ਪੰਜਾਬ ਵਿਚ ਨਸ਼ਾ ਬੁਰੀ ਤਰ੍ਹਾਂ ਪਸਰਿਆ

 ਪੰਜਾਬ ਵਿਚ ਨਸ਼ਾ ਬੁਰੀ ਤਰ੍ਹਾਂ ਪਸਰਿਆ

            *ਲੁਧਿਆਣਾ ਵਿਖੇ ਫੋਨ ਤੇ ਆਰਡਰ, ਘਰ ਤਕ ਡਲਿਵਰੀ, 300 ਤੋਂ 1000 ਰੁਪਏ ਵਿਚ ਮਿਲ ਰਹੀ ਚਿੱਟੇ ਦੀ ਪੁੜੀ

*ਸਰਕਾਰੀ ਸਿਰਿੰਜ ਨਾਲ ਪੰਜਾਬ ਦੇ 10,000 ਨੌਜਵਾਨਾਂ ਦੀਆਂ ਨਸਾਂ ਵਿਚ ਘੁਲ ਰਿਹਾ ਨਸ਼ਾ, ਡਾਂਸ ਪਾਰਟੀਆਂ ਤਕ ਤਸਕਰਾਂ ਦਾ ਨੈੱਟਵਰਕ

ਨਸ਼ੇ ਦੀ ਵਿਕਰੀ ਨੂੰ ਲੈ ਕੇ ਪਿੰਡ ਕਾਲਝਰਾਣੀ ਤੇ ਨਥਾਣਾ ਥਾਣਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਪੰਚਾਇਤਾਂ ਵਲੋਂ  ਸਖ਼ਤ ਸਟੈਂਡ

                            ਵਿਸ਼ੇਸ਼ ਰਿਪੋਰਟ                                       

 ਲੁਧਿਆਣਾ ਵਿਚ 24 ਥਾਵਾਂ ਤਾਂ ਅਜਿਹੀਆਂ ਹਨ ਜਿੱਥੇ ਨਸ਼ੇਡ਼ੀ ਰੋਜ਼ਾਨਾ ਨਸ਼ਾ ਕਰਦੇ ਹਨ ਅਤੇ ਇਨ੍ਹਾਂ ਨੂੰ ਸੰਸਥਾ ਵੱਲੋਂ ਹਾਟ ਸਪਾਟ ਦਾ ਨਾਂ ਦਿੱਤਾ ਗਿਆ ਹੈ। ਸ਼ਹਿਰ ਵਿਚ ਸਲੇਮ ਟਾਬਰੀ, ਪੀਰੂਬੰਦਾ, ਦਾਣਾਮੰਡੀ, ਟਿੱਬਾ ਰੋਡ, ਜਲੰਧਰ ਬਾਈਪਾਸ, ਭੱਟੀਆਂ, ਗਿੱਲ ਪਿੰਡ, ਧਾਂਦਰਾ ਰੋਡ, ਘੋਡ਼ਾ ਕਾਲੋਨੀ, ਮੁੰਡੀਆਂ ਸਮੇਤ ਹੋਰ ਇਲਾਕੇ ਸ਼ਾਮਲ ਹਨ। ਫਿਰ ਉਹ ਲੋਕਲ ਪੁਲਿਸ ਹੋਵੇ ਜਾਂ ਐੱਸਟੀਐੱਫ, ਸਾਰੇ ਵੱਡੇ ਤਸਕਰਾਂ ਨੂੰ ਫਡ਼ਨ ਵਿਚ ਲੱਗੇ ਹਨ ਪਰ ਛੋਟੇ ਪੱਧਰ ਤੇ ਰੋਜ਼ ਪੰਜਾਬ ਵਿਚ ਕਰੋਡ਼ਾਂ ਦੀ ਹੈਰੋਇਨ ਦੀ ਸਪਲਾਈ ਹੋ ਰਹੀ ਹੈ। ਲੁਧਿਆਣਾ ਦੇ ਹਾਲਾਤ ਇਹ ਹਨ ਕਿ ਨਸ਼ੇ ਦੇ ਕਾਰਨ ਬਦਨਾਮ ਇਨ੍ਹਾਂ ਬਸਤੀਆਂ ਵਿਚ ਜਾ ਕੇ ਦੋ ਜਾਂ ਤਿੰਨ ਲੋਕਾਂ ਤੋਂ ਨਸ਼ੇ ਬਾਰੇ ਪੁੱਛਣ ਤੇ ਹੀ ਡਲਿਵਰੀ ਬੁਆਏ ਨਸ਼ਾ ਦੇਣ ਪੁੱਜ ਜਾਂਦਾ ਹੈ।  ਇਸ ਦੀ ਪਡ਼ਤਾਲ ਲਈ ਸ਼ਹਿਰ ਦੇ ਪੀਰੂ ਬੰਦਾ, ਜਲੰਧਰ ਰੋਡ ਸਥਿਤ ਅਨਾਜ ਮੰਡੀ ਤੇ ਸਲੇਮ ਟਾਬਰੀ ਏਰੀਆਂ ਦੀ ਜਾਂਚ ਕੀਤੀ ਗਈ। ਲਗਪਗ ਹਰ ਥਾਂ ਤੇ ਨਸ਼ਾ ਮੁਹੱਈਆ ਹੋ ਰਿਹਾ ਹੈ, ਬਸ ਪੈਸਾ ਹੋਣਾ ਚਾਹੀਦੈ ਕੋਲ। ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਖੁੱਲ੍ਹ ਗਏ ਹਨ ਕਿ ਪੈਸੇ ਲੈ ਕੇ ਨਸ਼ਾ ਤੈਅ ਜਗ੍ਹਾ ਤਕ ਪਹੁੰਚਾਉਣ ਦੀ ਗੱਲ ਕਹੀ ਜਾ ਰਹੀ ਹੈ। ਬਕਾਇਦਾ ਡਲਿਵਰੀ ਬੁਆਏ ਰੱਖੇ ਗਏ ਹਨ ਤੇ ਉਹ ਪੈਸੇ ਲੈ ਕੇ ਨਸ਼ੇ ਦੀ ਡਲਿਵਰੀ ਦਿੰਦੇ ਹਨ।

ਪੀਰੂ ਬੰਦਾ ਦੀ ਇਕ ਗਲੀ ਦੇ ਨੌਜਵਾਨਾਂ ਦਾ ਕਹਿਣਾ ਸੀ ਕਿ ਪੀਰੂ ਬੰਦਾ ਦੀ ਕਿਸੇ ਵੀ ਗਲੀ ਵਿਚ ਚਲੇ ਜਾਓ, ਨਸ਼ਾ ਮਿਲ ਜਾਵੇਗਾ । ਇਕ ਗ੍ਰਾਮ ਤੋਂ ਵੀ ਘੱਟ ਨਸ਼ਾ ਪੁਡ਼ੀ 500 ਰੁਪਏ ਦੀ ਮਿਲਦੀ ਹੈ।ਪੀਰੂ ਬੰਦਾ ਇਲਾਕੇ ਤੋਂ  ਇਕ ਨਸ਼ੇੜੀ ਨੌਜਵਾਨ ਨੇ ਦਸਿਆ ਇਥੇ ਦੋ ਹੋਰ ਨੌਜਵਾਨ ਖੜੇ ਨਸ਼ਾ ਵੇਚਦੇ ਹਨ। ਉਨ੍ਹਾਂ ਕੋਲ ਪੁਡ਼ੀ ਹੈ, ਬੱਸ ਪੈਸੇ ਦੋ ਤੇ ਲੈ ਲਓ।ਨੌਜਵਾਨ ਨੇ ਕਿਹਾ ਕਿ 300 ਤੋਂ ਲੈ ਕੇ 1000 ਰੁਪਏ ਤਕ ਦੀ ਪੁਡ਼ੀ ਮਿਲਦੀ ਹੈ। ਸਲੇਮ ਟਾਬਰੀ ਦੇ ਇਕ ਇਲਾਕੇ ਵਿਚ ਨੌਜਵਾਨਾਂ ਨੇ ਦਸਿਆ ਕਿ ਇਥੇ ਨਸ਼ੇ ਨੂੰ ਉਡਦਾ ਜਹਾਜ਼ ਤੇ ਉਤਰਦਾ ਜਹਾਜ਼ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਹਾਜ਼ ਉਡਾਉਣ ਦਾ ਮਤਲਬ ਹੈ ਕਿ ਨਸ਼ਾ ਲੈਣਾ ਹੈ ਤੇ ਜਹਾਜ਼ ਉਤਰਣ ਦਾ ਮਤਲਬ ਹੈ ਕਿ ਨਸ਼ਾ ਦਾ ਭੰਡਾਰ ਆਉਣਾ ਹੈ। ਉਸ ਨੇ ਕਿਹਾ ਕਿ ਜੇਕਰ ਖੁੱਲ੍ਹੇਆਮ ਪੁੱਛੋਗੇ ਕਿ ਨਸ਼ਾ ਮਿਲਦਾ ਹੈ ਤਾਂ ਕੋਈ ਨਹੀਂ ਦੱਸੇਗਾ।ਨਸ਼ਾ ਹੁਣ ਸ਼ਰੇਆਮ ਲੋਕਾਂ ਦੇ ਘਰਾਂ ਤਕ ਪਹੁੰਚਣ ਲੱਗ ਪਿਆ ਹੈ। ਪੁਲਿਸ ਦੀ ਗਸ਼ਤ ਤੇ ਕਾਰਵਾਈ ਨਾਕਾਫ਼ੀ ਹੈ, ਇਹੀ ਕਾਰਨ ਹੈ ਕਿ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ।  ਪੁਲਿਸ ਤੇ ਇਹ ਵੀ ਦੋਸ਼ ਹਨ ਕਿ ਪੁਲਿਸ ਨਸ਼ਾ ਤਸਕਰਾਂ ਕੋਲੋਂ ਪੈਸੇ ਲੈ ਕੇ ਛੱਡ ਦਿੰਦੀ ਹੈ ਜਾਂ ਜੇਕਰ ਮਾਮਲਾ ਦਰਜ ਵੀ ਹੁੰਦਾ ਹੈ ਤਾਂ ਤਸਕਰ ਕੁਝ ਮਹੀਨੇ ਬਾਅਦ ਹੀ ਜ਼ਮਾਨਤ ਲੈ ਕੇ ਬਾਹਰ ਆ ਜਾਂਦੇ ਹਨ ਤੇ ਮੁਡ਼ ਨਸ਼ਾ ਵੇਚਣ ਲੱਗ ਜਾਂਦੇ ਹਨ।

ਨਸ਼ਾ, ਡਾਂਸ ਪਾਰਟੀਆਂ ਤਕ ਤਸਕਰਾਂ ਦਾ ਨੈੱਟਵਰਕ

ਸੂਬੇ ਵਿਚ ਭਾਵੇਂ ਹੀ ਸਰਕਾਰ ਨਸ਼ੇ ਦੀ ਚੇਨ ਨਹੀਂ ਤੋਡ਼ ਸਕੀ ਹੋਵੇ ਪਰ ਪੰਜਾਬ ਵਿਚ 31 ਟਾਰਗੈੱਟ ਇੰਟਰਵੈਂਸ਼ਨ ਪ੍ਰਾਜੈਕਟ ਫਾਰ ਇੰਜੈਕਟਏਬਲ ਡਰੱਗਜ਼ ਯੂਜਰ ਸੈਂਟਰਾਂ ਤੇ ਨਸ਼ਾ ਕਰਨ ਲਈ ਮੁਫ਼ਤ ਸਿਰਿੰਜ ਮੁਹੱਈਆ ਹੁੰਦੀ ਹੈ। ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ 3 ਸੈਂਟਰ ਹਨ, ਜਿੱਥੇ ਰੋਜ਼ਾਨਾ 300 ਦੇ ਲਗਪਗ ਨੌਜਵਾਨ ਸਿਰਿੰਜ ਲੈ ਕੇ ਚਿੱਟਾ ਲੈਂਦੇ ਹਨ, ਇਨ੍ਹਾਂ ਵਿਚ ਔਰਤਾਂ ਅਤੇ ਲਡ਼ਕੀਆਂ ਵੀ ਸ਼ਾਮਲ ਹਨ, ਵੈਸੇ ਗਿਣਤੀ ਪੰਜ ਗੁਣਾ ਹੈ। ਅੰਕਡ਼ਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਸੈਂਟਰਾਂ ਤੇ 10 ਹਜ਼ਾਰ ਤੋਂ ਵੀ ਵੱਧ ਨੌਜਵਾਨ ਰਜਿਸਟਰਡ ਹਨ, ਜਿਨ੍ਹਾਂ ਦਾ ਜਾਂ ਤਾਂ ਇਲਾਜ ਚੱਲ ਰਿਹਾ ਹੈ ਜਾਂ ਨਸ਼ਾ ਛੱਡਣ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਦਵਾਈ ਲੈਂਦੇ ਹਨ। ਇਨ੍ਹਾਂ ਸੈਂਟਰਾਂ ਤੇ ਇਕੱਲੇ ਨਸ਼ੇ ਲਈ ਸਿਰਿੰਜ ਹੀ ਨਹੀਂ ਦਿੱਤੀ ਜਾਂਦੀ, ਬਲਕਿ ਅਜਿਹੇ ਸਥਾਨਾਂ ਦੀ ਵੀ ਚੋਣ ਕੀਤੀ ਗਈ ਹੈ ਜਿੱਥੇ ਨਸ਼ੇਡ਼ੀ ਨਸ਼ਾ ਕਰਦੇ ਹਨ ਅਤੇ ਉਥੇ ਜਾ ਕੇ ਸੰਸਥਾ ਦੇ ਨੌਜਵਾਨ ਉਨ੍ਹਾਂ ਨੂੰ ਨਸ਼ਾ ਨਾ ਕਰਨ ਤੇ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ। ਸਾਫ ਹੈ ਕਿ ਸ਼ਹਿਰ ਵਿਚ ਅਜਿਹੇ ਅੱਡੇ ਵੀ ਹਨ ਜਿੱਥੇ ਨੌਜਵਾਨ ਨਸ਼ਾ ਕਰਦੇ ਹਨ ਪਰ ਪੁਲਿਸ ਉਥੇ ਜਾ ਕੇ ਉਕਤ ਨਸ਼ੇਡ਼ੀ ਨੌਜਵਾਨਾਂ ਜ਼ਰੀਏ ਤਸਕਰਾਂ ਤਕ ਨਹੀਂ ਪਹੁੰਚ ਰਹੀ।

ਨੈਕੋਵੱਲੋਂ ਕੀਤੀ ਜਾਂਦੀ ਹੈ ਫੰਡਿੰਗ

ਸੰਸਥਾਵਾਂ ਦੇ ਸਹਿਯੋਗ ਨਾਲ ਚੱਲ ਰਹੇ ਸੈਂਟਰ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨੈਕੋ) ਅਧੀਨ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਐੱਨਜੀਓਜ਼ ਅਤੇ ਹਸਪਤਾਲਾਂ ਨਾਲ ਮਿਲ ਕੇ ਨਸ਼ੇਡ਼ੀਆਂ ਨੂੰ ਮੁਫ਼ਤ ਸਿਰਿੰਜ ਮੁਹੱਈਆ ਕਰਵਾਉਣ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਜਿਨ੍ਹਾਂ ਦੀ ਪੂਰੇ ਪੰਜਾਬ ਵਿਚ ਗਿਣਤੀ 38 ਹੈ, ਇਨ੍ਹਾਂ ਦਾ ਮਕਸਦ ਇਕ ਨਸ਼ੇਡ਼ੀ ਤੋਂ ਦੂਸਰੇ ਨਸ਼ੇਡ਼ੀ ਨੂੰ ਹੋਣ ਵਾਲੀ ਏਡਜ਼, ਕਾਲਾ ਪੀਲੀਆ ਅਤੇ ਦੂਸਰੀ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣਾ ਹੈ। ਅਜਿਹਾ ਹੀ ਇਕ ਸੈਂਟਰ ਲੁਧਿਆਣਾ ਦੇ ਸਲੇਮ ਟਾਬਰੀ ਏਰੀਆ ਵਿਚ ਡਾ. ਕੋਟਨਿਸ ਐਕਊਪੈਂਚਰ ਚੈਰੀਟੇਬਲ ਹਾਸਪਿਟਲ ਐਂਡ ਮੈਡੀਕਲ ਕਾਲਜ (ਸੂਈਆਂ ਵਾਲਾ ਹਸਪਤਾਲ) ਵਿਚ ਡਾ. ਆਈਐੱਸ ਢੀਂਗਰਾ ਦੀ ਅਗਵਾਈ ਵਿਚ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚੰਡੀਗਡ਼੍ਹ ਰੋਡ ਤੇ ਅਤੇ ਖੰਨਾ ਵਿਚ ਦੋ ਵੱਖ-ਵੱਖ ਸੈਂਟਰ ਹਨ।

ਇਨ੍ਹਾਂ ਸੈਂਟਰਾਂ ਵਿਚ ਨੌਜਵਾਨ ਸਵੇਰੇ ਹੀ ਸਿਰਿੰਜ ਲੈਣ ਪਹੁੰਚ ਜਾਂਦੇ ਹਨ ਜਿੱਥੇ ਕੁਝ ਨੌਜਵਾਨਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਹੈ ਕਿ ਨਸ਼ਾ ਸ਼ਹਿਰ ਦੇ ਹਰ ਆਊਟਰ ਏਰੀਆ ਵਿਚ ਪੱਛਡ਼ੀਆਂ ਬਸਤੀਆਂ ਵਿਚ ਬਿਨਾਂ ਕਿਸੇ ਡਰ-ਭੈਅ ਦੇ ਵਿਕਦਾ ਹੈ। ਇਥੇ ਆਉਣ ਵਾਲੀ ਇਕ ਔਰਤ ਨੇ ਦੱਸਿਆ ਕਿ ਸ਼ਹਿਰ ਵਿਚ ਸੈਕਸ ਵਰਕਰ ਅਤੇ ਸ਼ਾਦੀਆਂ ਵਿਚ ਡਾਂਸ ਕਰਨ ਵਾਲੀਆਂ ਡਾਂਸਰਾਂ ਨਸ਼ੇ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਨੂੰ ਇਹ ਨਸ਼ਾ ਉਨ੍ਹਾਂ ਦੇ ਅੱਡੇ ਤਕ ਪਹੁੰਚਾਉਣ ਦਾ ਜਿੰਮਾ ਦਲਾਲਾਂ ਦਾ ਹੁੰਦਾ ਹੈ।ਨਸ਼ੇ ਲਈ 24 ਥਾਵਾਂ ਤੇ ਇਹਨਾਂ  ਸੈਂਟਰਾਂ ਵਿਚ ਆਉਣ ਵਾਲੇ 95 ਫੀਸਦੀ ਨਸ਼ੇਡ਼ੀ ਅਜਿਹੇ ਹਨ ਜੋ ਦਿਨ ਵੇਲੇ ਤਿੰਨ ਵਾਰ ਨਸ਼ੇ ਦੀ ਡੋਜ਼ ਲੈਂਦੇ ਹਨ ਜਦਕਿ ਕੁਝ ਅਜਿਹੇ ਵੀ ਹਨ ਜੋ ਇਨ੍ਹਾਂ ਤੋਂ ਵੱਧ ਦੀ ਡੋਜ਼ ਵੀ ਲੈਂਦੇ ਹਨ। ਇਕ ਵਾਰ ਵਿਚ ਉਹ ਤਿੰਨ ਗ੍ਰਾਮ ਚਿੱਟੇ ਦਾ ਸੇਵਨ ਕਰਦੇ ਹਨ ਜੋ ਕਿ ਦਿਨ ਦਾ 9 ਗ੍ਰਾਮ ਬਣਦਾ ਹੈ। ਜੇ ਸਿਰਫ ਇਨ੍ਹਾਂ ਰਜਿਸਟਰਡ ਨਸ਼ੇਡ਼ੀਆਂ ਦੀ ਗੱਲ ਕਰੀਏ ਤਾਂ ਹਰ ਮਹੀਨੇ 40 ਕਿੱਲੋ ਤੋਂ ਵੱਧ ਚਿੱਟੇ ਦਾ ਸੇਵਨ ਪੰਜਾਬ ਵਿਚ ਸਿਰਫ ਇਹੀ ਕਰ ਰਹੇ ਹਨ, ਮਤਲਬ ਹਰ ਰੋਜ਼ ਸਵਾ ਕਿੱਲੋ ਦੇ ਲਗਪਗ ਹੈਰੋਇਨ ਵਿਕ ਰਹੀ ਹੈ। 

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਡਾਇਰੈਕਟਰ ਡਾ. ਬੌਬੀ ਗੁਲਾਟੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੇ ਸਾਰੇ ਸੈਂਟਰਾਂ ਤੇ ਨਸ਼ਾ ਕਰਨ ਵਾਲਿਆਂ ਲਈ ਸਿਰਿੰਜ ਮੁਹੱਈਆ ਕਰਵਾਉਣ ਦਾ ਪ੍ਰਾਜੈਕਟ ਚਲਾਇਆ ਜਾਂਦਾ ਹੈ। ਇਹ ਨਸ਼ੇਡ਼ੀਆਂ ਨੂੰ ਸਾਡੇ ਸੈਂਟਰਾਂ ਤਕ ਬੁਲਾਉਣ ਦਾ ਬਹਾਨਾ ਹੈ ਤਾਂ ਕਿ ਉਨ੍ਹਾਂ ਨੂੰ ਨਸ਼ਾ ਛੁਡਵਾਉਣ ਲਈ ਕੌਂਸਲਿੰਗ ਕੀਤੀ ਜਾ ਸਕੇ। ਸਾਡੀ ਸੁਸਾਇਟੀ ਸੈਂਕੜੇ ਲੋਕਾਂ ਨੇ ਨਸ਼ੇ ਨੂੰ ਛੱਡਿਆ ਅਤੇ ਬਹੁਤ ਸਾਰੇ ਲੋਕਾਂ ਵਿਚ ਨਸ਼ੇ ਦੀ ਡੋਜ਼ ਨੂੰ ਘੱਟ ਕੀਤਾ ਹੈ। ਸਾਡਾ ਪ੍ਰਾਜੈਕਟ ਲਗਾਤਾਰ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਕੰਮ ਕਰ ਰਿਹਾ ਹੈ।ਡਾ. ਕੋਟਨਿਸ ਐਕਊਪੰਚਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਆਈਐੱਸ ਢੀਂਗਰਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਹੋਣ ਵਾਲੇ ਸਮਾਗਮ ਵਿਚ 70 ਤੋਂ 100 ਦੇ ਲਗਪਗ ਨਸ਼ੇਡ਼ੀ ਸ਼ਾਮਲ ਹਨ ਜਿਨ੍ਹਾਂ ਵਿਚ ਕਈ ਚੰਗੇ ਘਰਾਂ ਦੇ ਵੀ ਹਨ। ਉਹ ਨਸ਼ੇ ਲਈ ਸਿਰਿੰਜ ਲੈਣ ਲਈ ਆਉਂਦੇ ਹਨ। ਅਸੀਂ ਇਸ ਤੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਪਤੇ ਅਤੇ ਲੋਕੇਸ਼ਨ ਤਕ ਲੱਭੀ ਹੈ। ਸਾਡੇ ਇਲਾਕੇ ਵਿਚ ਵੀ ਨਸ਼ਾ ਵਿਕਦਾ ਹੈ ਜਿਸ ਬਾਰੇ ਉਨ੍ਹਾਂ ਨੂੰ ਸਿਰਿੰਜ ਲੈਣ ਲਈ ਆਉਣ ਵਾਲੇ ਲੋਕ ਦੱਸਦੇ ਹਨ।

ਪਿੰਡਾਂ ਵਿਚ ਨਸ਼ਿਆਂ ਬਾਰੇ ਮੁਹਿੰਮ

ਪਿਛਲੇ 2 ਦਹਾਕਿਆਂ ਤੋਂ ਪੰਜਾਬ ਅੰਦਰ ਸਮਾਜਿਕ ਅਤੇ ਸਿਆਸੀ ਤੌਰ ਉੱਤੇ ਵੱਡੀ ਮੁੱਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਨਸ਼ਿਆਂ ਦੇ ਫੈਲਾਅ ਦੀ ਸਮੱਸਿਆ ਰਿਹਾ ਹੈ। ਬਹੁਤ ਸਾਰੀਆਂ ਪੰਚਾਇਤਾਂ ਨੇ ਸਮੇਂ ਸਮੇਂ ਆਪਣੇ ਪਿੰਡਾਂ ਵਿਚੋਂ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ, ਪੁਲੀਸ ਅਤੇ ਮਾਫ਼ੀਆ ਦੀ ਮਿਲੀਭੁਗਤ ਕਰ ਕੇ ਇਹ ਉੱਦਮ ਸਫ਼ਲ ਨਹੀਂ ਹੋਏ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਪੰਚਾਇਤ ਨੇ ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿੰਡ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਦੇ ਇਲਾਜ ਦਾ ਖਰਚ ਪੰਚਾਇਤ ਵੱਲੋਂ ਉਠਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਿੰਡ ਦੇ ਲੋਕਾਂ ਦਾ ਗ਼ਿਲਾ ਹੈ ਕਿ ਨਸ਼ਾ ਵੇਚਣ ਵਾਲਿਆਂ ਦੀ ਕਥਿਤ ਪਛਾਣ ਹੋਣ ਦੇ ਬਾਵਜੂਦ ਪੁਲੀਸ ਕਾਰਵਾਈ ਕਰਨ ਤੋਂ ਟਾਲਾ ਵੱਟਦੀ ਰਹੀ ਹੈ। ਚਿੱਟਾ ਪੁਲੀਸ ਅਤੇ ਨਸ਼ੇ ਦੇ ਵਪਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਵਿਕਦਾ ਹੈ। ਪੰਚਾਇਤ ਨੇ ਨਸ਼ੇ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦਾ ਅਹਿਦ ਕੀਤਾ ਹੈ।

ਇਥੇ ਜਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਨਸ਼ਿਆਂ ਦਾ ਫੈਲਾਉ ਵੱਡੇ ਮੁੱਦੇ ਵਜੋਂ ਸਾਹਮਣੇ ਆਇਆ ਸੀ। ਤਤਕਾਲੀਨ ਸਰਕਾਰ ਨੇ ਵੱਡੇ ਪੈਮਾਨੇ ਉੱਤੇ ਪਰਚੇ ਦਰਜ ਕਰ ਕੇ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ ਪਰ ਉਨ੍ਹਾਂ ਵਿਚ ਜ਼ਿਆਦਾਤਰ ਨਸ਼ਾ ਕਰਨ ਵਾਲੇ ਗ੍ਰਿਫ਼ਤਾਰ ਹੋਏ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਚਾਰ ਹਫ਼ਤਿਆਂ ਅੰਦਰ ਨਸ਼ਾ ਤਸਕਰਾਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਵੱਡੇ ਤਸਕਰ ਜਾਂ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਨਾ ਫੜੇ ਜਾਣ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਅੰਦਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆਹਾਲ ਹੀ ਵਿਚ ਪੀਜੀਆਈ ਦੇ ਸਰਵੇ ਵਿਚ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਹਰ ਸੱਤਵਾਂ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ।  

ਨਸ਼ੇ ਦੀ ਵਿਕਰੀ ਨੂੰ ਲੈ ਕੇ ਨਥਾਣਾ ਥਾਣਾ ਅੱਗੇ ਅਣਮਿਥੇ ਸਮੇਂ ਲਈ ਧਰਨਾ

 ਨਥਾਣਾ ਇਲਾਕੇ ਵਿਚ ਨਸ਼ੇ ਦੀ ਵਿਕਰੀ ਦਾ ਪਸ਼ਾਰ ਦਿਨੋ-ਬ-ਦਿਨ ਵਧਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜਸਵੰਤ ਸਿੰਘ ਦੀ ਅਗਵਾਈ ਵਿਚ ਲੋਕਾਂ ਨੇ ਨਥਾਣਾ ਥਾਣਾ ਅੱਗੇ ਧਰਨਾ ਲਗਾ ਦਿੱਤਾ ਹੈ। ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਵੀ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਲਾਕੇ ਅੰਦਰ ਨਸ਼ੇ ਸ਼ਰੇਆਮ ਵਿਕ ਰਹੇ ਹਨ। ਦਿਨੋ-ਦਿਨ ਨੌਜਵਾਨ ਨਸ਼ੇ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਪਰ ਇਲਾਕੇ ਦੀ ਪੁਲਿਸ ਮੂਕ ਦਰਸ਼ਕ ਬਣਕੇ ਇਹ ਸਭ ਕੁਝ ਵੇਖ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਪੂਹਲਾ ਦੇ ਲੋਕਾਂ ਨੇ 31 ਜਨਵਰੀ 2022 ਨੂੰ ਨਸ਼ਾ ਵੇਚਣ ਵਾਲਿਆਂ ਦੀ ਸੂਚੀ ਪੁਲਿਸ ਨੂੰ ਸੌਂਪੀ ਸੀ ਪਰ ਪੁਲਿਸ ਨੇ ਅਜੇ ਤੱਕ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਫੜਿਆ ਨਹੀਂ। ਇਸ ਮੌਕੇ ਬਲਾਕ ਦੇ ਜਰਨਲ ਸਕੱਤਰ ਬਲਜੀਤ ਸਿੰਘ ਤੇ ਮੀਤ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਚਿੱਟੇ ਵਰਗੇ ਸਿੰਥੈਟਿਕ ਨਸ਼ੇ ਬੇਿਝਜ਼ਕ ਵਿਕ ਰਹੇ ਹਨ ਤੇ ਨੌਜਵਾਨ ਨਸ਼ੇੜੀ ਬਣਕੇ ਲੁੱਟਾਂਖੋਹਾਂ ਅਤੇ ਚੋਰੀਆਂ ਆਦਿ ਕਰ ਰਹੇ ਹਨ ਪਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ 'ਤੇ ਵੀ ਕੋਈ ਸਖਤੀ ਨਹੀਂ ਹੋਈ, ਜਿਸ ਕਰਕੇ ਹੁਣ ਕਿਸਾਨ ਯੂਨੀਅਨਾਂ ਦੀ ਅਗਵਾਈ ਵਿਚ ਨਥਾਣਾ ਥਾਣੇ ਅੱਗੇ ਨਸ਼ਿਆਂ ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਤੇ ਵੇਚਣ ਵਾਲਿਆਂ ਨੂੰ ਨੱਥ ਪਵਾਉਣ ਲਈ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। 

ਤਸਕਰ ਸੱਤ ਕਰੋੜ ਦੀ ਹੈਰੋਇਨ ਸਣੇ ਕਾਬੂ

ਲੁਧਿਆਣਾ ਦੇ ਬਾਹਰੀ ਇਲਾਕਿਆਂ ਵਿੱਚੋਂ ਐੱਸਟੀਐੱਫ਼ ਦੀ ਟੀਮ ਨੇ ਹੈਰੋਇਨ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਤਸਕਰ ਬਲਵਿੰਦਰ ਸਿੰਘ ਉਰਫ਼ ਵੀਰੂ ਨੂੰ ਗ੍ਰਿਫ਼ਤਾਰ ਕੀਤਾ ਹੈ।  ਇਸ ਮਾਮਲੇ ਵਿਚ ਜਨਤਾ ਨਗਰ ਵਾਸੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸਭ ਤੋਂ ਵੱਧ ਜ਼ਰੂਰਤ ਚਿੱਟੇ ਅਤੇ ਹੋਰ ਖ਼ਤਰਨਾਕ ਨਸ਼ਿਆਂ ਦੀ ਚੇਨ ਤੋੜਨ ਦੇ ਮਾਮਲੇ ਬਾਰੇ ਠੋਸ ਰਣਨੀਤੀ ਬਣਾਉਣ ਦੀ ਹੈ। ਇਸ ਵਾਸਤੇ ਸਿਆਸਤਦਾਨਾਂ, ਪੁਲੀਸ ਅਤੇ ਤਸਕਰਾਂ ਦੇ ਗੱਠਜੋੜ ਨੂੰ ਤੋੜਨ, ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਬਣਾਉਣ ਅਤੇ ਨਸ਼ਾ ਛੱਡਣ ਵਾਲਿਆਂ ਦੇ ਮੁੜ ਵਸੇਬੇ ਦਾ ਬੰਦੋਬਸਤ ਕਰਨ ਦੇ ਪੱਖਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਇਸ ਵਾਸਤੇ ਸਰਕਾਰ, ਗ਼ੈਰ-ਸਰਕਾਰੀ ਜਥੇਬੰਦੀਆਂ ਅਤੇ ਖ਼ਾਸ ਤੌਰ ਉੱਤੇ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਵਰਗੀਆਂ ਸਥਾਨਕ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ ਹੈ।

 

 ਪ੍ਰਗਟ ਸਿੰਘ ਜੰਡਿਆਲਾ ਗੁਰੂ