ਸਾਡਾ ਪਿਛੋਕੜ ਭਾਰਤੀ ਹੈ ਜਾਂ ਵਿਦੇਸ਼ੀ ?

ਸਾਡਾ ਪਿਛੋਕੜ ਭਾਰਤੀ ਹੈ ਜਾਂ ਵਿਦੇਸ਼ੀ ?

ਇਤਿਹਾਸ

ਮਨਮੋਹਨ

ਜ਼ਿਆਦਾਤਰ ਭਾਰਤੀ ਲੋਕ ਸੋਚਦੇ ਹਨ ਕਿ ਅਸੀਂ ਸਾਰੇ ਇੱਥੋਂ ਦੇ ਮੂਲ ਵਾਸੀ ਹਾਂ ਅਤੇ ਵੱਖ ਵੱਖ ਨਸਲਾਂ ਦਾ ਰਲੇਵਾਂ ਨਹੀਂ, ਪਰ ਸੱਚਾਈ ਕੁਝ ਹੋਰ ਹੈ। ਟੋਨੀ ਜੋਸਫ਼ ਆਪਣੀ ਕਿਤਾਬ ‘ਅਰਲੀ ਇੰਡੀਅਨਜ ’  ’ਚ ਸਾਨੂੰ ਸਾਡੇ ਪੁਰਖਿਆਂ ਦੀ ਕਹਾਣੀ ਸੁਣਾਉਂਦਾ ਹੈ। ਉਹ ਅੱਜ ਦੇ ਦੌਰ ਦੇ ਪ੍ਰਸੰਗਿਕ ਵਿਸ਼ਿਆਂ ਨਾਲ ਜੁੜੇ ਸੁਆਲਾਂ ਨਾਲ ਖਹਿੰਦਾ ਦਿਖਾਈ ਦਿੰਦਾ ਹੈ: ‘ਅਸੀਂ ਭਾਰਤੀ ਕੌਣ ਹਾਂ? ਅਸੀਂ ਸਾਰੇ ਕਿੱਥੋਂ ਆਏ? ਹੜੱਪਾ ਵਾਸੀ ਕੌਣ ਸਨ? ਕੀ ਆਰੀਅਨਾਂ ਦਾ ਭਾਰਤ ’ਚ ਪਰਵਾਸ ਹੋਇਆ? ਜਾਤ ਪਾਤ ਪ੍ਰਬੰਧ ਕਦੋਂ ਆਰੰਭ ਹੋਇਆ?’ ਬਹੁਤੇ ਭਾਰਤੀਆਂ ਦਾ ਵਿਸ਼ਵਾਸ ਹੈ ਕਿ ਸਾਡੇ ਪੁਰਖੇ ਦੱਖਣੀ ਏਸ਼ੀਆ ’ਚ ਮੁੱਢ ਕਦੀਮ ਤੋਂ ਰਹਿ ਰਹੇ ਹਨ। ਪਰ ਜਿਵੇਂ ਬਾਅਦ ’ਚ ਸਾਹਮਣੇ ਆਇਆ ਕਿ ਇਹ ਕੋਈ ਬਹੁਤ ਪੁਰਾਣੀ ਗੱਲ ਵੀ ਨਹੀਂ। ਸਾਡੇ ਪੁਰਖਿਆਂ ਦੀ ਕਥਾ ਕਹਿਣ ਵਾਸਤੇ ਟੋਨੀ ਜੋਸਫ਼ ਸਾਨੂੰ ਪੈਂਹਠ ਹਜ਼ਾਰ ਸਾਲ ਪਿੱਛੇ ਲੈ ਜਾਂਦਾ ਹੈ ਜਦੋਂ ਹੋਮੋ ਸੇਪੀਅਨਜ਼ ਦੀਆਂ ਹੇੜਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ ’ਤੇ ਪੈਰ ਧਰਦੀਆਂ ਅਤੇ ਆਪਣਾ ਰਾਹ ਬਣਾਉਂਦੀਆਂ ਹਨ। ਡੀ.ਐਨ.ਏ. ਦੀ ਖੋਜ ਤੇ ਜਣਨ ਵਿਗਿਆਨ (ਜੈਨੇਟਿਕਸ) ਦੇ ਸਬੂਤਾਂ ਅਤੇ ਇਸ ਨਾਲ ਸਬੰਧਿਤ ਹੋਰ ਖੋਜਾਂ ਰਾਹੀਂ ਟੋਨੀ ਜੋਸਫ਼ ਬਹੁਤ ਸਾਰੇ ਵਿਵਾਦਤ ਤੇ ਔਖੇ ਪ੍ਰਸ਼ਨਾਂ ਨਾਲ ਖਹਿਬੜਦਾ ਹੈ ਜਿਵੇਂ: ‘ਕੀ ਉੱਤਰ ਭਾਰਤੀ ਲੋਕ ਜਣਨ ਵਿਗਿਆਨਕ ਤੌਰ ’ਤੇ ਦੱਖਣੀ ਭਾਰਤੀਆਂ ਤੋਂ ਭਿੰਨ ਹਨ? ਕੀ ਆਦਿਵਾਸੀ ਲੋਕ ਭਾਰਤ ਦੀ ਬਾਕੀ ਦੀ ਆਬਾਦੀ ਤੋਂ ਜਣਨਕ ਤੌਰ ’ਤੇ ਵੱਖਰੇ ਹਨ?’ਜਣਨ ਵਿਗਿਆਨਕ ਆਧਾਰਾਂ ਅਨੁਸਾਰ ਅਫ਼ਰੀਕਾ ਤੋਂ ਪਹਿਲਾ ਸਫ਼ਲ ਪਰਵਾਸ ਕੋਈ ਸੱਤ੍ਵਰ ਹਜ਼ਾਰ ਸਾਲ ਪਹਿਲਾਂ ਹੋਇਆ। ਇਸ ਨੂੰ ਸਫ਼ਲ ਪਰਵਾਸ ਇਸ ਲਈ ਕਿਹਾ ਗਿਆ ਕਿਉਂਕਿ ਇਹ ਪਰਵਾਸੀ ਹੀ ਅੱਜ ਦੀ ਗ਼ੈਰ-ਅਫ਼ਰੀਕੀ ਲੋਕਾਈ ਦੇ ਪੁਰਖੇ ਹਨ। ਅਫ਼ਰੀਕਾ ਤੋਂ ਨਿਕਲੇ ਇਸ ਮਨੁੱਖ ਨੇ ਸੰਭਵ ਹੈ ਦੱਖਣੀ ਰਾਹ ਅਪਣਾਇਆ ਹੋਵੇ। ਕੋਈ ਪੈਂਹਠ ਹਜ਼ਾਰ ਸਾਲ ਪਹਿਲਾਂ ਅਫ਼ਰੀਕੀ ਪਰਵਾਸੀ ਜਦ ਭਾਰਤ ਪਹੁੰਚਿਆ ਤਾਂ ਉਸ ਦਾ ਸਾਹਮਣਾ ਪੁਰਾਤਨ ਮਾਨਵ ਨਾਲ ਹੋਇਆ। ਕੋਈ ਸੱਤ ਹਾਜ਼ਾਰ ਈਸਾ ਪੂਰਵ ਬਲੋਚਿਸਤਾਨ ’ਚ ਬੋਲਾਨ ਪਹਾੜਾਂ ਦੇ ਪੈਰਾਂ ’ਚ ਉਹ ਥਾਂ ਜਿਸ ਨੂੰ ਅੱਜ ਮਿਹਰਗੜ੍ਹ ਵਜੋਂ ਜਾਣਿਆ ਜਾਂਦਾ ਹੈ, ਵਿਖੇ ਖੇਤੀ ਨਿਰਭਰ ਵੱਸੋਂ ਦਾ ਵਸੇਬਾ ਹੋਇਆ ਜਿਸ ਨੇ ਅਗਲੇ ਸਮਿਆਂ ’ਚ ਸਿੰਧੂ ਅਤੇ ਭੂ-ਮੱਧ ਖੇਤਰਾਂ ’ਚ ਵੱਡੇ ਪੱਧਰ ’ਤੇ ਫੈਲਣਾ ਸੀ। ਸੱਤ ਹਜ਼ਾਰ ਤੋਂ ਤਿੰਨ ਹਜ਼ਾਰ ਈਸਾ ਪੂਰਵ ਇਰਾਨ ਦੇ ਜ਼ਗਰੋਸ ਖੇਤਰ ਤੋਂ ਖੇਤੀ ਨਿਰਭਰ ਵਸੋਂ ਦਾ ਦੱਖਣੀ ਏਸ਼ੀਆ ’ਚ ਪਰਵਾਸ ਹੋਇਆ ਜਿਨ੍ਹਾਂ ਦਾ ਮੇਲ ਮਿਲਾਪ ਇਸ ਦੌਰਾਨ ਮੁੱਢਲੇ ਭਾਰਤੀਆਂ ਨਾਲ ਹੋਇਆ। ਜਣਨਕ ਸਬੂਤਾਂ ਅਨੁਸਾਰ ਇਹ ਮਿਸ਼ਰਨੀਕਰਣ ਸੰਤਾਲੀ ਸੌ ਤੋਂ ਤਿੰਨ ਹਜ਼ਾਰ ਈਸਾ ਪੂਰਵ ਤੱਕ ਚੱਲਦਾ ਰਿਹਾ।

ਸੱਤ ਹਜ਼ਾਰ ਤੋਂ ਛੱਬੀ ਸੌ ਈਸਾ ਪੂਰਵ ’ਚ ਮਿਹਰਗੜ੍ਹ ’ਚ ਜੌਂ ਅਤੇ ਕਣਕ ਦੀ ਖੇਤੀ ਕੀਤੇ ਜਾਣ ਅਤੇ ਪਾਲਤੂ ਪਸ਼ੂਆਂ ਨੂੰ ਭੋਜਨ ਰੂਪ ’ਚ ਖਾਏ ਜਾਣ ਦੇ ਸਬੂਤ ਮਿਲੇ ਹਨ। ਇਹ ਥਾਂ ਤਕਰੀਬਨ ਛੱਬੀ ਸੌ ਤੋਂ ਦੋ ਹਜ਼ਾਰ ਈਸਾ ਪੂਰਵ ’ਚ ਉਜੜ ਗਈ। ਉਦੋਂ ਤੱਕ ਖੇਤੀ ਨਿਰਭਰ ਆਬਾਦੀ ਸਾਰੇ ਉੱਤਰੀ-ਪੱਛਮੀ ਭਾਰਤ ’ਚ ਸਿੰਧੂ-ਘੱਗਰ-ਹਕਰਾ ਘਾਟੀਆਂ ਅਤੇ ਗੁਜਰਾਤ ’ਚ ਫੈਲ ਗਈ। ਪਚਵੰਜਾ ਸੌ ਤੋਂ ਛੱਬੀ ਸੌ ਈਸਾ ਪੂਰਵ ਮੁੱਢਲੇ ਹੜੱਪਾ ਕਾਲ ਕਾਲੀਬੰਗਾਂ, ਰਾਖੀਗੜ੍ਹੀ (ਭਾਰਤ), ਬਨਾਵਾਲੀ ਅਤੇ ਰਹਿਮਾਨ ਡੇਹਰੀ (ਪਾਕਿਸਤਾਨ) ’ਚ ਖੇਤੀ ਨਿਰਭਰ ਵਸੋਂ ਦੇ ਵਿਲੱਖਣ ਸ਼ੈਲੀ ਵਾਲੀਆਂ ਸ਼ਹਿਰੀ ਵਸੇਬਾਂ ’ਚ ਵਿਕਸਤ ਹੋਣ ਦੇ ਵੀ ਸਬੂਤ ਮਿਲਦੇ ਹਨ। ਛੱਬੀ ਸੌ ਤੋਂ ਉੱਨੀ ਸੌ ਈਸਾ ਪੂਰਵ ’ਚ ਪ੍ਰੋੜ ਹੜੱਪਾ ਕਾਲ ’ਚ ਕਈ ਥਾਵਾਂ ’ਤੇ ਨਵੀਂ ਉਸਾਰੀ, ਮੁੜ ਉਸਾਰੀ ਅਤੇ ਉਜਾੜੇ ਦੇਖਣ ਨੂੰ ਮਿਲੇ। ਉੱਚ ਪੱਧਰੀ ਮਿਆਰਾਂ ਜਿਵੇਂ ਲਿਪੀ, ਮੋਹਰਾਂ, ਚਿੱਤਰਾਂ ਅਤੇ ਤੋਲ ਵੱਟਿਆਂ ਦੀ ਹੋਂਦ ਵਿਆਪਕ ਪੱਧਰ ’ਤੇ ਦੇਖਣ ਨੂੰ ਮਿਲਦੀ ਹੈ। ਮੁੱਢਲੇ ਤੇ ਪ੍ਰੋੜ ਹੜੱਪਾ ਕਾਲ ਕੇਵਲ ਪੰਜ ਪੀੜ੍ਹੀਆਂ ਭਾਵ ਸੌ ਤੋਂ ਡੇਢ ਸੌ ਸਾਲ ’ਚ ਵਾਪਰ ਗਿਆ ਪ੍ਰਤੀਤ ਹੁੰਦਾ ਹੈ। ਤੇਈ ਸੌ ਤੋਂ ਸਤਾਰਾਂ ਸੌ ਈਸਾ ਪੂਰਵ ਕਾਲ ਦੀ ਸਭਿਅਤਾ ਜੋ ਅਮੂ ਦਰਿਆ ਦੇ ਆਸ ਪਾਸ ਦੇ ਇਲਾਕਿਆਂ ਵਿਕਸਤ ਹੋਈ, ਨਾਲ ਹੜੱਪਾ ਸਭਿਅਤਾ ਦੇ ਵਿਓਪਾਰਕ ਅਤੇ ਸਭਿਆਚਾਰਕ ਸਬੰਧ ਸਨ। ਇੱਕੀ ਸੌ ਈਸਾ ਪੂਰਵ ’ਚ ਕਜ਼ਾਕ ਸਤੈਪੀਆਂ ਤੋਂ ਦੱਖਣ ਵੱਲ ਪਸ਼ੂਪਾਲਕਾਂ ਦਾ ਪਰਵਾਸ ਹੋਇਆ ਜੋ ਦੱਖਣੀ-ਮੱਧ ਏਸ਼ਿਆਈ ਖੇਤਰਾਂ ਤਕ ਫੈਲ ਗਿਆ। ਦੋ ਹਜ਼ਾਰ ਈਸਾ ਪੂਰਵ ਦੌਰਾਨ ਚੀਨ ਤੋਂ ਪਰਵਾਸ ਦੀਆਂ ਦੋ ਮੁੱਖ ਲਹਿਰਾਂ ਖੇਤੀ ਇਨਕਲਾਬ ਅਤੇ ਜਨਸੰਖਿਆ ਵਾਧੇ ਕਾਰਨ ਵਾਪਰੀਆਂ। ਇਨ੍ਹਾਂ ਨੇ ਹੀ ਦੱਖਣ-ਪੂਰਬੀ ਏਸ਼ੀਆ ਦੀ ਲੋਕਾਈ ਨੂੰ ਮੁੜ-ਸਰੂਪ ਬਖ਼ਸ਼ਿਆ। ਇਸ ਨਾਲ ਆਸਟਰੋ-ਏਸ਼ਿਆਈ ਭਾਸ਼ਾਵਾਂ, ਨਵੇਂ ਪੌਦਿਆਂ ਤੇ ਰੁੱਖਾਂ ਅਤੇ ਨਵੀਂ ਕਿਸਮ ਦੇ ਚੌਲ਼ਾਂ ਦੀ ਆਮਦ ਹੋਈ। ਦੋ ਹਜ਼ਾਰ ਤੋਂ ਹਜ਼ਾਰ ਈਸਾ ਪੂਰਵ ਦਰਮਿਆਨ ਮੱਧ ਏਸ਼ੀਆ ਦੀਆਂ ਸਤੈਪੀਆਂ ਤੋਂ ਉੱਠੀਆਂ ਚਰਵਾਹਿਆਂ ਅਤੇ ਪਸ਼ੂਪਾਲਕ ਪਰਵਾਸੀਆਂ ਦੀ ਬਹੁਪਰਤੀ ਲਹਿਰਾਂ ਨੇ ਭਾਰਤੀ-ਯੂਰਪੀ ਭਾਸ਼ਾਵਾਂ, ਨਵੇਂ ਧਾਰਮਿਕ ਅਤੇ ਸਭਿਆਚਾਰਕ ਵਿਵਹਾਰ ਵੀ ਲਿਆਂਦੇ।ਉੱਨੀ ਸੌ ਤੋਂ ਤੇਰਾਂ ਸੌ ਈਸਾ ਪੂਰਵ ਦੇ ਅੰਤਲੇ ਹੜੱਪਾ ਕਾਲ ’ਚ ਉਸ ਸਭਿਅਤਾ ’ਚ ਲੰਮੇਰੇ ਸੋਕੇ ਨੇ ਚੀਨ ਅਤੇ ਮਿਸਰ ਦੀਆਂ ਪੱਛਮੀ ਏਸ਼ਿਆਈ ਸਭਿਅਤਾਵਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਨਾਲ ਹੜੱਪਾ ਸਭਿਅਤਾ ਦਾ ਹੌਲ਼ੀ ਹੌਲ਼ੀ ਨਿਘਾਰ ਹੋਇਆ ਅਤੇ ਅੰਤ ਖ਼ਾਤਮਾ ਹੋ ਗਿਆ। ਇਸ ਤੋਂ ਬਾਅਦ ਯੂਨਾਨੀਆਂ, ਯਹੂਦੀਆਂ, ਹੂਣਾਂ, ਸ਼ੱਕਾਂ, ਪਾਰਸੀਆਂ, ਸੀਰੀਅਨਾਂ, ਮੁਗ਼ਲਾਂ, ਪੁਰਤਗਾਲੀਆਂ ਅਤੇ ਅੰਗਰੇਜ਼ਾਂ ਆਦਿ ਸਾਰਿਆਂ ਨੇ ਭਾਰਤੀ ਦ੍ਰਿਸ਼ ’ਤੇ ਆਪਣੇ ਨਿਸ਼ਾਨ ਛੱਡੇ।ਹੁਣ ਇਹ ਪ੍ਰਸ਼ਨ ਉੱਠਣਾ ਸੁਭਾਵਿਕ ਹੈ ਕਿ ਆਖ਼ਰ ਅਸੀਂ ਭਾਰਤੀ ਕੌਣ ਹਾਂ? ਅਕਸਰ ਇਹ ਸੋਚਿਆ ਜਾਂਦਾ ਹੈ ਕਿ ‘ਆਦਿਵਾਸੀ’/ਮੂਲਵਾਸੀ ਜੋ ਭਾਰਤ ਦੀ ਆਬਾਦੀ ਦਾ 8 ਫ਼ੀਸਦੀ ਹਨ, ਬਾਕੀ ਭਾਰਤੀਆਂ ਤੋਂ ਬਹੁਤ ਭਿੰਨ, ਵੱਖਰੇ ਅਤੇ ਦੂਰ ਦੀ ਰਹਿਣੀ ਬਹਿਣੀ ਵਾਲੇ ਹਨ। ਇਸ ਲਈ ਇਹ ਸਾਡੇ ’ਚੋਂ ਨਹੀਂ ਬਲਕਿ ਹੋਰ/ਦੂਜੇ ਹਨ। ਪਰ ਅੱਜ ਜੀਵ-ਅਣੁਵਿਕ ਸਬੂਤਾਂ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਮੂਲ ਤੇ ਮੁੱਢਲੇ ਅਫ਼ਰੀਕੀ ਮੂਲ ਦੇ ਹਨ ਜਿਨ੍ਹਾਂ ਦਾ ਅਫ਼ਰੀਕਾ ਤੋਂ ਭਾਰਤ ’ਚ ਪਰਵਾਸ ਕੋਈ ਪੈਂਹਠ ਹਜ਼ਾਰ ਸਾਲ ਪਹਿਲਾਂ ਹੋਇਆ। ਇੰਝ ਆਦਿਵਾਸੀਆਂ ਦੇ ਪੁਰਖੇ ਮੁੱਢਲੇ ਭਾਰਤੀ ਹੋਣ ਕਾਰਨ ਕੋਈ ਬਾਹਰੀ ਨਹੀਂ ਸਗੋਂ ਸਾਡੇ ’ਚੋਂ ਹੀ ਹਨ। ਅੱਜ ਦੇ ਸਾਰੇ ਭਾਰਤੀ ਪਹਿਲੇ ਭਾਰਤੀ ਬੰਦੇ ਦੇ ਵੰਸ਼ ਵਿਚੋਂ ਹਨ। ਹੜੱਪਾ ਤੋਂ ਮਿਲੀ ‘ਨ੍ਰਿਤਕੀ’ ਦੀ ਮੂਰਤੀ ਆਪਣੀ ਦਿੱਖ ਤੋਂ ਆਦਿਵਾਸੀ ਕੁੜੀ ਜਾਪਦੀ ਹੈ। ਇਹ ਪਹਿਲੇ ਭਾਰਤੀ ਹੀ ਏਸ਼ੀਆ ਦੇ ਪਹਿਲੇ ਸ਼ਹਿਰੀ ਇਨਕਲਾਬ ਦੇ ਅੰਗ ਸਨ। ਸੱਤ ਸਦੀਆਂ ਤੱਕ ਚੱਲੀ ਪ੍ਰੋੜ ਹੜੱਪਾ ਸਭਿਅਤਾ ਜੋ ਆਪਣੇ ਸਮਿਆਂ ਦੀ ਜਨਸੰਖਿਆ ਤੇ ਖੇਤਰਫਲ ਵਜੋਂ ਸਭ ਤੋਂ ਵੱਡੀ ਸੀ, ਦਾ ਆਧਾਰਮੂਲਕ ਸਰੋਤ ਇਸ ਦਾ ਸਾਂਝਾ ਸਭਿਆਚਾਰ ਸੀ।

ਹੜੱਪਾ ਸਭਿਅਤਾ ਦੇ ਨਿਘਾਰ ਤੋਂ ਬਾਅਦ ਅਤੇ ਸਤੈਪੀਆਂ ਤੋਂ ਆਉਣ ਵਾਲੇ ਪਰਵਾਸੀਆਂ ਦਰਮਿਆਨ ਦਾ ਸਮਾਂ ਪੁਰਾਤੱਤਵੀ ਹਨੇਰੇ  ਦਾ ਸਮਾਂ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਸਤੈਪੀਆਂ ਤੋਂ ਆਏ ਪਸ਼ੂਪਾਲਕ ਪਰਵਾਸੀਆਂ ਦੇ ਸਮੂਹ ਕੋਈ ਬਹੁਤੇ ਵੱਡੇ ਨਹੀਂ ਸਨ। ਇਨ੍ਹਾਂ ਆਰੀਆਈ ਪਰਵਾਸੀਆਂ ਨੇ ਕਿਹੜੇ ਰਾਹ ਅਪਣਾਏ, ਕਿੰਨੇ ਸਮੂਹਾਂ ’ਚ ਆਏ ਅਤੇ ਕਦੋਂ ਤੱਕ ਇਹ ਪਰਵਾਸ ਚੱਲਦਾ ਰਿਹਾ, ਬਾਰੇ ਬਹੁਤ ਜਾਣਕਾਰੀ ਨਹੀਂ। ਪਰ ਮੁੱਢਲੇ ਵੈਦਿਕ ਸਰੋਤਾਂ ਤੋਂ ਪਤਾ ਚੱਲਦਾ ਹੈ ਕਿ  ਇੰਡੋ-ਯੂਰਪੀਅਨ ਭਾਸ਼ਾਈ ਸਮੂਹਾਂ ’ਚ ਟਕਰਾਓ ਹੁੰਦੇ ਰਹੇ। ਭਾਸ਼ਾ ਵਿਗਿਆਨ ਅਤੇ ਜਣਨ ਵਿਗਿਆਨ ਇਸ ਪਰਵਾਸ ਪ੍ਰਕਿਰਿਆ ’ਤੇ ਰੌਸ਼ਨੀ ਪਾਉਂਦਾ ਹੈ। ਭਾਰਤ ਦੇ ਭਾਸ਼ਾਈ ਸਰਵੇਖਣ ਕਰਨ ਵਾਲੇ ਸਰ ਜੌਰਜ ਗ੍ਰੀਅਰਸਨ ਦੇ 1930 ’ਚ ਹੋਰ ਵਿਕਸਤ ‘ਗ੍ਰੀਅਰਸਨ ਹਾਈਪੋਥੇਸਿਸ’ ਅਤੇ 2005 ’ਚ ਫ੍ਰੈਂਕਲਿਨ ਸੀ. ਸਾਉਥਵਰਥ ਦੇ ਕਹਿਣ ਅਨੁਸਾਰ ਭਾਰੋਪੀ ਭਾਸ਼ਾਵਾਂ ਨੂੰ ਉੱਤਰੀ-ਕੇਂਦਰੀ ਭਾਸ਼ਾਵਾਂ ਜਿਵੇਂ ਹਿੰਦੀ, ਪੰਜਾਬੀ, ਰਾਜਸਥਾਨੀ, ਬੁੰਦੇਲੀ ਅਤੇ ਪਹਾੜੀ ਦੇ ਨਾਲ ਨਾਲ ਦੱਖਣ-ਪੱਛਮੀ ਪੂਰਬੀ ਭਾਸ਼ਾਵਾਂ ਜਿਵੇਂ ਬੰਗਲਾ, ਭੋਜਪੁਰੀ, ਉੜੀਆ, ਮਰਾਠੀ ਅਤੇ ਕੌਂਕਣੀ ’ਚ ਵੰਡਿਆ ਜਾ ਸਕਦਾ ਹੈ। ਸਾਉਥਵਰਥ ਦਾ ਆਪਣੀ ਕਿਤਾਬ ‘ ਦਾ ਲਿੰਗੁਇਸਟਿਕ ਅਰਚੇਉਲੋਜੀ ਆਫ ਸਾਊਥ ਏਸ਼ੀਆ ’ ’ਚ ਕਹਿਣਾ ਹੈ ਕਿ ਮੱਧ-ਏਸ਼ਿਆਈ ਲੋਕਾਂ ਦੀਆਂ ਹੇੜਾਂ ਭਾਰਤੀ-ਇਰਾਨੀ ਸੀਮਾਵਾਂ ’ਚ ਘੁਸਣ ਬਾਅਦ ਪੰਜਾਬ ਤੋਂ ਹੁੰਦੇ ਹੋਏ ਪੂਰਬ ਵੱਲ ਇਕ ਪਾਸੇ ਗੰਗਾ ਅਤੇ ਦੂਜੇ ਪਾਸੇ ਸਿੰਧ ਰਾਹੀਂ ਦੱਖਣ ਵੱਲ ਚਲੀਆਂ ਗਈਆਂ। ਭਾਸ਼ਾਵਾਂ ਦੀ ਉਪਰ ਦਰਸਾਈ ਵੰਡ ਦਰਅਸਲ ਹਿੰਦੂ ਆਰੀਆਵ੍ਰਤ ਖੇਤਰਾਂ ਅਤੇ ਗ਼ੈਰ-ਆਰੀਆਈ ਭਾਸ਼ਾਵਾਂ ਬੋਲਣ ਵਾਲੇ ਮਲੇਸ਼-ਦੇਸ ਦੇ ਖੇਤਰਾਂ ਦਰਮਿਆਨ ਹੈ ਜਿੱਥੇ ਹਿੰਦੂ ਅਨੁਸ਼ਠਾਨਾਂ ਦਾ ਪਾਲਣ ਨਹੀਂ ਹੁੰਦਾ ਸੀ। ਇਹ ਦੋਵੇਂ ਖੇਤਰ ਭੂਗੋਲਿਕ ਰੂਪ ’ਚ ਵਿੰਧਿਆਚਲ ਪਠਾਰ ਕਾਰਨ ਵੰਡੇ ਗਏ ਜੋ ਪੂਰੇ ਮੱਧ ਭਾਰਤ ’ਚ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਫੈਲਿਆ ਹੋਇਆ ਹੈ। ਗ਼ੈਰ-ਆਰੀਆਈ ਭਾਸ਼ਾਵਾਂ ਤੋਂ ਭਾਵ ਗ਼ੈਰ-ਭਾਰੋਪੀ ਭਾਸ਼ਾਵਾਂ ਨਹੀਂ। ਇਹ ਉਹ ਭਾਸ਼ਾਵਾਂ ਹਨ ਜੋ ਬਾਹਰੀ ਖੇਤਰ ’ਚ ਆਉਣ ਕਾਰਨ ਆਰੀਆਵਰਤ ਦੇ ਰੂੜ੍ਹੀਵਾਦ ਦੀ ਦ੍ਰਿਸ਼ਟੀ ਅਨੁਸਾਰ ਗ਼ੈਰ-ਆਰੀਆਈ ਹਨ। ਟੋਨੀ ਜੋਸਫ਼ ਅਨੁਸਾਰ ਤਿਵਾੜੀ ਬ੍ਰਾਹਮਣਾਂ ਜੋ ਜ਼ਿਆਦਾਤਰ ਪੁਜਾਰੀ ਅਤੇ ਪਰੰਪਰਕ ਸੰਸਕ੍ਰਿਤ ਗ੍ਰੰਥਾਂ ਨੂੰ ਸਾਂਭਣ ਵਾਲੇ ਹਨ, ਦੇ ਜੈਵਿਕ ਤੱਤ ਸਤੈਪੀ ਪੁਰਖਿਆਂ ਨਾਲ ਮੇਲ ਖਾਂਦੇ ਹਨ। ਇਨ੍ਹਾਂ ਦੀ ਮੁੱਢਲਾ ਵੈਦਿਕ ਸਭਿਆਚਾਰ ਫੈਲਾਉਣ ’ਚ ਵੱਡੀ ਭੂਮਿਕਾ ਸੀ। ਭਾਸ਼ਕ ਅਤੇ ਜੈਵਿਕ ਵੱਖਰਤਾ ਉਨ੍ਹਾਂ ਪਾਠਗਤ ਹਵਾਲਿਆਂ ’ਚ ਵੀ ਮਿਲਦੀ ਹੈ ਜੋ ‘ਆਰੀਆਵਰਤ’ ਅਤੇ ‘ਮਲੇਸ਼-ਦੇਸ’ ਨਾਲ ਸਬੰਧਿਤ ਹਨ।

ਜੋਹਨ ਬਰੋਂਖੋਰਸਤ ਆਪਣੀ ਕਿਤਾਬ ‘ਗਰੇਟਰ ਮਗਧ’ ’ਚ ਦੱਸਦਾ ਹੈ ਅਤੇ 150 ਈਸਾ ਪੂਰਵ ਲਿਖੀ ‘ਮਹਾਭਾਸ਼ਯ’ ’ਚ ਪਤੰਜਲੀ ਇਹ ਪ੍ਰਸ਼ਨ ਪੁੱਛਦਾ ਹੈ ਕਿ ਆਰੀਆ ਧਰਤ ਕਿਹੜੀ ਹੈ? ਜੁਆਬ ਹੈ ਜਿੱਥੇ ਸਰਸਵਤੀ ਨਦੀ ਅਲੋਪ ਹੁੰਦੀ ਹੈ ਜੋ ਹਿਮਾਲਿਆ ਦੀ ਤਰਾਈ ’ਚ ਕਾਲਕਾ ਦੇ ਜੰਗਲ ਹਨ ਅਤੇ ਇਸ ਦੀ ਗੰਗਾ-ਯਮੁਨਾ ਦੁਆਬ ਤੋਂ ਕੋਈ ਬਹੁਤੀ ਦੂਰੀ ਵੀ ਨਹੀਂ। ‘ਬੁੱਧਯਾਨਾ ਧਰਮ ਸੂਤਰ’ ਅਤੇ ‘ਵਸ਼ਿਸ਼ਟ ਧਰਮ ਸੂਤਰ’ ’ਚ ਵੀ ਇਹੋ ਸਵਾਲ ਪੁੱਛਿਆ ਗਿਆ ਹੈ। ਉੱਤਰ-ਮੱਧ ਭਾਰਤ ’ਚ ‘ਅੰਦਰੂਨੀ ਭਾਸ਼ਕ ਸਮੂਹ’ ਦਾ ਵਿਰੋਧ ਦੱਖਣ-ਪੱਛਮ ਪੂਰਬੀ ‘ਬਾਹਰੀ ਭਾਸ਼ਕ ਸਮੂਹ’ ਨਾਲ ਸੀ। ਪਤੰਜਲੀ ਵੱਲੋਂ ਪਰਿਭਾਸ਼ਤ ਆਰੀਵ੍ਰਤ ਤੋਂ ਪੂਰਬ ਦਾ ਖੇਤਰ ਪਹਿਲਾਂ ਹੀ ਭਾਰੋਪੀ ਭਾਸ਼ਾਵਾਂ ਵਾਲਾ ਸੀ ਜਿੱਥੇ ਹੜੱਪਾ ਸਭਿਅਤਾ ਦੇ ਨਿਘਾਰ ਤੋਂ ਬਾਅਦ 500 ਈਸਾ ਪੂਰਵ ਦੂਜਾ ਪ੍ਰਮੁੱਖ ਸ਼ਹਿਰੀਕਰਣ ਹੋ ਰਿਹਾ ਸੀ। ਇਸੇ ਖੇਤਰ ’ਚ ਪਹਿਲਾ ਭਾਰਤੀ ਮੌਰਿਆ ਸਾਮਰਾਜ ਮਗਧ ਦੇ ਖੇਤਰ ’ਚ 322-180 ਈਸਾ ਪੂਰਵ ’ਚ ਸਥਾਪਿਤ ਹੋਇਆ ਜੋ ਪਰਿਭਾਸ਼ਤ ਆਰੀਆਵਰਤ ਦੇ ਕਾਫ਼ੀ ਨਜ਼ਦੀਕ ਦਾ ਇਲਾਕਾ ਸੀ। ਮਗਧ ਖੇਤਰ ’ਚ ਛੇਵੀਂ ਤੋਂ ਚੌਥੀ ਸਦੀ ’ਚ ਬੁੱਧ ਧਰਮ ਅਤੇ ਸੱਤਵੀਂ ਤੋਂ ਪੰਜਵੀਂ ਸਦੀ ਦਰਮਿਆਨ ਜੈਨ ਮੱਤ ਪੈਦਾ ਹੋਇਆ। ਇਨ੍ਹਾਂ ਦੋਵਾਂ ਨੇ ਉਸ ਵੇਲੇ ਦੇ ਧਾਰਮਿਕ ਗ੍ਰੰਥਾਂ, ਬਲੀਆਂ, ਧਾਰਮਿਕ ਅਨੁਸ਼ਠਾਨਾਂ ਅਤੇ ਸਮਾਜਿਕ ਰੂੜ੍ਹੀਵਾਦ ਨੂੰ ਚੁਣੌਤੀ ਦਿੱਤੀ। ਸੋਚਣ ਵਾਲੀ ਗੱਲ ਹੈ ਕਿ ਆਰੀਆਵਰਤ ਦੀ ਕੁਲੀਨਤਾ ’ਚ ‘ਮਲੇਸ਼-ਦੇਸ’ ਪ੍ਰਤੀ ਏਨੀ ਘਿਰਣਾ ਕਿਉਂ ਸੀ? ਬਰੋਂਖਰੋਸਤ ਅਨੁਸਾਰ ਗੰਗ-ਯਮੁਨੀ ਦੁਆਬ ਦੇ ਪੂਰਬ ਦਾ ਖੇਤਰ ਪਤੰਜਲੀ ਦੇ ਸਮੇਂ ਤੱਕ ਬ੍ਰਾਹਮਣੀ ਖੇਤਰ ਨਹੀਂ ਸੀ ਸਮਝਿਆ ਗਿਆ। ਇਸ ਤੋਂ ਇਹ ਭਾਵ ਨਹੀਂ ਸੀ ਕਿ ਓਥੇ ਬ੍ਰਾਹਮਣ ਨਹੀਂ ਸਨ ਰਹਿ ਰਹੇ। ਬ੍ਰਾਹਮਣ ਸਮਾਜ ’ਚ ਬਲੀਆਂ ਅਤੇ ਪੁਜਾਰੀ ਵਰਗ ਨੂੰ ਦਾਨ ਦੇਣ ’ਤੇ ਬਹੁਤ ਬਲ ਸੀ। ਪੁਜਾਰੀ ਵਰਗ ਦੇ ਸੱਤਾਧਾਰੀ ਵਰਗ ਨਾਲ ਵੀ ਬੜਾ ਨੇੜਲੇ ਸਬੰਧ ਸਨ।

ਗੰਗਾ-ਯਮੁਨਾ ਪ੍ਰਯਾਗ ਦੇ ਪੂਰਬ ਦਾ ਇਲਾਕਾ ਦਰਅਸਲ ਆਦਰਸ਼ ਬ੍ਰਾਹਮਣ ਸਮਾਜ ਨਹੀਂ ਸੀ। ਮਗਧ ਰਾਜ ਦੇ ਸ਼ਾਸਕ ਸ੍ਰੀਨਿਕਾ, ਬਿੰਬੀਸਾਰ ਅਤੇ ਅਜਾਤਸ਼ਤਰੂ ਨੂੰ ਬੋਧੀ ਤੇ ਜੈਨ ਮੱਤ ਵਾਲੇ ਆਪਣਾ ਮੰਨਦੇ ਹਨ। 350 ਈਸਾ ਪੂਰਵ ’ਚ ਪਾਟਲੀਪੁੱਤਰ ਨੂੰ ਸੰਗਠਿਤ ਕਰਨ ਵਾਲਾ ਨੰਦ ਜੈਨ ਮੱਤ ਦਾ ਪੋਸ਼ਕ ਸੀ। ਚੰਦਰਗੁਪਤ ਮੌਰਿਆ ਨੇ ਨੰਦ ਦਾ ਅੰਤ ਕੀਤਾ ਤੇ ਅੰਤ ’ਚ ਜੈਨੀ ਸੰਤ ਬਣਿਆ। ਬਿੰਦੂਸਾਰ ਨੇ ਗੈਰ-ਬ੍ਰਾਹਮਣੀ ਮੱਤ ਆਜੀਵਕ ਦੇ ਸਿਰ ਹੱਥ ਰੱਖਿਆ। ਅਸ਼ੋਕ ਨੇ ਬੁੱਧ ਮੱਤ ਅਪਣਾਇਆ। 185 ਈਸਾ ਪੂਰਵ ’ਚ ਰਾਜਾ ਸੁੰਗ ਦਾ ਬ੍ਰਾਹਮਣ ਰਾਜ ਸੀ। ਚਾਲੀ ਪੰਜਾਹ ਸਾਲ ਬਾਅਦ ਵਿਆਕਰਣਕਾਰ ਪਤੰਜਲੀ ਗੰਗਾ ਤੋਂ ਪੂਰਬ ਦੇ ਇਲਾਕੇ ਨੂੰ ਆਰੀਆਵਰਤ ਨਹੀਂ ਮੰਨਦਾ।ਮਗਧ ਦਾ ਦ੍ਰਿਸ਼ ਅੰਤ ਨੂੰ ਮਾਨਵ ਧਰਮ ਸ਼ਾਸਤਰ ਮਨੂਸਿਮਰਤੀ ਜੋ ਤੀਜੀ ਸਦੀ ਈਸਾ ਪੂਰਵ ਤੋਂ ਪਹਿਲਾਂ ਲਿਖੀ ਗਈ ਆਰੀਆਵਰਤ ਨੂੰ ਸਾਗਰ ਤੋਂ ਸਾਗਰ ਤੱਕ ਦੇ ਹਿਮਾਲੇ ਤੇ ਵਿੰਧਿਆ ਦੇ ਵਿਚਲੇ ਖੇਤਰ ਨੂੰ ਮੰਨਦਾ ਹੈ। ‘ਮਹਾਭਾਸ਼ਯ’ ਅਤੇ ‘ਮਨੂਸਿਮਰਤੀ’ ਦੇ ਲਿਖਣ ਕਾਲ ਦਰਮਿਆਨ ਸ਼ਾਇਦ ਮਗਧ ਦੀ ਵਿਚਾਰਧਾਰਾ ਕੁਲੀਨ ਆਰੀਆਵਰਤ ’ਚ ਬਦਲੀ। ਟੋਨੀ ਜੋਸਫ਼ ਅਨੁਸਾਰ 2013 ’ਚ ਛਪੀ ਕਿਤਾਬ ਮੁਤਾਬਿਕ ਇਹ ਮੱਤ ਗ਼ਲਤ ਸਾਬਿਤ ਹੋਇਆ ਕਿ ਬਾਹਰੋਂ ਆਉਣ ਵਾਲੇ ਆਰੀਅਨਾਂ ਨੇ ਇਸ ਉਪਮਹਾਂਦੀਪ ’ਚ ਜਾਤ ਪ੍ਰਥਾ ਲਾਗੂ ਕੀਤੀ। ਤਿਹੱਤਰ ਲੋਕਾਂ ਦੇ ਸਮੂਹਾਂ ਦੇ ਜੀਨੋਮਜ਼ ਡਾਟਾ ਅਨੁਸਾਰ ਦੋ ਹਜ਼ਾਰ ਈਸਾ ਪੂਰਵ ਤੋਂ ਸੌ ਈਸਾ ਪੂਰਵ ਤੱਕ ਏਨੇ ਵੱਡੇ ਪੱਧਰ ’ਤੇ ਵਿਭਿੰਨ ਜਨਸਮੂਹਾਂ ’ਚ ਮਿਸ਼ਰਣ ਹੋਇਆ ਕਿ ਹਰ ਬਾਸ਼ਿੰਦੇ ’ਚ ਅਫ਼ਰੀਕਾ ਤੋਂ ਆਏ ਮੁੱਢਲੇ ਭਾਰਤੀ, ਹੜੱਪਈ ਅਤੇ ਸਤੈਪੀ ਪੁਰਖਿਆਂ ਦੇ ਭਿੰਨ ਭਿੰਨ ਡਿਗਰੀ ਦੇ ਜੀਨਜ਼ ਪਾਏ ਗਏ। ਇਸ ਅਨੁਸਾਰ ਇਸ ਖੇਤਰ ’ਚ ਅੰਤਰ ਸਬੰਧਿਤ ਲੋਕਾਂ ’ਚ ਜਨ-ਮਿਸ਼ਰਣ ਬੜਾ ਆਮ ਸੀ। ਇਹ ਰੁਝਾਨ ਹੌਲ਼ੀ ਹੌਲ਼ੀ ਵਿਰਲਾ ਪੈਂਦਾ ਗਿਆ ਕਿਉਂਕਿ ਲੋਕਾਂ ’ਚ ਵੱਡੇ ਪੱਧਰ ’ਤੇ ਸਗੋਤੀ ਵਿਆਹਾਂ ਦਾ ਰਿਵਾਜ ਵਧਿਆ। ਹੜੱਪਾ ਸਭਿਅਤਾ ਦੇ ਨਿਘਾਰ ਤੋਂ ਬਾਅਦ ਜਦੋਂ ਬਹੁਤ ਸਾਰਾ ਪਲਾਇਨ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਹੋਇਆ ਤਾਂ ਵੀ ਬਹੁਤ ਵੱਡੇ ਪੱਧਰ ’ਤੇ ਅੰਤਰਮਿਸ਼ਰਣ ਹੋਇਆ ਜਿਸ ਦਾ ਪ੍ਰਭਾਵ ਬੜਾ ਡੂੰਘੇਰਾ ਅਤੇ ਲੰਮੇ ਸਮੇਂ ਤੱਕ ਰਿਹਾ। ਇਸ ਜਣਨਕ-ਮਿਸ਼ਰਣ ਦਾ ਅਚਾਨਕ ਸੌ ਈਸਾ ਪੂਰਵ ਦੇ ਕਰੀਬ ਅੰਤ ਹੋ ਗਿਆ। ਇਸ ਸਬੰਧ ’ਚ ਜਣਨ ਵਿਗਿਆਨਕ ਅਧਿਐਨ ਬੜੇ ਸਟੀਕ ਢੰਗ ਨਾਲ ਸੰਕੇਤ ਕਰਦੇ ਹਨ। ਟੋਨੀ ਜੋਸਫ਼ ਦਾ ਕਹਿਣਾ ਹੈ ਕਿ ਲਗਪਗ ਪਹਿਲੀ ਸਦੀ ਈਸਵੀ ’ਚ ਇਕ ਨਵੀਂ ਵਿਚਾਰਧਾਰਾ ਸੱਤਾ ਹਾਸਿਲ ਕਰਨ ਲੱਗਦੀ ਹੈ ਜਿਸ ਨਾਲ ਸਮਾਜ ’ਤੇ ਨਵੀਂ ਜੀਵਨ ਸ਼ੈਲੀ ਵਾਲੀਆਂ ਨਵੀਆਂ ਪਾਬੰਦੀਆਂ ਆਇਦ ਹੋਣ ਲਗੀਆਂ। ਜਣਨਕ ਸਬੂਤਾਂ ਅਨੁਸਾਰ ਇਸ ਸਮਾਜ-ਇੰਜੀਨੀਅਰਿੰਗ ਨੂੰ ਏਨੀ ਸਫ਼ਲਤਾ ਮਿਲੀ ਜਿਸ ਦੀ ਪਹਿਲਾਂ ਕਿਤੇ ਕੋਈ ਮਿਸਾਲ ਨਹੀਂ ਮਿਲਦੀ। ਇਸ ਨਾਲ ਅੰਤਰ-ਮਿਸ਼ਰਣੀਕਰਣ ਬੰਦ ਹੋ ਗਿਆ ਤੇ ਕਠੋਰ ਜਾਤੀ ਪ੍ਰਥਾ ਆਰੰਭ ਹੋ ਗਈ। ਚਾਰ ਵਰਣਾਂ ਦਾ ਵਰਨਣ ਜੋ ਰਿਗਵੇਦ ਦੇ ਇਕ ਭਾਗ ’ਚ ਆਇਆ ਉਹ ਬਾਅਦ ’ਚ ਪਾਇਆ ਗਿਆ। ਜਾਤ ਨਾਲ ਸਬੰਧਿਤ ਵਿਸ਼ੇਸ਼ ਕਿੱਤੇ ਦਾ ਵਰਨਣ ਰਿਗਵੇਦ ’ਚ ਨਹੀਂ। ਪਹਿਲੀ ਸਦੀ ਈਸਾ ਪੂਰਵ ’ਚ ਮੌਰਿਆ ਸਾਮਰਾਜ ਦੇ ਨਿਘਾਰ ਦਾ ਕੀ ਇਸ ਵਿਚਾਰਧਾਰਾ ਨਾਲ ਕੋਈ ਸਬੰਧ ਬਣਦਾ ਹੈ? ਕੀ ਮੌਰਿਆ ਸਮਾਰਾਜ ਦੀ ਹਾਰ ਨਾਲ ਬੁੱਧ ਮੱਤ ਦਾ ਸਮੇਂ ਦੇ ਦ੍ਰਿਸ਼ ਤੋਂ ਅਲੋਪ ਹੋ ਜਾਣਾ ਅਤੇ ਜੈਨ ਮੱਤ ਦੇ ਨਿਘਾਰ ਵੀ ਜੁੜਿਆ ਹੈ? ਕੀ ਆਰੀਆਵਰਤ ਦੀ ਰੂੜ੍ਹੀਵਾਦੀ ਵਿਚਾਰਧਾਰਾ ਜੋ ਸਮਾਜਿਕ ਦਰਜਾਬੰਦੀ ਅਤੇ ਵਰਣਸੰਕਲਨ ਭਾਵ ਜਾਤਾਂ, ਨਸਲਾਂ ਅਤੇ ਵਰਗਾਂ ਦੇ ਮਿਸ਼ਰਣ ਦਾ ਵਿਰੋਧ ਕਰਦੀ ਸੀ, ਨੇ ਮਗਧ ਦੇ ਖੁੱਲ੍ਹੇ, ਪ੍ਰਗਤੀਸ਼ੀਲ ਅਤੇ ਅਨੁਸ਼ਠਾਨ ਵਿਰੋਧੀ ਵਰਤਾਰੇ ਨੂੰ ਚੁਣੌਤੀ ਦਿੱਤੀ? ਕੀ ਚੌਥੀ ਤੋਂ ਦੂਜੀ ਸਦੀ ਈਸਾ ਪੂਰਵ ਆਰੀਆਵਰਤ ’ਚ ਮੌਰਿਆ ਸਾਮਰਾਜ ਦੇ ਫੈਲਾਅ ਵੱਲੋਂ ਬਲੀਆਂ ਦੇਣ ਵਾਲੀ ਬ੍ਰਾਹਮਣੀ ਵਿਚਾਰਧਾਰਾ ਦੀ ਚੜ੍ਹਤ, ਰਾਜ ਸੱਤਾ ਨਾਲ ਵਿਸ਼ੇਸ਼ ਸਬੰਧਾਂ ਨੂੰ ਚੁਣੌਤੀ ਦੇਣ ਕਾਰਨ, ਕੀ ਆਰੀਆਵਰਤ ਦਾ ਜਾਤ ਪ੍ਰਥਾ ਕਾਇਮ ਕਰਨਾ ਇਕ ਤਰ੍ਹਾਂ ਦਾ ਜਵਾਬੀ ਹਮਲਾ ਸੀ? ਕੀ ਇਸ ਨਾਲ ਉਨ੍ਹਾਂ ਨੇ ਆਪਣੇ ਪਵਿੱਤਰ ਹੋਣ ਦੇ ਆਦਰਸ਼ ਅਤੇ ਸਗੋਤੀ ਵਿਆਹ ਪ੍ਰਥਾ ਨੂੰ ਪੂਰਬੀ ਖੇਤਰਾਂ ’ਚ ਭਾਰੋਪੀ ਭਾਸ਼ਾਵਾਂ ਬੋਲਣ ਵਾਲੇ ਸਮੁੱਚੇ ਸਮਾਜਾਂ ’ਤੇ ਥੋਪ ਦਿੱਤਾ?

ਜੋਹਾਨਨ ਬਰੋਂਖੋਰਸਤ ਅਨੁਸਾਰ ਇਸ ਉਪਮਹਾਂਦੀਪ ’ਚ ਜਾਤੀ ਪ੍ਰਥਾ ਦੀ ਸਥਾਪਨਾ ਤੇ ਆਰੀਆ ਲੋਕਾਂ ਦਾ ਆਗਮਨ ਇਕੋ ਸਮੇਂ ਵਾਪਰਣ ਵਾਲਾ ਸਹਿਉਦੇਸ਼ੀ ਵਰਤਾਰਾ ਨਹੀਂ। ਇਹ ਤਾਂ ਭਾਰਤੀ ਲੋਕਾਂ ਦੇ ਗਲ਼ ਦੋ ਸਹਿੰਸਰਾਂ ਬਾਅਦ ’ਚ ਪਈ। ਜਦੋਂ ਤੱਕ ਇਹ ਵਾਪਰੀ ਵਿਭਿੰਨ ਪੱਧਰਾਂ ਦਾ ਅੰਤਰ-ਮਿਸ਼ਰਨ ਪਹਿਲਾਂ ਹੀ ਹੋ ਚੁੱਕਾ ਸੀ। ਮੌਰਿਆ ਸਾਮਰਾਜ ਦੀ ਸਥਾਪਤੀ ਤੋਂ ਪਹਿਲਾਂ ਤੇ ਬਾਅਦ ’ਚ ਸ਼ਹਿਰੀਕਰਣ, ਨਵੇਂ ਧਰਮਾਂ ਦਾ ਉਦੇ, ਵਿਚਾਰਧਾਰਾਵਾਂ ਦੇ ਆਗਮਨ ਅਤੇ ਵਿਓਪਾਰੀ ਵਰਗ ਦੀ ਚੜ੍ਹਤ ਨੇ ਪੂਰਬੀ ਭਾਰਤ ’ਚ ਸਭਿਆਚਾਰਕ ਉਬਾਲ ਪੈਦਾ ਕੀਤਾ। ਇਸ ਦੇ ਵਿਚਾਰਾਂ ਦਾ ਪ੍ਰਭਾਵ ਜਾਤੀ ਪ੍ਰਥਾ ਦੇ ਸਥਾਪਨ ਤੋਂ ਬਹੁਤ ਪਹਿਲਾਂ ਫੈਲ ਚੁੱਕਾ ਸੀ।ਭਾਰਤੀ ਇਤਿਹਾਸ ’ਚ ਈਸਾ ਤੋਂ ਕੁਝ ਸਦੀਆਂ ਪੂਰਵ ਤੇ ਕੁਝ ਸਦੀਆਂ ਬਾਅਦ ਦਾ ਸਮਾਂ ਸਿਰਜਣਾਤਮਕ ਤੇ ਪ੍ਰਗਤੀਸ਼ੀਲ ਸੀ। ਉਪਨਿਸ਼ਦਾਂ ਦਾ ਲਿਖੇ ਜਾਣਾ, ਬੁੱਧ ਅਤੇ ਜੈਨ ਮੱਤ ਦੇ ਰੂਪ ’ਚ ਨਵੇਂ ਦਰਸ਼ਨਾਂ ਦੇ ਹੋਂਦ ’ਚ ਆਉਣ ਨਾਲ ਨਵੇਂ ਵਿਚਾਰਾਂ, ਨਵੀਆਂ ਲੋਕ ਭਾਸ਼ਾਵਾਂ ਦਾ ਸੰਵਾਦ ਦਾ ਮਾਧਿਅਮ ਬਣਨਾ ਅਤੇ ਭਾਰਤੀ ਸਭਿਆਚਾਰਕ ਵਿਚਾਰਾਂ ਦਾ ਪੂਰਬੀ ਏਸ਼ੀਆ ਤੇ ਚੀਨ ਤੱਕ ਦੂਰ-ਦਰਾਜ਼ ਇਲਾਕਿਆਂ ’ਚ ਫੈਲਣਾ ਬੜਾ ਮਹੱਤਵਪੂਰਣ ਵਰਤਾਰਾ ਸੀ। ਇਸ ਦੌਰਾਨ ਪੂਰਬੀ ਤੇ ਦੱਖਣੀ ਭਾਰਤ ’ਚੋਂ ਬਹੁਤ ਸਾਰੇ ਸਮੁੰਦਰੋਂ ਪਾਰ ਜਾਣ ਦੇ ਹੀਲੇ ਹੋਏ। ਇਸ ਦੇ ਵਿਰੋਧ ’ਚ ਆਰੀਆਵਰਤ ’ਚ ਸਮੁੰਦਰੋਂ ਪਾਰ ਜਾਣ ਦੀਆਂ ਯਾਤਰਾਵਾਂ ’ਤੇ ਕਈ ਪਾਬੰਦੀਆਂ ਲੱਗੀਆਂ ਤਾਂ ਕਿ ਅੰਤਰ-ਮਿਸ਼ਰਣ ਨਾ ਹੋ ਸਕੇ। ਨਵੀਆਂ ਸਮਾਜਿਕ ਦਰਜਾਬੰਦੀਆਂ ਕਾਰਨ ਵਿਭਿੰਨ ਸਮਾਜਿਕ ਸਮੂਹਾਂ ਦੇ ਮਿਸ਼ਰਨ ਨੂੰ ਰੋਕ ਦਿੱਤਾ ਗਿਆ। ਸੰਸਕ੍ਰਿਤ ਭਾਸ਼ਾ ਕੁਲੀਨ ਅਤੇ ਬ੍ਰਾਹਮਣੀ ਬੁੱਧੀਜੀਵੀਆਂ ਦੇ ਪ੍ਰਵਚਨ ਅਤੇ ਸੰਵਾਦ ਦਾ ਮਾਧਿਅਮ ਬਣ ਗਈ।

ਦੂਜੀ ਸਦੀ ’ਚ ਸਮਾਜ ’ਤੇ ਥੋਪੀ ਗਈ ਸਮਾਜਿਕ ਸੰਰਚਨਾ ਨੇ ਦੇਸ਼ ਨੂੰ ਵੰਡ ਕੇ ਰੱਖ ਦਿੱਤਾ। ਟੋਨੀ ਜੋਸਫ਼ ਦਾ ਕਹਿਣਾ ਹੈ ਕਿ ਆਰੀਆਵਰਤ ਅਤੇ ਮਗਧ ਦੇ ਕੁਲੀਨ ਵਰਗ ਦਰਮਿਆਨ ਵਿਚਾਰਧਾਰਕ ਟਕਰਾਓ ਮੁੱਕ ਗਿਆ। ਬੁੱਧ ਮੱਤ ਆਪਣੀ ਜਨਮ ਭੋਇੰ ’ਚ ਹਾਰ ਜਾਣ ਤੋਂ ਬਾਅਦ ਕਈ ਸਦੀਆਂ ਤੱਕ ਹੌਲ਼ੀ ਹੌਲ਼ੀ ਕਮਜ਼ੋਰ ਹੁੰਦਾ ਗਿਆ। ਪਹਿਲੀ ਸਦੀ ’ਚ ਜਾਤ ਪ੍ਰਥਾ ਦੇ ਪੂਰੀ ਤਰ੍ਹਾਂ ਸਥਾਪਿਤ ਹੋ ਜਾਣ ਤੋਂ ਬਾਅਦ ਅਜਿਹੇ ਟਕਰਾਓ ਸੱਤਵੀਂ ਸਦੀ ਤੱਕ ਚੱਲਦੇ ਰਹੇ। ਅਜਿਹਾ ਸਾਨੂੰ ਆਦਿ ਸ਼ੰਕਰਚਾਰਯ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ ਜਿਸ ਨੇ ਬੁੱਧ ਅਤੇ ਜੈਨ ਮੱਤ ਨਾਲ ਸਿੱਧੀ ਟੱਕਰ ਲਈ ਸੀ। ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ਭਾਰਤੀ ਤਾਰਕਿਕਤਾ ਅਤੇ ਸ਼ੰਕਾਵਾਦ ਭਾਰਤੀ ਵਿਚਾਰ ਪਰੰਪਰਾ ਦਾ ਹਿੱਸਾ ਰਿਹਾ। ਇਹ ਸਿਰਫ਼ ਚਾਰਵਾਕਾਂ ਜਾਂ ਲੋਕਾਇਤਾਂ ਤੱਕ ਹੀ ਸੀਮਤ ਨਹੀਂ ਸੀ ਬਲਕਿ ਇਹ ਪ੍ਰਵਿਰਤੀ ਬੁੱਧ ਤੇ ਜੈਨ ਮੱਤ ’ਚ ਵੀ ਦੇਖੀ ਗਈ। ਪ੍ਰਸ਼ਨ ਕਰਨ ਅਤੇ ਸੰਵਾਦ ਰਚਾਉਣ ਦੀ ਪਰੰਪਰਾ ਦੇ ਬੀਜ ਇਨ੍ਹਾਂ ਵਿਚਾਰਧਾਰਾਵਾਂ ’ਚ ਪਏ ਹਨ।ਟੋਨੀ ਜੌਸਫ਼ ਅਨੁਸਾਰ ਦੱਖਣ-ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਭਾਰਤ ਦੇ ਲੋਕਾਂ ਦੇ ਖਾਣ ਪਾਣ ’ਚ ਅੰਤਰ ਦਾ ਕਾਰਨ ਵੀ ਜਣਨ ਵਿਗਿਆਨਕ ਹੈ ਜੋ ਜੀਨਜ਼ ਲੜੀ ਤੋਂ ਸਪੱਸ਼ਟ ਹੋ ਜਾਂਦਾ ਹੈ। ਇਹ ਲੜੀ ਪਝੰਤਰ ਸੌ ਸਾਲ ਪਹਿਲਾਂ ਯੂਰਪ ’ਚ ਸ਼ੁਰੂ ਹੋਈ। ਇਹ ਜੀਨਜ਼ ਮਨੁੱਖੀ ਦੇਹ ਨੂੰ ਦੁੱਧ ਦੇ ਉਪਭੋਗ ਨੂੰ ਬਚਪਨ ਤੇ ਬਾਲਗ਼ ਉਮਰ ’ਚ ਵੱਧ ਸਵੀਕਾਰ ਕਰਦੇ ਹਨ। ਹੋਮੋ ਸੇਪੀਅਨਜ਼ ਨੇ ਇਹ ਯੋਗਤਾ ਉਦੋਂ ਹੀ ਵਿਕਸਤ ਕਰ ਲਈ ਜਦੋਂ ਤੋਂ ਉਹ ਪਸ਼ੂ ਪਾਲਣ ਕਰ ਰਿਹਾ ਸੀ। ਉੱਤਰ-ਪੱਛਮੀ ਭਾਰਤੀ ਉੱਤਰ-ਪੂਰਬੀ ਭਾਰਤੀਆਂ ਨਾਲੋਂ ਦੁੱਧ ਦੀ ਵੱਧ ਵਰਤੋਂ ਕਰਦੇ ਹਨ। ਦੂਜੇ ਪਾਸੇ ਦੱਖਣੀ ਤੇ ਪੂਰਬੀ ਭਾਰਤ ਦੇ ਵਾਸੀ ਆਪਣੇ ਜੈਵਿਕ ਕਾਰਨਾਂ ਕਾਰਕੇ ਮੀਟ ਮੱਛੀ ਦਾ ਜ਼ਿਆਦਾ ਸੇਵਨ ਕਰਦੇ ਹਨ।

ਟੋਨੀ ਜੋਸਫ਼ ਅਨੁਸਾਰ ਹੁਣ ਤੱਕ ਇਹੋ ਹੀ ਸਮਝਿਆ ਜਾਂਦਾ ਰਿਹਾ ਹੈ ਕਿ ਸਾਡਾ ਇਤਿਹਾਸ ਤਕਰੀਬਨ ਸਾਢੇ ਚਾਰ ਹਜ਼ਾਰ ਵਰ੍ਹੇ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਹੜੱਪਾ ਸਭਿਅਤਾ ਆਪਣੇ ਪ੍ਰੋਢ ਪੜਾਅ ’ਤੇ ਪਹੁੰਚੀ ਜਾਂ ਸ਼ਾਇਦ ਉਦੋਂ ਜਦੋਂ ਕਈ ਸਦੀਆਂ ਬਾਅਦ ਵੇਦ ਰਚੇ ਗਏ। ਪਰ ਡੀ.ਐਨ.ਏ. ਦੀ ਖੋਜ ਨੇ ਪੂਰਵਇਤਿਹਾਸ ਬਾਰੇ ਸਾਰੇ ਕਿਆਸ ਗ਼ਲਤ ਸਾਬਿਤ ਕਰ ਦਿੱਤੇ। ਜਦੋਂ ਹੁਣ ਪੂਰੇ ਯੂਰੇਸ਼ੀਆ ’ਚ ਪੂਰਵਇਤਿਹਾਸ ਬਾਰੇ ਡੀਐਨਏ, ਪੁਰਾਤੱਤਵ ਅਤੇ ਭਾਸ਼ਕ ਸਰੋਤਾਂ ਆਧਾਰਿਤ ਖੋਜ ਵਿਕਸਤ ਹੋ ਰਹੀ ਹੈ ਤਾਂ ਹੁਣ ਸਮਾਂ ਆ ਗਿਆ ਹੈ ਕਿ ਇਤਿਹਾਸ ਨੂੰ ਮੁੜ ਲਿਖਿਆ ਜਾਵੇ। ਇਹ ਕੋਈ ਔਖਾ ਕਾਰਜ ਨਹੀਂ ਕਿਉਂਕਿ ਇਸ ਨਾਲ ਸਾਡੀ ਸਭਿਅਤਾ ’ਚ ਜੁੜਾਵ ਹੀ ਹੋਇਆ ਹੈ ਘਟਾਓ ਨਹੀਂ। ਅਸੀਂ ਆਪਣੇ ਆਪ ਨੂੰ ਉਸ ਬਹੁ-ਸਰੋਤੀ ਸਭਿਅਤਾ ਵਜੋਂ ਪਰਿਭਾਸ਼ਿਤ ਕਰ ਸਕਦੇ ਹਾਂ। ਇਹ ਆਪਣੀਆਂ ਸਭਿਆਚਾਰਕ ਮਨੋਵੇਗੀ ਤਰੰਗਾਂ, ਪਰੰਪਰਾਵਾਂ ਅਤੇ ਇਨ੍ਹਾਂ ਦੇ ਵਿਵਹਾਰ ਕਈ ਪ੍ਰਕਾਰ ਦੀਆਂ ਵਿਰਾਸਤਾਂ ਅਤੇ ਪਰਵਾਸੀ ਇਤਿਹਾਸਾਂ ’ਚੋਂ ਗ੍ਰਹਿਣ ਕਰਦੀ ਹੈ। ਪੈਂਹਠ ਹਜ਼ਾਰ ਸਾਲ ਪਹਿਲਾਂ ਅਫ਼ਰੀਕਾ ਤੋਂ ਬਾਹਰ ਆਏ ਨਿਡਰ ਤੇ ਖੋਜੀ ਪਰਵਾਸੀਆਂ ਨੇ ਭਾਰਤੀ ਉਪਮਹਾਂਦੀਪ ਦੀ ਧਰਤ ’ਤੇ ਪੈਰ ਰੱਖਿਆ। ਅੱਜ ਸਾਡੀ ਬਹੁਤੀ ਆਬਾਦੀ ਦੀ ਬੰਸਾਵਲੀ ਇਨ੍ਹਾਂ ਪਰਵਾਸੀਆਂ ਦੇ ਜਣਨ ਵਿਗਿਆਨਕ ਅੰਸ਼ਾਂ ਨਾਲ ਜੁੜੀ ਹੋਈ ਹੈ। ਜਿਹੜੇ ਪੱਛਮੀ ਏਸ਼ੀਆ ਦੇ ਇਰਾਨ ਦੇ ਜ਼ਗਰੋਸ ਖੇਤਰ ਤੋਂ ਖੇਤੀ ਨਿਰਭਰ ਲੋਕਾਂ ਨੇ ਭਾਰਤ ’ਚ ਆ ਖੇਤੀ ਇਨਕਲਾਬ ਆਰੰਭਿਆ ਜਿਸ ਕਾਰਨ ਹੜੱਪਾ ਸਭਿਅਤਾ ਉਸਰੀ। ਇਹੋ ਸਭਿਅਤਾ ਬਾਅਦ ’ਚ ਨਵੇਂ ਵਿਵਹਾਰਾਂ, ਸੰਕਲਪਾਂ ਅਤੇ ਦ੍ਰਾਵਿੜੀ ਭਾਸ਼ਾਵਾਂ ਦੀ ਕੁਠਾਲੀ ਬਣੀ। ਇਹ ਅੱਜ ਵੀ ਸਾਡੇ ਸਭਿਆਚਾਰ ਨੂੰ ਅਮੀਰ ਕਰ ਰਹੀ ਹੈ। ਜਿਹੜੇ ਲੋਕ ਪੂਰਬੀ ਏਸ਼ੀਆ ਤੋਂ ਆਏ ਉਹ ਆਪਣੇ ਨਾਲ ਨਵੀਆਂ ਭਾਸ਼ਾਵਾਂ, ਪੌਦੇ, ਬਨਸਪਤੀ ਅਤੇ ਖੇਤੀ ਤਕਨੀਕਾਂ ਲਿਆਏ। ਮੱਧ ਏਸ਼ੀਆ ਤੋਂ ਆਏ ਪਰਵਾਸੀ ਆਪਣੇ ਨਾਲ ਉਸ ਭਾਸ਼ਾ ਦਾ ਮੁੱਢਲਾ ਰੂਪ ਲੈ ਕੇ ਆਏ ਜਿਸ ਨੇ ਬਾਅਦ ’ਚ ਸੰਸਕ੍ਰਿਤ ਭਾਸ਼ਾ ਦੇ ਰੂਪ ’ਚ ਸਥਾਪਿਤ ਹੋਣਾ ਸੀ। ਇਸ ਤੋਂ ਬਹੁਤ ਮਗਰੋਂ ਸ਼ਰਣ ਲੈਣ ਲਈ, ਵਿਓਪਾਰ ਕਰਨ ਲਈ ਜਾਂ ਹਮਲਾਵਰ ਬਣ ਕੇ ਆਏ ਪਰਵਾਸੀ ਇੱਥੋਂ ਦੇ ਹੀ ਹੋ ਕੇ, ਇੱਥੇ ਹੀ ਵੱਸ ਰਸ ਗਏ। ਇਨ੍ਹਾਂ ਸਾਰਿਆਂ ਨੇ ਭਾਰਤੀ ਸਭਿਅਤਾ ਅਤੇ ਸਮਾਜ ਦੇ ਨਿਰਮਾਣ ’ਚ ਯੋਗਦਾਨ ਪਾਇਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅਸੀਂ ਸਾਰੇ ਭਾਰਤੀ ਹਾਂ ਤੇ ਅਸੀਂ ਸਾਰੇ ਪਰਵਾਸੀ ਹਾਂ।