ਭਾਰਤ-ਪਾਕਿਸਤਾਨ ਦਰਮਿਆਨ ਗੋਲੀਬੰਦੀ ਲਈ ਵਿਚੋਲਾ ਕੌਣ?

ਭਾਰਤ-ਪਾਕਿਸਤਾਨ ਦਰਮਿਆਨ ਗੋਲੀਬੰਦੀ ਲਈ ਵਿਚੋਲਾ ਕੌਣ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਅਤੇ ਅਮਰੀਕੀ ਗੁੱਟਬਾਜ਼ੀ ਦੀਆਂ ਖਬਰਾਂ ਦੌਰਾਨ ਜਿੱਥੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਕੌਮਾਂਤਰੀ ਰਿਸ਼ਤਿਆਂ ਦੇ ਨਜ਼ਰੀਏ ਤੋਂ ਅਸਥਿਰਤਾ ਦਾ ਮਾਹੌਲ ਬਣਦਾ ਜਾ ਰਿਹਾ ਹੈ, ਉਸ ਸਮੇਂ ਦੌਰਾਨ ਪਿਛਲੇ ਮਹੀਨੇ ਭਾਰਤ ਪਾਕਿਸਤਾਨ ਦੇ ਫੌਜ ਮੋਹਰੀਆਂ ਨੇ ਗੋਲੀਬੰਦੀ ਦਾ ਅਚਾਨਕ ਸਮਝੌਤਾ ਕਰਕੇ ਰਾਜਨੀਤਕ ਨਜੂਮੀਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਕਾਰਵਾਈ ਦੀ ਜ਼ਮੀਨ ਕਦੋਂ ਤੇ ਕਿਵੇਂ ਤਿਆਰ ਹੋਈ, ਇਸਦਾ ਕੋਈ ਠੋਸ ਜਵਾਬ ਕਿਸੇ ਪਾਸਿਓਂ ਨਹੀਂ ਮਿਲ ਰਿਹਾ ਸੀ। ਕਿਉਂਕਿ ਇਹ ਪੈਦਾ ਹੋ ਰਹੀਆਂ ਭੂ ਰਾਜਨੀਤਕ (geopolitical) ਸਥਿਤੀਆਂ ਤੋਂ ਬਿਲਕੁਲ ਉਲਟਾ ਨਤੀਜ਼ਾ ਸਾਹਮਣੇ ਆਇਆ ਸੀ।

ਪਰ ਹੁਣ ਅਲ-ਜਜ਼ੀਰਾ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (UAE) ਦੀ ਵਿਚੋਲਗੀ ਭਾਰਤ-ਪਾਕਿਸਤਾਨ ਵਿਚਕਾਰ ਤਨਾਅ ਘਟਾਉਣ ਲਈ ਕੰਮ ਕਰ ਰਹੀ ਹੈ। ਖਬਰ ਮੁਤਾਬਕ ਗੋਲੀਬੰਦੀ ਸਮਝੌਤੇ ਦੇ ਚੌਵੀ ਘੰਟਿਆਂ ਬਾਅਦ ਸੰ.ਅ.ਅ. ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਿਆਦ ਇੱਕ ਦਿਨ ਲਈ ਹੀ ਦਿੱਲੀ ਆਏ, ਜਿੱਥੇ ਉਹਨਾਂ ਦੇ ਵਿਭਾਗ ਵੱਲੋਂ 'ਦੋਹਾਂ ਦੇ ਸਾਂਝੇ ਉਦੇਸ਼ਾਂ ਨਾਲ ਸੰਬੰਧਿਤ ਘਰੇਲੂ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਸਾਂਝੇ' ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਕੁੱਝ ਅਧਿਕਾਰੀਆਂ ਨੇ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਇਹ ਵੀ ਦੱਸਿਆ ਕਿ ਇਹ ਗੋਲੀਬੰਦੀ ਸਮਝੌਤਾ ਵੱਡੇ ਰਾਹ ਵੱਲ ਪਹਿਲਾ ਕਦਮ ਹੈ, ਜਿਸ ਵਿੱਚ ਦੋ ਗੁਆਂਢੀ ਦੇਸ਼, ਜਿਹੜੇ ਕੇ ਦੋਵੇਂ ਹੀ ਪ੍ਰਮਾਣੂ ਤਾਕਤਾਂ ਹਨ, ਦੋਹਾਂ ਦੇ ਰਿਸ਼ਤੇ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ। ਅਗਲਾ ਕਦਮ ਧਾਰਾ 370 ਹਟਾਉਣ ਤੋਂ ਬਾਅਦ ਰੋਸ ਵਜੋਂ ਪਾਕਿਸਤਾਨ ਦੇ ਦੂਤ, ਜੋ ਕਿ ਦਿੱਲੀ ਛੱਡ ਗਏ ਸਨ, ਉਹਨਾਂ ਦੀ ਮੁੜ ਬਹਾਲੀ ਦਾ ਹੋਵੇਗਾ। ਇਸ ਤੋਂ ਅਗਲਾ ਸਭ ਤੋਂ ਮੁਸ਼ਕਿਲ ਕੰਮ ਕਸ਼ਮੀਰ ਦਾ ਮਸਲਾ ਸੁਲਝਾਉਣਾ ਹੈ, ਜਿਸ ਦੇ ਸੀਮਾ ਵਿਵਾਦ ਦੇ ਚੱਲਦਿਆਂ ਆਜ਼ਾਦੀ ਤੋਂ ਬਾਅਦ ਤਿੰਨ ਜੰਗਾਂ ਦੋਵੇਂ ਦੇਸ਼ ਲੜ ਚੁੱਕੇ ਹਨ। ਇਸ ਤੋਂ ਬਾਅਦ ਪੰਜਾਬ ਦੇ ਜ਼ਮੀਨੀ ਰਸਤਿਆਂ ਤੋਂ ਪਾਕਿਸਤਾਨ ਨਾਲ ਵਪਾਰ ਬਹਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਅਫ਼ਗ਼ਾਨਿਸਤਾਨ ਅਤੇ ਵਾਪਾਰ ਦੇ ਮਸਲਿਆਂ 'ਤੇ ਭਾਰਤ-ਪਾਕਿਸਤਾਨ ਦੋਹਾਂ ਨਾਲ ਪੁਰਾਣੇ ਤਾਲੋਕਾਤ ਰੱਖ ਰਿਹਾ ਹੈ। ਪਾਕਿਸਤਾਨ ਵੀ ਆਰਥਿਕਤਾ ਸੁਧਾਰਨ ਦੇ ਮੱਦੇਨਜ਼ਰ ਅਮਰੀਕਾ 'ਤੇ ਸੋਹਣਾ ਪ੍ਰਭਾਵ ਰੱਖਣਾ ਚਾਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਉਸਦੇ ਸੰਗੀ ਭਾਰਤ ਨਾਲ ਮੇਲ-ਜੋਲ ਵਧਣਾ ਫਾਇਦੇਮੰਦ ਹੋਵੇਗਾ। ਦੂਜੇ ਪਾਸੇ ਭਾਰਤ ਵੀ ਸੀਮਾ ਵਿਵਾਦ ਕਾਰਨ ਚੀਨ ਨਾਲ ਉਲਝਿਆ ਹੋਇਆ ਸੀ, ਤੇ ਅਮਰੀਕਾ ਇਸ ਮਸਲੇ 'ਤੇ ਭਾਰਤ ਦੀ ਹਮਾਇਤ ਕਰ ਰਿਹਾ ਹੈ।