ਕੋਲੰਬੀਅਨ ਨਸ਼ਾ ਤਸਕਰ ਸਰਗਨਾ ਕੀਤਾ ਅਮਰੀਕਾ ਦੇ ਹਵਾਲੇ

ਕੋਲੰਬੀਅਨ ਨਸ਼ਾ ਤਸਕਰ ਸਰਗਨਾ ਕੀਤਾ ਅਮਰੀਕਾ ਦੇ ਹਵਾਲੇ
ਅਮਰੀਕਾ ਦੇ ਸਪੁਰਦ ਕਰਨ ਤੋਂ ਪਹਿਲਾਂ ਕੋਲੰਬੀਆ ਦੇ ਇਕ ਹਵਾਈ ਅੱਡੇ 'ਤੇ ਪੁਲਿਸ ਹਿਰਾਸਤ ਵਿਚ ਨਜਰ ਆ ਰਿਹਾ ਨਸ਼ਾ ਤਸਕਰ ਡੈਰੋ ਊਸੂਜਾ


ਅੰਮ੍ਰਿਤਸਰ ਟਾਈਮਜ਼

ਸੈਕਰਮੈਂਟੋ 6 ਮਈ (ਹੁਸਨ ਲੜੋਆ ਬੰਗਾ)- ਕੋਲੰਬੀਅਨ ਨਸ਼ਾ ਤਸਕਰ ਡੈਰੋ ਐਨਟੋਨੀਓ ਊਸੂਜਾ ਉਰਫ 'ਓਟੋਨੀਲ' ਨੂੰ ਲੰਘੇ ਦਿਨ ਕੋਲੰਬੀਅਨ ਪੁਲਿਸ ਨੇ ਅਮਰੀਕਾ ਦੇ ਹਵਾਲੇ ਕਰ ਦਿੱਤਾ  ਜਿਥੇ ਉਸ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਨਿਊਯਾਰਕ ਦੀ ਸੰਘੀ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇਗਾ। ਇਹ ਜਾਣਕਾਰੀ ਕੋਲੰਬੀਆ ਦੀ ਰਾਸ਼ਟਰੀ ਪੁਲਿਸ ਨੇ ਦਿੱਤੀ ਹੈ। ਉਸ ਨੂੰ ਨਿਊਯਾਰਕ ਸ਼ਹਿਰ ਵਿਚ ਬਰੁਕਲਿਨ ਮੈਟਰੋਪੋਲੀਟਨ ਬੰਦੀ ਕੇਂਦਰ ਵਿਚ ਰਖਿਆ ਗਿਆ ਹੈ। ਉਸ ਵਿਰੁੱਧ ਹੋਰ ਦੋਸ਼ਾਂ ਤੋਂ ਇਲਾਵਾ ਕੌਮਾਂਤਰੀ ਪੱਧਰ 'ਤੇ ਕੁਕੀਨ ਤਿਆਰ ਕਰਨ ਤੇ ਉਸ ਦੀ ਤਸਕਰੀ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ ਜਿਨਾਂ ਦੋਸ਼ਾਂ ਤੋਂ ਉਸ ਨੇ ਇਨਕਾਰ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਡੈਰੋ ਊਸੂਜਾ ਸ਼ਕਤੀਸ਼ਾਲੀ ਨਸ਼ਾ ਸੰਗਠਨ 'ਕਲੈਨ ਡੈਲ ਜੋਲਫੋ' ਦਾ ਮਾਲਕ ਹੈ ਜੋ ਮੈਕਸੀਕੋ ਤੇ ਅਮਰੀਕਾ ਵਿਚ ਕੋਕੀਨ ਸਪਲਾਈ ਉਪਰ ਨਿਯੰਤਰਣ ਰਖਦਾ ਹੈ। ਇਸ ਸੰਗਠਨ ਵਿਚ ਅਤਿਵਾਦੀ ਜਥੇਬੰਦੀਆਂ ਦੇ ਸਾਬਕਾ ਮੈਂਬਰ ਸ਼ਾਮਿਲ ਹਨ ਜਿਨਾਂ ਨੂੰ ਹਿੰਸਾ ਫੈਲਾਉਣ ਲਈ ਵੀ ਵਰਤਿਆ ਜਾਂਦਾ ਹੈ। ਡੈਰੋ ਊਸੂਜਾ ਨੂੰ  ਕੋਲੰਬੀਅਨ ਪੁਲਿਸ ਨੇ ਪਿਛਲੇ ਸਾਲ ਅਕਤੂਬਰ ਵਿਚ ਐਨਟੀਓਕੁਈਆ ਰਾਜ ਦੇ ਉਤਰ ਪੱਛਮੀ ਊਰਾਬਾ ਖੇਤਰ ਵਿਚੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਐਲਾਨਿਆ ਗਿਆ ਸੀ।  ਕੋਲੰਬੀਅਨ ਅਟਾਰਨੀ  ਦੇ ਦਫਤਰ ਅਨੁਸਾਰ ਗ੍ਰਿਫਤਾਰੀ ਸਮੇ ਨਸ਼ਾ ਤਸਕਰ ਸੰਗਠਨ ਦੇ ਕਥਿੱਤ ਪ੍ਰਧਾਨ ਵਜੋਂ  ਉਸ ਵਿਰੁੱਧ ਨਸ਼ਾ ਤਸਕਰੀ, ਅਪਰਾਧਿਕ ਸਾਂਠਗਾਂਠ, ਕਤਲ ਤੇ ਧੰਨ ਚਿੱਟਾ ਕਰਨ ਸਮੇਤ 122 ਦੋਸ਼ ਲਾਏ ਗਏ ਸਨ। ਇਥੇ ਜਿਕਰਯੋਗ ਹੈ ਕਿ ਵਿਦੇਸ਼ ਵਿਭਾਗ ਨੇ ਉਸ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ  ਦੇਣ ਦੀ ਪੇਸ਼ਕਸ਼ ਕੀਤੀ ਸੀ।