ਸਰਕਾਰੀ ਬੰਗਲਿਆਂ ਵਿਚੋਂ ਪੱਖੇ-ਫਰਿਜਾਂ ਗਾਇਬ, 'ਆਪ' ਦੇ ਮੰਤਰੀ ਬੋਲੇ ਅਸੀਂ ਨੇਤਾ ਹਾਂ ਜਾਂ ਕੋਈ ਚੋਰ-ਡਾਕੂ       

ਸਰਕਾਰੀ ਬੰਗਲਿਆਂ ਵਿਚੋਂ ਪੱਖੇ-ਫਰਿਜਾਂ ਗਾਇਬ, 'ਆਪ' ਦੇ ਮੰਤਰੀ ਬੋਲੇ ਅਸੀਂ ਨੇਤਾ ਹਾਂ ਜਾਂ ਕੋਈ ਚੋਰ-ਡਾਕੂ       

  *ਸਾਬਕਾ ਵਿਤ ਮੰਤਰੀ ,ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਉਪਰ ਲਗੇ ਦੋਸ਼ 

  *ਸਾਬਕਾ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿਚੋਂ ਗਾਇਬ ਹੋਏ ਸਾਮਾਨ ਦੀ ਜਾਂਚ ਕਰਾਵਾਂਗੇ: ਧਾਲੀਵਾਲ   

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਚੰਡੀਗੜ੍ਹ: ਪੰਜਾਬ ਵਿੱਚ ਸ਼ਰਮਨਾਕ ਹਾਰ ਮਗਰੋਂ ਕਾਂਗਰਸ  ਦੇ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ। ਮੰਤਰੀਆਂ ਨੇ ਕੋਠੀਆਂ ਤਾਂ ਖਾਲੀ ਕਰ ਦਿੱਤੀਆਂ ਪਰ ਇਸ ਦੌਰਾਨ ਕੁਝ ਸਰਕਾਰੀ ਬੰਗਲਿਆਂ ਵਿੱਚੋਂ ਫਰਿੱਜ, ਡਾਈਨਿੰਗ ਟੇਬਲ, ਹੀਟਰ ਤੇ ਐਲਈਡੀ, ਕੁਰਸੀਆਂ, ਸੌਫੇ, ਪੱਖੇ ਆਦਿ ਗਾਇਬ ਮਿਲੇ। ਇਸ ਮਗਰੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ 24 ਮਾਰਚ ਨੂੰ ਆਪਣੀ ਇੱਕ ਰਿਪੋਰਟ ਦੇ ਆਧਾਰ 'ਤੇ ਵਿਧਾਨ ਸਭਾ ਸਕੱਤਰ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਸਰਕਾਰੀ ਕਮਰਿਆਂ ਵਿੱਚ ਫਰਨੀਚਰ ਤੋਂ ਇਲਾਵਾ ਬਿਜਲੀ ਦੀਆਂ ਵਸਤੂਆਂ ਨਾ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।ਚੰਡੀਗੜ੍ਹ ਦੇ ਸੈਕਟਰ 2 ਸਥਿਤ ਸਰਕਾਰੀ ਕੋਠੀ ਨੰਬਰ 47 ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੂੰ ਅਲਾਟ ਹੋਈ ਸੀ। ਇੱਥੋਂ ਇੱਕ ਡਾਈਨਿੰਗ ਟੇਬਲ, 10 ਡਾਇਨਿੰਗ ਚੇਅਰ ਤੇ ਇੱਕ-ਇੱਕ ਸਰਵਿਸ ਟਰਾਲੀ ਤੇ ਸੋਫ਼ਾ ਨਹੀਂ ਮਿਲਿਆ। 

ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰੋਂ 2 ਫਰਿੱਜ, ਇੱਕ ਐਲਈਡੀ, ਰੂਮ ਹੀਟਰ, ਹੀਟ ਕਨਵੇਕਟਰ, ਫਰਾਟਾ ਪੱਖਾ ਸਣੇ ਕੁਲ 4.75 ਲੱਖ ਦਾ ਸਾਮਾਨ ਗਾਇਬ ਮਿਲਿਆ ਹੈ। ਵਿਭਾਗ ਨੇ ਵਿਧਾਨ ਸਭਾ ਦੇ ਸਕੱਤਰ ਤੋਂ ਮੰਗ ਕੀਤੀ ਕਿ ਉਹ ਇਹ ਸਾਮਾਨ ਵਾਪਸ ਦਿਵਾਉਣ ਲਈ ਮੰਤਰੀ ਨੂੰ ਕਹਿਣ ਤਾਂ ਕਿ ਉਨ੍ਹਾਂ ਨੂੰ ਨੋ ਡਿਊ ਸਰਟੀਫਿਕੇਟ ਦਿੱਤਾ ਜਾ ਸਕੇ।ਇਸ ਮਾਮਲੇ ਵਿੱਚ ਸਾਬਕਾ ਮੰਤਰੀ ਗੁਰਪੀਤ ਕਾਂਗੜ ਨੇ ਕਿਹਾ ਹੈ ਕਿ ਅਜੇ ਸਾਮਾਨ ਸਰਕਾਰੀ ਰਿਹਾਇਸ਼ ਵਿਚ ਹੀ ਪਿਆ ਹੈ, ਉਨ੍ਹਾਂ ਨੇ ਖਾਲੀ ਨਹੀਂ ਕੀਤੀ ਹੈ। ਜਿਹੜਾ ਸਾਮਾਨ ਦੱਸਿਆ ਜਾ ਰਿਹਾ ਹੈ, ਉਸ ਨੂੰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਏਗਾ।

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੰਡੀਗੜ੍ਹ ਵਿਚ ਅਲਾਟ ਕੀਤੀਆਂ ਸਰਕਾਰੀ ਕੋਠੀਆਂ ਵਿਚੋਂ ਕਥਿਤ ਤੌਰ ਉਤੇ ਗਾਇਬ ਹੋਏ ਸਾਮਾਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰੀ ਕੋਠੀਆਂ ਵਿਚੋਂ ਗਾਇਬ ਹੋਏ ਸਾਮਾਨ ਦੀ ਜਾਂਚ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿਆਸਤਦਾਨ ਸੂਬੇ ਨੂੰ ਲੁੱਟ ਰਹੇ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਸਾਬਕਾ ਕੈਬਨਿਟ ਮੰਤਰੀਆਂ ਨੂੰ ਸਰਕਾਰ ਵਲੋਂ ਅਲਾਟ ਕੀਤੀਆਂ ਗਈਆਂ ਕੋਠੀਆਂ ਵਿਚੋਂ ਸਾਮਾਨ ਹੀ ਗਾਇਬ ਹੈ।  ਧਾਲੀਵਾਲ ਨੇ ਕਿਹਾ ਕਿ ਮੇਰੀ ਕੋਠੀ ਤੋਂ ਵੀ ਸਾਮਾਨ ਗਾਇਬ ਹੋਇਆ ਹੈ। ਉਨ੍ਹਾਂ ਕਿਹਾ ਕਿ "ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਨੇਤਾ ਹਾਂ ਜਾਂ ਕੋਈ ਚੋਰ-ਡਾਕੂ, ਜਿਹੜਾ ਸਾਡਾ ਢਿੱਡ ਨਹੀਂ ਭਰਦਾ।"

 

ਹਾਲਾਂਕਿ, ਕਾਂਗਰਸ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਸਾਮਾਨ ਸਰਕਾਰੀ ਰਿਹਾਇਸ਼ ਵਿਚੋਂ ਲਿਆ ਹੈ, ਉਸ ਦਾ ਖ਼ਰਚਾ ਭਰ ਦਿੱਤਾ ਗਿਆ ਹੈ।ਮਨਪ੍ਰੀਤ ਬਾਦਲ ਤੇ ਬ੍ਰਹਮ ਮਹਿੰਦਰਾ ਦਾ ਚੈਕ ਵਿਭਾਗ ਕੋਲ ਗਿਆ ਹੈ, ਵਿਭਾਗ ਮਨਜ਼ੂਰੀ ਲੈ ਕੇ ਜਾਂਚ ਕਰੇਗਾ, 2007 ਤੋਂ ਡਾਈਨਿੰਗ ਟੇਬਲ ਅਤੇ ਫਰਨੀਚਰ ਦੀ ਵਰਤੋਂ ਮਨਪ੍ਰੀਤ ਬਾਦਲ ਕਰ ਰਹੇ ਹਨ, ਬਾਦਲ ਵੱਲੋਂ ਸਰਕਾਰ ਨੂੰ 2 ਲੱਖ ਦੇ ਕਰੀਬ ਦਾ ਚੈੱਕ ਦਿੱਤਾ ਗਿਆ ਹੈ। ਜਦਕਿ ਗੁਰਪ੍ਰੀਤ ਕਾਂਗੜ ਦੇ ਮਾਮਲੇ ਵਿਚ ਰਿਕਵਰੀ ਪਾ ਦਿੱਤੀ ਗਈ ਹੈ ਅਤੇ ਕੋਠੀ ਵਿਚੋਂ ਸਾਮਾਨ ਗਾਇਬ ਸੀ, ਉਸ ਬਾਬਤ ਨਾ ਤਾਂ ਕੋਈ ਚੈੱਕ ਨਹੀਂ ਆਇਆ, ਨਾ ਹੀ ਕੋਈ ਅਦਾਇਗੀ ਹੋਈ, ਜਿਸ 'ਤੇ ਸਰਕਾਰ ਤੋਂ ਰਿਕਵਰੀ ਦੇ ਹੁਕਮ ਦਿੱਤੇ ਗਏ ਹਨ, ਜਦੋਂ ਤੱਕ ਰਿਕਵਰੀ ਨਹੀਂ ਹੁੰਦੀ, ਕਾਂਗੜ ਨੂੰ ਨਾ ਤਾਂ ਐਨ.ਓ.ਸੀ. ਤੇ ਸਾਬਕਾ ਵਿਧਾਇਕ ਦੀ ਪੈਨਸ਼ਨ ਦਿੱਤੀ ਜਾਵੇਗੀ।

 ਜੌਹਲ ਨੇ ਰੱਖਿਆ ਮਨਪ੍ਰੀਤ  ਬਾਦਲ ਦਾ ਪੱਖ

  ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਇਸ ਮਾਮਲੇ ਤੇ ਪੱਖ ਰੱਖਿਆ ਹੈ। ਉਨ੍ਹਾਂ ਆਪਣੇ ਫੇਸ ਬੁੱਕ ਪੇਜ ਤੇ ਲਿਖਿਆ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਰਕਾਰੀ ਕੋਠੀ ਵਿੱਚੋਂ ਗੁੰਮ ਹੋਏ ਸਾਮਾਨ ਦੇ ਪੈਸੇ ਉਨ੍ਹਾਂ ਜਮ੍ਹਾ ਕਰਵਾ ਦਿੱਤੇ ਹਨ। ਜੌਹਲ ਨੇ ਲਿਖਿਆ ਹੈ ਕਿ ਗੁੰਮ ਹੋਇਆ ਸਾਮਾਨ ਪੰਦਰਾਂ ਸਾਲ ਪੁਰਾਣਾ ਸੀ ਅਤੇ ਹੁਣ ਪੀਡਬਲਯੂਡੀ ਵਿਭਾਗ ਵੱਲੋਂ ਦਿੱਤੀ ਗਈ ਕੀਮਤ ਦੇ ਅਨੁਸਾਰ ਉਸ ਦਾ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਵਿਭਾਗ ਦੇ ਨਾਮ 24 ਮਾਰਚ ਦਾ 1 ਲੱਖ 84 ਹਜ਼ਾਰ ਰੁਪਏ ਦੇ ਚੈੱਕ ਦੀ ਕਾਪੀ ਅਤੇ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੱਤਰ ਵੀ ਪੋਸਟ ਕੀਤਾ ਹੈ।

ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਦੀ ਸਰਕਾਰੀ ਕੋਠੀ ਵਿੱਚੋਂ ਸਾਮਾਨ ਗਾਇਬ ਹੋਣ ਦੇ ਮਾਮਲੇ ਵਿਚ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਮਨਪ੍ਰੀਤ ਬਾਦਲ ਵਿਰੁੱਧ ਤਰ੍ਹਾਂ-ਤਰ੍ਹਾਂ ਦੀਆਂ ਸਖਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਸਾਬਕਾ ਵਿੱਤ ਮੰਤਰੀ ਨੇ ਗਾਇਬ ਹੋਏ ਸਰਕਾਰੀ ਸਾਮਾਨ ਦੀ ਖੁਦ ਹੀ ਬੋਲੀ ਲਗਾ ਦਿੱਤੀ ਜਦੋਂ ਕਿ ਵਿਭਾਗ ਵੱਲੋਂ ਗਾਇਬ ਹੋਏ ਸਾਮਾਨ ਦੀ ਕੀਮਤ ਪਾਈ ਜਾਂਦੀ ਹੈ। ਭਾਵੇਂ ਸਾਬਕਾ ਵਿੱਤ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਨੇ ਗਾਇਬ ਹੋਏ ਸਾਮਾਨ ਦੀ ਵਿਭਾਗ ਨੂੰ ਕੀਮਤ ਅਦਾ ਕਰਨ ਬਾਰੇ ਸਪੱਸ਼ਟ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਬਹੁਤੇ ਲੋਕ ਇਸ ਮਾਮਲੇ ਨੂੰ ਅਤੀ ਗੰਭੀਰ ਦੱਸਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।ਸਮਾਜ ਸੇਵੀ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਇਹ ਦੇਖੇ ਕਿ ਗਾਇਬ ਹੋਏ ਸਮਾਨ ਦੀ ਕੀਮਤ ਕਿੰਨੀ ਬਣੀ ਹੈ ਅਤੇ ਕੀ ਸਾਬਕਾ ਮੰਤਰੀ ਨੇ ਓਨੀ ਹੀ ਕੀਮਤ ਜਮ੍ਹਾਂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਐਨੀ ਸੁਰੱਖਿਆ ਵਾਲੀ ਸਰਕਾਰੀ ਰਿਹਾਇਸ਼ ਵਿੱਚੋਂ ਸਾਮਾਨ ਕਿਵੇਂ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਵਾਇਤੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣ ਜਾਂਦੀ ਤਾਂ ਇਹ ਮਾਮਲਾ ੳਜਾਗਰ ਨਹੀਂ ਹੋਣਾ ਸੀ।