕੇ ਪੰਜਾਬ ਨੂੰ ਬਾਹਰ ਰੱਖਣ ਨੂੰ ਲੈ ਕੇ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਉੱਤੇ ਉੱਤਰ ਆਈਆਂ ਹਨ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚੋਂ ਬਾਹਰ ਰੱਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਉੱਤੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਸ ਵਿੱਚ ਹੀ ਸਿੰਗ ਫਸਾ ਲਏ ਹਨ।

ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 17 ਸਾਲਾਂ ਦੌਰਾਨ ਪੰਜਾਬ ਨੂੰ ਨੌ ਵਾਰ ਗਣਤੰਤਰ ਦਿਵਸ ਮੌਕੇ ਆਪਣੀ ਝਾਕੀ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਤਾਂ ਪੰਜਾਬ ਨੂੰ ਲਗਾਤਾਰ ਬਾਹਰ ਰੱਖਿਆ ਗਿਆ ਸੀ। ਸਾਲ 2007 ਦੌਰਾਨ ਵੀ ਪੰਜਾਬ ਨੂੰ ਮੌਕਾ ਨਹੀਂ ਸੀ ਮਿਲ ਸਕਿਆ। ਉਸ ਤੋਂ ਅਗਲੇ ਸਾਲ ਪੰਜਾਬ ਜਸ਼ਨਾਂ ਵਿੱਚ ਭਾਗ ਲੈ ਸਕਿਆ ਸੀ। ਉਸ ਤੋਂ ਬਾਅਦ ਲਗਾਤਾਰ ਦੋ ਸਾਲ 2009 ਅਤੇ 2010 ਨੂੰ ਪੰਜਾਬ ਨੂੰ ਗਣਤੰਤਰ ਦਿਵਸ ਜਸ਼ਨਾਂ ਤੋਂ ਬਾਹਰ ਰੱਖਿਆ ਗਿਆ। ਸਾਲ 2011 ਅਤੇ 2012 ਵਿੱਚ ਪੰਜਾਬ ਨੂੰ ਮੁੜ ਤੋਂ ਮੌਕਾ ਦਿੱਤਾ ਗਿਆ ਸੀ। 2013 ਤੋਂ ਲੈ ਕੇ 2016 ਤਕ ਲਗਾਤਾਰ ਪੰਜਾਬ ਨੂੰ ਗਣਤੰਤਰ ਦਿਵਸ ਮੌਕੇ ਝਾਕੀ ਦਿਖਾਉਣ ਦਾ ਮੌਕਾ ਨਹੀਂ ਸੀ ਦਿੱਤਾ ਗਿਆ। ਉਸ ਤੋਂ ਬਾਅਦ 2017 ਤੋਂ ਲੈ ਕੇ 2022 ਤਕ ਪੰਜਾਬ ਗਣਤੰਤਰ ਦਿਵਸ ਜਸ਼ਨਾਂ ਦਾ ਹਿੱਸਾ ਬਣਦਾ ਰਿਹਾ ਹੈ। 2023 ਵਿੱਚ ਵੀ ਪੰਜਾਬ ਨੂੰ ਗਣਤੰਤਰ ਦਿਵਸ਼ ਮੌਕੇ ਝਾਕੀ ਪੇਸ਼ ਕਰਨ ਤੋਂ ਨਾਂਹ ਹੋ ਗਈ ਹੋਈ ਸੀ। ਉਦੋਂ ਵੀ ਕੇਂਦਰ ਸਰਕਾਰ ਉੱਤੇ ਅਜਿਹੇ ਦੋਸ਼ ਲੱਗੇ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਦੇ ਇਸ ਫੈਸਲੇ ਨੂੰ ਕੌਮੀ ਤਰਾਨੇ ਵਿੱਚੋਂ ਪੰਜਾਬ ਸ਼ਬਦ ਕੱਢਣ ਦੀ ਦਿਸ਼ਾ ਵੱਲ ਪੇਸ਼ ਕਦਮੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਪੰਜਾਬ ਦੇ ਸਵੈਮਾਣ ਨੂੰ ਸੱਟ ਮਾਰਨ ਲਈ ਪੰਜਾਬੀਆਂ ਵੱਲੋਂ ਸੁਤੰਤਰਤਾ ਸੰਗਰਾਮ ਵਿੱਚ ਦਿੱਤੇ ਲਾ ਮਿਸਾਲ ਬਲੀਦਾਨ ਦਾ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਨੇ ਨਾਲ ਹੀ ਇਹ ਦਾਅਵਾ ਕੀਤਾ ਕਿ ਉਹ ਪਿੰਡ ਪਿੰਡ ਤਕ ਕੇਂਦਰੀ ਵਤੀਰੇ ਦੀ ਗੱਲ ਲੈ ਕੇ ਜਾਣਗੇ ਅਤੇ ਪੰਜਾਬ ਵੱਲੋਂ ਤਿਆਰ ਕੀਤੀਆਂ ਝਾਕੀਆਂ ਨੂੰ ਗੁਣਤੰਤਰ ਦਿਵਸ ਮੌਕੇ ਪੰਜਾਬ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਲੋਕਾਂ ਨੂੰ ਦਿਖਾਇਆ ਜਾਵੇਗਾ।

ਦੂਜੇ ਬੰਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਨੇ ਕੱਲ੍ਹ ਕੇਂਦਰ ਸਰਕਾਰ ਦੇ ਫੈਸਲੇ ਨੂੰ ਰਾਸ਼ਾ ਜਨ ਦੱਸਿਆ ਸੀ, ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੀ ਅੰਦਰਲਾ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵੱਲੋਂ ਜਿਹੜੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਲਾਈਆਂ ਗਈਆਂ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਝਾਕੀਆਂ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਸਨ ਅਤੇ ਇਹ ਕੇਂਦਰ ਸਰਕਾਰ ਵੱਲੋਂ ਜੱਜਾਂ ਦੀ ਬਣਾਈ ਇੱਕ ਕਮੇਟੀ ਦੇ ਮਿਆਰ ’ਤੇ ਖਰੀਆਂ ਨਹੀਂ ਉੱਤਰੀਆਂ ਹਨ। ਉਨ੍ਹਾਂ ਨੇ ਅੱਜ ਭਗਵੰਤ ਮਾਨ ਉੱਤੇ ਤਾਬੜਤੋੜ ਹਮਲੇ ਕੀਤੇ ਹਨ। ਉਹਨਾਂ ਦਾ ਕਹਿਣਾ ਸੀ ਕਿ ਭਗਵੰਤ ਸਿੰਘ ਮਾਨ ਜਿਹੜੇ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉੱਤੇ ਮਾੜੀ ਭਾਸ਼ਾ ਬੋਲਣ ਦਾ ਦੋਸ਼ ਲਾਉਂਦੇ ਰਹੇ ਹਨ, ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਗੱਲ ਕਰਦਿਆਂ ਮਰਿਆਦਾ ਭੁੱਲ ਹਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਉਹ ਪੰਜਾਬ ਸਰਕਾਰ ਦੇ ਕਾਰਨਾਮਿਆਂ ਦੀਆਂ ਝਲਕੀਆਂ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਪੇਸ਼ ਕਰਨਗੇ।

ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦਿਖਾਈਆਂ ਜਾਣ ਵਾਲੀਆਂ ਝਾਕੀਆਂ ਦੀ ਚੋਣ ਲਈ ਇੱਕ ਕਮੇਟੀ ਬਣਾਈ ਜਾਂਦੀ ਹੈ, ਜਿਸ ਵਿੱਚ ਭਾਰਤੀ ਫੌਜ ਸਮੇਤ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ‌ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਨਿਯਮਾਂ ਅਨੁਸਾਰ ਪੰਜਾਬ ਨੂੰ ਪੱਤਰ ਲਿਖ ਕੇ ਝਾਕੀਆਂ ਭੇਜਣ ਲਈ ਕਿਹਾ ਗਿਆ ਸੀ। ਕੇਂਦਰ ਦਾ ਪਹਿਲਾ ਪੱਤਰ 4 ਅਗਸਤ 2023 ਨੂੰ ਪੰਜਾਬ ਸਰਕਾਰ ਨੂੰ ਪ੍ਰਾਪਤ ਹੋ ਗਿਆ ਸੀ। ‌ਕੇਂਦਰੀ ਟੀਮ ਵੱਲੋਂ ਝਾਕੀਆਂ ਵਿੱਚ ਕੁਝ ਖਾਮੀਆਂ ਦੱਸ ਕੇ ਇਸ ਵਿੱਚ ਸੋਧ ਕਰਨ ਦੀ ਹਦਾਇਤ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਸੋਧੀਆਂ ਝਾਕੀਆਂ 22 ਦਸੰਬਰ ਨੂੰ ਬਦਲ ਕੇ ਭੇਜ ਦਿੱਤੀਆਂ ਗਈਆਂ ਅਤੇ ਉਸ ਤੋਂ ਚਾਰ ਦਿਨ ਬਾਅਦ ਕੇਂਦਰ ਸਰਕਾਰ ਦਾ ਝਾਕੀਆਂ ਨੂੰ ਬਾਹਰ ਰੱਖਣ ਦਾ ਸੁਨੇਹਾ ਦਿੰਦਾ ਪੱਤਰ ਪੰਜਾਬ ਸਰਕਾਰ ਦੇ ਦਰ ਆ ਪੁੱਜਾ।

ਭਗਵੰਤ ਮਾਨ ਨੇ ਜੇ ਲੰਘੇ ਦਿਨੀਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤੇ ਤੋੜਾ ਝਾੜਿਆ ਸੀ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਘੱਟ ਨਹੀਂ ਕੀਤੀ। ਕਿਹਾ ਜਾ ਸਕਦਾ ਸੀ ਕਿ ਦੋਨਾਂ ਦਾ ਆਪਣੀ ਜ਼ਬਾਨ ਉੱਤੇ ਕੰਟਰੋਲ ਨਹੀਂ ਸੀ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੂਰੀ ਵਾਹ ਲਾਈ। ਪੰਜਾਬ ਅਤੇ ਪੰਜਾਬੀ ਅਡੋਲ ਹਨ। ਪੰਜਾਬ ਕੇਂਦਰ ਵੱਲੋਂ ਪ੍ਰਤੀਨਿਧਤਾ ਦੇਣ ਦਾ ਮੁਥਾਜ ਨਹੀਂ ਹੈ, ਨਾ ਹੀ ਆਜ਼ਾਦੀ ਪ੍ਰਾਪਤ ਕਰਨ ਲਈ ਪੰਜਾਬੀਆਂ ਵੱਲੋਂ ਦਿੱਤੀ 80 ਫੀਸਦੀ ਕੁਰਬਾਨੀ ਨੂੰ ਕੋਈ ਝੁਠਲਾ ਸਕੇਗਾ। ਪੰਜਾਬ ਪੂਰੇ ਮੁਲਕ ਲਈ ਢਾਲ਼ ਬਣ ਕੇ ਖੜ੍ਹਦਾ ਰਿਹਾ। ਪੰਜਾਬ ਦੇ ਕਿਸਾਨ ਨੂੰ ਪੂਰੇ ਮੁਲਕ ਦਾ ਢਿੱਡ ਭਰਨ ਕਰਕੇ ਅੰਨਦਾਤਾ ਕਿਹਾ ਜਾਣ ਲੱਗਾ ਹੈ। ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ। ਵਧੀਆ ਗੱਲ ਹੈ ਜੇ ਸਿਆਸਤਦਾਨ ਆਪਣੇ ਕਿਰਦਾਰ ਦੇ ਸਿਰ ’ਤੇ ਦਮਗਜ਼ੇ ਮਾਰਨ ਜੋਗੇ ਹੋ ਜਾਣ। ਭੇਡਾਂ ਵਿੱਚ ਖੜ੍ਹਾ ਸ਼ੇਰ ਦੂਰੋਂ ਹੀ ਪਛਾਣਿਆ ਜਾਂਦਾ ਹੈ।

 

ਕਮਲਜੀਤ ਸਿੰਘ ਬਨਵੈਤ