ਸਿੱਧੂੁ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸੰਭਾਵਨਾ       

ਸਿੱਧੂੁ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸੰਭਾਵਨਾ       

      *ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ  ਹਾਈ ਕਮਾਨ ਨੂੰ ਇਕ ਪੱਤਰ ਲਿਖ ਕੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਕੀਤੀ ਮੰਗ               

   *ਪ੍ਰਸ਼ਾਂਤ ਕਿਸ਼ੋਰ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸੰਕੇਤ; ਸਿਧੂ ਨਾਲ ਵੀ ਮੁਲਾਕਾਤ ਕੀਤੀ   

 ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚਲਾ ਭੂਚਾਲ ਰੁਕਦਾ ਨਜ਼ਰ ਨਹੀਂ ਆ ਰਿਹਾ। ਸੁਨੀਲ ਜਾਖੜ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਹਾਈ ਕਮਾਨ ਨੂੰ ਸਿਫਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਹਾਈ ਕਮਾਨ ਨੂੰ ਇਕ ਪੱਤਰ ਲਿਖ ਕੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਪੱਤਰ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਰਾਜਾ ਵਡ਼ਿੰਗ ਦੀ ਸਿਫ਼ਾਰਸ਼ ’ਤੇ ਲਿਖਿਆ ਹੈ। ਇਸ ਪੱਤਰ ਵਿਚ ਲਿਖਿਆ ਗਿਆ ਹੈ ਕਿ ਨਵਜੋਤ  ਸਿੱਧੂ ਨਵੰਬਰ ਤੋਂ ਕਈ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਤੇ ਪਾਰਟੀ ਅਨੁਸ਼ਾਸਨ ਨੂੰ ਭੰਗ ਕੀਤਾ ਹੈ। ਉਨ੍ਹਾਂ ’ਤੇ ਐਕਸ਼ਨ ਲਿਆ ਜਾਵੇ।ਹੁਣ ਦੇਖਣਾ ਇਹ ਹੈ ਕਿ ਪਾਰਟੀ ਹਾਈਕਮਾਨ ਇਸ ’ਤੇ ਕੀ ਫੈਸਲਾ ਲੈਂਦੀ ਹੈ। ਜਿਵੇਂ ਕਿ ਸੁਨੀਲ ਜਾਖੜ ਨੂੰ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ’ਤੇ ਸਿਰਫ ਪਾਰਟੀ ਦੇ ਅਹੁਦਿਆਂ ਤੋਂ ਹਟਾਇਆ ਗਿਆ ਹੈ, ਮੁਅੱਤਲ ਨਹੀਂ ਕੀਤਾ ਗਿਆ

 ਪ੍ਰਸ਼ਾਂਤ ਕਿਸ਼ੋਰ ਤੇ ਸਿਧੂ ਦੀ ਮੁਲਾਕਾਤ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ  ਕਿਹਾ ਹੈ ਕਿ ਹੁਣ ਆਮ ਲੋਕਾਂ ਵਿਚ ਜਾਣ ਦਾ ਵੇਲਾ ਆ ਗਿਆ ਹੈ। ਭਾਜਪਾ, ਕਾਂਗਰਸ ਤੇ ਹੋਰ ਪਾਰਟੀਆਂ ਲਈ ਰਣਨੀਤੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਇਹ ਸੰਕੇਤ ਦਿੱਤੇ ਹਨ ਕਿ ਉਹ ਨਵੀਂ ਪਾਰਟੀ ਬਣਾਉਣਗੇ ਜਿਸ ਦੀ ਸ਼ੁਰੂਆਤ ਬਿਹਾਰ ਤੋਂ ਕੀਤੀ ਜਾਵੇਗੀ। ਉਹ 5 ਮਈ ਨੂੰ ਪ੍ਰੈਸ ਕਾਨਫਰੰਸ ਕਰ ਕੇ ਅਗਲੇ ਪੜਾਅ ਬਾਰੇ ਜਾਣਕਾਰੀ ਦੇਣਗੇ।ਯਾਦ ਰਹੇ ਕਿ ਪਿਛਲੇ ਦਿਨੀਂ ਚੱਲੀ ਚਰਚਾ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਮੁੜ ਉਭਾਰਨ ਦੇ ਨਜ਼ਰੀਏ ਨਾਲ ਪਾਰਟੀ ਹਾਈਕਮਾਨ ਸਾਹਮਣੇ ਕਈ ਤਜਵੀਜ਼ਾਂ ਰੱਖੀਆਂ। ਕਾਂਗਰਸ ਦੁਆਰਾ ਸਾਰੀਆਂ ਤਜਵੀਜ਼ਾਂ ਜਿਨ੍ਹਾਂ ਵਿਚ ਪ੍ਰਸ਼ਾਂਤ ਦੀ ਭੂਮਿਕਾ ਪ੍ਰਮੁੱਖ ਹੋਣੀ ਸੀ, ਨਾ ਮੰਨੀਆਂ ਜਾਣ ਕਾਰਨ ਉਸ ਨੇ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਬਿਹਾਰ ਤੋਂ ਸਿਆਸੀ ਸਰਗਰਮੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਕਿਸ਼ੋਰ ਭਾਜਪਾ, ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ, ਬਿਹਾਰ ਵਿਚ ਨਿਤੀਸ਼ ਕੁਮਾਰ, ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂਆਂ ਅਤੇ ਪਾਰਟੀਆਂ ਨਾਲ ਕੰਮ ਕਰ ਚੁੱਕਾ ਹੈ। ਪੱਛਮੀ ਬੰਗਾਲ ਦੀ ਚੋਣ ਤੋਂ ਬਾਅਦ ਹੀ ਉਸ ਨੇ ਸਿਆਸਤ ਵਿਚ ਸਿੱਧੀ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ ਸੀ।ਪ੍ਰਸ਼ਾਂਤ ਕਿਸ਼ੋਰ ਭਾਜਪਾ ਦੇ ਮੁਕਾਬਲੇ ਲਈ ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣ ਦੀ ਨਸੀਹਤ ਦੇ ਰਹੇ ਹਨ। ਉਸ ਦਾ ਕਹਿਣਾ ਹੈ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਪ੍ਰਸ਼ਾਂਤ ਕਿਸ਼ੋਰ ਜਿਹੇ ਰਣਨੀਤਕਾਂ ਦੇ ਦਾਖ਼ਲੇ ਨਾਲ ਸਿਆਸਤ ਵਿਚਾਰਧਾਰਾ, ਮੁੱਦਿਆਂ ਅਤੇ ਪਾਰਟੀ ਕਾਰਕੁਨਾਂ ਉੱਤੇ ਨਿਰਭਰ ਹੋਣ ਦੀ ਬਜਾਇ ਰਣਨੀਤੀ ਪ੍ਰਬੰਧਕੀ ਯੋਗਤਾ ’ਤੇ ਨਿਰਭਰ ਹੋਣ ਵੱਲ ਤਬਦੀਲ ਹੋਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀ ਪ੍ਰਸ਼ਾਂਤ ਕਿਸ਼ੋਰ ਦੀ ਨਵਜੋਤ ਸਿਧੂ ਨਾਲ ਮੁਲਕਾਤ ਹੋਈ ਸੀ।ਇਸ ਤਰਾਂ ਜਾਪਦਾ ਹੈ ਕਿ ਸਿਧੂ ਨਵੀਂ ਪਾਰਟੀ ਦੀ ਤਿਆਰੀ ਵਿਚ ਹਨ।