ਸੁਧੀਰ ਸੂਰੀ ਨੂੰ ਮਾਰਨ ਵਾਲਿਆਂ ਨਾਲ ਮੇਰਾ ਸੰਬੰਧ ਨਹੀਂ-ਭਾਈ ਅੰਮ੍ਰਿਤਪਾਲ ਸਿੰਘ
*ਮੋਗਾ ਪੁਲਿਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿੰਡ ਸਿੰਘਾਂਵਾਲਾ 'ਵਿਚ ਨਜ਼ਰਬੰਦ ਕਰਨ ਬਾਅਦ ਛਡਿਆ ,51 ਨੌਜਵਾਨਾਂ ਨੇ ਅੰਮ੍ਰਿਤ ਛਕਿਆ
ਅੰਮ੍ਰਿਤਸਰ ਟਾਈਮਜ਼
ਮੋਗਾ-ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸੂਬੇ ਭਰ ਵਿਚ ਹੀ ਪੁਲਿਸ ਵਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ ।ਸੂਰੀ 'ਤੇ ਗੋਲੀਆਂ ਚਲਾਉਣ ਵਾਲੇ ਸਿਖ ਨੌਜਵਾਨ ਦੀ ਸਵਿਫ਼ਟ ਕਾਰ ਜੋ ਕਿ ਮੌਕੇ 'ਤੇ ਉਸ ਨੂੰ ਗਿ੍ਫ਼ਤਾਰ ਕਰਨ ਵੇਲੇ ਕਬਜ਼ੇ ਵਿਚ ਲੈ ਲਈ ਗਈ ਸੀ, ਉੱਪਰ ਵਾਰਿਸ ਪੰਜਾਬ ਦੇ ਭਾਈ ਅੰਮਿ੍ਤਪਾਲ ਸਿੰਘ ਦਾ ਸਟਿੱਕਰ ਲੱਗਿਆ ਹੋਇਆ ਸੀ ।ਇਸ ਲਈ ਹਿੰਦੂ ਸੰਗਠਨਾਂ ਤੇ ਸ਼ਿਵ ਸੈਨਿਕਾਂ ਵਲੋਂ ਇਸ ਮਾਮਲੇ ਵਿਚ ਭਾਈ ਅੰਮਿ੍ਤਪਾਲ ਸਿੰਘ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਬੀਤੇ ਦਿਨੀਂ ਮੋਗਾ ਪੁਲਿਸ ਵਲੋਂ ਮੋਗਾ-ਬਾਘਾ ਪੁਰਾਣਾ ਰੋਡ 'ਤੇ ਪੈਂਦੇ ਪਿੰਡ ਸਿੰਘਾਂਵਾਲਾ ਵਿਖੇ ਭਾਈ ਅੰਮਿ੍ਤਪਾਲ ਸਿੰਘ ਨੂੰ ਮੋਗਾ ਪੁਲਿਸ ਵਲੋਂ ਇਕ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ ਸੀ ।
ਜ਼ਿਕਰਯੋਗ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਵਲੋਂ ਜ਼ਿਲ੍ਹੇ ਦੇ ਹੀ ਪਿੰਡ ਦੌਲੇਵਾਲਾ ਵਿਖੇ ਇਕ ਸਮਾਗਮ ਰੱਖਿਆ ਗਿਆ ਸੀ ਤੇ ਉਹ ਸਮਾਗਮ ਮੁਲਤਵੀ ਹੋਣ ਕਾਰਨ ਉਹ ਆਪਣੇ ਇਕ ਸਾਥੀ ਸਿੰਘਾਂਵਾਲਾ ਨਿਵਾਸੀ ਤਰਨਦੀਪ ਸਿੰਘ ਘਾਲੀ ਦੇ ਘਰ ਆਏ ਸਨ । ਜਿਉਂ ਹੀ ਇਸ ਦੀ ਭਿਣਕ ਮੋਗਾ ਪੁਲਿਸ ਨੂੰ ਲੱਗੀ ਤਾਂ ਭਾਈ ਅੰਮਿ੍ਤਪਾਲ ਸਿੰਘ ਨੂੰ ਉਸੇ ਘਰ ਵਿਚ ਹੀ ਪੁਲਿਸ ਵਲੋਂ ਨਜ਼ਰਬੰਦ ਕਰ ਲਿਆ ਗਿਆ ਤੇ ਦੇਖਦੇ ਹੀ ਦੇਖਦੇ ਪਿੰਡ ਸਿੰਘਾਂਵਾਲਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ । ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਭਾਈ ਅੰਮਿ੍ਤਪਾਲ ਸਿੰਘ ਜਲੰਧਰ ਵਿਖੇ ਸਮਾਗਮ ਵਿਚ ਪੁੱਜਣਾ ਸੀ ਪਰ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਅੰਮਿ੍ਤਪਾਲ ਸਿੰਘ ਨੂੰ ਪਿੰਡ ਸਿੰਘਾਂਵਾਲਾ ਹੀ ਰੋਕ ਦਿੱਤਾ ਗਿਆ । ਇਸ ਸਬੰਧੀ ਭਾਈ ਅੰਮਿ੍ਤਪਾਲ ਸਿੰਘ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਬਿਲਕੁਲ ਹੀ ਕੋਈ ਲੈਣਾ ਦੇਣਾ ਨਹੀਂ । ਉਨ੍ਹਾਂ ਕਿਹਾ ਕਿ ਸਿੱਖਾਂ ਦੀ ਗ਼ੁਲਾਮੀ ਦਾ ਹੀ ਇਹ ਅੱਜ ਦਾ ਪਹਿਲੂ ਹੈ ਕਿ ਸ਼ਿਵ ਸੈਨਿਕ ਆਗੂ ਪੁਲਿਸ ਦੀ ਹਿਫ਼ਾਜ਼ਤ ਵਿਚ ਸਿਖਾਂ ਨੂੰ ਨਸਲਕੁਸ਼ੀ ਦੀਆਂ ਧਮਕੀਆਂ ਦੇਕੇ ਸ਼ਰੇਆਮ ਘੁੰਮਦੇ ਹਨ ਪਰ ਜੇਕਰ ਕੋਈ ਸਿੱਖ ਆਗੂ ਸਿੱਖ ਕੌਮ ਦੀ ਭਲਾਈ ਲਈ ਗੱਲ ਕਰਦਾ ਹੈ ,ਅੰਮ੍ਰਿਤ ਛਕਾਉਣ ਦੀ ਗਲ ਕਰਦਾ ਹੈ ਤਾਂ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ।ਉਹਨਾਂ ਕਿਹਾ ਕਿ ਅਗਰ ਸਰਕਾਰ ਨੂੰ ਮੇਰੇ ਉਪਰ ਕੇਸ ਕਰਨ ਦਾ ਚਾਅ ਹੈ ਤਾਂ ਉਹ ਕੇਸ ਦਰਜ ਕਰ ਕੇ ਚਾਅ ਲਾਅ ਲਵੇ।
ਇਸ ਦੌਰਾਨ‘ਵਾਰਿਸ ਪੰਜਾਬ ਸੰਸਥਾ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 51 ਨੌਜਵਾਨਾਂ ਨੇ ਅੰਮ੍ਰਿਤ ਛਕਿਆ।
Comments (0)