ਪੂਰੀ ਦੁਨੀਆ ਵਿੱਚ ਵੱਜ  ਰਿਹਾ ਕੋਰੋਨਾ ਨੂੰ ਲੈਕੇ  ਮੋਦੀ ਸਰਕਾਰ ਦੀ ਅਸਫਲਤਾ ਦਾ ਡੰਕਾ

ਪੂਰੀ ਦੁਨੀਆ ਵਿੱਚ ਵੱਜ  ਰਿਹਾ ਕੋਰੋਨਾ ਨੂੰ ਲੈਕੇ  ਮੋਦੀ ਸਰਕਾਰ ਦੀ ਅਸਫਲਤਾ ਦਾ ਡੰਕਾ

ਵਿਸ਼ਵ ਦੀਆਂ ਅਖਬਾਰਾਂ ਨੇ ਕਰੋਨਾ ਕਾਰਣ ਮੋਦੀ ਨੂੰ ਅਸਫਲ ਪ੍ਰਧਾਨ ਮੰਤਰੀ ਦਸਿਆ                

"ਕੋਰੋਨਾ ਸੰਕਟ ਦੌਰਾਨ ਫ਼ੌਜ ਮੁਖੀ ਨੇ ਕੀਤੀ  ਮੋਦੀ ਨਾਲ ਮੁਲਾਕਾਤ

*ਮੋਦੀ ਦੇ ਕਰੋਨਾ ਨਾਲ ਨਜਿੱਠਣ ਦੇ ਤਰੀਕੇ ਤੋਂ ਸੰਘ ਵੀ ਔਖਾ!

ਉੱਤਰ ਪ੍ਰਦੇਸ਼ ਵਿਚ ਕੋਵਿਡ-19 ਦੀ ਮਹਾਮਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ।  ਸੂਤਰਾਂ ਅਨੁਸਾਰ ਸੂਬੇ ਵਿਚ ਟੈਸਟ ਬਹੁਤ ਘੱਟ ਕੀਤੇ ਜਾ ਰਹੇ ਹਨ ਤੇ ਪਾਰਦਰਸ਼ਤਾ ਦੀ ਘਾਟ ਹੈ। ਪੰਚਾਇਤਾਂ ਦੀਆਂ ਚੋਣਾਂ ਤੇ ਧਾਰਮਿਕ ਸਮਾਗਮਾਂ ਤੋਂ ਬਾਅਦ ਕਰੋਨਾ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿਚ ਵੀ ਫੈਲ ਗਿਆ ਹੈ। ਮਹਾਰਾਸ਼ਟਰ, ਕੇਰਲ, ਗੁਜਰਾਤ, ਪੰਜਾਬ, ਛੱਤੀਸਗੜ੍ਹ, ਦਿੱਲੀ ਆਦਿ ਵਿਚ ਮਹਾਮਾਰੀ ਦੀ ਸਥਿਤੀ ਲੋਕਾਂ ਦੇ ਸਾਹਮਣੇ ਹੈ, ਉੱਤਰ ਪ੍ਰਦੇਸ਼ ਵਿਚ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਮਹਾਮਾਰੀ ਬਾਰੇ ਗ਼ਲਤ ਖ਼ਬਰਾਂ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ  ਦੇ ਤਹਿਤ ਕੇਸ ਦਰਜ ਕੀਤੇ ਜਾਣਗੇ। ਬੀਤੇ ਹਫਤੇ ਹਰਿਦੁਆਰ ਵਿਚ ਕੁੰਭ ਮੇਲੇ ਦਾ ਚੌਥਾ ਤੇ ਆਖ਼ਰੀ ਸ਼ਾਹੀ ਇਸ਼ਨਾਨ ਹੋਇਆ ਅਤੇ ਬੀਤੇ ਬੁੱਧਵਾਰ ਤੋਂ ਕਰਫ਼ਿਊ ਲਗਾਇਆ ਗਿਆ। ਪ੍ਰਧਾਨ ਮੰਤਰੀ ਦੀ ਕੁੰਭ ਨੂੰ ਪ੍ਰਤੀਕਮਈ ਢੰਗ ਨਾਲ ਮਨਾਉਣ ਦੀ ਅਪੀਲ ਅਤੇ ਕਈ ਅਖਾੜਿਆਂ ਵੱਲੋਂ ਕੁੰਭ ਵਿਚ ਹਿੱਸਾ ਲੈਣਾ ਬੰਦ ਕਰ ਦੇਣ ਦੇ ਬਾਵਜੂਦ ਬੀਤੇ ਮੰਗਲਵਾਰ ਸੈਂਕੜੇ ਲੋਕਾਂ ਨੇ ਇਸ਼ਨਾਨ ਕੀਤਾ। ਕਈ ਅਖਾੜਿਆਂ ਦੇ ਸੰਤ ਵੀ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ । ਮਾਰਚ ਦੇ ਪਹਿਲੇ ਹਫ਼ਤੇ ਵਿਚ ਉੱਤਰਾਂਚਲ ਵਿਚ ਕੇਸਾਂ ਦੀ ਗਿਣਤੀ 500 ਤੋਂ ਘੱਟ ਸੀ ਜਦੋਂਕਿ ਹੁਣ ਇਹ 40,000 ਦੇ ਕਰੀਬ ਹੈ। ਇਹ ਜਿਆਦਾਤਰ ਕੁੰਭ ਮੇਲੇ ਕਾਰਣ ਵਾਪਰਿਆ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਇਕ ਹੋਰ ਐਲਾਨ ਕੀਤਾ ਹੈ ਕਿ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਸਸਕਾਰ ਦਾ ਖ਼ਰਚ ਸਰਕਾਰ ਕਰੇਗੀ। ਇਸ ਤਰ੍ਹਾਂ ਦੇ ਐਲਾਨ ਦੱਸਦੇ ਹਨ ਕਿ ਸਥਿਤੀ ਕਿੰਨੀ ਗੰਭੀਰ ਹੈ।                                             ਵਿਸ਼ਵ ਸਿਹਤ ਸੰਸਥਾ ਭਾਰਤ ਨੂੰ ਵੈਕਸੀਨ/ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਤਕ ਸਹੀ ਤਰੀਕੇ ਨਾਲ ਪਹੁੰਚਾਉਣ ਵਿਚ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਸਰਕਾਰ ਨੇ ਇਹ ਕਹਿੰਦਿਆਂ ਪੇਸ਼ਕਸ਼ ਠੁਕਰਾ ਦਿੱਤੀ ਹੈ ਕਿ ਸਾਡਾ ਆਪਣਾ ਸਿਸਟਮ ਮਜ਼ਬੂਤ ਅਤੇ ਤਰੁੱਟੀਆਂ ਤੋਂ ਰਹਿਤ ਹੈ। ਦੂਸਰੇ ਪਾਸੇ 18 ਤੋਂ 45 ਸਾਲ ਵਾਲੇ ਵਿਅਕਤੀਆਂ ਨੂੰ ਵੈਕਸੀਨ ਲਾਉਣ ਲਈ ਬਣਾਈ ਗਈ ਵੈੱਬਸਾਈਟ ਢਹਿ-ਢੇਰੀ  ਹੋ ਗਈ ਹੈ।  ਕੋਵਿਡ-19 ਦੀ ਮਹਾਮਾਰੀ ਦੌਰਾਨ ਕੇਂਦਰ ਜਾਂ ਸੂਬਾ ਸਰਕਾਰਾਂ ਨੇ ਕੋਈ ਅਜਿਹੀ ਪਹਿਲਕਦਮੀ ਨਹੀਂ ਕੀਤੀ ਜਿਸ ਨੂੰ ਭਵਿੱਖ ਦੀਆਂ ਮੁਸ਼ਕਿਲਾਂ ਨਾਲ ਸਿੱਝਣ ਵਾਲੀ ਕਿਹਾ ਜਾ ਸਕਦਾ ਹੋਵੇ। ਨੀਤੀ ਆਯੋਗ, ਜਿਹੜਾ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਣਾਉਣ ਅਤੇ ਸੂਬਿਆਂ ਨੂੰ ਸੁਝਾਅ ਦੇਣ ਵਾਲੀ ਸੰਸਥਾ ਹੈ, ਦੀ ਕਾਰਗੁਜ਼ਾਰੀ ਨਿਹਾਇਤ ਖ਼ਰਾਬ ਰਹੀ ਹੈ। ਪ੍ਰਸ਼ਾਸਨਿਕ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਭ ਦਾ ਵੱਡਾ ਕਾਰਨ ਤਾਕਤਾਂ ਦਾ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀਐੱਮਓ) ’ਚ ਕੇਂਦਰੀਕਰਨ ਹੈ। ਇਸ ਦੇ ਨਾਲ ਨਾਲ ਵੱਖਰੀ ਰਾਏ ਰੱਖਣ ਵਾਲੇ ਮਾਹਿਰਾਂ, ਵਿਗਿਆਨੀਆਂ ਤੇ ਵਿਦਵਾਨਾਂ ਦੀ ਰਾਏ ਨੂੰ ਨਕਾਰਨ ਦੇ ਰੁਝਾਨ ਨੇ ਵੀ ਸਥਿਤੀ ਨੂੰ ਹੋਰ ਵਿਗਾੜਿਆ ਹੈ। ਅਜਿਹੇ ਰੁਝਾਨਾਂ ਨੇ ਭਾਰਤੀਆਂ ਨੂੰ ਵੱਡੇ ਮਨੁੱਖੀ ਦੁਖਾਂਤ ਦੇ ਮੁਹਾਣੇ ’ਤੇ ਲਿਆ ਖੜ੍ਹਾਇਆ ਹੈ।                  

  ਵਿਦੇਸ਼ਾਂ ਦੀਆਂ ਅਖਬਾਰਾਂ ਵਿਚ ਮੋਦੀ ਨਿਸ਼ਾਨਾ

 ਜੇ ਪਿਛਲੇ ਸੱਤ ਸਾਲਾਂ ਵਿੱਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਕੁਝ ਹੈ, ਤਾਂ ਇਹ ਹਰ ਮੋਰਚੇ 'ਤੇ ਸਰਕਾਰ ਦੀ ਅਸਫਲਤਾ ਹੈ। ਪਰ ਕੋਰੋਨਾ ਯੁਗ ਨੇ ਮੋਦੀ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕਰ ਦਿਤਾ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਵਿਦੇਸ਼ਾਂ ਵਿਚ ਉਭਰ ਰਹੇ ਭਾਰਤ ਦੇ ਅਕਸ ਨੂੰ  ਧੁੰਦਲਾ ਕਰ ਦਿਤਾ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਣ ਭਾਰਤ ਭਰ ਵਿੱਚ ਹਾਲਾਤ  ਬਦਤਰ ਤੋਂ ਬਦਤਰ ਹੋ ਚੁਕੇ ਹਨ। ਕੋਰੋਨਾ ਪੀੜਤਾਂ ਲਈ ਹਸਪਤਾਲ ਦੇ ਬਿਸਤਰੇ, ਆਈਸੀਯੂ ਬੈਡ, ਆਕਸੀਜਨ ਤੇ ਜ਼ਰੂਰੀ ਦਵਾਈਆਂ ਦੀ ਕਮੀ ਦਿਖਾਈ ਦੇ ਰਹੀ ਹੈ।ਬਲੈਕ ਮਾਰਕੀਟਿੰਗ ਭਾਰੀ ਪੈ ਰਹੀ ਹੈ।ਇਸ ਉਪਰ ਕੇਂਦਰ ਤੇ ਰਾਜ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਨਹੀਂ ਰਿਹਾ। ਹੁਣ ਵਿਦੇਸ਼ੀ ਮੀਡੀਆ ਵੀ ਸ਼ਰੇਆਮ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਰਿਹਾ ਹੈ ਅਤੇ ਖੁੱਲ੍ਹ ਕੇ ਆਲੋਚਨਾ ਕਰ ਰਿਹਾ ਹੈ।ਬ੍ਰਿਟਿਸ਼ ਅਖਬਾਰ ਦਿ ਗਾਰਡੀਅਨ ਨੇ ਭਾਰਤ ਦੇ ਕੋਰੋਨਾ ਦੀ ਭਿਆਨਕ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ ਹੋਇਆ  ਹੈ। 23 ਅਪ੍ਰੈਲ ਨੂੰ ਅਖ਼ਬਾਰ ਨੇ ਲਿਖਿਆ ਸੀ, "ਭਾਰਤੀ ਪ੍ਰਧਾਨ ਮੰਤਰੀ ਦੇ ਹੱਦੋਂ ਵੱਧ ਭਰੋਸੇ ਨਾਲ ਭਾਰਤ ਵਿੱਚ ਘਾਤਕ ਕੋਵਿਡ-19 ਦੀ ਦੂਜੀ ਲਹਿਰ ਰਿਕਾਰਡ ਪੱਧਰ 'ਤੇ ਹੈ। ਲੋਕ ਹੁਣ ਸਭ ਤੋਂ ਮਾੜੇ ਹਾਲਾਤ ਵਿੱਚ ਰਹਿ ਰਹੇ ਹਨ। ਹਸਪਤਾਲਾਂ ਵਿੱਚ ਆਕਸੀਜਨ ਅਤੇ ਬਿਸਤਰੇ ਦੋਵਾਂ ਦੀ ਘਾਟ ਹੈ।  ਛੇ ਹਫ਼ਤੇ ਪਹਿਲਾਂ ਉਨ੍ਹਾਂ ਨੇ ਭਾਰਤ ਨੂੰ ' ਵਰਲਡ ਫਾਰਮੇਸੀ' ਹੋਣ ਦਾ ਐਲਾਨ ਕੀਤਾ ਸੀ, ਜਦਕਿ ਭਾਰਤ ਦੀ 1% ਆਬਾਦੀ ਦਾ ਟੀਕਾਕਰਨ ਵੀ ਨਹੀਂ ਕੀਤਾ ਗਿਆ ਸੀ।  ਇਕ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ 24 ਅਪ੍ਰੈਲ ਨੂੰ ਆਪਣੀ ਰਾਏ ਵਿਚ ਲਿਖਿਆ ਸੀ ਕਿ ਭਾਰਤ ਵਿਚ ਦੂਜੀ ਕੋਰੋਨਾ ਲਹਿਰ ਦਾ ਸਭ ਤੋਂ ਵੱਡਾ ਕਾਰਨ ਪਾਬੰਦੀਆਂ ਵਿਚ ਜਲਦੀ ਰਾਹਤ ਹੈ। ਇਸ ਕਾਰਣ ਲੋਕ ਮਹਾਂਮਾਰੀ ਦੀ ਲਪੇਟ ਵਿਚ  ਆ ਗਏ। ਕੁੰਭ ਮੇਲੇ, ਕ੍ਰਿਕਟ ਸਟੇਡੀਅਮ ਵਰਗੇ ਸਮਾਗਮਾਂ ਵਿੱਚ ਦਰਸ਼ਕਾਂ ਦੀ ਵੱਡੀ ਮੌਜੂਦਗੀ ਇਸ ਦੀਆਂ ਉਦਾਹਰਣਾਂ ਹਨ। 

ਇਕ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ 25 ਅਪ੍ਰੈਲ ਨੂੰ ਭਾਰਤ ਦੇ ਸੰਦਰਭ ਵਿਚ ਲਿਖਿਆ ਸੀ ਕਿ ਕੋਰੋਨਾ ਇਕ ਸਾਲ ਪਹਿਲਾਂ ਦੁਨੀਆ ਦੀ ਸਭ ਤੋਂ ਸਖਤ ਤਾਲਾਬੰਦੀ ਨਾਲ ਵੱਡੇ ਪੱਧਰ 'ਤੇ ਕੰਟਰੋਲ ਵਿਚ  ਸੀ, ਪਰ ਫਿਰ ਮਾਹਿਰਾਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਅੱਜ ਭਾਰਤ ਵਿਚ ਕੋਰੋਨਾ ਦੇ ਮਾਮਲੇ ਕੰਟਰੋਲ ਤੋਂ ਬਾਹਰ ਹੋ ਗਏ ਹਨ। ਹਸਪਤਾਲਾਂ ਵਿੱਚ ਕੋਈ ਬਿਸਤਰਾ ਖਾਲੀ ਨਹੀਂ ਹੈ। ਵੱਡੇ ਰਾਜਾਂ ਵਿੱਚ ਤਾਲਾਬੰਦੀ ਹੈ। ਸਰਕਾਰ ਦੇ ਗਲਤ ਫੈਸਲਿਆਂ ਕਾਰਣ ਆਉਣ ਵਾਲੀ ਮੁਸੀਬਤ ਨੂੰ ਨਜ਼ਰਅੰਦਾਜ਼ ਕਰਨ ਨਾਲ ਭਾਰਤ ਦੁਨੀਆ ਦੀ ਸਭ ਤੋਂ ਮਾੜੀ ਸਥਿਤੀ 'ਤੇ ਪਹੁੰਚ ਗਿਆ ਹੈ। ਟਾਈਮ ਮੈਗਜ਼ੀਨ ਵਿੱਚ 23 ਅਪ੍ਰੈਲ ਨੂੰ ਪ੍ਰਕਾਸ਼ਿਤ ਇੱਕ ਲੇਖ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਯੁੱਧ ਵਿੱਚ ਅਸਫਲ ਦੱਸਿਆ ਗਿਆ ਸੀ। ਲੇਖ ਵਿਚ  ਸਵਾਲ ਕੀਤਾ ਹੈ ਕਿ ਇਸ ਸਾਲ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਤਿਆਰੀਆਂ ਕਿਵੇਂ ਨਹੀਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਜਿਨ੍ਹਾਂ ਨੇ ਸਾਰੀਆਂ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਜ਼ਿੰਮੇਵਾਰੀ ਮੰਤਰੀ ਮੰਡਲ ਦੀ ਹੈ ਜਿਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿੱਚ ਕੋਰੋਨਾ ਵਿਰੁੱਧ ਸਫਲ ਲੜਾਈ ਲੜੀ। ਇੱਥੋਂ ਤੱਕ ਕਿ ਟੈਸਟਿੰਗ ਵੀ ਹੌਲੀ ਹੋ ਗਈ। ਲੋਕ ਭਿਆਨਕ ਵਾਇਰਸ ਤੋਂ  ਡਰਦੇ ਨਹੀਂ ਸਨ ਜਿਸ ਕਰਕੇ ਡਾਕਟਰੀ ਹਦਾਇਤਾਂ ਦੀ ਉਲੰਘਣਾ ਕਾਰਣ ਕਰੋਨਾ ਫੈਲਿਆ।ਬੀਬੀਸੀ ਵਿੱਚ ਪ੍ਰਕਾਸ਼ਿਤ ਦੋ ਲੇਖਾਂ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਰਿਕਾਰਡ ਮਾਮਲਿਆਂ ਨੇ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੋਕਾਂ ਨੂੰ ਇਲਾਜ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਹਸਪਤਾਲਾਂ ਵਿੱਚ ਕੋਈ ਬਿਸਤਰਾ ਖਾਲੀ ਨਹੀਂ ਅਤੇ ਆਕਸੀਜਨ ਨਹੀਂ ਹੈ। ਕੋਰੋਨਾ ਮਾਮਲਿਆਂ ਵਿੱਚ ਵਾਧਾ ਸਿਹਤ ਪ੍ਰੋਟੋਕੋਲਾਂ ਵਿੱਚ ਢਿੱਲ, ਮਾਸਕ 'ਤੇ ਸਖਤੀ ਦੀ ਘਾਟ ਅਤੇ ਕੁੰਭ ਮੇਲੇ ਵਿੱਚ ਲੱਖਾਂ ਲੋਕਾਂ ਦੀ ਮੌਜੂਦਗੀ ਕਾਰਨ  ਕਰੋਨਾ ਬੁਰੀ ਤਰਾਂ ਫੈਲਿਆ ਹੈ।

ਸਭ ਤੋਂ ਤਿੱਖਾ ਕਾਰਟੂਨ ਆਸਟ੍ਰੇਲੀਅਨ ਫਾਈਨੈਂਸ਼ੀਅਲ ਰੀਵਿਊ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ, ਇੱਕ ਆਸਟਰੇਲੀਆਈ ਅਖਬਾਰ ਜੋ ਭਾਰਤ ਨੂੰ ਹਾਥੀ ਜਿੰਨਾ ਵਿਸ਼ਾਲ ਦਿਖਾਉਂਦਾ ਹੈ। ਉਹ ਮਰ ਰਹੀ ਹਾਲਤ ਵਿੱਚ ਜ਼ਮੀਨ 'ਤੇ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਲਾਲ ਗੱਦੀ ਲੈ ਹਾਥੀ ਦੀ ਪਿੱਠ 'ਤੇ ਬੈਠੇ ਹਨ। ਉਸ ਦੇ ਸਿਰ 'ਤੇ ਇੱਕ ਤੁਰਲੇਦਾਰ ਪੱਗ ਹੈ ਅਤੇ ਇੱਕ ਹੱਥ ਵਿੱਚ ਮਾਈਕ ਹੈ। ਉਹ ਭਾਸ਼ਣ ਦੀ ਸਥਿਤੀ ਵਿੱਚ ਹੈ। ਇਹ ਕਾਰਟੂਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਵਿਸ਼ਵ ਸਿਹਤ ਸੰਗਠਨ ਮੁਖੀ ਤਾਡਰੋਸ ਐਡਰੇਨੋਮ ਗੇਬਰੇਯੇਸਸ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਡਰਾਉਣ  ਵਾਲੀ ਹੈ। ਤਾਡਰੋਸ ਐਡਰੇਨੋਮ ਗੇਬਰੇਯੇਸਸ ਨੇ ਭਾਰਤ ਵਿੱਚ ਕੋਵਿਡ-19 ਮਾਮਲਿਆਂ ਅਤੇ ਮੌਤਾਂ ਦੀ ਰਿਕਾਰਡ ਤੋੜ ਲਹਿਰ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਠਨ ਸੰਕਟ ਨੂੰ ਦੂਰ ਕਰਨ ਵਿੱਚ ਮਦਦ ਕਰ ਰਿਹਾ ਹੈ। ਟੇਡਰੋਸ ਨੇ ਕਿਹਾ ਕਿ ਅਸੀਂ ਜੋ ਵੀ ਕਰ ਸਕਦੇ ਹਾਂ ਉਹ  ਕਰ ਰਹੇ ਹਾਂ । ਮਹੱਤਵਪੂਰਨ ਸਾਜ਼ੋ-ਸਾਮਾਨ ਅਤੇ ਸਪਲਾਈ ਕੀਤੀ ਜਾ ਰਹੀ ਹੈ। ਵਿਸ਼ਵ ਗੁਰੂ ਬਣਨ ਦਾ ਦਾਅਵਾ ਮੋਦੀ ਸਰਕਾਰ ਦਾ ਅਸਫਲ ਹੋਕੇ ਰਹਿ ਗਿਆ ਹੈ ਅਤੇ ਅੱਜ ਭਾਰਤ ਇੱਕ ਨਿਮਾਣੇ ਵਜੋਂ ਦੁਨੀਆ ਦੇ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਭਾਰਤ ਨੇ ਸਾਡੇ ਹਸਪਤਾਲਾਂ ਨੂੰ ਸਹਾਇਤਾ ਭੇਜੀ ਸੀ। ਹੁਣ ਜਦੋਂ ਉਸ ਨੂੰ ਇਸ ਦੀ ਲੋੜ ਹੈ, ਅਸੀਂ ਮਦਦ ਲਈ ਤਿਆਰ ਹਾਂ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦੇ ਨਾਲ ਖੜ੍ਹੇ ਹਾਂ। ਭਾਰਤ ਸਾਡਾ ਦੋਸਤ ਹੈ ਅਤੇ ਅਸੀਂ ਕੋਵਿਡ-19 ਵਿਰੁੱਧ ਇਸ ਜੰਗ ਵਿੱਚ ਇਸ ਦਾ ਪੂਰਾ ਸਮਰਥਨ ਕਰਾਂਗੇ।

ਫਰਾਂਸ ਅਤੇ ਜਰਮਨੀ ਨੇ ਭਾਰਤ ਵਿੱਚ ਡਾਕਟਰੀ ਆਕਸੀਜਨ ਸਮਰੱਥਾ ਵਧਾਉਣ ਦੀ ਤਿਆਰੀ ਕੀਤੀ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਇਸ ਦਾ ਨਾਮ 'ਮਿਸ਼ਨ ਸਪੋਰਟ ਇੰਡੀਆ' ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਹਾਂਮਾਰੀ ਨਾਲ ਜੰਗ ਲੜ ਰਹੇ ਹਾਂ। ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਨੇ ਮੁਸੀਬਤ ਦੇ ਸਮੇਂ ਭਾਰਤ ਲਈ ਮਦਦ ਦਾ ਹੱਥ ਵਧਾਇਆ ਹੈ।ਇਸ ਦੌਰਾਨ ਇਕ ਹੋਰ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਿਸ ਤਰ੍ਹਾਂ ਰੋਜ਼ਾਨਾ ਰੈੱਡ ਅਲਰਟ ਜਾਰੀ ਹੋਣ ਦੀਆਂ ਖ਼ਬਰਾਂ ਆਈਆਂ ਸਨ, ਉਸੇ ਤਰ੍ਹਾਂ ਰੈੱਡ ਅਲਰਟ ਵਾਪਸ ਲਏ ਜਾਣ 'ਤੇ ਕਦੇ ਨਹੀਂ ਕਿਹਾ ਗਿਆ ਸੀ। ਇਸੇ ਤਰ੍ਹਾਂ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਪਹਿਲਾਂ ਕਈ ਰਾਜਾਂ ਨੇ ਆਪਣੇ ਵਿਸ਼ੇਸ਼ ਕੋਵਿਡ ਸੈਂਟਰ ਬੰਦ ਕਰ ਦਿੱਤੇ, ਜਦਕਿ ਦੇਸ਼ ਦੀ ਵਿਧਾਨ ਸਭਾ ਅਤੇ ਨਿਆਂਪਾਲਿਕਾ ਪਿਛਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕੋਰੋਨਾ ਮੋਡ ਵਿਚ ਹਨ।ਭਾਰਤ ਦੇ ਕਈ ਰਾਜਾਂ ਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਆਉਣ ਤੋਂ ਪਹਿਲਾਂ ਆਪਣੇ ਵਿਸ਼ੇਸ਼ ਕੋਵਿਡ ਸੈਂਟਰ ਬੰਦ ਕਰ ਦਿੱਤੇ ਸਨ, ਜੋ ਇਹ ਦਰਸਾਉਂਦੇ ਹਨ ਕਿ ਰਾਜ ਸਰਕਾਰਾਂ ਕੋਰੋਨਾ ਦੀ ਅਗਲੀ ਲਹਿਰ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀਆਂ ਅਤੇ ਕੇਂਦਰ ਦੀ ਸ਼ੇਖੀ ਕਰੋਨਾ ਦੀ ਅਸਲੀਅਤ ਨੂੰ ਭੁਲ ਗੲਈ ਨੂੰ ਸੱਚਮੁੱਚ ਸਮਝਣਾ ਭੁੱਲ ਗਈ ਸੀ।ਦਿੱਲੀ ਵਿਚ ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲ 2020 ਵਿਚ ਕੋਰੋਨਾ ਲਈ  ਥੋੜ੍ਹੇ ਸਮੇਂ ਲਈ ਚਾਰ ਹਸਪਤਾਲ ਸਥਾਪਤ ਕੀਤੇ ਗਏ ਸਨ, ਪਰ ਇਸ ਸਾਲ ਫਰਵਰੀ ਵਿਚ ਜਦੋਂ ਕੋਰੋਨਾ ਮਾਮਲਿਆਂ ਦੀ ਗਿਣਤੀ ਘਟ ਕੇ 200 ਪ੍ਰਤੀ ਦਿਨ ਤੋਂ ਵੀ ਘੱਟ ਹੋ ਗਈ ਤਾਂ ਰਾਜ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ। ਹੁਣ, ਇਸ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਉੱਤਰ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਲਗਭਗ ਪੰਦਰਾਂ ਲੱਖ ਬਿਸਤਰੇ ਵਾਲੇ 503 ਕੋਵਿਡ ਹਸਪਤਾਲ ਬਣਾਏ ਹਨ। 21 ਫਰਵਰੀ ਦੇ ਪਹਿਲੇ ਹਫ਼ਤੇ, ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਦੀ ਗਿਣਤੀ ਘਟ ਕੇ 83 ਹੋ ਗਈ, ਜਿਸ ਵਿੱਚ ਸਿਰਫ 17,000 ਬਿਸਤਰੇ ਸਨ। ਨਤੀਜੇ ਵਜੋਂ, ਰਾਜ ਦੀ ਸਿਹਤ ਪ੍ਰਣਾਲੀ ਇਸ ਸਮੇਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਇਸ ਵਿੱਚੋਂ 25 ਹਸਪਤਾਲਾਂ ਵਿੱਚ ਵੈਂਟੀਲੇਟਰ, ਆਈਸੀਯੂ ਅਤੇ ਡਾਇਲਸਿਸ ਸਿਸਟਮ ਵਰਗੀਆਂ ਸਾਰੀਆਂ ਸਹੂਲਤਾਂ ਸਨ। ਲਗਭਗ 75 ਹਸਪਤਾਲਾਂ ਵਿੱਚ ਆਕਸੀਜਨ ਸਹਾਇਤਾ ਅਤੇ ਵੈਂਟੀਲੇਟਰ ਸਹੂਲਤਾਂ ਸਨ। ਬਾਕੀ 400 ਹਸਪਤਾਲਾਂ ਵਿੱਚ ਘੱਟੋ ਘੱਟ-48 ਘੰਟੇ ਆਕਸੀਜਨ ਸਪਲਾਈ ਸੀ। ਕਰਨਾਟਕ, ਝਾਰਖੰਡ, ਬਿਹਾਰ ਅਤੇ ਹੋਰ ਰਾਜਾਂ ਵਿੱਚ ਇਹ ਗੱਲ ਘੱਟ ਜਾਂ ਵੱਧ ਹੈ। ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਫ਼ੌਜ ਮੁਖੀ ਮਨੋਜ ਮੁਕੁੰਦ ਨਰਵਣੇ ਨੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।                                                                                                                 ਭਾਰਤੀ ਫੌਜ ਸਰਗਰਮ           

ਕੋਰੋਨਾ ਸੰਕਟ ’ਚ ਫ਼ੌਜ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।ਫ਼ੌਜ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਵੱਖ-ਵੱਖ ਸੂਬਾ ਸਰਕਾਰਾਂ ਨੂੰ ਫ਼ੌਜ ਦੇ ਮੈਡੀਕਲ ਸਟਾਫ ਉਪਲਬਧ ਕਰਵਾਏ ਜਾ ਰਹੇ ਹਨ। ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਫ਼ੌਜ ਵੱਲੋਂ ਅਸਥਾਈ ਹਸਪਤਾਲਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਫ਼ੌਜ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਦਰਾਮਦ ਕੀਤੇ ਗਏ ਆਕਸੀਜਨ ਟੈਂਕਰਾਂ ਤੇ ਗੱਡੀਆਂ ਦੇ ਪ੍ਰਬੰਧਨ ’ਚ ਇੱਥੇ ਮਾਹਰਾਂ ਦੀ ਜ਼ਰੂਰਤ ਪੈ ਰਹੀ ਹੈ ਉੱਥੇ ਹੀ ਫ਼ੌਜ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ।

 ਪ੍ਰਧਾਨ ਮੰਤਰੀ ਕੇਅਰਜ਼ ਫੰਡ ਜ਼ਰੀਏ ਵੈਂਟੀਲੇਟਰ  ਨਿਕਲੇ ਬੇਕਾਰ

ਮੀਡੀਆ ਰਿਪੋਟਾਂ ਅਨੁਸਾਰ ਪੀਐਮ ਕੇਅਰਜ਼ ਫੰਡ ਜ਼ਰੀਏ ਆਰਡਰ ਕੀਤੇ ਗਏ 58 ਹਜ਼ਾਰ 850 ਵੈਂਟੈਲਟਰਾਂ 'ਚੋਂ ਤਕਰੀਬਨ 30 ਹਜ਼ਾਰ ਵੈਂਟੀਲੇਟਰ ਹੀ ਖਰੀਦੇ ਗਏ ਸਨ।ਕੋਰੋਨਾ ਦੀ ਪਹਿਲੀ ਲਹਿਰ ਦੇ ਮੱਠਾ ਪੈਣ 'ਤੇ ਵੈਂਟੀਲੇਟਰਾਂ ਦੀ ਖਰੀਦ 'ਚ ਵੀ ਢਿੱਲ ਵਰਤੀ ਗਈ। ਇੱਕ ਹੀ ਸਪੇਸੀਫੀਕੇਸ਼ਨ ਵਾਲੇ ਵੈਂਟੀਲੇਟਰਾਂ ਦੀ ਕੀਮਤ 'ਚ ਭਾਰੀ ਅੰਤਰ। ਬਿਹਾਰ, ਯੂਪੀ, ਛੱਤੀਸਗੜ੍ਹ, ਰਾਜਸਥਾਨ ਵਰਗੇ ਸੂਬਿਆਂ ਦੇ ਕਈ ਹਸਪਤਾਲਾਂ 'ਚ ਪੀਐਮ ਕੇਅਰਜ਼ ਦੇ ਵੈਂਟੀਲੇਟਰ ਬੇਕਾਰ ਪਏ ਹਨ।ਕਈ ਥਾਵਾਂ 'ਤੇ ਤਾਂ ਵੈਂਟੀਲੇਟਰਾਂ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੀ ਸ਼ਿਕਾਇਤ ਵੀ ਆ ਰਹੀ ਹੈ।ਕਈ ਥਾਵਾਂ 'ਤੇ ਤਾਂ ਸਿਖਲਾਈ ਪ੍ਰਾਪਤ ਸਟਾਫ ਦੀ ਕਮੀ ਹੈ ਅਤੇ ਕਈ ਥਾਵਾਂ 'ਤੇ ਵਾਇਰਿੰਗ ਖਰਾਬ ਹੈ ਅਤੇ ਕਿਤੇ ਤਾਂ ਅਡੈਪਟਰ ਹੀ ਨਹੀਂ ਹਨ । ਇਹ ਮੰਨਿਆ ਜਾ ਰਿਹਾ ਸੀ ਕਿ ਭਾਰਤ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੋ ਲੱਖ ਤੱਕ ਵੈਂਟੀਲੇਟਰਾਂ ਦੀ ਜ਼ਰੂਰਤ ਹੋ ਸਕਦੀ ਹੈ। 27 ਮਾਰਚ, 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪੀਐਮ ਕੇਅਰਜ਼ ਫੰਡ ਦਾ ਐਲਾਨ ਕੀਤਾ। ਇਸ ਫੰਡ ਦੀ ਸ਼ੁਰੂਆਤ ਕੋਵਿਡ-19 ਦੇ ਮੱਦੇਨਜ਼ਰ ਕੀਤੀ ਗਈ ਸੀ।ਉੱਘੀਆਂ ਸ਼ਖਸੀਅਤਾਂ ਅਤੇ ਸਨਅਤੀ ਘਰਾਣਿਆਂ ਨੇ ਇਸ ਫੰਡ 'ਚ ਭਾਰੀ ਰਕਮ ਦਾਨ ਕੀਤੀ। ਇਸ ਫੰਡ 'ਚ ਦਾਨ ਕਰਨ ਵਾਲਿਆਂ ਨੂੰ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲੀਟੀ (ਸੀਐਸਆਰ) ਦੇ ਤਹਿਤ ਟੈਕਸ 'ਚ ਰਾਹਤ ਦਿੱਤੀ ਗਈ।ਕਈ ਮੰਤਰਾਲਿਆਂ ਅਤੇ ਜਨਤਕ ਕਾਰਪੋਰੇਸ਼ਨਾਂ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਕੁਝ ਹਿੱਸਾ ਵੀ ਇਸ ਫੰਡ 'ਚ ਦਾਨ ਕੀਤਾ ਗਿਆ।

ਹਾਲਾਂਕਿ ਇਸ ਫੰਡ 'ਚ ਕਿੰਨ੍ਹੇ ਪੈਸੇ ਇੱਕਠੇ ਹੋਏ ਅਤੇ ਉਨ੍ਹਾਂ ਪੈਸਿਆਂ ਨਾਲ ਕੀ ਕੀਤਾ ਗਿਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕਦੀ ਹੈ ਕਿਉਂਕਿ ਸਰਕਾਰ ਨੇ ਇਸ ਫੰਡ ਨੂੰ ਕਾਫ਼ੀ ਅਲੋਚਨਾ ਦੇ ਬਾਵਜੂਦ ਸੂਚਨਾ ਦੇ ਅਧਿਕਾਰ ਸਬੰਧੀ ਆਰਟੀਆਈ ਐਕਟ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। 18 ਮਈ, 2020 ਨੂੰ ਪ੍ਰਧਾਨ ਮੰਤਰੀ ਦੇ ਸਲਾਹਕਾਰ ਭਾਸਕਰ ਕੁਲਬੇ ਨੇ ਸਿਹਤ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ, ਜਿਸ 'ਚ ਉਨ੍ਹਾਂ ਨੇ ਪੀਐਮ ਕੇਅਰਜ਼ ਫੰਡ 'ਚੋਂ 2 ਹਜ਼ਾਰ ਕਰੋੜ ਦੀ ਰਾਸ਼ੀ ਨਾਲ 50 ਹਜ਼ਾਰ 'ਮੇਡ ਇਨ ਇੰਡੀਆ' ਵੈਂਟੀਲੇਟਰਾਂ ਦਾ ਆਰਡਰ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਸੀ।ਇਸ ਦੌਰਾਨ ਸਿਹਤ ਮੰਤਰਾਲੇ ਵੱਲੋਂ ਮਾਰਚ ਮਹੀਨੇ ਦੇ ਅੰਤ 'ਚ ਹੀ ਵੈਂਟੀਲੇਟਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। 5 ਮਾਰਚ, 2020 ਨੂੰ ਸਿਹਤ ਮੰਤਰਾਲੇ ਦੇ ਉਦਯੋਗ ਐਚਐਲਐਲ ਨੇ ਵੈਂਟੀਲੇਟਰਾਂ ਦੀ ਸਪਲਾਈ ਲਈ ਇੱਕ ਟੈਂਡਰ ਕੱਢਿਆ। ਐਚਐਲਐਲ ਨੇ ਇਸ 'ਚ ਤਕਨੀਕੀ ਵਿਸ਼ੇਸ਼ਤਾਵਾਂ ਦੀ ਸੂਚੀ ਜਾਰੀ ਕੀਤੀ, ਜੋ ਕਿ ਇੰਨ੍ਹਾਂ ਵੈਂਟੀਲੇਟਰਾਂ 'ਚ ਹੋਣੀ ਚਾਹੀਦੀ ਹੈ। ਇਸ ਸੂਚੀ ਨੂੰ ਸਮੇਂ-ਸਮੇਂ 'ਤੇ ਬਦਲਿਆ ਗਿਆ ਅਤੇ ਕੁੱਲ 9 ਵਾਰ ਇਸ 'ਚ ਸੋਧ ਕੀਤੀ ਗਈ। 18 ਅਪ੍ਰੈਲ, 2020 ਨੂੰ 9ਵੀਂ ਵਾਰ ਕੁਝ ਨਵੀਆਂ ਵਿਸ਼ੇਸ਼ਤਾਵਾਂ ਇਸ 'ਚ ਸ਼ਾਮਲ ਕੀਤੀਆਂ ਗਈਆਂ।

7 ਸਤੰਬਰ, 2020 ਦੀ ਆਰਟੀਆਈ ਅਰਜ਼ੀ ਦੇ ਜਵਾਬ 'ਚ ਐਚਐਲਐਲ ਨੇ ਦੱਸਿਆ ਕਿ ਬੀਈਐਲ ਨੇ 24,332, ਐਗਵਾ ਨੇ 5,000 ਅਤੇ ਅਲਾਈਡ ਮੈਡੀਕਲ ਨੇ 350 ਵੈਂਟੀਲੇਟਰ ਅਤੇ ਬੀਪੀਐਲ ਨੇ 13 ਵੈਂਟੀਲੇਟਰਾਂ ਦੀ ਸਪਲਾਈ ਕੀਤੀ ਹੈ।ਇਸ ਤੋਂ ਬਾਅਦ ਵੈਂਟੀਲੇਟਰਾਂ ਦੀ ਸਪਲਾਈ ਨਹੀਂ ਹੋਈ ਹੈ। ਇੱਕ ਸਾਲ ਬਾਅਦ 2965 ਵੈਂਟੀਲੇਟਰਾਂ ਦੀ ਸਪਲਾਈ ਹੋਈ ਹੈ ਜਦਕਿ ਜ਼ਰੂਰਤ ਡੇਢ ਲੱਖ ਤੋਂ ਵੀ ਵੱਧ ਵੈਂਟੀਲੇਟਰਾਂ ਦੀ ਸੀ।

ਮੋਦੀ ਦੇ ਕਰੋਨਾ ਨਾਲ ਨਜਿੱਠਣ ਦੇ ਤਰੀਕੇ ਤੋਂ ਸੰਘ ਵੀ ਔਖਾ!

ਦੇਸ਼ ਨੂੰ ਕਰੋਨਾ ਦੇ ਘੋਰ ਸੰਕਟ ’ਚ ਪਾਉਣ ਲਈ ਨਰਿੰਦਰ ਮੋਦੀ ਸਰਕਾਰ ਦੀ ਜਦੋਂ ਚਾਰ-ਚੁਫ਼ੇਰਿਓਂ ਨਿੰਦਾ ਹੋ ਰਹੀ ਹੈ ਤਾਂ ਇੰਜ ਜਾਪਦਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਵੀ ਪਾਰਟੀ ਆਗੂਆਂ ਵੱਲੋਂ ਹਾਲਾਤ ਨਾਲ ਨਜਿੱਠਣ ਦੇ ਤਰੀਕਿਆਂ ਤੋਂ ਔਖਾ ਹੈ। ਸੀਨੀਅਰ ਆਗੂਆਂ ਨੇ ਇਸ ਮੁੱਦੇ ’ਤੇ ਭਾਵੇਂ ਖਾਮੋਸ਼ੀ ਧਾਰ ਲਈ ਹੈ ਪਰ ਦਿੱਲੀ ਦੇ ਆਰਐੱਸਐੱਸ ਆਗੂ ਰਾਜੀਵ ਤੁਲੀ ਨੇ ਸੰਕਟ ਦੇ ਸਮੇਂ ਭਾਜਪਾ ਆਗੂਆਂ ਦੇ ਕੌਮੀ ਰਾਜਧਾਨੀ ਤੋਂ ‘ਗ਼ੈਰ-ਹਾਜ਼ਰ’ ਰਹਿਣ ’ਤੇ ਸਵਾਲ ਉਠਾਏ ਜਾਣ ਨੇ ਅੰਦਰੂਨੀ ਖਿੱਚੋਤਾਣ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ।  ਉਂਜ ਸੰਘ ਦੇ ਕੌਮੀ ਪ੍ਰਚਾਰ ਦੇ ਮੁਖੀ ਸੁਨੀਲ ਅੰਬੇਕਾਰ ਨੇ ਤੁਲੀ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਸੰਘ ਦਾ ਉਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਸੰਘ ਦੇ ਇਕ ਧੜੇ ’ਚ ਭਾਜਪਾ ਦੀ ਦਿੱਲੀ ਇਕਾਈ ਖਾਸ ਕਰਕੇ ਅਹੁਦੇਦਾਰਾਂ, ਕਾਊਂਸਲਰਾਂ ਅਤੇ ਸੰਸਦ ਮੈਂਬਰਾਂ ਖ਼ਿਲਾਫ਼ ਨਾਰਾਜ਼ਗੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਕਈ ਆਗੂ ਕਰੋਨਾ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੀ ਅਗਾਊਂ ਸ਼ਲਾਘਾ ਤੋਂ ਵੀ ਚਿੰਤਤ ਹਨ

  ਮੋਦੀ ਅਸਤੀਫ਼ਾ ਦਿਓ'', ਹੈਸ਼ਟੈਗ ਸ਼ੋਸ਼ਲ ਮੀਡੀਆ ਉਪਰ 

#ResignModi ਪੌਪੁਲਰ ਹੋ ਰਿਹਾ ਸੀ ਤਾਂ ਇਸ ਦੀ ਵਰਤੋਂ ਲੋਕਾਂ ਨੇ ਭਾਰਤ ਵਿੱਚ ਕੋਵਿਡ-19 ਦੇ ਬਦਹਾਲ ਹੁੰਦੇ ਹਾਲਾਤ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ਾ ਦੇਣ ਦੀ ਗੱਲ ਨਾਲ ਕੀਤੀ।ਇਸ ਵੇਲੇ ਵੀ ਇਹ ਹੈਸ਼ਟੈਗ ਟਵਿੱਟਰ ਉੱਤੇ ਟਰੈਂਡ ਕਰ ਰਿਹਾ ਹੈ। ਇਸ ਪਿੱਛੇ ਵਜ੍ਹਾ ਹੈ, ਇਸ ਹੈਸ਼ਟੈਗ ਨੂੰ ਪਹਿਲਾਂ ਫੇਸਬੁੱਕ ਵੱਲੋਂ ਬਲੌਕ ਕੀਤਾ ਜਾਣਾ ਤੇ ਬਾਅਦ ਵਿੱਚ ਮੁੜ ਇਸ ਨੂੰ ਰੀਸਟੋਰ ਕਰਨਾ।

ਦਰਅਸਲ ਫੇਸਬੁੱਕ ਨੇ 28 ਅਪ੍ਰੈਲ ਦੀ ਰਾਤ ਨੂੰ ਦੁਨੀਆਂ ਭਰ ਵਿੱਚ ਵਰਤੇ ਜਾ ਰਹੇ #ResignModi ਟਰੈਂਡ ਨੂੰ ਬਲੌਕ ਕਰ ਦਿੱਤਾ।

ਹਾਲਾਂਕਿ ਇਸ ਬਾਬਤ ਜਦੋਂ ਲੋਕਾਂ ਨੇ ਫੇਸਬੁੱਕ ਦੀ ਹੀ ਨਿਖੇਧੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਜ਼ ਉੱਤੇ ਸ਼ੁਰੂ ਕਰ ਦਿੱਤੀ ਤਾਂ ਫੇਸਬੁੱਕ ਨੇ ਟਰੈਂਡ ਮੁੜ ਚਾਲੂ ਕਰ ਦਿੱਤਾ।ਇਸ ਵਿਵਾਦ ਵਿਚਾਲੇ ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ  ''ਇਹ ਹੈਸ਼ਟੈਗ ਰੀਸਟੋਰ ਕਰ ਦਿੱਤਾ ਗਿਆ ਹੈ ਅਤੇ ਅਸੀਂ ਦੇਖ ਰਹੇ ਹਾਂ ਕਿ ਅਸਲ ਵਿੱਚ ਹੋਇਆ ਕੀ ਸੀ।'ਦਰਅਸਲ ਜਦੋਂ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਫੇਸਬੁੱਕ ਉੱਤੇ ਪੋਸਟ ਪਾਉਣੀ ਚਾਹੀ ਤਾਂ ਉਨ੍ਹਾਂ ਨੂੰ ਅੱਗੋ ਨੋਟੀਫਿਕੇਸ਼ਨ ਦਿਖੀ ਕਿ ''ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਇਹ ਹੈਸ਼ਟੈਗ ਬੰਦ ਕੀਤਾ ਗਿਆ ਹੈ।''

ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਇਸ ਦੀ ਵਰਤੋਂ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਸੁਭਰਾਂਸ਼ੂ ਲਿਖਦੇ ਹਨ, ''ਫੇਸਬੁੱਕ ਨੇ #ResignModi ਵਾਲੀਆਂ ਸਾਰੀਆਂ ਪੋਸਟਾਂ ਬਲੌਕ ਕਰ ਦਿੱਤੀਆਂ ਹਨ।''ਅਨਵਰ ਪਾਸ਼ਾ ਲਿਖੇ ਹਨ, ''ਮੋਦੀ ਤਾਂ ਹੀ ਅਸਤੀਫ਼ਾ ਦੇਣਗੇ ਜੇ ਚੋਣਾਂ ਹਾਰਨਗੇ।''

ਸਨਸ਼ਾਈਨ ਟਵਿੱਟਰ ਹੈਂਡਰਲ ਲਿਖਦੇ ਹਨ, ''ਹਸਪਤਾਲਾਂ ਦੀ ਥਾਂ ਸ਼ਮਸ਼ਾਨ ਘਾਟ ਮੁਹੱਈਆ ਕਰਵਾਉਣ ਲਈ ਤੁਹਾਡਾ ਸ਼ੁਕਰੀਆ ਮੋਦੀ ਜੀ।''

ਇਸ ਮਾਮਲੇ ਵਿੱਚ ਭਾਰਤ ਦੇ ਇਲੈਕਟ੍ਰਾਨਿਕ ਅਤੇ ਆਈਟੀ ਮੰਤਰਾਲੇ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ।ਮੰਤਰਾਲੇ ਵੱਲੋਂ ਦਿ ਵਾਲ ਸਟਰੀਟ ਜਰਨਲ ਦੀ ਖ਼ਬਰ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਜਿਸ ਵਿੱਚ ਵਿੱਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਨੇ ਫੇਸਬੁੱਕ ਨੂੰ ਇੱਕ ਹੈਸ਼ਟੈਗ ਹਟਾਉਣ ਨੂੰ ਕਿਹਾ ਸੀ ਜੋ ਸਰਕਾਰ ਪ੍ਰਤੀ ਲੋਕਾਂ ਦੇ ਗੁੱਸੇ ਨੂੰ ਦਰਸਾ ਰਿਹਾ ਸੀ।ਮੰਤਰਾਲੇ ਨੇ ਕਿਹਾ ਕਿ ਇਸ ਖ਼ਬਰ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇੱਕ ਹੈਸ਼ਟੈਗ ਫੇਸਬੁੱਕ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ ਜੋ ਕਿ ਗਲਤ ਹੈ ਅਤੇ ਫੇਸਬੁੱਕ ਨੇ ਵੀ ਇਸ ਬਾਰੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਇਹ ਗਲਤੀ ਨਾਲ ਹਟ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਖ਼ਬਰ ਆਧਾਰਹੀਣ ਹੈ ਅਤੇ ਇਸ ਤੋਂ ਪਹਿਲਾਂ 5 ਮਾਰਚ 2021 ਨੂੰ ਵੀ ਦਿ ਵਾਲ ਸਟ੍ਰੀਟ ਜਰਨਲ ਨੇ ਇਕ ਗਲਤ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਸਿਰਲੇਖ ਵਿਚ ਕਿਹਾ ਗਿਆ ਸੀ ਕਿ ਭਾਰਤ ਦੁਆਰਾ ਫੇਸਬੁੱਕ, ਵਾਟਸਐਪ ਅਤੇ ਟਵਿੱਟਰ ਦੇ ਕਰਮਚਾਰੀਆਂ ਨੂੰ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਉਸ ਸਮੇਂ ਵੀ ਵਾਲ ਸਟ੍ਰੀਟ ਜਰਨਲ ਦੀ ਇਸ ਖ਼ਬਰ ਦਾ ਅਧਿਕਾਰਿਕ ਰੂਪ ਵਿੱਚ ਖੰਡਨ ਕੀਤਾ ਸੀ।ਮੰਤਰਾਲੇ ਨੇ ਆਪਣੇ ਟਵੀਟ ਵਿੱਚ ਮੀਡੀਆ ਦੀ ਭੂਮਿਕਾ ਉਪਰ ਵੀ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਮਹਾਂਮਾਰੀ ਦੇ ਸੰਵੇਦਨਸ਼ੀਲ ਮੌਕੇ ਮੀਡੀਆ ਨੂੰ ਕਰੋੜਾਂ ਆਮ ਭਾਰਤੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਫਰੰਟਲਾਈਨ ਕਾਮੇ, ਸਿਹਤ ਕਰਮਚਾਰੀਆਂ ਦੇ ਯਤਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

 

 

ਪ੍ਰੋਫੈਸਰ ਬਲਵਿੰਦਰ ਪਾਲ