ਤਰਨ ਤਾਰਨ ਦੇ ਹਥਿਆਰਾਂ ਦੇ ਤਿੰਨ ਸਮਗਲਰ ਅਸਲੇ ਤੇ ਨਕਦੀ ਸਮੇਤ ਕਾਬੂ

ਤਰਨ ਤਾਰਨ ਦੇ ਹਥਿਆਰਾਂ ਦੇ ਤਿੰਨ ਸਮਗਲਰ  ਅਸਲੇ ਤੇ ਨਕਦੀ ਸਮੇਤ ਕਾਬੂ

1 ਕਰੋੜ ਦੀ ਨਕਦੀ, 17 ਪਿਸਤੌਲ, ਇਕ ਐੱਮ.ਪੀ-ਰਾਈਫਲ ਅਤੇ 300 ਕਾਰਤੂਸ ਬਰਾਮਦ

ਅੰਮ੍ਰਿਤਸਰ ਟਾਈਮਜ਼

ਤਰਨ ਤਾਰਨ-ਕਾਊਟਰ ਇਟੈਲੀਜੈਂਸ ਦੀ ਟੀਮ ਨੇ ਛਾਪਾਮਾਰੀ ਕਰਕੇ ਜ਼ਿਲ੍ਹਾ ਤਰਨ ਤਾਰਨ ਦੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਡਰੋਨ ਰਾਹੀਂ ਹਥਿਆਰਾਂ, ਗੋਲੀ ਸਿੱਕੇ ਆਦਿ ਦੀ ਤਸਕਰੀ ਕਰਦੇ ਸਨ । ਇਸ ਤੋਂ ਪਹਿਲਾਂ ਇਨ੍ਹਾਂ ਦੇ 2 ਸਾਥੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ।ਗਿ੍ਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਕੋਲੋਂ 1 ਕਰੋੜ ਦੀ ਨਗਦੀ, 17 ਪਿਸਤੌਲ, ਇਕ ਐੱਮ.ਪੀ-ਰਾਈਫਲ, 300 ਕਾਰਤੂਸ, 2 ਭਾਰ ਤੋਲਣ ਅਤੇ 2 ਨੋਟ ਗਿਨਣ ਵਾਲੀਆਂ ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ ।ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਪਹਿਚਾਣ ਸੁਰਿੰਦਰ ਸਿੰਘ ਵਾਸੀ ਬਰਵਾਲਾ, ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ (ਦੋਵੇਂ ਭਰਾ) ਵਾਸੀ ਵਲਟੋਹਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ।ਡੀ.ਜੀ.ਪੀ. ਗੌਰਵ ਯਾਦਵ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਕਿ ਕਾਊਟਰ ਇਟੈਲੀਜੈਂਸ ਅੰਮਿ੍ਤਸਰ ਦੀ ਟੀਮ ਨੇ ਬੀਤੇ ਦਿਨੀਂ ਇਸ ਮੋਡਿਊਲ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਸੀ ਜਿਨ੍ਹਾਂ ਵਿਚ ਇਕ ਕੈਦੀ ਜਸਕਰਨ ਸਿੰਘ ਜੋ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਦਾ ਸਾਥੀ ਰਤਨਬੀਰ ਸਿੰਘ ਸ਼ਾਮਿਲ ਹੈ ।ਇਨ੍ਹਾਂ ਦੋਵਾਂ ਦੇ ਦੱਸੇ ਟਿਕਾਣਿਆਂ ਤੋਂ ਕੁੱਲ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਰਿੰਦਰ ਸਿੰਘ ਵਾਸੀ ਬਰਵਾਲਾ ਜ਼ਿਲ੍ਹਾ ਤਰਨਤਾਰਨ ਗਿ੍ਫ਼ਤਾਰ ਕੀਤੇ ਗਏ ਜਸਕਰਨ ਸਿੰਘ ਦੇ ਨਿਰਦੇਸ਼ਾਂ 'ਤੇ ਰਤਨਬੀਰ ਸਿੰਘ ਤੋਂ ਹਥਿਆਰਾਂ ਦੀ ਖੇਪ 2 ਸਕੇ ਭਰਾਵਾਂ ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ ਵਾਸੀ ਵਲਟੋਹਾ ਜ਼ਿਲ੍ਹਾ ਤਰਨਤਾਰਨ ਤੱਕ ਪਹੁੰਚਾਉਂਦਾ ਸੀ।| ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ ।ਪੁਲਿਸ ਨੇ ਸੁਰਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਉਸ ਦੇ ਕਬਜ਼ੇ 'ਚੋਂ 10 ਪਿਸਤੌਲਾਂ ਦੇ ਨਾਲ 6 ਮੈਗਜੀਨ ਅਤੇ 100 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ । ਇਸ ਤੋਂ ਇਲਾਵਾ ਪੁਲਿਸ ਨੇ ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ ਪਾਸੋਂ 7 ਪਿਸਤੌਲ, 1 ਐੱਮ.ਪੀ.4 ਰਾਈਫਲ, 500 ਗ੍ਰਾਮ ਹੈਰੋਇਨ, 1 ਕਰੋੜ ਇਕ ਲੱਖ ਰੁਪਏ ਦੀ ਨਗਦੀ, ਭਾਰ ਤੋਲਣ ਅਤੇ ਕਰੰਸੀ ਗਿਨਣ ਵਾਲੀਆਂ ਮਸ਼ੀਨਾਂ ਸਮੇਤ ਬਕਾਇਆ ਖੇਪ ਵੀ ਬਰਾਮਦ ਕੀਤੀ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਜਸਕਰਨ ਸਿੰਘ ਨੇ ਕਬੂਲ ਕੀਤਾ ਕਿ ਉਹ ਪਾਕਿਸਤਾਨੀ ਤਸਕਰ ਆਸਿਫ ਦੇ ਸੰਪਰਕ ਵਿਚ ਸੀ ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਸੀ ਅਤੇ ਰਤਨਬੀਰ ਸਿੰਘ ਉਸ ਦੇ ਨਿਰਦੇਸ਼ਾਂ 'ਤੇ ਉਕਤ ਖੇਪ ਨੂੰ ਪ੍ਰਾਪਤ ਕਰਦਾ ਸੀ ।ਡੀ.ਜੀ.ਪੀ. ਅਨੁਸਾਰ ਫ਼ੜੇ ਗਏ ਵਿਅਕਤੀਆਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।ਇਸ ਮੋਡਿਊਲ ਦੇ ਹੁਣ ਕੁੱਲ 5 ਵਿਅਕਤੀ ਗਿ੍ਫ਼ਤਾਰ ਹੋ ਚੁੱਕੇ ਹਨ ।