15900 ਤੋਂ ਵੱਧ ਭਾਰਤੀ ਯੂਕਰੇਨ ਤੋਂ ਭਾਰਤ ਪੁੱਜੇ

15900 ਤੋਂ ਵੱਧ ਭਾਰਤੀ ਯੂਕਰੇਨ ਤੋਂ ਭਾਰਤ ਪੁੱਜੇ

*ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀ , ਭਾਰਤ ਵਿਚ ਹੀ ਪੂਰੀ ਕਰ ਸਕਣਗੇ ਇੰਟਰਨਸ਼ਿਪ   

        *ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਹਾਲਤ ਮੰਦੀ 

             * ਪੋਲੈਂਡ ਯੂਕਰੇਨ ਬਾਰਡਰ ਤੇ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ                                                              

ਕੇਂਦਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ ਹੁਣ ਤਕ ਵਿਸ਼ੇਸ਼ ਉਡਾਣਾਂ ਜ਼ਰੀਏ ਹੁਣ ਤੱਕ 15,900 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ ।ਯੂਕਰੇਨ-ਰੂਸ ਦੀ ਭਿਆਨਕ ਜੰਗ ਤੋਂ ਬਚ ਕੇ ਭਾਰਤ ਪਰਤੇ ਵਿਦਿਆਰਥੀ ਕਈ ਦਿਨਾਂ ਤੋਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਨ। ਪਰ ਦੇਸ਼ ਦੀ ਮੈਡੀਕਲ ਰੈਗੂਲੇਟਰੀ ਬਾਡੀ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਸ ਚਿੰਤਾ ਨੂੰ ਖਤਮ ਕਰ ਦਿੱਤਾ ਹੈ। ਮੈਡੀਕਲ ਰੈਗੂਲੇਟਰੀ ਬਾਡੀ ਨੈਸ਼ਨਲ ਮੈਡੀਕਲ ਕਮਿਸ਼ਨ  ਨੇ ਇੱਕ ਸਰਕੂਲਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ ਹੁਣ ਆਪਣੀ ਇੰਟਰਨਸ਼ਿਪ ਅਧੂਰੀ ਛੱਡ ਕੇ ਦੇਸ਼ ਆਉਣ ਵਾਲੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਸਕ੍ਰੀਨਿੰਗ ਟੈਸਟ ਪਾਸ ਕਰਨ ਤੋਂ ਬਾਅਦ ਹੀ ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰ ਸਕਣਗੇ।

ਯਾਦ ਰਹੇ ਕਿ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਹਾਲਤ ਬਹੁਤ ਮਾੜੀ ਹੈ।

ਸੂਮੀ ਸ਼ਹਿਰ ਵਿਚ ਫਸੇ ਬਟਾਲਾ ਤੋਂ ਇਕੋ ਪਰਿਵਾਰ ਦੇ ਸੌਰਵ ਸ਼ਰਮਾ ਤੇ ਗੁਸਾਂਤ ਸ਼ਰਮਾ ਤੋਂ ਇਲਾਵਾ ਵਿਸ਼ਾਲ ਸ਼ਰਮਾ ਤੇ ਹੋਰ ਵਿਦਿਆਰਥੀਆਂ ਨੇ ਟੈਲੀਫੋਨ ਰਾਹੀਂ ਦੱਸਿਆ ਕਿ  500 ਦੇ ਕਰੀਬ ਵਿਦਿਆਰਥੀ ਬੰਕਰ ਵਿਚ ਫਸੇ ਹੋਏ ਹਨ ਅਤੇ ਬਹੁਤ ਮੰਦੜੀ ਹਾਲਤ ਵਿਚ ਹਨ ।ਉਨ੍ਹਾਂ ਕਿਹਾ ਕਿ ਸੂਮੀ ਸ਼ਹਿਰ ਰੂਸ ਦੇ ਬਾਰਡਰ ਤੋਂ 40 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ, ਜੇ ਸਰਕਾਰ ਚਾਹੇ ਤਾਂ ਉਨ੍ਹਾਂ ਨੂੰ ਇਸ ਬਾਰਡਰ ਰਾਹੀਂ ਸੁਰੱਖਿਅਤ ਕੱਢ ਸਕਦੀ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਇੰਝ ਨਾ ਕੀਤਾ ਗਿਆ ਤਾਂ ਉਹ ਭੁੱਖ ਨਾਲ ਮਰ ਜਾਣਗੇ ।ਬੰਕਰ ਵਿਚ ਪਨਾਹ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਸੂਮੀ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੇ ਹਨ ।ਸੂਮੀ ਸ਼ਹਿਰ ਵਿਚ ਲਗਾਤਾਰ ਬੰਬਾਰੀ ਹੋ ਰਹੀ ਹੈ । ਬਰਫਬਾਰੀ ਹੋ ਰਹੀ ਹੈ ਤੇ ਤਾਪਮਾਨ ਵਿਚ ਭਾਰੀ ਗਿਰਾਵਟ ਵੀ ਆ ਚੁੱਕੀ ਹੈ, ਸਾਡੇ ਕੋਲੋਂ ਪੀਣ ਲਈ ਪਾਣੀ ਖਤਮ ਹੋ ਚੁੱਕਾ ਹੈ ਤੇ ਹੁਣ ਪਾਣੀ ਲਈ ਇਕ ਹੀ ਆਸ ਬਰਫ ਰਹਿ ਗਈ ਹੈ ।ਬਰਫ ਨੂੰ ਗਰਮ ਕਰਕੇ ਪਾਣੀ ਵਜੋਂ ਵਰਤ ਰਹੇ ਹਾਂ । ਖਾਣ-ਪੀਣ ਦਾ ਸਾਮਾਨ ਲਗਪਗ ਖਤਮ ਹੋ ਚੁੱਕਾ ਹੈ । ਅੰਬੈਸੀ ਨੇ ਕਿਹਾ ਸੀ ਕਿ ਉਹ ਸਾਨੂੰ ਇਥੋਂ ਕੱਢਣ ਲਈ ਬੱਸਾਂ ਭੇਜਣਗੇ ਪਰ ਸਾਨੂੰ ਕੋਈ ਆਸ ਨਜ਼ਰ ਨਹੀਂ ਆਉਂਦੀ । ਉਨ੍ਹਾਂ ਨੇ ਕਿਹਾ ਕਿ ਇਥੇ ਜ਼ਿਆਦਾ ਵਿਦਿਆਰਥੀ ਰਾਜਸਥਾਨ  ਦੇ ਹਨ ।ਹੁਣੇ ਜਿਹੇ ਯੂਕਰੇਨ ਦੀ ਪੱਛਮੀ ਸਰਹੱਦ 'ਤੇ ਲਵੀਵ ਵੱਲ ਜਾਣ ਦੌਰਾਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਹਰਜੋਤ ਸਿੰਘ ਨਾਂ ਦੇ ਵਿਦਿਆਰਥੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਹੈ | ਜ਼ਖ਼ਮੀ ਵਿਦਿਆਰਥੀ ਹਰਜੋਤ ਸਿੰਘ ਦਾ ਪਰਿਵਾਰ ਦਿੱਲੀ ਦੇ ਛਤਰਪੁਰ ਵਿਖੇ ਰਹਿੰਦਾ ਹੈ ।  

 ਖਾਰਕੀਵ ਦੀ ਮੈਡੀਕਲ ਯੂਨੀਵਰਸਿਟੀ ਵਿਚ ਘਿਰੇ ਜ਼ਿਲ੍ਹੇ ਦੇ ਪਿੰਡ ਭੈਣੀ ਹੁੱਸੇ ਖਾਂ ਦੇ ਗੁਰਪ੍ਰਰੀਤ ਸਿੰਘ ਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ ਰੇਲਗੱਡੀ ਵਿਚ ਚੜ੍ਹਨ ਨਹੀਂ ਦਿੱਤਾ ਗਿਆ, ਜਿਸ ਕਾਰਨ ਉਸ ਨੂੰ 15 ਕਿਲੋਮੀਟਰ ਦਾ ਲੰਬਾ ਸਫ਼ਰ ਪੈਦਲ ਤੈਅ ਕਰਦੇ ਹੋਏ ਲਵੀਵ ਦੇਸ਼ ਦੇ ਬਾਰਡਰ 'ਤੇ ਪੁੱਜਣ ਵਿਚ ਸਫਲਤਾ ਮਿਲੀ ਹੈ। ਯੂਕਰੇਨ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪਣੇ ਲੋਕਾਂ ਨੂੰ ਰੇਲਗੱਡੀ ਜ਼ਰੀਏ ਸੁਰੱਖਿਅਤ ਕੱਢਣਗੇ ਤੇ ਬਾਅਦ ਵਿਚ ਹੋਰਨਾਂ ਦੇਸ਼ਾਂ ਦੇ ਲੋਕਾਂ ਦੀ ਵਾਰੀ ਆਵੇਗੀ।  ਮੌਤ ਨੂੰ ਮਾਤ ਦੇ ਕੇ ਪੌਲੈਂਡ ਦੀ ਸਰਹੱਦ ਵਿਚ ਦਾਖ਼ਲ ਹੋਣ ਵਾਲੀ ਨਵਨੀਤ ਕੌਰ ਨੂੰ 25 ਘੰਟੇ ਤਕ ਰੇਲਗੱਡੀ ਨਾਲ ਲਟਕ ਕੇ ਸਫਰ ਕਰਨ ਲਈ ਮਜਬੂਰ ਹੋਣਾ ਪਿਆ। ਖਾਰਕੀਵ ਮੈਟਰੋ ਸਟੇਸ਼ਨ ਛੱਡਣ ਤੋਂ ਸਿਰਫ ਪੰਜ ਮਿੰਟ ਬਾਅਦ ਹੀ ਹੋਏ ਧਮਾਕੇ 'ਚ ਪੂਰੀ ਇਮਾਰਤ ਤਹਿਸ-ਨਹਿਸ ਹੋ ਗਈ ਪਰ ਨਵਨੀਤ ਕੌਰ ਦੀ ਜਾਨ ਵਾਲ-ਵਾਲ ਬਚ ਗਈ। ਪੋਲੈਂਡ ਵਿਚ ਪੁੱਜ ਜਾਣ ਨਾਲ ਹੁਣ ਉਸ ਦੇ ਸੁਰੱਖਿਅਤ ਘਰ ਵਾਪਸੀ ਦੀ ਉਮੀਦ ਜਾਗ ਉਠੀ ਹੈ। ਉਧਰ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਤੇ ਜ਼ਮੀਨ ਗਿਰਵੀ ਰੱਖ ਕੇ ਧੀ ਨੂੰ ਡਾਕਟਰ ਬਣਾਉਣ 'ਤੇ 60 ਲੱਖ ਖਰਚ ਚੁੱਕੀ ਦੂਲੋਵਾਲ ਵਾਸੀ ਮਾਂ ਗੁਰਮੀਤ ਕੌਰ ਨੂੰ ਧੀ ਦੇ ਘਰ ਵਾਪਸੀ ਦਾ ਸੁਣ ਕੇ ਸਾਰੇ ਦੁੱਖ ਭੁੱਲ ਗਏ ਹਨ। 

 ਪੰਜਾਬੀ ਵਿਦਿਆਰਥੀਆਂ  ਦੀ ਮਦਦ ਲਈ ਪਹੁੰਚੇ ਕਾਂਗਰਸ ਦੇ ਸੰਸਦ ਮੈਂਬਰ  ਔਜਲਾ

ਰੂਸ-ਯੂਕਰੇਨ ਜੰਗ ਦੌਰਾਨ ਉਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਘਰਾਂ ਤਕ ਪਹੁੰਚਾਉਣ ਵਿਚ ਯੂਕਰੇਨ ਦੇ ਨੇੜਲੇ ਗੁਆਂਢੀ ਮੁਲਕਾਂ ਵਿਚੋਂ ਆਏ  ਸਿੱਖ ਭਾਈਚਾਰੇ ਨਾਲ ਸਬੰਧਤ ਸਵੈ-ਸੇਵੀ ਜਥੇਬੰਦੀਆਂ ਦੀ ਅਹਿਮ ਭੂਮਿਕਾ ਰਹੀ ਹੈ। ਇਹ ਪ੍ਰਗਟਾਵਾ ਪੋਲੈਂਡ ਯੂਕਰੇਨ ਬਾਰਡਰ ਤੇ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਹੈ। ਉਹ ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਤੇ ਹੋਰਨਾਂ ਦੀ ਮਦਦ ਲਈ ਬੀਤੇ ਦੋ ਦਿਨ ਤੋਂ ਪੋਲੈਂਡ ਵਿੱਚ ਹਨ।ਉਨ੍ਹਾਂ ਦੱਸਿਆ ਕਿ ਪੋਲੈਂਡ ਤੋਂ ਇਲਾਵਾ ਹੰਗਰੀ, ਰੋਮਾਨੀਆ, ਸਲੋਵਾਕੀਆ ਆਦਿ ਮੁਲਕਾਂ ਦੀ ਸਰਹੱਦ ਤੇ ਸਿਖ ਭਾਈਚਾਰੇ ਦੇ ਲੋਕਾਂ ਵਲੋਂ ਯੂਕਰੇਨ ਛੱਡ ਕੇ ਆਏ ਭਾਰਤੀਆਂ ਅਤੇ ਯੂਕਰੇਨੀਆਂ ਦੀ ਵੱਡੀ ਮਦਦ ਕੀਤੀ ਗਈ ਹੈ। ਵਾਪਸ ਪਰਤਣ ਵਾਲਿਆਂ ਲਈ ਲੰਗਰ ਦੀ ਸਹੂਲਤ, ਕੱਪੜੇ ਅਤੇ ਟੈਕਸੀ ਤੇ ਬੱਸਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਵਰਸੋਵਾ ਦੇ ਮੰਦਿਰ ਤੇ ਗੁਰਦੁਆਰੇ ਨੇ ਹਰੇਕ ਧਰਮ ਦੇ ਲੋਕਾਂ ਦੀ ਸ਼ਰਨ ਵਾਸਤੇ ਦਰਵਾਜ਼ੇ ਖੋਲ ਦਿੱਤੇ ਹਨ।ਔਜਲਾ ਨੇ ਕਿਹਾ ਕਿ ਇਸ ਵੇਲੇ ਯੂਕਰੇਨ ਦੇ ਪੂਰਬੀ ਇਲਾਕੇ ਸੂਮੀ ਵਿਚ ਫਸੇ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੁਰੱਖਿਅਤ ਲਿਆਉਣਾ ਵੱਡੀ ਚੁਣੌਤੀ ਬਣੀ ਹੋਈ ਹੈ। ਇਥੇ ਰੂਸ ਦੀ ਫੌਜ ਨੂੰ ਰੋਕਣ ਲਈ ਪੁਲ ਅਤੇ ਸੜਕਾਂ ਆਦਿ ਤੋੜ ਦਿੱਤੀਆਂ ਗਈਆਂ ਸਨ, ਜਿਸ ਨਾਲ ਉਥੇ ਸੰਪਰਕ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਮੀ ਵਿਚ ਇਕ ਹਜ਼ਾਰ ਤੋਂ ਵੱਧ ਭਾਰਤੀ ਫਸੇ ਹੋਏ ਹਨ। ਉਨ੍ਹਾਂ ਇੰਗਲੈਂਡ ਤੇ ਹੋਰ ਯੂਰਪੀ ਮੁਲਕਾਂ ਤੋਂ ਮਦਦ ਲਈ ਪੁੱਜੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਮੀ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਵਾਸਤੇ ਵੀ ਜਦੋ ਜਹਿਦ ਕਰਨ।ਗੁਰਜੀਤ ਸਿੰਘ ਔਜਲਾ ਆਪਣੇ ਪੋਲੈਂਡ ਦੌਰੇ ਸਬੰਧੀ ਇਕ ਰਿਪੋਰਟ ਸੰਸਦ ਵਿੱਚ ਵੀ ਰੱਖਣਗੇ। ਉਹ ਇਕੱਲੇ ਅਜਿਹੇ ਸਿਆਸੀ ਆਗੂ ਹਨ, ਜੋ ਨਿੱਜੀ ਤੌਰ ਤੇ ਯੂਕਰੇਨ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਪੋਲੈਂਡ ਯੂਕਰੇਨ ਸਰਹੱਦ ਤੇ ਪੁੱਜੇ ਹਨ। ਉਨ੍ਹਾਂ ਕੇਂਦਰ ਸਰਕਾਰ ਵਲੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਪ੍ਰਬੰਧਾਂ ਨੂੰ ਨਾ ਕਾਫੀ ਦੱਸਿਆ ਅਤੇ ਆਖਿਆ ਕਿ ਸਵੈ-ਸੇਵੀ ਸਿਖ ਜਥੇਬੰਦੀਆਂ ਦੀ ਮਦਦ ਕਾਰਨ ਹੀ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋ ਸਕੀ ਹੈ।

    ਗੁਰਜੀਤ ਸਿੰਘ ਔਜਲਾ