ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵਲੋਂ ਭਾਰਤ ਬੰਦ..

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵਲੋਂ ਭਾਰਤ ਬੰਦ..

 ਰੇਲ ਤੇ ਸੜਕੀ ਆਵਾਜਾਈ 'ਤੇ ਅਸਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਸਮਰਥਨ ਕੀਤਾ ਹੈ। ਦਿੱਲੀ ਦੇ ਬਾਰਡਰ ਦੀਆਂ ਜਿਨ੍ਹਾਂ ਸੜਕਾਂ 'ਤੇ ਕਿਸਾਨ ਮੋਰਚੇ ਲੱਗੇ ਹੋਏ ਹਨ ਉਹ ਸੜਕਾਂ ਪਹਿਲਾਂ ਹੀ ਬੰਦ ਹਨ। ਇਸ ਸਮੇਂ ਦੌਰਾਨ ਜੋ ਬਦਲਵੇਂ ਰਸਤੇ ਬਣਾਏ ਗਏ ਸਨ ਉਹ ਬੰਦ ਕੀਤੇ ਗਏ ਹਨ।

ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰਹੀਆਂ  ।

ਸੰਯੁਕਤ ਕਿਸਾਨ ਮੋਰਚੇ ਦੇ ਕੋਆਰਡੀਨੇਟਰ ਅਤੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਅਪੀਲ ਕੀਤੀ, "ਜੋ ਵੀ ਬੰਦ ਦਾ ਸਮਰਥਨ ਕਰ ਰਹੇ ਹਨ, ਉਹ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਾ ਕਰਨ, ਕੋਈ ਅਜਿਹੀ ਕਾਰਵਾਈ ਨਾ ਕਰਨ ਜੋ ਹਿੰਸਕ ਲੱਗੇ।"ਉਨ੍ਹਾਂ ਨੇ  ਕਿਹਾ ਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਅਤੇ ਜੋ ਸ਼ਰਧਾਲੂ ਆਨੰਦਪੁਰ ਸਾਹਿਬ ਹੌਲੇ-ਮਹੱਲੇ ਲਈ ਜਾ ਰਹੇ ਹਨ ਉਨ੍ਹਾਂ ਨੂੰ ਨਹੀਂ ਰੋਕਣਾ।

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ ਤਾਂ ਜੋ ਮੋਦੀ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ। ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਦਾ ਰੇਲਵੇ ਦੀ ਆਵਾਜਾਈ 'ਤੇ ਅਸਰ ਪਿਆ ਹੈ। ਭੁਵਨੇਸ਼ਵਰ ’ਚ ਟਰੇਡ ਯੂਨੀਅਨ ਨੇ ਰੇਲਵੇ ਟਰੈਕ ਬਲਾਕ ਕੀਤਾ।

 ਸ਼ਾਹਪੁਰ ਦੇ ਕੋਲ ਪ੍ਰਦਰਸ਼ਨਕਾਰੀਆਂ ਨੇ ਜੀਟੀ ਰੋਡ ਤੇ ਰੇਲਵੇ ਟਰੈਕ ਨੂੰ ਬਲਾਕ ਕਰ ਦਿੱਤਾ।

ਰੇਲਵੇ ਦੇ ਬੁਲਾਰੇ ਮੁਤਾਬਕ ''ਕਿਸਾਨ ਅੰਦੋਲਨਕਾਰੀ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਤੱਕ ਵੱਖੋ-ਵੱਖ 31 ਥਾਂ 'ਤੇ ਧਰਨਾ ਲਗਾ ਕੇ ਬੈਠੇ ਹਨ। ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨਾਂ ਦੀ ਰੇਲ ਆਵਾਜਾਈ ਉੱਪਰ ਅਸਰ ਪਿਆ ਹੈ।''ਬੁਲਾਰੇ ਮੁਤਾਬਕ ਕੁੱਲ 32 ਰੇਲ ਗੱਡੀਆਂ ਰੋਕੀਆਂ ਗਈਆਂ ਹਨ। ਚਾਰ ਸ਼ਤਾਬਦੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।ਆਂਧਰਾ ਪ੍ਰਦੇਸ਼ ਵਿੱਚ ਵੀ ਕਿਸਾਨਾਂ ਦੇ ਬੰਦ ਨੂੰ ਹੁੰਗਾਰਾ ਮਿਲ ਰਿਹਾ ਹੈ। ਇੱਥੇ ਭਾਜਪਾ ਨੂੰ ਛੱਡ ਕੇ ਖੱਬੇਪੱਖੀ ਪਾਰਟੀਆਂ ਸਣੇ ਬਾਕੀ ਸਿਆਸੀ ਪਾਰਟੀਆਂ ਦਾ ਸਾਥ ਮਿਲ ਰਿਹਾ ਹੈ।

ਵਿਸ਼ਾਖਾਪਟਨਮ ਵਿੱਚ ਖੱਬੇਪੱਖੀ ਪਾਰਟੀਆਂ ਦੇ ਕਾਰਕੁਨ ਸੜਕਾਂ ਤੇ ਉਤਰੇ। ਕਈ ਥਾਈਂ ਸੜਕਾਂ ਸੁਨਸਾਨ ਦਿਖੀਆਂ।