ਸੀਨੀਅਰ ਲੀਡਰਾਂ ਦੀ ਬਗਾਵਤ ਕਾਰਣ ਪੰਜਾਬ ਵਿਚ ਕਾਂਗਰਸ ਧਰਮ ਸੰਕਟ ਵਿਚ

ਸੀਨੀਅਰ ਲੀਡਰਾਂ ਦੀ ਬਗਾਵਤ ਕਾਰਣ ਪੰਜਾਬ ਵਿਚ ਕਾਂਗਰਸ ਧਰਮ ਸੰਕਟ ਵਿਚ

*ਕਾਂਗਰਸੀ ਉਮੀਦਵਾਰਾਂ ਵੱਲੋਂ ਰਾਣਾ ਗੁਰਜੀਤ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ

*ਸੋਨੀਆ ਗਾਂਧੀ ਨੂੰ ਲਿਖਿਆ ਪੱਤਰ; ਪੁੱਤਰ ਨੂੰ ਆਜ਼ਾਦ ਚੋਣ ਲੜਾਉਣ ਦਾ ਦੋਸ਼

*ਹੁਣ ਤਿ੍ਪਤ ਰਜਿੰਦਰ ਸਿੰਘ ਬਾਜਵਾ ਬਗਾਵਤ ਦੇ ਰਾਹ ਉਤੇ 

ਅੰਮ੍ਰਿਤਸਰ ਟਾਈਮਜ਼

ਜਲੰਧਰ:ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਕਾਟੋ-ਕਲੇਸ਼ ਤੇ ਬਗਾਵਤ ਵਧਦੀ ਜਾ ਰਹੀ ਹੈ ।ਪੰਜਾਬ ਦੇ ਸੀਨੀਅਰ ਕਾਂਗਰਸ ਨੇਤਾ ਰਾਣਾ ਗੁਰਜੀਤ ਸਿੰਘ  ਨੇ ਕਾਂਗਰਸ ਹਾਈਕਮਾਂਡ ਨੂੰ ਚੈਲਿੰਜ ਕਰਦਿਆਂ ਕਿਹਾ ਸੀ ਕਿ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਵਿਰੁੱਧ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾ ਰਹੇ ਹਨ।ਇਸ ਦੇ ਪ੍ਰਤੀਕਰਮ ਵਜੋਂ ਕਾਂਗਰਸ ਦੇ ਚਾਰ ਉਮੀਦਵਾਰਾਂ ਸੁਖਪਾਲ ਸਿੰਘ ਖਹਿਰਾ, ਨਵਤੇਜ ਸਿੰਘ ਚੀਮਾ, ਅਵਤਾਰ ਹੈਨਰੀ ਬਾਵਾ ਜੂਨੀਅਰ ਅਤੇ ਬਲਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵਿਚੋਂ ਕੱਢਿਆ ਜਾਵੇ।ਇਨ੍ਹਾਂ ਆਗੂਆਂ ਨੇ ਅੰਗਰੇਜ਼ੀ ਵਿੱਚ ਦੋ ਸਫ਼ਿਆਂ ਦਾ ਪੱਤਰ ਲਿਖਿਆ ਹੈ ਤੇ ਇਸ ਦਾ ਉਤਾਰਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਤੋਜ ਸਿੰਘ ਸਿੱਧੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਵੀ ਭੇਜਿਆ ਹੈ।ਆਗੂਆਂ ਨੇ ਲਿਖਿਆ ਕਿ ਰਾਣਾ ਗੁਰਜੀਤ ਸਿੰਘ ਤੇ ਰੇਤ ਮਾਫ਼ੀਆ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਦੋਸ਼ ਲੱਗਦਾ ਆ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਬਣਨ ਦੇ 10 ਮਹੀਨਿਆਂ ਬਾਅਦ ਹੀ ਮੰਤਰੀ ਮੰਡਲ ਵਿਚੋਂ ਕੱਢਣਾ ਪਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਦੋਆਬੇ ਖਿੱਤੇ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਚ ਲੱਗੇ ਹੋਏ ਹਨ ਤੇ ਉਹ ਸੁਲਤਾਨਪੁਰ ਲੋਧੀ, ਭੁਲੱਥ, ਫਗਵਾੜਾ ਤੇ ਜਲੰਧਰ ਉੱਤਰੀ ਹਲਕਿਆਂ ਦੇ ਉਮੀਦਵਾਰਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਦੇ ਹਨ। ਆਗੂਆਂ ਨੇ ਸੋਨੀਆ ਗਾਂਧੀ ਨੂੰ ਮੁਖਾਤਿਬ ਹੁੰਦਿਆਂ ਦੋਸ਼ ਲਾਇਆ ਕਿ ਜਦੋਂ ਤੋਂ ਰਾਣਾ ਗੁਰਜੀਤ ਸਿੰਘ ਨੂੰ ਮੁੜ ਤੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਦੋ ਵਾਰ ਜਿੱਤੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਜੱਗ ਜ਼ਾਹਰ ਹੈ ਤੇ ਉਹ ਭਾਜਪਾ ਦੇ ਇਸ਼ਾਰੇ ਤੇ ਕਾਂਗਰਸ ਨੂੰ ਕਮਜ਼ੋਰ ਕਰਨ ਵਿਚ ਲੱਗੇ ਹੋਏ ਹਨ। ਕਨਸੋਆਂ ਮਿਲੀਆਂ ਹਨ ਕਿ ਰਾਣਾ ਗੁਰਜੀਤ ਨੂੰ ਪਾਰਟੀ ਦੇ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।

  ਤਿ੍ਪਤ  ਬਾਜਵਾ ਨੇ ਵੀ ਕਾਂਗਰਸ ਹਾਈਕਮਾਨ ਨੂੰ ਕੀਤਾ ਚੈਲਿੰਜ

 ਬਟਾਲਾ ਹਲਕੇ ਦੀ ਟਿਕਟ ਨੂੰ ਲੈ ਕੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਹਲਕੇ ਦੇ ਸੈਂਕੜੇ ਵਰਕਰਾਂ ਨੇ ਹੱਲਾ ਬੋਲ ਮੀਟਿੰਗ ਕੀਤੀ । ਮੀਟਿੰਗ 'ਚ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਸ਼ੂਗਰ ਮਿੱਲ ਬਟਾਲਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਸਮੇਤ ਕੌਸਲਰਾਂ ਨੇ ਕਾਂਗਰਸ ਹਾਈਕਮਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਾਜਵਾ ਜਾਂ ਉਨ੍ਹਾਂ ਦੇ ਪੁੱਤਰ ਨੂੰ ਬਟਾਲਾ ਤੋਂ ਟਿਕਟ ਨਾ ਦਿੱਤੀ ਤਾਂ ਉਹ ਚੋਣਾਂ ਦਾ ਬਾਈਕਾਟ ਕਰਨਗੇ । ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਗਲਤ ਫ਼ੈਸਲਾ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਬਣ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇ ਬਾਜਵਾ ਨੂੰ ਟਿਕਟ ਮਿਲਦੀ ਹੈ ਤਾਂ ਅਸੀਂ 30 ਤੋਂ 35 ਹਜ਼ਾਰ ਦੇ ਫਰਕ ਨਾਲ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗੇ ।ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਰੁਕਿਆ ਬਟਾਲਾ ਦਾ ਵਿਕਾਸ ਸ: ਬਾਜਵਾ ਵਲੋਂ ਪਹਿਲ ਦੇ ਆਧਾਰ 'ਤੇ ਕਰਵਾਇਆ ਗਿਆ ਹੈ । ਲੋਕ ਸਿਰਫ ਤੇ ਸਿਰਫ ਬਾਜਵਾ ਨੂੰ ਹੀ ਵੋਟਾਂ ਪਾਉਣਗੇ ।

ਇਸ ਮੌਕੇ    ਜਦੋਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਟਿਕਟ ਨਾ ਮਿਲੀ ਤਾਂ ਤੁਸੀਂ ਆਜ਼ਾਦ ਲੜੋਗੇ, ਤਾਂ ਉਨ੍ਹਾਂ ਕਿਹਾ ਕਿ ਨਹੀਂ, ਮੈਂ ਹਾਈਕਮਾਨ ਦੇ ਫੈਸਲੇ ਨਾਲ ਹਾਂ, ਪਰ ਮੈਂ ਇਹ ਵੀ ਕਹਿੰਦਾ ਹਾਂ ਕਿ ਹਾਈਕਮਾਨ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ । ਇਸ ਮੌਕੇ ਸ੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਮਨਦੀਪ ਸਿੰਘ ਰੰਗੜ ਨੰਗਲ, ਸਾਹਿਬ ਸਿੰਘ ਮੰਡ ਤੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ ।