ਹਿੰਦੁਸਤਾਨ ਅਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਨੁੰ ਚਿੱਠੀ ਲਿਖਕੇ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰਕ ਮੈਂਬਰਾਂ ਨੂੰ ਵੀਜਾ ਦੇਣ ਦੀ ਅਪੀਲ: ਜੱਥੇਦਾਰ ਪੰਜੋਲੀ

ਹਿੰਦੁਸਤਾਨ ਅਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਨੁੰ ਚਿੱਠੀ ਲਿਖਕੇ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰਕ ਮੈਂਬਰਾਂ ਨੂੰ ਵੀਜਾ ਦੇਣ ਦੀ ਅਪੀਲ: ਜੱਥੇਦਾਰ ਪੰਜੋਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 3 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜੱਥੇਦਾਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਹਿੰਦੁਸਤਾਨ ਅਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਨੁੰ ਚਿੱਠੀ ਲਿਖਕੇ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰਕ ਮੈਂਬਰਾਂ ਨੂੰ ਵੀਜਾ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਭਾਈ ਖੰਡੇ ਦੇ ਮਾਤਾ ਤੇ ਭੈਣ ਯੂ ਕੇ ਵਿਚ ਅੰਤਮ ਸਸਕਾਰ ਮੌਕੇ ਹਾਜਰ ਹੋ ਸਕਣ।

ਉਨ੍ਹਾਂ ਦਸਿਆ ਕਿ ਭਾਈ ਖੰਡਾ ਬੀਤੀ 15 ਜੁਲਾਈ ਨੂੰ ਹਸਪਤਾਲ ਵਿਚ ਚੜ੍ਹਾਈ ਕਰ ਗਏ ਸਨ ਜਿਸ ਮਗਰੋਂ ਉਨ੍ਹਾਂ ਦੀ ਇਸ ਹੌਲਨਾਕ ਤੇ ਦਰਦਨਾਕ ਮੌਤ ਬਾਰੇ ਪੰਥਕ ਸਫਾਂ ਵਿਚ ਕਈ ਤਰਾਂ ਦੀ ਚਰਚਾ ਹੁੰਦੀ ਰਹੀ ਹੈ । ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਕਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲਾਂ ਵਾਂਗ ਭਾਈ ਖੰਡੇ ਦੀ ਯੂ ਕੇ ਵਿਚ ਹੋਈ ਮੌਤ ਨੂੰ ਵੀ ਹਿੰਦੁਸਤਾਨੀ ਏਜੰਸੀਆਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਅਸੀ ਇਕ ਵੱਖਰੀ ਚਿੱਠੀ ਦਿੱਲੀ ਸਥਿਤ ਯੂ ਕੇ ਦੀ ਅੰਬੈਸੀ ਦੇ ਹਾਈ ਕਮਿਸ਼ਨ ਨੂੰ ਵੀ ਲਿਖੀ ਹੈ ਤੇ ਅਪੀਲ ਕੀਤੀ ਹੈ ਕਿ ਭਾਈ ਖੰਡੇ ਦੀਆਂ ਅੰਤਮ ਰਸਮਾਂ ਮੌਕੇ ਉਸਦੇ ਮਾਤਾ ਦੇ ਭੈਣ ਨੂੰ ਵੀਜਾ ਦਿਤਾ ਜਾਵੇ।

ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਗੱਲ ਕਰਨਾ ਹਰ ਮਨੁੱਖ ਦਾ ਹੱਕ ਹੈ ਅਤੇ ਭਾਈ ਖੰਡਾ ਨੇ ਸਿਖ ਕੌਮ ਦੀ ਆਜ਼ਾਦੀ ਦੀ ਗੱਲ ਕਰਕੇ ਕੁਝ ਵੀ ਗਲਤ ਨਹੀ ਕੀਤਾ । ਭਾਈ ਖੰਡੇ ਦਾ ਤਿਰੰਗੇ ਵਾਲੀ ਘਟਨਾ ਨਾਲ ਵੀ ਕੋਈ ਸਬੰਧ ਨਹੀ ਪਰ ਉਸ ਦਾ ਨਾਂ ਬੇਲੋੜਾ ਹੀ ਇਸ ਵਿਵਾਦ ਨਾਲ ਜੋੜਿਆ ਗਿਆ। ਭਾਈ ਖੰਡਾ ਨਾਲ ਜੇ ਕਿਸੇ ਨੂੰ ਕੋਈ ਇਤਰਾਜ ਤੇ ਵਿਰੋਧ ਹੋਵੇ ਵੀ ਤਾਂ ਵੀ ਊਹ ਹੁਣ ਸਭ ਕੁਝ ਖਤਮ ਹੋ ਜਾਣਾ ਚਾਹੀਦਾ ਹੈ । ਇਸ ਸਮੇਂ ਸਿੱਖ ਦੁਨੀਆ ਭਰ ਵਿੱਚ ਹਿੰਦੁਸਤਾਨੀ ਹਕੂਮਤ ਦੇ ਕਹਿਰ ਦੇ ਕਿਸੇ ਨਾ ਕਿਸੇ ਕਾਰਨ ਸ਼ਿਕਾਰ ਹੋ ਰਹੇ ਹਨ, ਭਾਈ ਖੰਡਾ ਦਾ ਪਰਿਵਾਰ ਵੀ ਹਿੰਦੁਸਤਾਨੀ ਹਕੂਮਤੀ ਦੀ ਦਹਿਸ਼ਤਗਰਦੀ ਦਾ ਲਗਾਤਾਰ ਸ਼ਿਕਾਰ ਹੋ ਰਿਹਾ ਹੈ। ਪਹਿਲਾਂ ਭਾਈ ਖੰਡਾ ਦੇ ਪਿਤਾ ਸ.ਕੁਲਵੰਤ ਸਿੰਘ ਖੁਖਰਾਣਾ ਅਤੇ ਹੁਣ ਖੁਦ ਭਾਈ ਅਵਤਾਰ ਸਿੰਘ ਖੰਡਾ ਨੂੰ ਗੁਵਾਉਣ ਵਾਲੀ ਬੀਬੀ ਚਰਨਜੀਤ ਕੌਰ ਆਪਦੇ ਪਤੀ ਅਤੇ ਪੁੱਤ ਕਾਰਨ ਇਸ ਵੇਲੇ ਬੇਅਥਾਹ ਸੰਤਾਪ ਭੋਗ ਰਹੀ ਹੈ ਤੇ ਇਸ ਮਾਨਸਿਕ ਤਸ਼ੱਦਦ ਮੌਕੇ ਉਨ੍ਹਾਂ ਦੀ ਧੀ ਹੀ ਉਨ੍ਹਾਂ ਦਾ ਸਹਾਰਾ ਹੈ। ਇਨਸਾਨੀਅਤ ਨਾਤੇ ਸਾਨੂੰ ਸਭ ਨੂੰ ਇਸ ਪੀੜਤ ਤੇ ਦੁਖੀ ਪਰਿਵਾਰ ਦੇ ਨਾਲ ਖੜ੍ਹਨਾ ਚਾਹੀਦਾ ਹੈ। ਇਸ ਲਈ ਹਿੰਦੁਸਤਾਨ ਅਤੇ ਯੂ ਕੇ ਦੇ ਪ੍ਰਧਾਨ ਮੰਤਰੀਆਂ ਅਤੇ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਊਹਨਾ ਨੁੰ ਮਨੁਖੀ ਹੱਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਦਾ ਅਸਰ ਰਸੂਖ ਵਰਤਕੇ ਸੰਤਾਪ ਭੋਗ ਰਹੇ ਇਸ ਪਰਿਵਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਦੋਨੋ ਸਰਕਾਰਾਂ ਨੁੰ ਅਪੀਲ ਕਰਦਾ ਹਾਂ ਕਿ ਭਾਈ ਖੰਡੇ ਦੀ ਮਾਤਾ ਅਤੇ ਭੈਣ ਨੂੰ ਸਮਾਂ-ਬੱਧ ਵੀਜਾ ਦਿਤਾ ਜਾਵੇ ਤਾਂ ਜੋ ਉਹ ਆਪਦੇ ਹੱਥੀਂ ਆਪਣੇ ਪੁੱਤਰ ਦਾ ਸਸਕਾਰ ਕਰ ਸਕਣ। ਇਸ ਲਈ ਆਸ ਕੀਤੀ ਜਾਂਦੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ। ਸਿਖ ਜਗਤ ਦੀਆਂ ਸਿਰਮੌਰ ਸੰਸਥਾਵਾਂ, ਅਹਿਮ ਸਖਸ਼ੀਅਤਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਹਿੰਦੁਸਤਾਨ ਤੇ ਯੂ ਕੇ ਦੇ ਪ੍ਰਧਾਨਮੰਤਰੀਆਂ ਨੂੰ ਇਸ ਬਾਰੇ ਚਿੱਠੀਆਂ ਲਿਖਣ ਦਾ ਸੱਦਾ ਦਿੰਦਾ ਹਾ ।